For the best experience, open
https://m.punjabitribuneonline.com
on your mobile browser.
Advertisement

ਗੂਗਲ ਸਰਚ

07:45 AM Mar 20, 2024 IST
ਗੂਗਲ ਸਰਚ
Advertisement

ਹਰਜੀਤ ਸਿੰਘ

Advertisement

ਕਹਾਣੀ ਸਾਹਿਤ ਦਾ ਅਨਿੱਖਵਾਂ ਅੰਗ ਹੈ। ਕਿਸੇ ਵੇਲੇ ਵਿਹੜੇ ਵਿੱਚ ਮੰਜਿਆਂ ’ਤੇ ਸੌਣ ਲਈ ਪਏ ਬਜ਼ੁਰਗ ਆਪਣੇ ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ ਨੂੰ ਕਹਾਣੀ ਸੁਣਾਉਂਦੇ ਸਨ। ਤਾਰਿਆਂ ਅਤੇ ਚੰਦਰਮਾ ’ਤੇ ਚਰਖਾ ਕੱਤਦੀ ਬੁੱਢੀ ਮਾਂ ਦੀਆਂ ਗੱਲਾਂ ਹੁੰਦੀਆਂ। ਬੱਚੇ ਦਿਲਚਸਪੀ ਨਾਲ ਕਹਾਣੀ ਸੁਣਦੇ ਸਨ ਅਤੇ ਕਈ ਵਾਰ ਕਹਾਣੀ ਸੁਣਦੇ ਸੁਣਦੇ ਸੌਂ ਜਾਂਦੇ ਸਨ। ਜੇਕਰ ਹਵਾ ਨਾ ਚੱਲਣੀ ਤਾਂ ਗਰਮੀ ਲੱਗਦੀ ਸੀ। ਮਾਝੇ ਦੇ ਇਲਾਕੇ ਵਿੱਚ ਫਿਰ ਬੱਚਿਆਂ ਨੂੰ ਕਹਿਣਾ ਕਿ ਪੁਰੇ ਗਿਣੋ। ਜਿਵੇਂ ਮੱਙੁਪੁਰਾ, ਦੇਵੀਦਾਸ ਪੁਰਾ ਆਦਿ। ਤਰਕ ਇਹ ਸੀ ਕਿ ਪੁਰੇ ਗਿਣਨ ਨਾਲ ਪੁਰਾ (ਪੂਰਬ ਵੱਲੋਂ ਹਵਾ ਚੱਲਣੀ) ਵੱਗਦਾ ਸੀ। ਪੁਰਾ ਵਗੇ ਜਾਂ ਨਾ ਪਰ ਕੁਝ ਚਿਰ ਬਾਅਦ ਨੀਂਦ ਜ਼ਰੂਰ ਆ ਜਾਂਦੀ ਸੀ।
ਹੁਣ ਸਮਾਂ ਬਦਲ ਗਿਆ ਹੈ। ਨਾ ਤਾਂ ਵਿਹੜਿਆ ਵਿੱਚ ਜਾਂ ਕੋਠਿਆਂ ’ਤੇ ਮੰਜੀਆਂ ਡਾਹੀਆਂ ਜਾਂਦੀਆਂ ਹਨ ਨਾ ਹੀ ਬੱਚਿਆਂ ਨੂੰ ਕਹਾਣੀਆਂ ਸੁਣਾਈਆਂ ਜਾਂਦੀਆਂ ਹਨ। ਤਾਰਿਆਂ ਦੀ ਛਾਵੇਂ ਬਲਦਾਂ ਦੀਆਂ ਟੱਲੀਆਂ ਦਾ ਸੰਗੀਤ ਨਹੀਂ ਸੁਣਦਾ। ਹੁਣ ਬੰਦ ਕਮਰਿਆਂ ਵਿੱਚ ਮੋਬਾਈਲ ਦੀ ਘੰਟੀ ਸੁਣਦੀ ਹੈ। ਹੁਣ ਪੰਜਾਬ ਵਿੱਚ ਬੱਚਿਆਂ ਨੇ ਕਹਾਣੀਆਂ ਸੁਣਨਾ ਲਗਭਗ ਖ਼ਤਮ ਹੀ ਕਰ ਦਿੱਤਾ ਹੈ ਪਰ ਕੈਨੇਡਾ ਵਿੱਚ ਅਜੇ ਵੀ ਕਹਾਣੀ ਸੁਣਾਈ ਜਾਂਦੀ ਹੈ। ਉੱਥੇ ਛੋਟੇ ਬੱਚਿਆਂ ਨੂੰ ਸਕੂਲ ਵਿੱਚ ਹਰ ਹਫ਼ਤੇ ਇੱਕ ਛੋਟੀ ਜਿਹੀ ਕਹਾਣੀਆਂ ਦੀ ਕਿਤਾਬ ਪੜ੍ਹਨ ਲਈ ਦਿੱਤੀ ਜਾਂਦੀ ਹੈ। ਫਿਰ ਉਨ੍ਹਾਂ ਨੂੰ ਪੁੱਛਿਆ ਜਾਂਦਾ ਹੈ ਕਿ ਕਹਾਣੀ ਦਾ ਕਿਹੜਾ ਭਾਗ ਚੰਗਾ ਲੱਗਿਆ ਅਤੇ ਕਿਉਂ ਚੰਗਾ ਲੱਗਾ। ਭਾਗ ਤੋਂ ਮਤਲਬ ਕਹਾਣੀ ਦਾ ਨਾਂ, ਸ਼ੁਰੂਆਤ, ਪਲਾਟ ਅਤੇ ਅੰਤ। ਇਸ ਤਰ੍ਹਾਂ ਉੱਥੇ ਕਹਾਣੀ ਦੀ ਪਰੰਪਰਾ ਕਾਇਮ ਹੈ।
ਕੈਨੇਡਾ ਵਿੱਚ ਵਧੀਆ ਲਾਇਬ੍ਰੇਰੀਆਂ ਹਨ। ਕਿਤਾਬਾਂ ਜਾਰੀ ਕਰਾਉਣ ਲਈ ਕਾਰਡ ਆਸਾਨੀ ਨਾਲ ਬਣ ਜਾਂਦਾ ਹੈ। ਕਿਤਾਬਾਂ ਦਾ ਅਮੁੱਲ ਖ਼ਜ਼ਾਨਾ ਲਾਇਬ੍ਰੇਰੀਆਂ ਵਿੱਚ ਮੌਜੂਦ ਹੈ। ਕਿੰਨੇ ਪੰਜਾਬੀ ਇਨ੍ਹਾਂ ਲਾਇਬ੍ਰੇਰੀਆਂ ਦੇ ਮੈਂਬਰ ਹਨ ਅਤੇ ਕਿਤਾਬਾਂ ਪੜ੍ਹਦੇ ਹਨ? ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦਾ ਪਰ ਇਨ੍ਹਾਂ ਦੀ ਗਿਣਤੀ ਨਾਂਮਾਤਰ ਹੀ ਹੋਵੇਗੀ। ਨਿਊਜ਼ੀਲੈਂਡ ਰਹਿੰਦਿਆਂ ਮੈਂ ਇੱਕ ਦਿਨ ਚਰਚ ਦੀ ਲਾਇਬ੍ਰੇਰੀ ਵਿੱਚ ਆਪਣੇ ਬੇਟੇ ਨਾਲ ਗਿਆ। ਕਾਰਡ ’ਤੇ ਦੋ ਕਿਤਾਬਾਂ ਜਾਰੀ ਹੋ ਸਕਦੀਆਂ ਹਨ। ਲਾਇਬ੍ਰੇਰੀ ਕਾਹਦੀ, ਚਾਰ ਮੰਜ਼ਿਲਾ ਇਮਾਰਤ ਕਿਸੇ ਫਾਈਵ ਸਟਾਰ ਹੋਟਲ ਨੂੰ ਮਾਤ ਪਾਉਂਦੀ ਸੀ। ਕਿਤਾਬਾਂ ਦੇ ਖ਼ਜ਼ਾਨੇ ਨਾਲ ਭਰਪੂਰ ਵੇਖ ਕੇ ਮਨ ਖ਼ੁਸ਼ ਹੋ ਜਾਂਦਾ ਹੈ। ਹਰ ਮੰਜ਼ਿਲ ’ਤੇ ਕੰਪਿਊਟਰ ਪਈਆਂ ਕਿਤਾਬਾਂ ਦੀ ਜਾਣਕਾਰੀ ਦੇ ਦਿੰਦਾ ਹੈ। ਵਿਦੇਸ਼ੀ ਭਾਸ਼ਾਵਾਂ ਦੀਆਂ ਕਿਤਾਬਾਂ ਦੇ ਸੈਕਸ਼ਨ ਵਿੱਚ ਹਿੰਦੀ ਦੀਆਂ ਕਿਤਾਬਾਂ ਮੌਜੂਦ ਸਨ ਪਰ ਮੈਨੂੰ ਪੰਜਾਬੀ ਦੀਆਂ ਕਿਤਾਬਾਂ ਬਾਰੇ ਕੋਈ ਜਾਣਕਾਰੀ ਨਾ ਮਿਲੀ। ਮੈਂ ਕਾਊਂਟਰ ’ਤੇ ਬੈਠੀ ਕਰਮਚਾਰਨ ਨੂੰ ਪੰਜਾਬੀ ਕਿਤਾਬਾਂ ਬਾਰੇ ਪੁੱਛਿਆ। ਉਸ ਨੇ ਕੰਪਿਊਟਰ ’ਤੇ ਫੋਲਾ ਫਾਲੀ ਕੀਤੀ ਅਤੇੇ ਅੰਤ ਵਿੱਚ ਆਖਿਆ ਕਿ ਇਸ ਲਾਇਬ੍ਰੇਰੀ ਵਿੱਚ ਪੰਜਾਬੀ ਦੀ ਕੋਈ ਵੀ ਪੁਸਤਕ ਨਹੀਂ ਹੈ।
‘‘ਇਸ ਲਾਇਬ੍ਰੇਰੀ ਵਿੱਚ ਪੰਜਾਬੀ ਦੀਆਂ ਕਿਤਾਬਾਂ ਕਿਵੇਂ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ।’’ ਮੈਂ ਪੁੱਛਿਆ। ਉਸ ਦਾ ਜਵਾਬ ਸੀ, ‘‘ਸਾਡੀ ਵੈੱਬਸਾਈਟ ’ਤੇ ਜਾਓ, ਉੱਥੇ ਸਾਰੀ ਜਾਣਕਾਰੀ ਮਿਲ ਜਾਵੇਗੀ। ਵੈਸੇ ਪੰਜਾਬੀ ਦੀਆਂ ਕਿਤਾਬਾਂ ਬਾਰੇ ਪੁੱਛਣ ਵਾਲੇ ਸ਼ਾਇਦ ਤੁਸੀਂ ਪਹਿਲੇ ਵਿਅਕਤੀ ਹੋ।’’ ਜਦੋਂਕਿ ਉਸ ਖੇਤਰ ਵਿੱਚ ਪੰਜਾਬੀਆਂ ਦੀ ਗਿਣਤੀ ਕਾਫ਼ੀ ਹੈ। ਇਸ ਦਾ ਪ੍ਰਮਾਣ ਐਤਵਾਰ ਨੂੰ ਇਸ ਸ਼ਹਿਰ ਦੇ ਦੋ ਗੁਰਦੁਆਰਿਆਂ ਵਿੱਚ ਮੌਜੂਦ ਪੰਜਾਬੀਆਂ ਤੋਂ ਮਿਲ ਜਾਂਦਾ ਹੈ ਪਰ ਸਾਡੇ ਬੱਚਿਆਂ ਨੂੰ ਅਜੇ ਸਟੂਡੈਂਟ ਵੀਜ਼ਾ, ਵਰਕ ਪਰਮਿਟ, ਪੀਆਰ, ਨੌਕਰੀ ਲੱਭਣ ਅਤੇ ਨਿਊਜ਼ੀਲੈਂਡ ਦਾ ਪਾਸਪੋਰਟ ਪ੍ਰਾਪਤ ਕਰਨ ਅਤੇ ਘਰ ਖ਼ਰੀਦਣ ਤੋਂ ਅਜੇ ਵਿਹਲ ਨਹੀਂ। ਕਿਤਾਬਾਂ ਵੱਲ ਉਹ ਕਦੋਂ ਮੁੜਨਗੇ ਪਤਾ ਨਹੀਂ। ਮੁੜਨਗੇ ਵੀ ਕਿ ਨਹੀਂ, ਪਤਾ ਨਹੀਂ। ਚਲੋ, ਪਰਿਵਰਤਨ ਕੁਦਰਤ ਦਾ ਨਿਯਮ ਹੈ। ਅਸੀਂ ਇਸ ਤੋਂ ਮੂੰਹ ਨਹੀਂ ਮੋੜ ਸਕਦੇ।
ਕਹਾਣੀ ਸੁਣਾਉਣ ਅਤੇ ਸੁਣਨ ਦੀ ਪਰੰਪਰਾ ਨੂੰ ਕਾਇਮ ਰੱਖਦਿਆ, ਭਾਵੇਂ ਮੈਂ ਕੈਨੇਡਾ ਵਿੱਚ ਹੋਵਾਂ, ਨਿਉੂਜ਼ੀਲੈਂਡ ਜਾਂ ਭਾਰਤ ਵਿੱਚ, ਕੈਨੇਡਾ ਵਿੱਚ ਰਹਿੰਦੇ ਆਪਣੇ ਦੋਹਤੇ ਨੂੰ ਕਹਾਣੀ ਜ਼ਰੂਰ ਸੁਣਾਉਂਦਾ ਹਾਂ। ਜਦੋਂ ਉਹ ਛੋਟਾ ਸੀ ਤਾਂ ਮੈਂ ਉਸ ਨੂੰ ਜੰਗਲ ਦੀਆਂ ਕਹਾਣੀਆਂ ਸੁਣਾਉਂਦਾ ਸੀ। ਹੁਣ ਉਹ ਵੱਡਾ ਹੋ ਗਿਆ ਹੈ। ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਉਸ ਨੂੰ ਪ੍ਰੇਰਨਾ ਦਾਇਕ ਕਹਾਣੀਆਂ ਸੁਣਾਵਾ, ਜਿਸ ਨਾਲ ਉਹ ਮਿਹਨਤੀ, ਇਮਾਨਦਾਰ ਅਤੇ ਵਧੀਆ ਇਨਸਾਨ ਬਣੇ। ਹੁਣ ਉਹ ਮੇਰੀਆਂ ਕਹਾਣੀਆਂ ’ਤੇ ਸਵਾਲ ਜਵਾਬ ਕਰਦਾ ਹੈ, ਜਿਸ ਨਾਲ ਮੈਨੂੰ ਖ਼ੁਸ਼ੀ ਹੁੰਦੀ ਹੈ ਅਤੇ ਲੱਗਦਾ ਹੈ ਕਿ ਮੈਂ ਆਪਣੇ ਉਦੇਸ਼ ਵਿੱਚ ਕਾਮਯਾਬ ਹੋ ਰਿਹਾ ਹਾਂ।
ਇੱਕ ਦਿਨ ਮੈਂ ਉਸ ਨੂੰ ਆਖਿਆ, ‘‘ਮੈਂ ਰੋਜ਼ ਤੁਹਾਨੂੰ ਕਹਾਣੀ ਸੁਣਾਉਂਦਾ ਹਾਂ, ਅੱਜ ਤੁਸੀਂ ਮੈਨੂੰ ਕਹਾਣੀ ਸੁਣਾਓ।’’
