ਖ਼ੁਸ਼ਖ਼ਬਰੀ
ਡਾ. ਹਰਨੇਕ ਸਿੰਘ ਕਲੇਰ
”ਰਵੀ ਪੁੱਤਰ ਕਾਹਲੀ ਨਾ ਪੈ, ਆਪਾਂ ਤੇਰੀ ਨਾਨੀ ਕੋਲ ਚੱਲਾਂਗੇ। ਹਾਂ, ਬਸ ਮੈਨੂੰ ਛੁੱਟੀਆਂ ਹੋ ਜਾਣ।” ਕਮਲ ਨੇ ਰਵਿੰਦਰ ਨੂੰ ਗੋਦੀ ਵਿੱਚ ਬੈਠਾਉਂਦਿਆਂ ਕਿਹਾ।
ਅੱਜ ਰਵੀ ਨੇ ਸਕੂਲ ਤੋਂ ਆਉਂਦਿਆਂ ਹੀ ਆਪਣੀ ਮੰਮੀ ਨੂੰ ਕਹਿਣਾ ਸ਼ੁਰੂ ਕਰ ਦਿੱਤਾ, ”ਮੰਮੀ ਜੀ ਮੇਰੇ ਪਰਚੇ ਹੋ ਗਏ ਨੇ। ਦੱਸੋ ਆਪਾਂ ਨਾਨਕਿਆਂ ਨੂੰ ਕਦੋਂ ਚੱਲਾਂਗੇ?”
ਰਵੀ ਨੂੰ ਜਦ ਵੀ ਛੁੱਟੀਆਂ ਮਿਲਦੀਆਂ ਉਹ ਮੰਮੀ-ਡੈਡੀ ਨੂੰ ਘੁੰਮਣ ਫਿਰਨ ਲਈ ਮਨਾਉਂਦੀ ਰਹਿੰਦੀ। ਉਹ ਛੁੱਟੀਆਂ ਵਿੱਚ ਕਿਸੇ ਨਾ ਕਿਸੇ ਧਾਰਮਿਕ ਜਾਂ ਇਤਿਹਾਸਕ ਸਥਾਨ ਦੀ ਯਾਤਰਾ ਜ਼ਰੂਰ ਕਰਦੇ ਸਨ। ਪਿਛਲੇ ਸਾਲ ਛੁੱਟੀਆਂ ਵਿੱਚ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਗਏ ਸਨ। ਰਵੀ ਆਪਣੇ ਵਿਰਸੇ ਬਾਰੇ ਜਾਣ ਕੇ ਬਹੁਤ ਖ਼ੁਸ਼ ਹੋਈ ਸੀ। ਜੱਲ੍ਹਿਆਂਵਾਲਾ ਬਾਗ਼ ਦੇ ਇਤਿਹਾਸ ਬਾਰੇ ਜਾਣ ਕੇ ਤਾਂ ਉਹ ਬਹੁਤ ਖ਼ੁਸ਼ ਹੋਈ ਸੀ। ਊਧਮ ਸਿੰਘ ਦੀ ਕੁਰਬਾਨੀ ਬਾਰੇ ਸੁਣ ਕੇ ਉਸ ਦਾ ਸਿਰ ਸਹਿਜ ਸੁਭਾਅ ਝੁਕ ਗਿਆ ਸੀ। ਇਨ੍ਹਾਂ ਛੁੱਟੀਆਂ ਵਿੱਚ ਉਹ ਇੱਕ ਹੋਰ ਇਤਿਹਾਸਕ ਸਥਾਨ ਦੇਖਣਾ ਚਾਹੁੰਦੀ ਸੀ।
”ਰਵੀ ਪੁੱਤਰ ਅਗਲੀ ਜਮਾਤ ਦੀਆਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਲੈ। ਇਸ ਵਾਰ ਆਪਾਂ ਵਿਸਾਖੀ ਮੌਕੇ ਇੱਕ ਹੋਰ ਇਤਿਹਾਸਕ ਸਥਾਨ ਦੇਖਣ ਜਾਵਾਂਗੇ।” ਕਮਲਜੀਤ ਪਿਛਲੇ ਸਾਲ ਵੀ ਆਪਣੀ ਮਾਂ ਨੂੰ ਮਿਲਣ ਨਹੀਂ ਜਾ ਸਕੀ ਸੀ। ਰਵੀ ਬੋਲੀ, ”ਮੰਮੀ ਇਸ ਵਾਰ ਕੋਈ ਬਹਾਨਾ ਤਾਂ ਨਹੀਂ ਲਾਓਗੇ।”
”ਬਿਲਕੁਲ ਨਹੀਂ, ਤੇਰੇ ਡੈਡੀ ਨੂੰ ਸ਼ਨਿਚਰਵਾਰ ਤੇ ਐਤਵਾਰ ਦੀ ਛੁੱਟੀ ਹੁੰਦੀ ਐ ਤੇ ਇੱਕ ਛੁੱਟੀ ਉਹ ਹੋਰ ਲੈ ਲੈਣਗੇ। ਚੱਲ ਫਿਰ ਤੂੰ ਉੱਠ ਕੇ ਰੋਟੀ ਖਾ ਲੈ।”
”ਪੱਕੀ ਗੱਲ ਕਰੋ।”
”ਬਿਲਕੁਲ ਇਸ ਵਾਰ ਤੈਨੂੰ ਵਿਰਾਸਤ -ਏ- ਖਾਲਸਾ ਦਿਖਾਵਾਂਗੇ।” ਕਮਲ ਨੇ ਛੁੱਟੀਆਂ ਵਿੱਚ ਮਾਂ ਨੂੰ ਮਿਲਣ ਦਾ ਪੱਕਾ ਮਨ ਬਣਾ ਲਿਆ ਸੀ। ਰਵੀ ਖ਼ੁਸ਼ ਹੋ ਗਈ। ਉਹ ਸੋਚ ਰਹੀ ਸੀ ਜੇਕਰ ਡੈਡੀ ਨਾਲ ਗਏ ਤਾਂ ਕਾਰ ‘ਤੇ ਜਾਵਾਂਗੇ। ਮੰਮੀ ਤਾਂ ਬੱਸ ‘ਤੇ ਹੀ ਲੈ ਕੇ ਜਾਵੇਗੀ। ਅੱਜ ਡੈਡੀ ਨੂੰ ਵੀ ਮਨਾਉਂਦੇ ਆਂ।
”ਮੰਮੀ ਨਾਨਕੇ ਮਾਮੇ ਨੂੰ ਮਿਲ ਕੇ ਆਪਾਂ ਆਨੰਦਪੁਰ ਸਾਹਿਬ ਦੀ ਵਿਸਾਖੀ ਦੇਖਣ ਚੱਲਾਂਗੇ।” ਮੰਮੀ ਜੀ ਦਾ ਉੱਤਰ ਉਡੀਕੇ ਬਿਨਾਂ ਹੀ ਰਵੀ ਉੱਚੀ ਉੱਚੀ ਗਾਉਣ ਲੱਗ ਪਈ।
”ਆਹਾ…ਜੀ …ਆਹਾ ਜੀ…ਅਸੀਂ ਵਿਸਾਖੀ ਦੇਖਣ ਜਾਵਾਂਗੇ।
ਅਸੀਂ ਵਿਰਾਸਤ -ਏ- ਖਾਲਸਾ ਦੇਖਣ ਜਾਵਾਂਗੇ।” ਉਹ ਕਿੰਨਾ ਹੀ ਚਿਰ ਗਾਉਂਦੀ ਤੇ ਨੱਚਦੀ ਰਹੀ।
