ਸ਼ਾਇਰ ਹਰਜਿੰਦਰ ਕੰਗ ਦੀ ਪੁਸਤਕ ‘ਵੇਲ ਰੁਪਏ ਦੀ ਵੇਲ’ ਉੱਤੇ ਗੋਸ਼ਟੀ
ਪਰਸ਼ੋਤਮ ਬੱਲੀ
ਬਰਨਾਲਾ, 29 ਅਕਤੂਬਰ
ਗ਼ਜ਼ਲ ਮੰਚ ਬਰਨਾਲਾ ਵੱਲੋਂ ਸ਼ਾਇਰ ਹਰਜਿੰਦਰ ਕੰਗ ਨਾਲ ਰੂਬਰੂ ਅਤੇ ਉਨ੍ਹਾਂ ਦੀ ਨਵ ਪ੍ਰਕਾਸ਼ਿਤ ਕਾਵਿ ਸੰਗ੍ਰਹਿ ‘ਵੇਲ ਰੁਪਏ ਦੀ ਵੇਲ’ ਉੱਤੇ ਗੋਸ਼ਟੀ ਇੱਥੇ ਸਰਕਾਰੀ ਹਾਈ ਸਕੂਲ ਵਿੱਚ ਕਰਵਾਈ ਗਈ। ਪੁਸਤਕ ‘ਤੇ ‘ਪੇਪਰ ਪੜ੍ਹਦਿਆਂ ਡਾ. ਸੰਧੂ ਗਗਨ ਨੇ ਕਿਹਾ ਕਿ ਕੰਗ ਦੀ ਕਵਿਤਾ ਪੂੰਜੀਵਾਦ ਬਦੌਲਤ ਪਰਵਾਸ ਦੇ ਬਦਲਦੇ ਰੁਝਾਨਾਂ ਨੂੰ ਚਿੰਤਨ ਵਜੋਂ ਲੈਂਦਿਆਂ ਬਹੁ-ਸੱਭਿਆਚਾਰਵਾਦ ਵੱਲ ਅਗਰਸਰ ਹੁੰਦੀ ਹੈ। ਜਗਜੀਤ ਕੌਰ ਢਿੱਲਵਾਂ ਨੇ ਕਿਹਾ ਕਿ ਕੰਗ ਦੀ ਗ਼ਜ਼ਲ ਸੰਵੇਦਨਾ ਲੋਕ ਦਰਦ ਨੂੰ ਮਹਿਸੂਸਦੀ ਹੈ ਤੇ ਹਰ ਸਮਾਜਿਕ ਦੁਖਾਂਤ ਨੂੰ ਛੋਂਹਦੀ ਹੈ। ਕਹਾਣੀਕਾਰ ਭੋਲਾ ਸਿੰਘ ਸੰਘੇੜਾ ਨੇ ਕਿਹਾ ਕਿ ਕੰਗ ਦੀ ਸ਼ਾਇਰੀ ਅਜੋਕੇ ਪਰਵਾਸ ਵਿੱਚੋਂ ਉਤਪੰਨ ਹੋਈਆਂ ਸਮੱਸਿਆਵਾਂ ਤੇ ਸਵਾਲਾਂ ਦੇ ਗੰਭੀਰ ਅਧਿਐਨ ਵੱਲ ਇਸ਼ਾਰਾ ਕਰਦੀ ਹੈ। ਅਸ਼ੋਕ ਬਾਂਸਲ ਮਾਨਸਾ, ਡਾ. ਅਮਨਦੀਪ ਸਿੰਘ ਟੱਲੇਵਾਲੀਆ ਅਤੇ ਲਛਮਣ ਦਾਸ ਮੁਸਾਫ਼ਿਰ ਨੇ ਵੀ ਕੰਗ ਦੀ ਸ਼ਾਇਰੀ ਅਤੇ ਗੀਤਕਾਰੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਕੰਗ ਦੀ ਗ਼ਜ਼ਲ ਵਿੱਚ ਗੀਤਾਮਿਕਤਾ ਹੋਣ ਕਾਰਨ ਰਵਾਨੀ ਅਤੇ ਸਰੋਦੀ ਗੁਣ ਪੈਦਾ ਹੋਏ ਹਨ। ਆਲੋਚਕ ਨਿਰੰਜਣ ਬੋਹਾ ਨੇ ਕੰਗ ਦੀ ਸ਼ਾਇਰੀ ਦੀ ਪਿੱਠ ਭੂਮੀ ’ਚ ਪਏ ਸਰੋਕਾਰਾਂ ਦੀ ਵਿਆਖਿਆ ਕੀਤੀ। ਲੇਖਕ ਹਰਜਿੰਦਰ ਕੰਗ ਨੂੰ ਸਨਮਾਨਤ ਕਰਨ ਦੀ ਰਸਮ ਸਾਬਕਾ ਮੁੱਖ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ, ਨਿਰੰਜਣ ਬੋਹਾ ਅਤੇ ਪੰਜਾਬੀ ਕਵੀ ਸੀ ਮਾਰਕੰਡਾ ਨੇ ਨਿਭਾਈ। ਇਸ ਮੌਕੇ ਕਹਾਣੀਕਾਰ ਅਤਰਜੀਤ ਅਤੇ ਪਵਨ ਪਰਿੰਦਾ, ਗੀਤਕਾਰ ਮਨਪ੍ਰੀਤ ਟਿਵਾਣਾ, ਇਕਬਾਲ ਕੌਰ ਉਦਾਸੀ, ਪਰਮ ਪਰਮਿੰਦਰ ਤੇ ਹੋਰ ਹਾਜ਼ਰ ਸਨ। ਸੀ. ਮਾਰਕੰਡਾ ਨੇ ਸਭਨਾਂ ਦਾ ਧੰਨਵਾਦ ਕੀਤਾ।
ਮੇਰਾ ਮਨੋਰਥ ਲੁਕਾਏ ਜਾ ਰਹੇ ਨੂੰ ਦਿਖਾਉਣਾ: ਕੰਗ
ਲੇਖਕ ਹਰਜਿੰਦਰ ਕੰਗ ਨੇ ਕਿਹਾ ਕਿ ਸਾਹਿਤ ਸਮੁੱਚੀ ਮਾਨਵਤਾ ਦੀ ਚੇਤਨਾ ਨੂੰ ਪ੍ਰਭਾਵਿਤ ਕਰਦਾ ਹੈ। ਉਸ ਲਿਖਣ ਦਾ ਮਨੋਰਥ ਹੈ ਲੁਕਾਏ ਜਾ ਰਹੇ ਨੂੰ ਦਿਖਾਇਆ ਜਾਵੇ।