ਪਾਵਰਕੌਮ ਠੇਕਾ ਮੁਲਾਜ਼ਮਾਂ ਦੇ ਸੰਘਰਸ਼ ਅੱਗੇ ਝੁਕੀ ਸਰਕਾਰ
ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 19 ਅਗਸਤ
ਪਾਵਰਕੌਮ ਠੇਕਾ ਮੁਲਾਜ਼ਮਾਂ ਦੇ ਸੰਘਰਸ਼ ਅੱਗੇ ਝੁਕਦਿਆਂ ਅੱਜ ਪਾਵਰਕੌਮ ਮੈਨੇਜਮੈਂਟ ਨੇ ਠੇਕਾ ਮੁਲਾਜ਼ਮਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਮੰਨ ਲਈਆਂ ਹਨ। ਯੂਨੀਅਨ ਦੇ ਮੋਹਰੀ ਆਗੂਆਂ ਦੀ ਅੱਜ ਪਾਵਰਕੌਮ ਦੇ ਚੇਅਰਮੈਨ ਏ.ਵੇਣੂੰ ਪ੍ਰਸਾਦ ਨਾਲ ਹੋਈ ਮੀਟਿੰਗ ਵਿਚ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਹਮਦਰਦੀ ਨਾਲ ਵਿਚਾਰਿਆ ਗਿਆ। ਕਿਰਤ ਕਮਿਸ਼ਨਰ ਪਰਵੀਨ ਕੁਮਾਰ ਥਿੰਦ ਵੀ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਦਾ ਹਿੱਸਾ ਬਣੇ। ਪਾਵਰਕੌਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਨੇ ਛਾਂਟੀ ਦੀ ਨੀਤੀ ਰੱਦ ਕਰਵਾਉਣ ਅਤੇ ਬਰਖ਼ਾਸਤ ਕੀਤੇ ਕਾਮੇ ਬਹਾਲ ਕਰਵਾਉਣ, ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਫੌਤ ਅਤੇ ਅਪਾਹਜ ਹੋਏ ਬਿਜਲੀ ਕਾਮਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਅਤੇ ਯੋਗ ਮੁਆਵਜ਼ਾ ਦੇਣ ਦੀ ਮੰਗ ਸਬੰਧੀ ਮੁਹਾਲੀ ਵਿਚ ਕਿਰਤ ਕਮਿਸ਼ਨਰ ਦਫ਼ਤਰ ਦਾ ਘਿਰਾਓ ਕਰ ਕੇ ਸੂਬਾ ਪੱਧਰੀ ਰੋਸ ਮੁਜ਼ਾਹਰਾ ਕੀਤਾ। ਐੱਸਡੀਐੱਮ ਜਗਦੀਪ ਸਹਿਗਲ ਲੰਘੀ ਰਾਤ 11 ਵਜੇ ਜ਼ਿਲ੍ਹਾ ਮੈਜਿਸਟਰੇਟ ਦਾ ਪੱਤਰ ਲੈ ਕੇ ਧਰਨੇ ਵਾਲੀ ਥਾਂ ’ਤੇ ਪੁੱਜੇ ਅਤੇ ਪ੍ਰਦਰਸ਼ਨਕਾਰੀਆਂ ਨੂੰ ਅੱਜ ਪਾਵਰਕੌਮ ਦੇ ਚੇਅਰਮੈਨ ਅਤੇ ਦੋ ਸਤੰਬਰ ਨੂੰ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਡੀਸੀ ਦਫ਼ਤਰ ਮੁਹਾਲੀ ਵਿਚ ਮੀਟਿੰਗ ਕਰਵਾਉਣ ਦਾ ਲਿਖਤੀ ਭਰੋਸਾ ਦਿੱਤਾ। ਇਸ ਮਗਰੋਂ ਠੇਕਾ ਮੁਲਾਜ਼ਮਾਂ ਨੇ ਧਰਨਾ ਚੁੱਕ ਲਿਆ।
ਸੂਬਾ ਪ੍ਰਧਾਨ ਬਲਿਹਾਰ ਸਿੰਘ ਅਤੇ ਮੀਤ ਪ੍ਰਧਾਨ ਰਾਜੇਸ਼ ਕੁਮਾਰ ਨੇ ਦੱਸਿਆ ਕਿ ਕਰੀਬ ਘੰਟਾ ਚੱਲੀ ਮੀਟਿੰਗ ਦੌਰਾਨ ਨੌਕਰੀ ਤੋਂ ਕੱਢੇ ਗਏ ਠੇਕਾ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਬਹਾਲ ਕਰਨ, ਡਿਊਟੀ ਦੌਰਾਨ ਹਾਦਸੇ ਦਾ ਸ਼ਿਕਾਰ ਹੋਏ ਕਰਮਚਾਰੀਆਂ ਦੇ ਪੀੜਤ ਪਰਿਵਾਰਾਂ ਨੂੰ ਢੁੱਕਵਾਂ ਮੁਆਵਜ਼ਾ ਦੇਣ ਅਤੇ ਵਿਭਾਗ ਵਿਚ ਰੈਗੂਲਰ ਕਰਨ ਆਦਿ ਮੰਗਾਂ ਪ੍ਰਵਾਨ ਕੀਤੀਆਂ ਗਈਆਂ।