For the best experience, open
https://m.punjabitribuneonline.com
on your mobile browser.
Advertisement

ਪ੍ਰੋ-ਟੈੱਮ ਸਪੀਕਰ ਦੇ ਮੁੱਦੇ ’ਤੇ ਸਰਕਾਰ ਅਤੇ ਵਿਰੋਧੀ ਧਿਰ ਆਹਮੋ-ਸਾਹਮਣੇ

07:39 AM Jun 23, 2024 IST
ਪ੍ਰੋ ਟੈੱਮ ਸਪੀਕਰ ਦੇ ਮੁੱਦੇ ’ਤੇ ਸਰਕਾਰ ਅਤੇ ਵਿਰੋਧੀ ਧਿਰ ਆਹਮੋ ਸਾਹਮਣੇ
Advertisement

ਨਵੀਂ ਦਿੱਲੀ, 22 ਜੂਨ
ਸੋਮਵਾਰ ਤੋਂ ਸ਼ੁਰੂ ਹੋ ਰਹੇ 18ਵੀਂ ਲੋਕ ਸਭਾ ਦੇ ਪਹਿਲੇ ਇਜਲਾਸ ਤੋਂ ਪਹਿਲਾਂ ਪ੍ਰੋ-ਟੈੱਮ (ਆਰਜ਼ੀ) ਸਪੀਕਰ ਦੇ ਮੁੱਦੇ ’ਤੇ ਐੱਨਡੀਏ ਸਰਕਾਰ ਤੇ ਇੰਡੀਆ ਗੱਠਜੋੜ ਦੇ ਆਗੂਆਂ ਵਿਚਾਲੇ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਜਿੱਥੇ ਕਾਂਗਰਸ ’ਤੇ ਝੂਠ ਬੋਲਣ ਦਾ ਦੋਸ਼ ਲਾਇਆ ਹੈ, ਉਥੇ ਵਿਰੋਧੀ ਧਿਰ ਨੇ ਪ੍ਰੋ-ਟੈੱਮ ਸਪੀਕਰ ਦੀ ਮਦਦ ਲਈ ਰਾਸ਼ਟਰਪਤੀ ਵੱਲੋਂ ਬਣਾਈ ਚੇਅਰਪਰਸਨਾਂ ਦੀ ਕਮੇਟੀ ਵਿਚ ਸ਼ਾਮਲ ਨਾ ਹੋਣ ਦੀ ਧਮਕੀ ਦਿੱਤੀ ਹੈ। ਚੇਤੇ ਰਹੇ ਕਿ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਭਾਜਪਾ ਆਗੂ ਤੇ ਸੱਤ ਵਾਰ ਲੋਕ ਸਭਾ ਦੇ ਮੈਂਬਰ ਰਹੇ ਭਰਤੂਹਰੀ ਮਹਿਤਾਬ ਨੂੰ ਲੋਕ ਸਭਾ ਦਾ ਪ੍ਰੋ-ਟੈੱਮ ਸਪੀਕਰ ਨਿਯੁਕਤ ਕੀਤਾ ਸੀ। ਪ੍ਰੋ-ਟੈੱਮ ਸਪੀਕਰ ਸਦਨ ਦੇ ਨਵੇਂ ਚੁਣੇਂ ਮੈਂਬਰਾਂ ਨੂੰ ਹਲਫ਼ ਦਿਵਾਉਣ ਤੋਂ ਇਲਾਵਾ ਸਪੀਕਰ ਦੀ ਚੋਣ ਨੂੰ ਵੀ ਸਿਰੇ ਚਾੜ੍ਹਦਾ ਹੈ।
ਰਾਸ਼ਟਰਪਤੀ ਨੇ 24 ਜੂਨ ਤੋਂ ਸ਼ੁਰੂ ਹੋ ਰਹੇ ਸੰਸਦੀ ਇਜਲਾਸ ਦੇ ਪਹਿਲੇ ਦਿਨ ਚੱਲਣ ਵਾਲੀ ਉਪਰੋਕਤ ਕਾਰਵਾਈ ਵਿਚ ਮਹਿਤਾਬ ਦੀ ਮਦਦ ਲਈ ਪੰਜ ਸੀਨੀਅਰ ਮੈਂਬਰਾਂ- ਕੇ. ਸੁਰੇਸ਼ (ਕਾਂਗਰਸ), ਟੀਆਰ ਬਾਲੂ (ਡੀਐੱਮਕੇ), ਰਾਧਾ ਮੋਹਨ ਸਿੰਘ ਤੇ ਫੱਗਣ ਸਿੰਘ ਕੁਲਸਤੇ (ਦੋਵੇਂ ਭਾਜਪਾ) ਤੇ ਸੁਦੀਪ ਬੰਧੋਪਾਧਿਆਏ (ਟੀਐੱਮਸੀ) ਨੂੰ ਨਾਮਜ਼ਦ ਕੀਤਾ ਸੀ। ਕਾਂਗਰਸ ਨੇ ਦੋਸ਼ ਲਾਇਆ ਸੀ ਕਿ ਸਰਕਾਰ ਨੇ ਪ੍ਰੋ-ਟੈੱਮ ਸਪੀਕਰ ਦੇ ਅਹੁਦੇ ਲਈ ਅੱਠ ਵਾਰ ਦੇ ਐੱਮਪੀ ਸੁਰੇਸ਼ ਨੂੰ ਨਜ਼ਰਅੰਦਾਜ਼ ਕਰਕੇ ਪ੍ਰਕਿਰਿਆ ਤੇ ਮਰਿਆਦਾ ਦੀ ਉਲੰਘਣਾ ਕੀਤੀ ਹੈ। ਰਿਜਿਜੂ ਨੇ ਹਾਲਾਂਕਿ ਦਾਅਵਿਆਂ ਨੂੰ ‘ਗੁਮਰਾਹਕੁਨ’ ਦੱਸ ਕੇ ਖਾਰਜ ਕਰ ਦਿੱਤਾ ਹੈ। ਵਿਰੋਧੀ ਧਿਰ ਵਿਚਲੇ ਸੂਤਰਾਂ ਨੇ ਕਿਹਾ ਕਿ ਸੁਰੇਸ਼, ਬਾਲੂ ਤੇ ਬੰਧੋਪਾਧਿਆਏ ਪ੍ਰੋ-ਟੈੱਮ ਸਪੀਕਰ ਦੀ ਮਦਦ ਲਈ ਬਣਾਈ ਕਮੇਟੀ ਵਿਚ ਸ਼ਾਮਲ ਨਹੀਂ ਹੋਣਗੇ। ਰਿਜਿਜੂ ਨੇ ਜ਼ੋਰ ਦੇ ਕੇ ਆਖਿਆ ਕਿ ਮਹਿਤਾਬ ਸਦਨ ਦੇ ਸਭ ਤੋਂ ਸੀਨੀਅਰ ਮੈਂਬਰ ਹਨ ਤੇ ਉਹ ਲਗਾਤਾਰ ਸੱਤ ਵਾਰ ਲੋਕ ਸਭਾ ਦੀ ਚੋਣ ਜਿੱਤੇ ਹਨ ਜਦੋਂਕਿ ਸੁਰੇਸ਼ ਭਾਵੇਂ ਅੱਠ ਵਾਰ ਦੇ ਸੰਸਦ ਮੈਂਬਰ ਹਨ, ਪਰ ਉਹ 1998 ਤੇ 2004 ਵਿਚ ਮੈਂਬਰ ਨਹੀਂ ਸਨ। ਉਧਰ ਸੁਰੇਸ਼ ਨੇ ਦਾਅਵਾ ਕੀਤਾ ਸੀ ਕਿ ਪ੍ਰੋ-ਟੈੱਮ ਸਪੀਕਰ ਦੇ ਅਹੁਦੇ ਨੂੰ ਲੈ ਕੇ ਉਨ੍ਹਾਂ ਦੇ ਦਾਅਵੇ ਨੂੰ ਨਜ਼ਰਅੰਦਾਜ਼ ਕੀਤਾ ਗਿਆ ਕਿਉਂਕਿ ਉਹ ਦਲਿਤ ਭਾਈਚਾਰੇ ਨਾਲ ਸਬੰਧਤ ਹਨ।
ਭਾਜਪਾ ਤਰਜਮਾਨ ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ ਕਿ ਕਾਂਗਰਸ ਨੇ ਪ੍ਰੋ-ਟੈੱਮ ਸਪੀਕਰ ਦੇ ਮੁੱਦੇ ’ਤੇ ਝੂਠ ਬੋਲ ਕੇ ‘ਕਬਾਇਲੀ’ ਸੰਸਦੀ ਮਾਮਲਿਆਂ ਬਾਰੇ ਮੰਤਰੀ ਦਾ ਜਾਣਬੁਝ ਕੇ ਅਪਮਾਨ ਕੀਤਾ ਹੈ। ਪੂਨਾਵਾਲਾ ਨੇ ਕਿਹਾ, ‘‘ਕਾਂਗਰਸ ਨੇ ਹਮੇਸ਼ਾ ਆਦਿਵਾਸੀਆਂ ਦਾ ਅਪਮਾਨ ਕੀਤਾ ਹੈ। ਉਹ ਦਰੋਪਦੀ ਮੁਰਮੂ ਨੂੰ ਰਾਸ਼ਟਰਪਤਨੀ ਦੱਸਦੇ ਹਨ ਤੇ ਉਨ੍ਹਾਂ ਨੇ ਤਾਂ ਮੁਰਮੂ ਨੂੰ ਗਾਲ੍ਹਾਂ ਕੱਢੀਆਂ।’’ -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement