ਖ਼ੁਸ਼ਬੂ
ਦਰਸ਼ਨ ਸਿੰਘ
ਜੀਵਨ ਰੰਗ-ਤਮਾਸ਼ਿਆਂ ਦੀ ਖੇਡ ਹੈ। ਉਂਝ ਕਦੀ ਵੀ ਸਭ ਕੁਝ ਹਾਸੋਹੀਣਾ ਨਹੀਂ ਹੁੰਦਾ। ਮਨੁੱਖੀ ਸੁਭਾਅ ਹੈ ਕਿ ਬੜਾ ਕੁਝ ਹਾਸੋਹੀਣਾ ਬਣਾ ਲਿਆ ਜਾਂਦਾ ਹੈ। ਆਖੀਆਂ ਸੁਣੀਆਂ ਗੱਲਾਂ ਸੋਚਣ, ਸਮਝਣ ਤੇ ਅਹਿਸਾਸ ਕਰਨ ਨਾਲ ਬਹੁਤ ਵੱਡੀਆਂ ਬਣ ਜਾਂਦੀਆਂ ਹਨ।
ਹਰ ਕਿਸੇ ਅੰਦਰ ਕੁਝ ਯਾਦਾਂ, ਕੁਝ ਅਹਿਸਾਸ ਜ਼ਰੂਰ ਹੁੰਦੇ ਹਨ। ਯਾਦ ਮੈਨੂੰ ਵੀ ਹੈ। ਕਿਤਾਬਾਂ ਕਾਪੀਆਂ ਬਸਤੇ ’ਚ ਪਾ ਕੇ ਹਰ ਵਰ੍ਹੇ ਮੈਂ ਦਾਦੀ ਕੋਲ ਗਰਮੀ ਦੀਆਂ ਛੁੱਟੀਆਂ ਬਤੀਤ ਕਰਨ ਲਈ ਚਾਈਂ-ਚਾਈਂ ਜਾਂਦਾ। ਬੜਾ ਮੋਹ ਰਖਦੀ। ਬੋਲਾਂ ’ਚ ਉਸ ਦੇ ਅੰਦਰਲੇ ਅਹਿਸਾਸ ਦੇ ਰੰਗ ਨਿੱਖਰ ਕੇ ਬਾਹਰ ਆਉਂਦੇ। ਤੁਰ ਗਈ ਤਾਂ ਚੁੱਲ੍ਹਾ ਚੌਂਕਾ ਭੂਆ ਹੀ ਸਾਂਭਦੀ। ਭੂਕਨੇ ’ਚ ਫੂਕਾਂ ਮਾਰ ਮਾਰ ਚੁੱਲ੍ਹੇ ਅੱਗ ਬਾਲਦੀ। ਗਿੱਲੇ ਬਾਲਣ ਦਾ ਧੂੰਆਂ ਕਈ ਵਾਰ ਅੱਖਾਂ ਖੁੱਲ੍ਹਣ ਨਾ ਦਿੰਦਾ। “ਭੂਆ ਰੋ ਰਹੀ ਏਂ? ਰੋਣ ਨਾਲ ਦਾਦੀ ਮੁੜ ਆਊ?” ਭੁੱਲ-ਭੁਲੇਖੇ ਮੈਂ ਉਸ ਦੀਆਂ ਅੱਖਾਂ ’ਚੋਂ ਵਗਦੇ ਪਾਣੀ ਨੂੰ ਹੰਝੂ ਸਮਝ ਲੈਂਦਾ।
ਮੇਰੀ ਨਿੱਕੀ ਸਮਝ ਨੂੰ ਮੌਤ ਦੇ ਡੂੰਘੇ ਅਰਥ ਤੇ ਮਨ ਦੀ ਲੁਕਵੀਂ ਪੀੜ ਦਾ ਪਤਾ ਨਹੀਂ ਸੀ। ਅੰਦਰ ਉਪਜੀਆਂ ਭਾਵਨਾਵਾਂ ’ਚ ਵਹਿੰਦੇ ਭੂਆ ਤੇ ਦਾਦਾ ਕਦੀ-ਕਦੀ ਜਦ ਦੋਵੇਂ ਅੱਖਾਂ ਭਰ ਲੈਂਦੇ, ਮੇਰੇ ਬੁੱਲ੍ਹਾਂ ਨੂੰ ਜਿਵੇਂ ਕੋਈ ਜਿੰਦਰਾ ਲੱਗ ਜਾਂਦਾ। ਹੌਲੀ-ਹੌਲੀ ਪਸਰੀ ਚੁੱਪ ਤਾਂ ਟੁੱਟ ਜਾਂਦੀ, ਚਿਹਰਿਆਂ ’ਤੇ ਰੌਣਕ ਨਾ ਪਰਤਦੀ।
ਮੇਰੀ ਦਿੱਖ ਤੇ ਆਦਤਾਂ ’ਚ ਕੁਝ-ਕੁਝ ਦਾਦੀ ਦਾ ਹੀ ਅਕਸ ਸੀ। ਆਲੂ ਗੋਭੀ ਦੀ ਸਬਜ਼ੀ ਉਸ ਨੂੰ ਬੜੀ ਸਵਾਦ ਲੱਗਦੀ, ਮੇਰੇ ਲਈ ਵੀ ਇਹ ਮਨਭਾਉਣਾ ਹੋ ਗਿਆ। ਇਕ ਦੋ ਦਿਨ ਛੱਡ ਕੇ ਆਲੂ ਗੋਭੀ ਦੀ ਸਬਜ਼ੀ ਹੀ ਭੂਆ ਬਣਾਉਂਦੀ। “ਤੇਰੇ ਲਈ ਤਾਜ਼ਾ ਗੋਭੀ ਲਿਆਇਆਂ। ਥੋੜ੍ਹੇ ਜਿਹੇ ਆਲੂ ਵੀ ਨੇ।” ਮੇਰੀਆਂ ਛੁੱਟੀਆਂ ਖ਼ਤਮ ਹੋ ਗਈਆਂ ਸਨ ਤੇ ਮੈਂ ਘਰ ਪਰਤਣਾ ਸੀ। ਇਸੇ ਸ਼ਹਿਰ ਮੇਰੇ ਮਾਮਾ ਜੀ ਵੀ ਰਹਿੰਦੇ ਸਨ। ਉਸ ਦਿਨ ਰਾਹ ’ਚ ਪੈਂਦੇ ਸਾਡੇ ਘਰ ਹੋ ਕੇ ਮਾਮਾ ਜੀ ਨੇ ਅੱਗੇ ਕਿਤੇ ਜਾਣਾ ਸੀ। ਉਨ੍ਹਾਂ ਮੈਨੂੰ ਵੀ ਨਾਲ ਲਿਆ। ਉਨ੍ਹਾਂ ਕੋਲ ਇਕ ਅਟੈਚੀ ਤੇ ਇਕ ਥੈਲਾ ਸੀ ਜਿਸ ਵਿੱਚ ਕੁਝ ਕੱਪੜੇ ਸਨ। ਹੋਰ ਵੀ ਕੁਝ ਹੋਵੇ, ਪਤਾ ਨਹੀਂ। ਜਲੰਧਰ ਤੋਂ ਲੁਧਿਆਣੇ ਤਕ ਦਾ ਸਫ਼ਰ ਰੇਲ ਗੱਡੀ ਰਾਹੀਂ ਕੀਤਾ। ਉਦੋਂ ਘੰਟਾ ਘਰ ਦੇ ਕੋਲ ਹੀ ਛੋਟਾ ਜਿਹਾ ਬਸ ਸਟੈਂਡ ਹੁੰਦਾ ਸੀ। ਅਸੀਂ ਅੱਗੇ ਜਾਣ ਲਈ ਇੱਥੋਂ ਹੀ ਬੱਸ ਫੜੀ। ਸਵਾਰੀਆਂ ਬਹੁਤ ਸਨ ਤੇ ਬੱਸਾਂ ਘੱਟ। ਮੈਂ ਦਾਦਾ ਜੀ ਦੇ ਦਿੱਤੇ ਆਲੂ ਗੋਭੀ ਨਾਲ ਭਰੇ ਥੈਲੇ ਤੇ ਬਸਤੇ ਨੂੰ ਆਪਣੀ ਝੋਲੀ ’ਚ ਸਾਂਭਿਆ ਹੋਇਆ ਸੀ। ਪਤਾ ਹੀ ਨਾ ਲੱਗਾ ਮਾਮਾ ਜੀ ਦਾ ਥੈਲਾ ਕਦੋਂ ਕੌਣ ਲੈ ਗਿਆ। “ਦੋ ਟਕਿਆਂ ਦੀ ਗੋਭੀ ਹਿੱਕ ਨਾਲ ਇਉਂ ਲਾਈ ਬੈਠਾ ਜਿਵੇਂ...”, ਸੁਣ ਕੇ ਚੁੱਪ ਰਹਿਣ ਤੋਂ ਬਿਨਾਂ ਕਰ ਵੀ ਕੀ ਸਕਦਾ ਸੀ। ਚੁੱਪ ਦੀ ਵੀ ਭਾਸ਼ਾ ਹੁੰਦੀ ਹੈ। ਘਰ ਪੁੱਜਣ ਤੱਕ ਸੁਣੀਆਂ ਉੱਚੀਆਂ ਨੀਵੀਆਂ ਸਭ ਝੱਲਦਾ ਰਿਹਾ। ਆਲੂ ਗੋਭੀ ਦਾ ਥੈਲਾ ਹੁਣ ਮੈਨੂੰ ਬਹੁਤ ਭਾਰੀ ਜਾਪਣ ਲੱਗਾ ਸੀ।