‘‘ਬੱਚੇ ਕਹਾਣੀਆਂ ਸੁਣਦੇ ਹਨ, ਸੁਣਾਉਂਦੇ ਨਹੀਂ।’’ ਉਸ ਨੇ ਜਵਾਬ ਦਿੱਤਾ।
‘‘ਮੈਂ ਕਹਾਣੀ ਸੁਣਨੀ ਹੈ, ਮੈਂ ਕਹਾਣੀ ਸੁਣਨੀ ਹੈ....।’’ ਮੈਂ ਬੱਚਿਆਂ ਵਾਂਗ ਕਰਦਾ ਰਿਹਾ। ਅਖੀਰ ਉਹ ਸਹਿਮਤ ਹੋ ਗਿਆ ਅਤੇ ਕਹਾਣੀ ਸੁਣਾਉਣ ਲੱਗ ਪਿਆ। ਤੁਸੀਂ ਵੀ ਉਸ ਦੀ ਕਹਾਣੀ ਸੁਣੋ।
‘‘ਇੱਕ ਦਿਨ, ਬਹੁਤ ਸਨੋ (ਬਰਫ਼) ਪੈ ਰਹੀ ਸੀ। ਚਾਰੇ ਪਾਸੇ ਸਨੋ ਹੀ ਸਨੋ ਸੀ। ਫਿਰ ਅਚਾਨਕ ਸਨ (ਸੂਰਜ) ਦਿਖਾਈ ਦਿੱਤਾ। ਬਰਡ (ਪੰਛੀ) ਆਪਣੇ ਆਲ੍ਹਣਿਆਂ ਵਿੱਚੋਂ ਬਾਹਰ ਆ ਕੇ ਆਪਣਾ ਖਾਣਾ ਲੱਭ ਰਹੇ ਸਨ। ਮੈਂ ਸੋਚਿਆ ਕਿ ਇਨ੍ਹਾਂ ਨੂੰ ਸਨੋ ਵਿੱਚੋਂ ਖਾਣਾ ਕਿੱਥੇ ਲੱਭਣਾ ਹੈ। ਮੈਂ ਰਸੋਈ ਵਿੱਚ ਜਾ ਕੇ ਬਰੈੱਡ ਲੈ ਆਇਆ। ਛੋਟੇ ਛੋਟੇ ਪੀਸ ਕਰਕੇ ਉਨ੍ਹਾਂ ਵੱਲ ਸੁੱਟਣੇ ਸ਼ੁਰੂ ਕਰ ਦਿੱਤੇ। ਦੋ ਬਰਡ (ਮੰਮੀ-ਪਾਪਾ) ਆ ਕੇ ਛੇਤੀ ਛੇਤੀ ਬਰੈੱਡ ਖਾਣ ਲੱਗ ਪਏ। ਫਿਰ ਆਪਣੇ ਬੀਕ (ਚੁੰਝ) ਵਿੱਚ ਬਰੈੱਡ ਪੀਸ ਇਕੱਠੇ ਕਰਕੇ ਉੱਡ ਗਏ। ਆਪਣੇ ਨੈਸਟ (ਆਲ੍ਹਣੇ) ਵਿੱਚ ਪਹੁੰਚ ਗਏ। ਬੱਚੇ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਸਨ। ਆਪਣੀ ਬੀਕ ਵਿੱਚੋਂ ਖਾਣਾ ਕੱਢ ਕੇ ਉਨ੍ਹਾਂ ਨੇ ਆਪਣੇ ਬੱਚਿਆਂ ਵਿੱਚ ਵੰਡ ਦਿੱਤਾ। ਬੱਚੇ ਖਾ ਕੇ ਖ਼ੁਸ਼ ਹੋ ਗਏ। ਹੁਣ ਉਹ ਆਪਣੇ ਮੰਮੀ-ਪਾਪਾ ਨਾਲ ਹਾਈਡ ਐਂਡ ਸੀਕ (ਲੁਕਣ ਮੀਚੀ) ਖੇਡਣ ਲੱਗ ਪਏ। ਪਹਿਲਾਂ ਬੱਚੇ ਲੁਕੇ ਅਤੇ ਉਨ੍ਹਾਂ ਨੂੰ ਮੰਮੀ-ਪਾਪਾ ਨੇ ਆਸਾਨੀ ਨਾਲ ਲੱਭ ਲਿਆ। ਹੁਣ ਮੰਮੀ-ਪਾਪਾ ਦੇ ਲੁਕਣ ਦੀ ਵਾਰੀ ਸੀ। ਬੱਚਿਆਂ ਨੇ ਅੱਖਾਂ ਬੰਦ ਕਰ ਲਈਆਂ। ਮੰਮੀ-ਪਾਪਾ ਉੱਡ ਕੇ ਦੂਜੇ ਟ੍ਰੀ (ਦਰੱਖਤ) ’ਤੇ ਚਲੇ ਗਏ। ਬੱਚਿਆਂ ਨੇ ਆਪਣੇ ਮੰਮੀ-ਪਾਪਾ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਪਰ ਲੱਭ ਨਾ ਸਕੇ। ਉਹ ਉਦਾਸ ਹੋ ਗਏ ਅਤੇ ਰੋਣ ਹਾਕੇ ਹੋ ਗਏ। ਇੱਕ ਬੱਚੇ ਨੇ ਆਖਿਆ, ਅਸੀਂ ਬਹਾਦਰ ਬੱਚੇ ਹਾਂ। ਅਸੀਂ ਘਬਰਾਵਾਂਗੇ ਨਹੀਂ।
ਮੈਨੂੰ ਇੱਕ ਆਈਡਿਆ ਆਇਆ ਹੈ, ਇੱਕ ਬੱਚੇ ਨੇ ਦੂਜੇ ਨੂੰ ਆਖਿਆ। ਛੇਤੀ ਦੱਸ, ਦੂਜੇ ਨੇ ਆਖਿਆ। ਉਨ੍ਹਾਂ ਨੇ ਗੂਗਲ ਸਰਚ ਕੀਤੀ ਅਤੇ ਆਪਣੇ ਮੰਮੀ-ਪਾਪਾ ਨੂੰ ਲੱਭ ਲਿਆ। ਸਾਰੇ ਖ਼ੁਸ਼ ਸਨ।’’ ਕਹਾਣੀ ਖ਼ਤਮ।
ਉਹ ਸੌਂ ਗਿਆ ਸੀ। ਮੈਨੂੰ ਨੀਂਦ ਨਹੀਂ ਸੀ ਆ ਰਹੀ ਪਰ ਮੈਂ ਖ਼ੁਸ਼ ਸੀ ਕਿਉਂਕਿ ਪੰਜਾਬੀ ਕਹਾਣੀ ਜਿਹੜੀ ਵਿਹੜੇ ਵਿੱਚ ਡੱਠੇ ਮੰਜਿਆਂ ਤੋਂ ਸ਼ੁਰੂ ਹੋਈ ਸੀ ਅੱਜ ਕੈਨੇਡਾ ਵਿੱਚ ਗੂਗਲ ’ਤੇ ਪਹੁੰਚ ਗਈ ਸੀ। ਮੇਰਾ ਵਿਸ਼ਵਾਸ ਹੈ ਕਿ ਪੰਜਾਬੀ ਕਹਾਣੀ ਗੂਗਲ ਤੱਕ ਸੀਮਤ ਨਹੀਂ ਰਹੇਗੀ ਬਲਕਿ ਆਪਣਾ ਸਫ਼ਰ ਜਾਰੀ ਰੱਖੇਗੀ। ਆਮੀਨ!
ਸੰਪਰਕ: 92177-01415 (ਵਟਸਐਪ)

Advertisement
Author Image

joginder kumar

View all posts

Advertisement
Advertisement
×