ਸੇਵਾ ਕੇਂਦਰ ਅਲਾਵਲਪੁਰ ਵਿੱਚੋਂ ਲੱਖਾਂ ਦਾ ਸਾਮਾਨ ਚੋਰੀ
ਪੱਤਰ ਪ੍ਰੇਰਕ
ਜਲੰਧਰ, 30 ਨਵੰਬਰ
ਚੋਰਾਂ ਨੇ ਬੀਤੀ ਰਾਤ ਅਲਾਵਲਪੁਰ ਦੇ ਸੇਵਾ ਕੇਂਦਰ ਨੂੰ ਨਿਸ਼ਾਨਾ ਬਣਾਉਂਦਿਆਂ ਉਸ ਵਿੱਚੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ ਹੈ। ਇਸ ਸਬੰਧੀ ਸੇਵਾ ਕੇਂਦਰ ਅਲਾਵਲਪੁਰ ਦੇ ਮੁਲਾਜ਼ਮ ਸ਼ਿਵਮ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 5 ਵਜੇ ਕਿਸੇ ਰਾਹਗੀਰ ਨੇ ਉਸ ਨੂੰ ਫੋਨ ਕਰ ਕੇ ਸੂਚਨਾ ਦਿੱਤੀ ਕਿ ਸੇਵਾ ਕੇਂਦਰ ਅਲਾਵਲਪੁਰ ਦਾ ਦਰਵਾਜ਼ਾ ਟੁੱਟਿਆ ਹੋਇਆ ਹੈ ਜਿਸ ’ਤੇ ਉਨ੍ਹਾਂ ਤੁਰੰਤ ਇਸ ਦੀ ਸੂਚਨਾ ਪੁਲੀਸ ਚੌਕੀ ਅਲਾਵਲਪੁਰ ਨੂੰ ਦਿੱਤੀ ਜਿਸ ਮਗਰੋਂ ਪੁਲੀਸ ਚੌਕੀ ਅਲਾਵਲਪੁਰ ਤੋਂ ਮੁਲਾਜ਼ਮ ਮੌਕੇ ’ਤੇ ਪਹੁੰਚੇ। ਉਸ ਨੇ ਦੱਸਿਆ ਕਿ ਸੇਵਾ ਕੇਂਦਰ ਦੇ ਲੱਕੜ ਦੇ ਦਰਵਾਜ਼ੇ ’ਤੇ ਲੱਗਾ ਤਾਲਾ ਚੋਰਾਂ ਵੱਲੋਂ ਉਸ ਦੀ ਕੁੰਡੀ ਸਮੇਤ ਉੱਖੜ ਦਿੱਤਾ ਗਿਆ ਅਤੇ ਅੰਦਰ ਪਏ 5 ਕਾਊਂਟਰਾਂ ਤੇ ਉਨ੍ਹਾਂ ਦਾ ਸਾਮਾਨ, ਸੋਲਾਂ ਬੈਟਰੀਆਂ, ਯੂ.ਪੀ.ਐੱਸ., ਐੱਲ.ਈ.ਡੀ., ਐਨ.ਵੀ.ਆਰ. ਤੇ ਹੋਰ ਚੀਜ਼ਾਂ ਚੋਰੀ ਕਰ ਗਈਆਂ। ਐੱਸਐੱਚਓ ਆਦਮਪੁਰ ਮਨਜੀਤ ਸਿੰਘ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਉਨ੍ਹਾਂ ਵੱਲੋਂ ਫਿੰਗਰ ਪ੍ਰਿੰਟ ਮਾਹਿਰਾਂ ਦੀ ਟੀਮ ਮੌਕੇ ’ਤੇ ਬੁਲਾ ਕੇ ਹਰ ਜਗ੍ਹਾ ਦੀ ਜਾਂਚ ਕਰ ਕੇ ਫਿੰਗਰ ਪ੍ਰਿੰਟ ਇਕੱਠੇ ਕੀਤੇ ਗਏ ਹਨ। ਥਾਣਾ ਮੁਖੀ ਨੇ ਦੱਸਿਆ ਕਿ ਪੁਲੀਸ ਛੇਤੀ ਹੀ ਚੋਰਾਂ ਨੂੰ ਕਾਬੂ ਕਰ ਲਵੇਗੀ। ਸਾਮਾਨ ਚੋਰੀ ਹੋਣ ਕਾਰਨ ਅੱਜ ਸਾਰਾ ਦਿਨ ਸੇਵਾ ਕੇਂਦਰ ਵਿੱਚ ਕੰਮ-ਕਾਜ ਨਹੀਂ ਹੋ ਸਕਿਆ ਜਿਸ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਦੋ ਦੁਕਾਨਾਂ ਦੇ ਤਾਲੇ ਤੋੜ ਕੇ ਚੋਰੀ
ਤਰਨ ਤਾਰਨ: ਇੱਥੇ ਤੜਕਸਾਰ ਇੱਕ ਮੋਟਰਸਾਈਕਲ ਸਵਾਰ ਤਿੰਨ ਨਕਾਬਪੋਸ਼ ਵਿਅਕਤੀ ਜੰਡਿਆਲਾ ਦੀਆਂ ਦੋ ਦੁਕਾਨਾਂ ਦੇ ਤਾਲੇ ਭੰਨ ਕੇ ਨਕਦੀ ਚੋਰੀ ਕਰ ਕੇ ਲੈ ਗਏ| ਇਸ ਸਬੰਧੀ ਥਾਣਾ ਸਿਟੀ ਤਰਨ ਤਾਰਨ ਦੀ ਪੁਲੀਸ ਨੇ ਦੁਕਾਨਾਂ ਦਾ ਨਿਰੀਖਣ ਕਰ ਕੇ ਕਾਰਵਾਈ ਸ਼ੁਰੂ ਕੀਤੀ ਹੈ| ਜੰਡਿਆਲਾ ਰੋਡ ਦੇ ਦੁਕਾਨਦਾਰਾਂ ਵੱਲੋਂ ਦੁਕਾਨਾਂ ’ਤੇ ਲਾਏ ਸੀਸੀਟੀਵੀ ਕੈਮਰਿਆਂ ਤੋਂ ਇਕੱਤਰ ਜਾਣਕਾਰੀ ਅਨੁਸਾਰ ਇੱਕ ਮੋਟਰਸਾਈਕਲ ’ਤੇ ਆਏ ਤਿੰਨ ਚੋਰਾਂ ਨੇ ਪਹਿਲਾਂ ਕੋਲਡ ਡਰਿੰਕ ਦੇ ਹੋਲਸੇਲਰ ਅਮਨਦੀਪ ਸਿੰਘ ਦੀ ‘ਗੋਰੇ ਦੀ ਹੱਟੀ’ ਦੇ ਤਾਲੇ ਤੋੜੇ| ਅਮਨਦੀਪ ਨੇ ਦੱਸਿਆ ਕਿ ਚੋਰ ਉਸਦੀ ਦੁਕਾਨ ਦੇ ਤਾਲੇ ਤੋੜ ਕੇ ਗੱਲੇ ਵਿੱਚੋਂ 4000 ਰੁਪਏ ਦੇ ਕਰੀਬ ਰਕਮ ਚੋਰੀ ਕੀਤੀ ਗਈ ਹੈ| ਇਸੇ ਤਰ੍ਹਾਂ ‘ਪ੍ਰੀਤ ਫੀਡ ਸਟੋਰ’ ਦੇ ਮਾਲਕ ਤਰਲੋਚਨ ਸਿੰਘ ਪ੍ਰੀਤ ਨੇ ਦੱਸਿਆ ਕਿ ਚੋਰਾਂ ਨੇ ਉਸ ਦੀ ਦੁਕਾਨ ਦੇ ਤਾਲੇ ਤੋੜ ਕੇ ਗੱਲੇ ਵਿੱਚੋਂ 3500 ਰੁਪਏ ਦੇ ਕਰੀਬ ਦੀ ਨਕਦੀ ਚੋਰੀ ਕੀਤੀ ਹੈ| -ਪੱਤਰ ਪ੍ਰੇਰਕ