”ਕੀ ਲੱਭ ਪਿਆ ਏ ਤੈਨੂੰ ਰਵੀ।”
”ਖ਼ੁਸ਼ੀ… ਮੈਨੂੰ ਲੱਭ ਗਈ ਏ…ਖ਼ੁਸ਼ੀ…।”
”ਲਵੋ ਗੱਲ ਪੱਕੀ ਹੋ ਗਈ। ਮੰਮੀ ਤੇ ਡੈਡੀ ਨੂੰ ਵਿਸਾਖੀ ਦੀਆਂ ਛੁੱਟੀਆਂ ਹੁੰਦੀਆਂ ਨੇ। ਬਸ… ਹੁਣ ਕੋਈ ਬਹਾਨਾ ਨਹੀਂ ਚੱਲੇਗਾ। ਆਪਾਂ ਜਾਵਾਂਗੇ… ਆਨੰਦਪੁਰ ਸਾਹਿਬ…ਵਿਸਾਖੀ ਮੌਕੇ। ਡੈਡੀ ਨੂੰ ਕਹਾਂਗੇ, ਤੁਸੀਂ ਦਫ਼ਤਰ ਤੋਂ ਲੈ ਲਵੋ ਛੁੱਟੀਆਂ। ਆਹਾ ਜੀ…ਆਹਾ ਜੀ…।” ਉਹ ਹੇਕਾਂ ਲਾ ਕੇ ਗਾ ਰਹੀ ਸੀ। ਰਵੀ ਨੂੰ ਚਾਅ ਚੜ੍ਹਿਆ ਹੋਇਆ ਸੀ।
”ਮੰਮੀ ਜੀ… ਉੱਥੇ ਮੈਂ ਨਾਨੀ ਜੀ ਤੋਂ ਵਿਸਾਖੀ ਦੀ ਕਹਾਣੀ ਸੁਣਾਂਗੀ।” ਉਹ ਵਾਰ ਵਾਰ ਵਿਸਾਖੀ ਦੇਖਣ ਵਾਲੀ ਗੱਲ ਨੂੰ ਗਾਉਂਦੀ ਰਹੀ।
”ਵਿਸਾਖੀ ਦੇਖਣ ਜਾਵਾਂਗੇ।
ਘੁੰਮਾਗੇ… ਘੁੰਮਾਵਾਂਗੇ।
ਛੁੱਟੀਆਂ ਮਨਾਵਾਂਗੇ।
ਵਿਰਾਸਤ-ਏ- ਖਾਲਸਾ ਦੇਖਣ ਜਾਵਾਂਗੇ।”
”ਠੀਕ ਐ…ਠੀਕ ਐ ਰਵੀ ਜ਼ਰੂਰ ਚੱਲਾਂਗੇ।” ਕਮਲਜੀਤ ਕੰਧ ‘ਤੇ ਲੱਗੇ ਕੈਲੰਡਰ ਨੂੰ ਦੇਖ ਕੇ ਛੁੱਟੀਆਂ ਦਾ ਹਿਸਾਬ ਲਗਾਉਣ ਲੱਗ ਪਈ।
ਇਕੱਤੀ ਮਾਰਚ ਨੂੰ ਨਤੀਜਾ ਆ ਜਾਵੇਗਾ। ਫਿਰ ਦਾਖਲੇ। ਇਸ ਤੋਂ ਬਾਅਦ ਠੀਕ ਰਹੇਗਾ। ਮਾਂ ਨੂੰ ਫੋਨ ਕਰਕੇ ਦੱਸ ਦਿਆਂਗੇ ਕਿ ਬਾਰਾਂ ਤਰੀਕ ਨੂੰ ਆ ਰਹੇ ਹਾਂ। ਇੱਕ ਰਾਤ ਰੂਪਨਗਰ, ਦੂਜੇ ਦਿਨ ਸਵੇਰੇ ਆਨੰਦਪੁਰ ਸਾਹਿਬ ਨੂੰ ਚਾਲੇ ਪਾਵਾਂਗੇ। ਕਮਲ ਮਨ ਵਿੱਚ ਪ੍ਰੋਗਰਾਮ ਉਲੀਕਣ ਲੱਗ ਪਈ। ਉਸ ਦੀ ਸੋਚ ਦੀ ਲੜੀ ਅੱਗੇ ਤੁਰਦੀ ਗਈ।