“ਕੀ ਹਾਲ ਆ?” ਮਾਂ ਨੇ ਮਾਮਾ ਜੀ ਨੂੰ ਪੁੱਛਿਆ। “ਕੀ ਦੱਸਾਂ? ਇਹਦਾ ਧਿਆਨ ਤਾਂ ਗੋਭੀ ਤੋਂ ਪਾਸੇ ਨਾ ਹੋਇਆ। ਥੈਲਾ ਮੇਰਾ ਕੋਈ ਲੈ ਗਿਆ। ਸਾਰੇ ਕੱਪੜੇ ਤੇ ਇਕ ਦੋ ਚੀਜ਼ਾਂ ਹੋਰ ਵੀ ਸਨ ਇਸ ’ਚ...।”
“ਧਿਆਨ ਰੱਖਣਾ ਸੀ। ਇਹ ਤਾਂ ਭੋਰਾ ਭਰ ਜੁਆਕ ਸੀ...।” ਮਾਂ ਨੇ ਕਿਹਾ। ਮਾਮਾ ਜੀ ਦੀਆਂ ਮਸੋਸੀਆਂ ਅੱਖਾਂ ’ਚ ਅਜੇ ਵੀ ਗੁੱਸਾ ਭਰਿਆ ਹੋਇਆ ਸੀ। “ਚੱਲ ਮੇਰੇ ਨਾਲ। ਚਾਨਣ ਦੀ ਹੱਟੀ ਤੋਂ ਤੈਨੂੰ ਨਵੇਂ ਕੱਪੜੇ ਲੈ ਦਿੰਦੀ ਆਂ। ਸੀਣ-ਸਿਲਾਈ ਕਰਾ ਲਈਂ।” ਮਾਂ ਮਾਮਾ ਜੀ ਤੋਂ ਕਈ ਵਰ੍ਹੇ ਵੱਡੀ ਸੀ। ਨਵੇਂ ਕੱਪੜੇ ਤਾਂ ਉਨ੍ਹਾਂ ਨਾ ਲਏ ਪਰ ਜਲਦੀ ਹੀ ਚਾਹ ਪੀਣ ਪਿੱਛੋਂ ਮੈਨੂੰ ਬਿਨਾਂ ਬੁਲਾਏ ਚਲੇ ਗਏ। ਮੇਰੇ ਵੱਲ ਝਾਕੇ ਵੀ ਨਾ। ਚੁੱਪ-ਚੁਪੀਤਾ ਖੜ੍ਹਾ ਮੈਂ ਦੇਖਦਾ ਰਿਹਾ... ਬਿਨਾਂ ਪਲਕਾਂ ਝਪਕੇ।
ਰਸੋਈ ’ਚ ਬਣ ਰਹੀ ਆਲੂ ਗੋਭੀ ਦੀ ਸਬਜ਼ੀ ਦੀ ਮਹਿਕ ਬਾਹਰ ਵਿਹੜੇ ’ਚ ਵੀ ਆ ਰਹੀ ਸੀ। “ਮੈਨੂੰ ਭੁੱਖ ਨੀਂ।” ਮਾਂ ਅੱਗੇ ਮੈਂ ਝੂਠ ਬੋਲਿਆ। ਅੱਖਾਂ ਮੇਰੀਆਂ ਉਸ ਦਿਨ ਉਨੀਂਦਰੀਆਂ ਹੀ ਰਹੀਆਂ। ਪਾਸੇ ਮਾਰਦਾ ਸੋਚਦਾ ਰਿਹਾ, ਇਹ ਦੋ ਟਕਿਆਂ ਦੀ ਗੋਭੀ ਸੀ? ਮੇਰੇ ਲਈ ਤਾਂ ਇਸ ਗੋਭੀ ਦਾ ਕੋਈ ਮੁੱਲ ਜਾਂ ਸਸਤਾ ਮਹਿੰਗਾ ਭਾਅ ਨਹੀਂ ਸੀ। ਇਸ ’ਚ ਤਾਂ ਦਾਦੇ ਦੇ ਹੱਥਾਂ ਦੀ ਅਮੁੱਲ ਛੋਹ ਸੀ। ਡੂੰਘੀ ਅਪਣੱਤ ਦੀ ਭਾਵਨਾ ਸੀ। ਗੋਭੀ ’ਚੋਂ ਮੈਨੂੰ ਭੂਆ ਵੀ ਦਿਸਦੀ, ਦਾਦੀ ਵੀ। ਮਾਮਾ ਜੀ ਦੇ ਅੰਦਰ ਖਹਿੰਦੀਆਂ ਭਾਵਨਾਵਾਂ ਦਾਦੇ ਦੇ ਜਜ਼ਬਾਤ ਤੇ ਵਲਵਲਿਆਂ ਨੂੰ ਸਮਝ ਨਾ ਸਕੀਆਂ। ਪਤਾ ਨਹੀਂ ਉਦੋਂ ਮੈਨੂੰ ਇਹ ਸਭ ਕਿਹੋ ਜਿਹਾ ਜਾਪਿਆ ਸੀ। ਪਿੱਛੋਂ ਭਾਵੇਂ ਜ਼ਿੰਦਗੀ ਦੇ ਅਨੁਭਵਾਂ ਤੋਂ ਇਹ ਸਵਾਲ ਮੈਂ ਆਪਣੇ ਆਪ ਨੂੰ ਕਈ ਵਾਰ ਪੁੱਛਿਆ ਕਿ ਮਨੁੱਖ ਦੇ ਅੰਦਰ ਉਮਡਦੀਆਂ ਭਾਵਨਾਵਾਂ ਤੇ ਅਹਿਸਾਸ ਸੁੱਕ ਗਏ ਹਨ?
ਹੁਣ ਸੋਚਦਾ ਹਾਂ ਕਿ ਚੀਜ਼ਾਂ ਗੁਆਚਦੀਆਂ ਤੇ ਲੱਭਦੀਆਂ ਰਹਿੰਦੀਆਂ ਹਨ। ਨਫ਼ੇ ਨੁਕਸਾਨ ਚਲਦੇ ਰਹਿੰਦੇ ਹਨ। ਜਿੱਤਾਂ ਹਾਰਾਂ ਮਿਲਦੀਆਂ ਰਹਿੰਦੀਆਂ ਹਨ। ਹੌਲੀ-ਹੌਲੀ ਇਹ ਸਭ ਚੇਤਿਆਂ ’ਚੋਂ ਕਿਰ ਜਾਂਦਾ ਹੈ ਪਰ ਕੁਝ ਖ਼ੂਬਸੂਰਤ ਪਲ ਉਮਰ ਭਰ ਲਈ ਮਨਾਂ ’ਚ ਸਦਾ ਲਈ ਠਹਿਰ ਤੇ ਟਿਕ ਜਾਂਦੇ ਹਨ। “ਨੇੜਿਉਂ ਨਹੀਂ, ਬੜੀ ਦੂਰੋਂ ਤੇਰੇ ਲਈ ਆਲੂ ਗੋਭੀ ਦਾ ਥੈਲਾ ਮੋਢਿਆਂ ’ਤੇ ਚੁੱਕ ਕੇ ਲਿਆਇਆਂ...।” ਬੁੱਢੇ ਮੋਢੇ ਗੋਡੇ... ਭਾਰਾ ਥੈਲਾ... ਖ਼ੁਸ਼ੀ, ਹਾਸੇ ਤੇ ਆਪਣੇਪਨ ਦਾ ਅਨੂਠਾ ਚਾਅ! ਵਰ੍ਹਿਆ ਪਿੱਛੋਂ ਵੀ ਇਹ ਪਲ ਮੇਰੀਆਂ ਅੱਖਾਂ ਸਾਹਮਣੇ ਹਨ ਤੇ ਹੰਢਾਏ ਹੋਏ ਅਜਿਹੇ ਖੂਬਸੂਰਤ ਪਲ ਹੀ ਇਥੋਂ ਤੁਰ ਗਏ ਬੰਦੇ ਨੂੰ ਸਦਾ ਜਿਊਂਦਾ ਰੱਖਦੇ ਹਨ। ਜੀਵਨ ਦਾ ਲੰਮਾ ਪੈਂਡਾ ਤੈਅ ਕਰਦਿਆਂ ਕਿਸੇ ਦੇ ਮਨ ’ਚ ਵਸ ਜਾਣਾ ਜਾਂ ਕਿਸੇ ਨੂੰ ਆਪਣਾ ਬਣਾ ਲੈਣਾ ਹੀ ਜ਼ਿੰਦਗੀ ਦੇ ਰਾਹਾਂ ਦੀ ਖ਼ੁਸ਼ਬੂ ਹੁੰਦੇ ਹਨ।
ਸੰਪਰਕ: 94667-37933