ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਪੰਜਾਬੀ ਮਾਹ ਨੂੰ ਸਮਰਪਿਤ ਗੋਸ਼ਟੀ
ਬੀਰ ਇੰਦਰ ਸਿੰਘ ਬਨਭੌਰੀ
ਸੰਗਰੂਰ, 21 ਨਵੰਬਰ
ਜ਼ਿਲ੍ਹਾ ਭਾਸ਼ਾ ਦਫ਼ਤਰ ਸੰਗਰੂਰ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਰਣਜੋਧ ਸਿੰਘ ਸਿੱਧੂ ਦੀ ਅਗਵਾਈ ਹੇਠ ਪੰਜਾਬੀ ਮਾਹ 2024 ਨੂੰ ਸਮਰਪਿਤ ਵਿਚਾਰ ਗੋਸ਼ਟੀ ਕਰਵਾਈ ਗਈ ਜਿਸ ਦਾ ਵਿਸ਼ਾ ‘ਪੰਜਾਬੀ ਸਾਹਿਤ ਲਈ ਸਾਹਿਤ ਸਭਾਵਾਂ ਦਾ ਯੋਗਦਾਨ’ ਰੱਖਿਆ ਗਿਆ। ਇਸ ਗੋਸ਼ਟੀ ਮੌਕੇ ਸੰਗਰੂਰ ਸਮੇਤ ਪੰਜਾਬ ਦੇ ਵੱਖ-ਵੱਖ ਬੁੱਧੀਜੀਵੀਆਂ ਨੇ ਭਾਗ ਲਿਆ। ਗੋਸ਼ਟੀ ਦਾ ਆਰੰਭ ਕਰਦਿਆਂ ਡਾ. ਭਗਵੰਤ ਸਿੰਘ ਸੰਪਾਦਕ ‘ਜਾਗੋ ਇੰਟਰਨੈਸ਼ਨਲ’ ਨੇ ਪੰਜਾਬੀ ਸਾਹਿਤ ਸਭਾਵਾਂ ਦੇ ਪਿਛਲੀ ਇੱਕ ਸਦੀ ਦੇ ਇਤਿਹਾਸ ’ਤੇ ਚਾਨਣਾ ਪਾਇਆ। ਮਾਲਵਾ ਲਿਖਾਰੀ ਸਭਾ ਸੰਗਰੂਰ ਦੇ ਪ੍ਰਧਾਨ ਕਰਮ ਸਿੰਘ ਜ਼ਖਮੀ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਪਵਨ ਹਰਚੰਦਪੁਰੀ ਸੇਖੋਂ ਨੇ ਪਰਚੇ ਪੇਸ਼ ਕਰਦਿਆਂ ਕੇਂਦਰੀ ਲੇਖਕ ਸਭਾਵਾਂ ਅਤੇ ਸਥਾਨਕ ਸਾਹਿਤ ਸਭਾਵਾਂ ਦੇ ਪੰਜਾਬੀ ਸਾਹਿਤ ’ਚ ਪਾਏ ਯੋਗਦਾਨ ਦੀ ਪ੍ਰਸ਼ੰਸਾ ਕੀਤੀ। ਸਮਾਗਮ ਵਿੱਚ ਪਹੁੰਚੇ ਸਾਹਿਤਕਾਰ ਨਿੰਦਰ ਘੁਗਿਆਣਵੀ ਨੇ ਅਜੋਕੇ ਯੁੱਗ ਵਿੱਚ ਸਾਹਿਤ ਦੇ ਖੇਤਰ ’ਚ ਨੌਜਵਾਨ ਪੀੜ੍ਹੀ ਨੂੰ ਨਾਲ ਜੋੜਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਨੌਜਵਾਨਾਂ ਨੂੰ ਅੱਗੇ ਵਧਦਿਆਂ ਵੇਖ ਕੇ ਈਰਖਾ ਨਹੀਂ ਕਰਨੀ ਚਾਹੀਦੀ ਸਗੋਂ ਮਾਣ ਕਰਨਾ ਚਾਹੀਦਾ ਹੈ।
ਇਸ ਦੌਰਾਨ ਵਿਚਾਰ ਚਰਚਾ ਦਾ ਆਰੰਭ ਸਾਹਿਤ ਸਭਾ ਧੂਰੀ ਦੇ ਪ੍ਰਧਾਨ ਮੂਲ ਚੰਦ ਸ਼ਰਮਾ ਨੇ ਕੀਤਾ ਅਤੇ ਗਿਆਨੀ ਜੰਗੀਰ ਸਿੰਘ ਰਤਨ ਪ੍ਰਧਾਨ ਸਾਹਿਤ ਸਭਾ ਸੁਨਾਮ, ਸੁਰਿੰਦਰ ਸ਼ਰਮਾ ਨਾਗਰਾ ਪ੍ਰਧਾਨ ਸਾਹਿਤ ਸਭਾ ਧੂਰੀ, ਸੁਖਵਿੰਦਰ ਸਿੰਘ ਫੁੱਲ, ਪਵਨ ਹੋਸੀ, ਨਿਹਾਲ ਸਿੰਘ ਮਾਨ, ਹਾਕਮ ਸਿੰਘ ਸਾਬਕਾ ਸੁਪਰਵਾਈਜ਼ਰ, ਲੱਖਾ ਸਿੰਘ ਧਾਲੀਵਾਲ ਅਤੇ ਚਰਨਜੀਤ ਮੀਮਸਾ ਨੇ ਚਰਚਾ ’ਚ ਹਿੱਸਾ ਲੈਂਦਿਆਂ ਪਰਚਾ ਲੇਖਕਾਂ ਦੇ ਵਿਚਾਰਾਂ ਦੀ ਪ੍ਰੋੜਤਾ ਕੀਤੀ। ਇਸ ਮੌਕੇ ਵਿਭਾਗੀ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ।