ਗੋਰਖਾ ਟਰੇਨਿੰਗ ਸੈਂਟਰ ਚੌਥੇ ਬੈਚ ਦੇ 307 ਅਗਨੀਵੀਰ ਪਾਸ ਆਊਟ
ਰਤਨ ਸਿੰਘ ਢਿੱਲੋਂ
ਅੰਬਾਲਾ, 3 ਦਸੰਬਰ
ਹਿਮਾਚਲ ਪ੍ਰਦੇਸ਼ ਦੇ ਸੁਬਾਥੂ ਵਿੱਚ ਸਥਿਤ 14 ਗੋਰਖਾ ਟਰੇਨਿੰਗ ਕੇਂਦਰ (ਜੀਟੀਸੀ) ਤੋਂ ਅੱਜ ਚੌਥੇ ਬੈਚ ਦੇ 307 ਅਗਨੀਵੀਰ ਸੈਨਿਕ ਬਹਾਦਰੀ ਅਤੇ ਸਵੈਮਾਣ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਾਸ ਆਊਟ ਹੋਏ। ਭਾਰਤ ਦੇ ਗਣਰਾਜ ਪ੍ਰਤੀ ਵਫ਼ਾਦਾਰੀ ਦੀ ਸਹੁੰ ਚੁੱਕਣ ਵਾਲੇ ਇਹ ਅਗਨੀਵੀਰ ਹੁਣ ਭਾਰਤੀ ਸੈਨਾ ਦੀ ਪਹਿਲੀ ਅਤੇ ਚੌਥੀ ਗੋਰਖਾ ਰਾਈਫਲਜ਼ ਦੀਆਂ ਸ਼ਾਨਦਾਰ ਗੋਰਖਾ ਬਟਾਲੀਅਨਾਂ ਵਿੱਚ ਸ਼ਾਮਲ ਹੋਣਗੇ, ਜਿਨ੍ਹਾਂ ਬਟਾਲੀਅਨਾਂ ਦਾ 200 ਸਾਲਾਂ ਤੋਂ ਵੱਧ ਬਹਾਦਰੀ ਅਤੇ ਕੁਰਬਾਨੀਆਂ ਦਾ ਇੱਕ ਅਮੀਰ ਅਤੇ ਸ਼ਾਨਦਾਰ ਫੌਜੀ ਇਤਿਹਾਸ ਹੈ।
ਉਕਤ ਜਾਣਕਾਰੀ ਦਿੰਦਿਆਂ ਰੱਖਿਆ ਵਿਭਾਗ ਦੇ ਸੂਚਨਾ ਅਧਿਕਾਰੀ ਨੇ ਦੱਸਿਆ ਕਿ ਪਾਸਿੰਗ ਆਊਟ ਪਰੇਡ ਦਾ ਨਿਰੀਖਣ 14 ਜੀਟੀਸੀ ਦੇ ਕਮਾਡੈਂਟ ਬ੍ਰਿਗੇਡੀਅਰ ਪੀਪੀ ਸਿੰਘ ਨੇ ਕੀਤਾ। ਇਹ ਪਾਸਿੰਗ ਆਊਟ ਪਰੇਡ ਅਗਨੀਵੀਰਾਂ ਦੀ ਸਰੀਰਕ ਤੰਦਰੁਸਤੀ, ਯੁੱਧ ਅਤੇ ਫੀਲਡ ਕਰਾਫਟ, ਹਥਿਆਰਾਂ ਅਤੇ ਰਣਨੀਤੀ ਵਿੱਚ 31 ਹਫ਼ਤਿਆਂ ਦੀ ਸਖ਼ਤ ਸਿਖਲਾਈ ਪੂਰੀ ਹੋਣ ਤੋਂ ਬਾਅਦ ਕੀਤੀ ਗਈ। ਬ੍ਰਿਗੇਡੀਅਰ ਪੀ.ਪੀ ਸਿੰਘ ਨੇ ਆਪਣੇ ਸੰਬੋਧਨ ਵਿੱਚ ਨੌਜਵਾਨ ਅਗਨੀਵੀਰਾਂ ਨੂੰ ਦੇਸ਼ ਦੀਆਂ ਸਰਹੱਦਾਂ ’ਤੇ ਰਾਸ਼ਟਰੀ ਅਤੇ ਭਾਰਤੀ ਫੌਜ ਦੇ ਝੰਡੇ ਬੁਲੰਦ ਰੱਖਣ ਲਈ ਪ੍ਰੇਰਿਤ ਕੀਤਾ।