ਸਰਕਾਰੀ ਕਾਲਜ ਸੈਕਟਰ-50 ਨੂੰ ਆਰਜ਼ੀ ਮਾਨਤਾ ਮਿਲੀ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 4 ਅਕਤੂਬਰ
ਇੱਥੋਂ ਦੇ ਸਰਕਾਰੀ ਕਾਲਜ ਆਫ ਕਾਮਰਸ ਐਂਡ ਬਿਜ਼ਨਸ ਐਡਮਨਿਸਟਰੇਸ਼ਨ ਸੈਕਟਰ 50 ਨੂੰ ਆਰਜ਼ੀ ਮਾਨਤਾ ਮਿਲ ਗਈ ਹੈ ਜਿਸ ਨਾਲ ਇਸ ਕਾਲਜ ਵਿਚ ਪੜ੍ਹਾਈ ਸਬੰਧੀ ਆ ਰਹੀਆਂ ਸਮੱਸਿਆਵਾਂ ਦਾ ਕੁਝ ਹੱਦ ਤਕ ਨਿਪਟਾਰਾ ਹੋ ਸਕੇਗਾ। ਜ਼ਿਕਰਯੋਗ ਹੈ ਕਿ ਇਸ ਕਾਲਜ ਦਾ ਨਿਰਮਾਣ ਸਾਲ 2006 ਵਿਚ 14 ਕਰੋੜ ਦੀ ਲਾਗਤ ਨਾਲ ਕੀਤਾ ਗਿਆ ਸੀ ਪਰ ਲੰਬੇ ਸਮੇਂ ਤੋਂ ਇਸ ਕਾਲਜ ਨੂੰ ਕਈ ਖਾਮੀਆਂ ਕਾਰਨ ਮਾਨਤਾ ਨਹੀਂ ਮਿਲੀ ਸੀ। ਦੱਸਣਾ ਬਣਦਾ ਹੈ ਕਿ ਇਸ ਕਾਲਜ ਵਿਚ ਯੂਜੀਸੀ ਤੇ ਪੰਜਾਬ ਯੂਨੀਵਰਸਿਟੀ ਵੱਲੋਂ ਤੈਅ ਨਿਯਮਾਂ ਅਨੁਸਾਰ ਲੈਕਚਰਾਰਾਂ ਦੀਆਂ ਨਿਯੁਕਤੀਆਂ ਨਹੀਂ ਕੀਤੀਆਂ ਗਈਆਂ ਸਨ ਜਿਸ ਕਾਰਨ ਇਸ ਕਾਲਜ ਦੀ ਮਾਨਤਾ ਦਾ ਮਾਮਲਾ ਲਟਕਦਾ ਆ ਰਿਹਾ ਸੀ। ਇਸ ਕਾਲਜ ਵਿਚ ਗੈਸਟ ਫੈਕਲਟੀ ਤੇ ਅਸਥਾਈ ਲੈਕਚਰਾਰਾਂ ਨਾਲ ਕੰਮ ਚਲਾਇਆ ਜਾ ਰਿਹਾ ਸੀ।
ਇਸ ਕਾਲਜ ਦੇ ਰਿਕਾਰਡ ਅਨੁਸਾਰ ਇਸ ਵੇਲੇ 20 ਨਿਯਮਤ ਤੇ 9 ਗੈਸਟ ਫੈਕਲਟੀ ਲੈਕਚਰਾਰ ਹਨ ਜਦਕਿ ਇਸ ਕਾਲਜ ਵਿਚ 45 ਲੈਕਚਰਾਰ ਹੋਣੇ ਚਾਹੀਦੇ ਹਨ। ਸਕੱਤਰੇਤ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਕਾਲਜ ਵਿਚ ਨਿਯਮਤ ਅਸਾਮੀਆਂ ਭਰਨ ਦਾ ਮਾਮਲਾ ਕੇਂਦਰ ਦੇ ਸਿੱਖਿਆ ਵਿਭਾਗ ਕੋਲ ਪਿਆ ਹੈ ਤੇ ਉਥੋਂ ਮਨਜ਼ੂਰੀ ਮਿਲਣ ਉਪਰੰਤ ਹੀ ਇਸ ਕਾਲਜ ਵਿਚ ਨਿਯਮਤ ਅਸਾਮੀਆਂ ’ਤੇ ਭਰਤੀ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਕਾਲਜ ਵਿਚ ਟੀਚਿੰਗ ਤੇ ਨਾਨ ਟੀਚਿੰਗ ਦੀਆਂ 118 ਅਸਾਮੀਆਂ ਮੰਗੀਆਂ ਗਈਆਂ ਹਨ। ਇਹ ਵੀ ਦੱਸਣਾ ਬਣਦਾ ਹੈ ਕਿ ਇਸ ਕਾਲਜ ਵਿਚ ਨਿਯਮਤ ਅਸਾਮੀਆਂ ਨਾ ਭਰਨ ਕਾਰਨ ਪੰਜਾਬ ਯੂਨੀਵਰਸਿਟੀ ਵਲੋਂ ਹਰ ਸਾਲ ਮਾਨਤਾ ਦਿੱਤੀ ਜਾਂਦੀ ਹੈ ਜਿਸ ਕਾਰਨ ਕਈ ਵਾਰ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋਈ ਹੈ।
ਹਰੇਕ ਸਾਲ ਮਾਨਤਾ ਦੀ ਥਾਂ ਪੱਕੀ ਮਾਨਤਾ ਮਿਲੇ: ਵਿਦਿਆਰਥੀ
ਪੀਯੂ ਦੀ ਮਾਨਤਾ ਕਮੇਟੀ ਦੇ ਇਕ ਮੈਂਬਰ ਨੇ ਦੱਸਿਆ ਕਿ ਸਰਕਾਰੀ ਕਾਲਜ ਆਫ ਕਾਮਰਸ ਐਂਡ ਬਿਜ਼ਨਸ ਐਡਮਨਿਸਟਰੇਸ਼ਨ ਸੈਕਟਰ-50 ਵਿਚ ਪਹਿਲਾਂ ਜ਼ਿਆਦਾਤਰ ਲੈਕਚਰਾਰ ਰੈਗੂਲਰ ਨਹੀਂ ਹਨ ਜਦਕਿ ਨਿਯਮਾਂ ਅਨੁਸਾਰ ਕਾਲਜ ਵਿਚ ਰੈਗੂਲਰ ਲੈਕਚਰਾਰ ਹੋਣੇ ਜ਼ਰੂਰੀ ਹਨ। ਇਸ ਕਾਲਜ ਨੇ ਨਾ ਹੀ ਆਪਣਾ ਆਧਾਰੀ ਢਾਂਚਾ ਮਜ਼ਬੂਤ ਕੀਤਾ ਤੇ ਨਾ ਹੀ ਰੈਗੂਲਰ ਭਰਤੀ ਹੋਈ ਜਿਸ ਕਾਰਨ ਵਿਦਿਆਰਥੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਥੋਂ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਨੂੰ ਇਸ ਦਾ ਪੱਕਾ ਹੱਲ ਕੱਢਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਕਾਲਜ ਨੂੰ 2007 ਵਿਚ ਆਰਜ਼ੀ ਮਾਨਤਾ ਦਿੱਤੀ ਗਈ ਸੀ ਜੋ ਹਰ ਸਾਲ ਰਿਨੀਊ ਹੁੰਦੀ ਰਹੀ ਹੈ।