ਹਰਵਿੰਦਰ ਦੀ ਪੁਸਤਕ ‘ਹਿੰਦੀ ਸੇ ਪੰਜਾਬੀ ਸੀਖੇਂ’ ਉੱਤੇ ਗੋਸ਼ਟੀ
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ(ਮੁਹਾਲੀ), 29 ਨਵੰਬਰ
ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਦੇ ਸਹਿਯੋਗ ਨਾਲ ਭਾਸ਼ਾ ਵਿਭਾਗ ਵੱਲੋਂ ਮੁਹਾਲੀ ਦੇ ਜ਼ਿਲ੍ਹਾ ਦਫ਼ਤਰ ਵਿੱਚ ਅੱਜ ਸ਼ਾਇਰ ਹਰਵਿੰਦਰ ਸਿੰਘ ਦੀ ਕਿਤਾਬ ‘ਹਿੰਦੀ ਸੇ ਪੰਜਾਬੀ ਸੀਖੇਂ’ ’ਤੇ ਚਰਚਾ ਕੀਤੀ ਗਈ। ਮੁੱਖ ਮਹਿਮਾਨ ਵਜੋਂ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਸ਼ਾਮਲ ਹੋਏ। ਪ੍ਰਧਾਨਗੀ ਮੰਡਲ ਵਿੱਚ ਆਲੋਚਕ, ਨਾਵਲਕਾਰ ਡਾ. ਮਨਮੋਹਨ, ਅਨੁਵਾਦਕ ਤੇ ਵਿਦਵਾਨ ਜੰਗ ਬਹਾਦੁਰ ਗੋਇਲ, ਆਲੋਚਕ ਡਾ. ਪ੍ਰਵੀਨ ਕੁਮਾਰ ਨੇ ਸ਼ਿਰਕਤ ਕੀਤੀ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਰਸ਼ਨ ਕੌਰ ਨੇ ਸਾਰਿਆਂ ਦਾ ਸਵਾਗਤ ਕਰਦਿਆਂ ਵਿਭਾਗ ਦੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ।
ਲੇਖਕ ਹਰਵਿੰਦਰ ਸਿੰਘ ਚੰਡੀਗੜ੍ਹ ਨੇ ਕਿਤਾਬ ਬਾਰੇ ਬੋਲਦਿਆਂ ਆਪਣੇ ਅਨੁਭਵ ਦੱਸੇ ਕਿ ਕਿਹੜੇ ਉਦੇਸ਼ਾਂ ਨੂੰ ਸਾਹਮਣੇ ਰੱਖ ਉਹਨਾਂ ਨੇ ਇਹ ਕਿਤਾਬ ਲਿਖੀ। ਪੱਤਰਕਾਰ ਤੇ ਲੇਖਕ ਪ੍ਰੀਤਮ ਰੁਪਾਲ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਹਿੰਦੀ ਵਿਭਾਗ ਦੇ ਵਿਦਵਾਨ ਪ੍ਰੋ. ਗੁਰਮੀਤ ਸਿੰਘ, ਪ੍ਰੋ. ਅਤੈ ਸਿੰਘ, ਆਲੋਚਕ ਡਾ.ਪ੍ਰਵੀਨ ਕੁਮਾਰ, ਜੰਗ ਬਹਾਦੁਰ ਗੋਇਲ ਨੇ ਵਿਚਾਰ ਰੱਖੇ।
ਮੁੱਖ ਮਹਿਮਾਨ ਡਾ ਜਸਵੰਤ ਸਿੰਘ ਜ਼ਫ਼ਰ ਨੇ ਇਸ ਤਰ੍ਹਾਂ ਦੀ ਲੇਖਣੀ ਨੂੰ ਮਾਂ-ਬੋਲੀ ਪੰਜਾਬੀ ਦੀ ਅਸਲੀ ਸੇਵਾ ਦੱਸਿਆ। ਪ੍ਰਧਾਨਗੀ ਭਾਸ਼ਣ ਡਾ. ਮਨਮੋਹਨ ਨੇ ਦਿੱਤਾ। ਮੰਚ ਸੰਚਾਲਨ ਲੇਖਕ ਜਗਦੀਪ ਸਿੱਧੂ ਨੇ ਕੀਤਾ।