ਲੋਕਾਂ ਦੇ ਸਹਿਯੋਗ ਤੋਂ ਬਗੈਰ ਸਰਕਾਰ ਅਤੇ ਪੁਲੀਸ ਨਸ਼ੇ ਨਹੀਂ ਰੋਕ ਸਕਦੀ: ਵਿਧਾਇਕ
ਮੋਹਿਤ ਸਿੰਗਲਾ
ਨਾਭਾ, 4 ਫਰਵਰੀ
ਇੱਥੇ ਰਿਆਸਤ-ਏ-ਨਾਭਾ ਪ੍ਰੈੱਸ ਕਲੱਬ ਵੱਲੋਂ ਨਾਭਾ ਡਾਈਟ ਵਿੱਚ ਨਸ਼ਿਆਂ ਖ਼ਿਲਾਫ਼ ਸੈਮੀਨਾਰ ਕਰਵਾਇਆ ਗਿਆ। ਸੈਮੀਵਾਰ ’ਚ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਜ਼ਿਲ੍ਹਾ ਪੁਲੀਸ ਅਧਿਕਾਰੀ ਅਤੇ ਡਾ. ਹਰਸ਼ਿੰਦਰ ਕੌਰ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਡਾ. ਹਰਸ਼ਿੰਦਰ ਕੌਰ ਨੇ ਰਾਜਪਾਲ ਨਾਲ ਇੱਕ ਮੀਟਿੰਗ ਵਿੱਚ ਆਏ ਵਿਚਾਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸੂਬੇ ਵਿੱਚ ਨਸ਼ਿਆਂ ਦੇ ਵਪਾਰ ਪਿੱਛੇ ਸਿਆਸਤਦਾਨ, ਪੁਲੀਸ ਅਤੇ ਅਫ਼ਸਰਸ਼ਾਹੀ ਦਾ ਇੱਕ ਗੱਠਜੋੜ ਹੈ। ਉਨ੍ਹਾਂ ਕਿਹਾ ਕਿ ਵਿਆਹ ਸਮਾਗਮਾਂ ’ਚ ਹੁੱਕਾ ਪਾਰਟੀ, ਨਸ਼ਿਆਂ ਦਾ ਪ੍ਰਦਰਸ਼ਨ, ਘਰੇਲੂ ਹਿੰਸਾ ਤੇ ਬੱਚਿਆਂ ਦੇ ਸਰੀਰਕ ਸ਼ੋਸ਼ਣ ਆਦਿ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕੀਤੀ। ਇਸ ਮੌਕੇ ਜਿੱਥੇ ਐੱਸਪੀ ਸਰਫਰਾਜ਼ ਨੇ ਬੇਰੁਜ਼ਗਾਰੀ ਅਤੇ ਖੇਡ ਸਹੂਲਤਾਂ ਦੀ ਕਮੀ ਨੂੰ ਨਸ਼ਿਆਂ ਦੇ ਵਿਸਤਾਰ ਲਈ ਜ਼ਿੰਮੇਵਾਰ ਦੱਸਿਆ ਉਥੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਸਹਿਯੋਗ ਤੋਂ ਬਗੈਰ ਨਸ਼ਿਆਂ ’ਤੇ ਠੱਲ੍ਹ ਪਾਉਣਾ ਮੁਸ਼ਕਲ ਹੈ।
ਉਨ੍ਹਾਂ ਦੱਸਿਆ ਕਿ ਸਾਧੋਹੇੜੀ ਪਿੰਡ ’ਚ ਨਸ਼ਿਆਂ ਨਾਲ ਫੌਤ ਹੋਏ ਇੱਕ ਨੌਜਵਾਨ ਦਾ ਡਰਿਆ ਹੋਇਆ ਪਰਿਵਾਰ ਕੋਈ ਕਾਰਵਾਈ ਕਰਵਾਉਣ ਤੋਂ ਇਨਕਾਰੀ ਰਿਹਾ। ਇਸ ਮੌਕੇ ਛੋਟੇ ਬੱਚਿਆਂ ਨੇ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਨਾਟਕ ਵੀ ਖੇਡਿਆ। ਇਸ ਮੌਕੇ ਡੀਐੱਸਪੀ ਮਨਦੀਪ ਕੌਰ ਨੇ ਨੌਜਵਾਨ ਬੱਚਿਆਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਆ। ਪ੍ਰੈੱਸ ਕਲੱਬ ਦੇ ਪ੍ਰਧਾਨ ਭੁਪਿੰਦਰ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।