ਸਰਕਾਰੀ ਬੱਸਾਂ ਦਾ ਚੱਕਾ ਜਾਮ, ਸਵਾਰੀਆਂ ਪ੍ਰੇਸ਼ਾਨ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 23 ਅਕਤੂਬਰ
ਪੰਜਾਬ ਰੋਡਵੇਜ਼, ਪਨਬਸ ਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (25/11) ਵੱਲੋਂ ਅੱਜ 10 ਤੋਂ 12 ਵਜੇ ਤੱਕ ਦੋ ਘੰਟੇ ਬੱਸ ਸਟੈਂਡ ਬੰਦ ਕਰਕੇ ਸਰਕਾਰ ਖ਼ਿਲਾਫ਼ ਰੋਸ ਧਰਨਾ ਦਿੱਤਾ ਗਿਆ ਅਤੇ ਸਰਕਾਰ ਦੀ ਵਾਅਦਾਖ਼ਿਲਾਫ਼ੀ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਜਾਣਕਾਰੀ ਅਨੁਸਾਰ ਬੱਸ ਸਟੈਂਡ ਬੰਦ ਹੋਣ ਕਾਰਨ ਰੋਡਵੇਜ਼ ਦੀਆਂ ਸਾਰੀਆਂ ਬੱਸਾਂ ਦਾ ਚੱਕਾ ਜਾਮ ਰਿਹਾ ਅਤੇ ਪ੍ਰਾਈਵੇਟ ਬੱਸਾਂ ਬੱਸ ਸਟੈਂਡ ਦੇ ਬਾਹਰ ਹੀ ਸੜਕ ਤੋਂ ਚੱਲਦੀਆਂ ਰਹੀਆਂ, ਜਿਸ ਕਾਰਨ ਆਵਾਜਾਈ ਵਿਚ ਵੀ ਵਿਘਨ ਪਿਆ ਅਤੇ ਸਵਾਰੀਆਂ ਨੂੰ ਖੱਜਲ ਖੁਆਰੀ ਸਹਿਣੀ ਪਈ। ਬੱਸ ਸਟੈਂਡ ’ਚ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਆਗੂ ਜਤਿੰਦਰ ਸਿੰਘ ਦੀਦਾਰਗੜ੍ਹ ਅਤੇ ਉਪ ਆਗੂ ਕਰਮਜੀਤ ਸਿੰਘ ਕਰਮਾ ਨੇ ਕਿਹਾ ਕਿ 1 ਜੁਲਾਈ ਨੂੰ ਜਲੰਧਰ ਵਿੱਚ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਦੌਰਾਨ 1 ਮਹੀਨੇ ’ਚ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਅਜੇ ਤੱਕ ਕਾਇਮ ਕਮੇਟੀ ਵੱਲੋਂ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਕੋਈ ਏਜੰਡਾ ਤਿਆਰ ਨਹੀਂ ਕੀਤਾ ਗਿਆ। ਮੁੱਖ ਮੰਤਰੀ ਦੇ ਹੁਕਮਾਂ ਦੀ ਪਾਲਣਾ ਵੀ ਨਹੀਂ ਕੀਤੀ ਗਈ ਜਿਸ ਕਾਰਨ ਕਾਮਿਆਂ ਵਿਚ ਭਾਰੀ ਰੋਸ ਹੈ। ਡਿੱਪੂ ਪ੍ਰਧਾਨ ਹਰਪ੍ਰੀਤ ਸਿੰਘ ਗਰੇਵਾਲ, ਸਕੱਤਰ ਸੁਖਜਿੰਦਰ ਸਿੰਘ ਧਾਲੀਵਾਲ, ਜੁਆਇੰਟ ਮੀਤ ਪ੍ਰਧਾਨ ਲਖਵਿੰਦਰ ਸਿੰਘ ਬਿੱਟੂ ਤੇ ਖਜ਼ਾਨਚੀ ਡਿੰਪਲ ਕੁਮਾਰ ਪਾਤੜਾਂ ਆਦਿ ਨੇ ਕਿਹਾ ਕਿ 9 ਫਰਵਰੀ 2024 ਨੂੰ ਟਰਾਂਸਪੋਰਟ ਮੰਤਰੀ ਪੰਜਾਬ ਵੱਲੋਂ ਕਮੇਟੀ ਗਠਿਤ ਕੀਤੀ ਗਈ ਸੀ ਜਿਸ ਵਿੱਚ 2 ਮਹੀਨੇ ਵਿੱਚ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ ਸੀ। ਫਿਰ 1 ਜੁਲਾਈ ਨੂੰ ਮੁੱਖ ਮੰਤਰੀ ਪੰਜਾਬ ਵੱਲੋਂ 1 ਮਹੀਨੇ ਦੇ ਵਿੱਚ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਪਰ ਕੋਈ ਸੁਣਵਾਈ ਨਾ ਹੋਣ ’ਤੇ ਮੁੜ ਸੰਘਰਸ਼ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ 29 ਅਕਤੂਬਰ ਦੀ ਮੀਟਿੰਗ ਵਿਚ ਕੋਈ ਹੱਲ ਨਾ ਹੋਇਆ ਤਾਂ 3 ਨਵੰਬਰ ਨੂੰ ਬਰਨਾਲਾ ਅਤੇ ਚੱਬੇਵਾਲ ’ਚ ਵੱਡੇ ਕਾਫਲੇ ਦੇ ਰੂਪ ਵਿੱਚ ਝੰਡਾ ਮਾਰਚ ਕਰਦਿਆਂ ਸਰਕਾਰ ਦੀ ਪੋਲ ਖੋਲ੍ਹੀ ਜਾਵੇਗੀ ਅਤੇ 9 ਨਵੰਬਰ ਨੂੰ ਡੇਰਾ ਬਾਬਾ ਨਾਨਕ ਅਤੇ ਗਿੱਦੜਬਾਹਾ ’ਚ ਝੰਡਾ ਮਾਰਚ ਕੀਤਾ ਜਾਵੇਗਾ। ਜੇਕਰ ਫਿਰ ਵੀ ਮੰਗਾਂ ਦਾ ਹੱਲ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਮੁਕੰਮਲ ਤੌਰ ਤੇ ਚੱਕਾ ਜਾਮ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਮਨੇਜਮੈਂਟ ਦੀ ਹੋਵੇਗੀ। ਇਸ ਮੌਕੇ ਯੂਨੀਅਨ ਆਗੂ ਰਮਨਦੀਪ ਸਿੰਘ ਪਾਤੜਾਂ, ਪਰਮਿੰਦਰ ਸਿੰਘ ਜੱਸੜ ਆਦਿ ਵੀ ਮੌਜੂਦ ਸਨ।