Google Maps ਗੂਗਲ ਮੈਪਸ ਕਰਕੇ ਕੁਰਾਹੇ ਪਈ ਅਸਾਮ ਪੁਲੀਸ ਨਾਗਾਲੈਂਡ ’ਚ ਵੜੀ
ਗੁਹਾਟੀ, 8 ਜਨਵਰੀ
ਅਸਾਮ ਪੁਲੀਸ ਦੀ 16 ਮੈਂਬਰੀ ਟੀਮ ਨੂੰ ਗੂਗਲ ਮੈਪਸ ਦੇ ਗ਼ਲਤ ਮਾਰਗਦਰਸ਼ਨ ਕਰਕੇ ਲੈਣੇ ਦੇ ਦੇਣੇ ਪੈ ਗਏ। ਕੁਰਾਹੇ ਪਈ ਅਸਾਮ ਪੁਲੀਸ ਦੀ ਟੀਮ ਨਾਗਾਲੈਂਡ ਦੇ ਮੋਕੋਕਚੁੰਗ ਜ਼ਿਲ੍ਹੇ ਵਿਚ ਜਾ ਵੜੀ। ਇਥੇ ਮੁਕਾਮੀ ਲੋਕਾਂ ਨੇ ਆਧੁਨਿਕ ਹਥਿਆਰ ਦੇਖ ਕੇ ਪੁਲੀਸ ਟੀਮ ’ਤੇ ਹਮਲਾ ਕੀਤਾ ਤੇ ਸਾਰੀ ਰਾਤ ਬੰਦੀ ਬਣਾ ਕੇ ਰੱਖਿਆ। ਇਹ ਪੁਲੀਸ ਟੀਮ ਮੁਲਜ਼ਮ ਨੂੰ ਕਾਬੂ ਕਰਨ ਗਈ ਸੀ। ਹਾਲਾਤ ਦੀ ਜਾਣਕਾਰੀ ਮਿਲਦਿਆਂ ਹੀ ਜੋਰਹਾਟ ਪੁਲੀਸ ਨੇ ਫੌਰੀ ਮੋਕੋਕਚੁੰਗ ਦੇ ਐੱਸਪੀ ਨਾਲ ਸੰਪਰਕ ਕੀਤਾ, ਜਿਨ੍ਹਾਂ ਅੱਗੇ ਟੀਮ ਭੇੇਜ ਕੇ ਅਸਾਮ ਪੁਲੀਸ ਦੇ ਅਮਲੇ ਨੂੰ ਛੁਡਾਇਆ। ਇਸ ਮਗਰੋਂ ਮੁਕਾਮੀ ਲੋਕਾਂ ਨੂੰ ਅਹਿਸਾਸ ਹੋਇਆ ਕਿ ਇਹ ਅਸਾਮ ਪੁਲੀਸ ਦੀ ਹੀ ਟੀਮ ਸੀ। ਉਨ੍ਹਾਂ ਜ਼ਖ਼ਮੀ ਸਣੇ ਟੀਮ ਦੇ ਪੰਜ ਮੈਂਬਰਾਂ ਨੂੰ ਰਿਹਾਅ ਕਰ ਦਿੱਤਾ। ਅਧਿਕਾਰੀ ਨੇ ਕਿਹਾ, ‘‘ਉਨ੍ਹਾਂ ਬਾਕੀ ਬਚਦੇ 11 ਵਿਅਕਤੀਆਂ ਨੂੰ ਪੂਰੀ ਰਾਤ ਆਪਣੀ ਹਿਰਾਸਤ ’ਚ ਰੱਖਿਆ। ਉਨ੍ਹਾਂ ਨੂੰ ਸਵੇਰੇ ਰਿਹਾਅ ਕੀਤਾ ਗਿਆ, ਜਿਸ ਮਗਰੋਂ ਉਹ ਜੋਰਹਾਟ ਪਹੁੰਚੇ।’’
ਅਸਾਮ ਪੁਲੀਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਰਾਤ ਦੀ ਹੈ। ਜੋਰਹਾਟ ਜ਼ਿਲ੍ਹਾ ਪੁਲੀਸ ਦੀ ਟੀਮ ਨੇ ਇਕ ਮੁਲਜ਼ਮ ਨੂੰ ਕਾਬੂ ਕਰਨ ਲਈ ਛਾਪਾ ਮਾਰਿਆ ਸੀ। ਅਧਿਕਾਰੀ ਨੇ ਕਿਹਾ, ‘‘ਇਹ ਚਾਹ ਬਗਾਨ ਦਾ ਇਲਾਕਾ ਸੀ, ਜੋ ਗੂਗਲ ਮੈਪਸ ਵਿਚ ਅਸਾਮ ਵਿਚ ਦਿਖਾਇਆ ਜਾ ਰਿਹਾ ਸੀ। ਹਾਲਾਂਕਿ ਇਹ ਅਸਲ ਵਿਚ ਨਾਗਾਲੈਂਡ ਅੰਦਰ ਸੀ। ਟੀਮ ਦੁਚਿੱਤੀ ਤੇ ਜੀਪੀਐੱਸ ਉੱਤੇ ਗ਼ਲਤ ਮਾਰਗ ਦਰਸ਼ਨ ਕਰਕੇ ਨਾਗਾਲੈਂਡ ਵਿਚ ਦਾਖ਼ਲ ਹੋ ਗਈ।’’ ਅਧਿਕਾਰੀ ਨੇ ਕਿਹਾ ਕਿ ਸਥਾਨਕ ਲੋਕਾਂ ਨੇ ਜਦੋਂ ਅਸਾਮ ਪੁਲੀਸ ਟੀਮ ਕੋਲ ਆਧੁਨਿਕ ਹਥਿਆਰ ਦੇਖੇ ਤਾਂ ਉਨ੍ਹਾਂ ਨੂੰ ਬਦਮਾਸ਼ ਦੇ ਭੁਲੇਖੇ ਹਿਰਾਸਤ ਵਿਚ ਲੈ ਲਿਆ।’’ ਅਧਿਕਾਰੀ ਨੇ ਕਿਹਾ, ‘‘16 ਮੈਂਬਰੀ ਪੁਲੀਸ ਟੀਮ ਵਿਚੋਂ ਸਿਰਫ਼ ਤਿੰਨ ਜਣਿਆਂ ਨੇ ਹੀ ਵਰਦੀ ਪਾਈ ਹੋਈ ਸੀ ਜਦੋਂਕਿ ਬਾਕੀ ਸਾਦੇ ਕੱਪੜਿਆਂ ਵਿਚ ਸਨ। ਇਸ ਕਰਕੇ ਸਥਾਨਕ ਲੋਕਾਂ ਨੂੰ ਗ਼ਲਤਫ਼ਹਿਮੀ ਹੋ ਗਈ। ਉਨ੍ਹਾਂ ਟੀਮ ’ਤੇ ਹਮਲਾ ਵੀ ਕੀਤਾ, ਜਿਸ ਵਿਚ ਇਕ ਮੈਂਬਰ ਜ਼ਖ਼ਮੀ ਹੋ ਗਿਆ।’’ -ਪੀਟੀਆਈ