ਦੁਕਾਨ ਨੂੰ ਅੱਗ ਲੱਗਣ ਕਾਰਨ ਸਾਮਾਨ ਸੜਿਆ
ਪੱਤਰ ਪ੍ਰੇਰਕ
ਲਹਿਰਾਗਾਗਾ, 9 ਨਵੰਬਰ
ਇਥੇ ਸਵੇਰੇ ਕਾਲੀ ਦੇਵੀ ਮੰਦਰ ਦੇ ਨਜ਼ਦੀਕ ਫਾਸਟ ਫੂਡ ਦੀ ਨਵੀਂ ਖੁੱਲ੍ਹੀ ਅਮਰੀਕਨ ਬਾਈਟਸ ਦੁਕਾਨ ਨੂੰ ਅਚਾਨਕ ਅੱਗ ਲੱਗਣ ਕਰਕੇ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਦੋਸ਼ ਲਾਇਆ ਕਿ ਵਾਰ-ਵਾਰ ਬੁਲਾਉਣ ’ਤੇ ਵੀ ਫਾਇਰ ਬ੍ਰਿਗੇਡ ਦਾ ਅਮਲਾ ਮੌਕੇ ’ਤੇ ਨਹੀਂ ਪਹੁੰਚਿਆ। ਲੋਕਾਂ ਨੇ ਖੁਦ ਹੀ ਕੋਸ਼ਿਸ਼ ਕਰਕੇ ਅੱਗ ਬੁਝਾਈ। ਲੋਕਾਂ ਵੱਲੋਂ ਅੱਗ ਬੁਝਾਉਣ ਤੋਂ ਤੋਂ ਬਾਅਦ ਫਾਇਰ ਬ੍ਰਿਗੇਡ ਪਹੁੰਚੀ। ਦੁਕਾਨਦਾਰ ਜਰਨੈਲ ਸਿੰਘ ਨੇ ਦੱਸਿਆ ਕਿ ਉਸ ਨੇ ਅਜੇ ਇੱਕ ਮਹੀਨਾ ਪਹਿਲਾਂ ਹੀ ਕਰਜ਼ਾ ਲੈ ਕੇ ਨਵੀਂ ਦੁਕਾਨ ਖੋਲ੍ਹੀ ਸੀ। ਦੁਕਾਨਦਾਰ ਜਰਨੈਲ ਸਿੰਘ ਨੇ ਕਿਹਾ ਸਭ ਕੁਝ ਹੋ ਗਿਆ ਬਰਬਾਦ, ਉਸ ਦਾ 5 ਤੋਂ 6 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ ਹੈ। ਦੁਕਾਨਦਾਰ ਨੇ ਇਲਜ਼ਾਮ ਲਗਾਇਆ ਕਿ ਜੇ ਫਾਇਰ ਬ੍ਰਿਗੇਡ ਸਮੇਂ ਸਿਰ ਪਹੁੰਚ ਜਾਂਦੀ ਤਾਂ ਉਸ ਦੀ ਦੁਕਾਨ ਸੜਨ ਤੋਂ ਬਚ ਸਕਦੀ ਸੀ। ਉਧਰ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗਿਆ। ਗੁਆਂਢੀ ਸਤਨਾਮ ਸਿੰਘ ਅਤੇ ਹੋਰ ਦੁਕਾਨਦਾਰਾਂ ਨੇ ਦੁਕਾਨ ਦਾ ਗੇਟ ਤੋੜ ਕੇ ਅੱਗ ਬੁਝਾਈ। ਦੁਕਾਨਦਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਦੇ ਨੁਕਸਾਨ ਦੀ ਭਰਪਾਈ ਕਰਦੇ ਹੋਏ ਆਰਥਿਕ ਮਦਦ ਕੀਤੀ ਜਾਵੇ।