ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਉੱਤੇ ਗੋਸ਼ਟੀ
ਸਤਿਬੀਰ ਸਿੰਘ
ਬਰੈਂਪਟਨ, 16 ਨਵੰਬਰ
ਸੰਸਥਾ ‘ਦਿਸ਼ਾ’ ਅਤੇ ‘ਹੈਟਸ ਅੱਪ’ ਟੀਮ ਵੱਲੋਂ ਬਲਜੀਤ ਰੰਧਾਵਾ ਦੀ ਨਵੀਂ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਉਪਰ ਵਿਚਾਰ ਗੋਸ਼ਟੀ ਕੀਤੀ ਗਈ। ਇਸ ਦੌਰਾਨ ਨਾਟਕਕਾਰ ਹੀਰਾ ਰੰਧਾਵਾ ਵੱਲੋ ਹਿੰਦੀ ਨਾਟਕਾਂ ਦੀ ਅਨੁਵਾਦ ਕੀਤੀ ਪੁਸਤਕ ‘ਸੱਚ ਦੀ ਸਰਦਲ ’ਤੇ’ ਵੀ ਰਿਲੀਜ਼ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਡਾ. ਵਰਿਆਮ ਸੰਧੂ, ਬਲਜੀਤ ਰੰਧਾਵਾ, ਸੁਰਿੰਦਰ ਕੌਰ ਨੀਰ ਅਤੇ ਡਾ. ਕੰਵਲਜੀਤ ਕੌਰ ਢਿਲੋਂ ਨੇ ਕੀਤੀ। ਇਸ ਮੌਕੇ ਵਰਿਆਮ ਸੰਧੂ ਨੇ ਕਿਹਾ ਕਿ ਕੈਨੇਡਾ ਦੇ ਗੁੰਝਲਦਾਰ ਜੀਵਨ ਬਾਰੇ ਲਿਖੀਆਂ ਪੁਸਤਕਾਂ ’ਚੋਂ ਬਲਜੀਤ ਰੰਧਾਵਾ ਦੀ ਇਹ ਕਿਤਾਬ ਨਿਵੇਕਲੀ ਤੇ ਪ੍ਰਭਾਵਸ਼ਾਲੀ ਹੈ। ਇਸ ਵਿੱਚ ਲੇਖਿਕਾ ਨੇ ਕੈਨੇਡਾ ਦੀ ਜ਼ਿੰਦਗੀ ਦੇ ਸਾਰੇ ਰੰਗ ਦਰਸਾਏ ਹਨ। ਇਸੇ ਤਰ੍ਹਾਂ ਉਨ੍ਹਾਂ ਹਿੰਦੀ ਦੇ ਉਚ ਪੱਧਰ ਦੇ ਨਾਟਕਾਂ ਦਾ ਅਨੁਵਾਦ ਕਰਨ ਲਈ ਹੀਰਾ ਰੰਧਾਵਾ ਨੂੰ ਵਧਾਈ ਦਿੱਤੀ।
ਇਸ ਦੌਰਾਨ ਡਾ. ਕੁਲਦੀਪ ਕੌਰ ਪਾਹਵਾ, ਡਾ ਸੁਖਦੇਵ ਸਿੰਘ ਝੰਡ ਅਤੇ ਸੁਰਜੀਤ ਕੌਰ ਨੇ ‘ਲੇਖ ਨਹੀਂ ਜਾਣੇ ਨਾਲ’ ਉਪਰ ਪੇਪਰ ਪੜ੍ਹੇ। ਉਨ੍ਹਾਂ ਨੇ ਇਸ ਪੁਸਤਕ ਨੂੰ ਕੈਨੇਡਾ ਦੇ ਸਮਾਜਿਕ ਜੀਵਨ ਦਾ ਦਰਪਣ ਕਿਹਾ। ਇਸ ’ਚ 43 ਲੇਖ ਸ਼ਾਮਲ ਕੀਤੇ ਗਏ ਹਨ। ਪਰਮਜੀਤ ਕੌਰ ਦਿਓਲ ਨੇ ਕਿਹਾ ਕਿ ਹੀਰਾ ਰੰਧਾਵਾ ਨੇ ਹਿੰਦੀ ਦੇ ਨਾਟਕ ਅਨੁਵਾਦ ਕਰਕੇ ਇਸ ਖੇਤਰ ’ਚ ਯਾਦਗਾਰੀ ਕੰਮ ਕੀਤਾ ਹੈ। ਸਮਾਗਮ ’ਚ ਲਹਿੰਦੇ ਪੰਜਾਬ ਦੀ ਅਸੈਂਬਲੀ ਵਿਚ ਪੰਜਾਬੀ ਨੂੰ ਲਾਜ਼ਮੀ ਕਰਾਰ ਦਿੱਤੇ ਜਾਣ ’ਤੇ ਸਰਕਾਰ ਦਾ ਧੰਨਵਾਦ ਕੀਤਾ ਗਿਆ। ਇਸ ਦੌਰਾਨ ਜਗੀਰ ਸਿੰਘ ਕਾਹਲੋਂ, ਰਛਪਾਲ ਕੌਰ ਗਿੱਲ, ਕਰਮਜੀਤ ਗਿੱਲ, ਹਰਦਿਆਲ ਝੀਤਾ, ਮਲਵਿੰਦਰ ਸਿੰਘ, ਦਲਵੀਰ ਕਥੂਰੀਆ, ਤਲਵਿੰਦਰ ਸਿੰਘ ਮੰਡ, ਬਿਕਰਮਜੀਤ ਸਿੰਘ ਗਿੱਲ ਤੇ ਹੋਰ ਹਾਜ਼ਰ ਸਨ।