ਬੱਚਿਆਂ ਨੂੰ ਇਤਿਹਾਸਕ ਤੇ ਧਾਰਮਿਕ ਸਥਾਨ ਦਿਖਾਉਣੇ ਚਾਹੀਦੇ ਹਨ। ਕਿਤਾਬਾਂ ਵਿੱਚੋਂ ਪੜ੍ਹ ਕੇ ਬੱਚੇ ਘੱਟ ਸਿੱਖਦੇ ਹਨ। ਅੱਖਾਂ ਨਾਲ ਇਤਿਹਾਸਕ ਥਾਵਾਂ ਦੇਖ ਕੇ ਵਿਦਿਆਰਥੀਆਂ ਦੇ ਮਨ ਵਿੱਚ ਸੌ ਫੁਰਨੇ ਜਾਗਦੇ ਹਨ। ਇਮਤਿਹਾਨ ਵਿੱਚ ਇਤਿਹਾਸਕ ਥਾਵਾਂ ਬਾਰੇ ਆਏ ਸੁਆਲਾਂ ਨੂੰ ਆਸਾਨੀ ਨਾਲ ਹੱਲ ਕਰ ਲੈਂਦੇ ਹਨ। ਅੱਜ ਕੱਲ੍ਹ ਕਿਤਾਬਾਂ ਦੀ ਪੜ੍ਹਾਈ ਬਹੁਤੀ ਕੰਮ ਨਹੀਂ ਆ ਰਹੀ। ਸਮੇਂ ਦੀ ਲੋੜ ਅਨੁਸਾਰ ਸਾਨੂੰ ਪੜ੍ਹਾਈ ਦੇ ਢੰਗ ਤਰੀਕੇ ਵੀ ਬਦਲਣੇ ਪੈਣਗੇ। ਕਮਲ ਇਹ ਸੋਚ ਰਹੀ ਸੀ ਕਿ ਦਰਵਾਜ਼ੇ ‘ਤੇ ਘੰਟੀ ਵੱਜੀ। ਉਸ ਦੇ ਖ਼ਿਆਲਾਂ ਦੀ ਲੜੀ ਟੁੱਟ ਗਈ। ਉਸ ਨੇ ਉੱਠ ਕੇ ਬੂਹਾ ਖੋਲ੍ਹਿਆ।
”ਤੁਸੀਂ ਅੱਜ ਜਲਦੀ ਆ ਗਏ…।” ਕਮਲ ਹੈਰਾਨ ਹੋ ਕੇ ਬੋਲੀ।
”ਮੈਂ ਤਾਂ ਸਮੇਂ ‘ਤੇ ਈ ਆਇਆ ਕਮਲ…।” ਜਸਵੀਰ ਮੁਸਕਰਾਉਂਦੇ ਹੋਏ ਬੋਲਿਆ।
”ਡੈਡੀ ਆ ਗਏ…ਡੈਡੀ ਆ ਗਏ।” ਰਵੀ ਡੈਡੀ ਦੇ ਕੋਲ ਆ ਬੈਠੀ।
ਕਮਲ ਪਾਣੀ ਲੈ ਕੇ ਆਈ ਤਾਂ ਰਵੀ ਡੈਡੀ ਦੀ ਬਾਂਹ ਫੜ ਕੇ ਮੁਸਕਰਾ ਰਹੀ ਸੀ।
”ਕੀ ਗੱਲ ਐ ਪੁੱਤਰ…ਗੱਲ ਕੋਈ ਖਾਸ ਲੱਗਦੀ ਐ।”
”ਚਲੋ ਬੁੱਝੋ?”
ਮਾਂ ਤੇ ਧੀ ਨੇ ਰਲ ਕੇ ਬੁਝਾਰਤ ਪਾਈ ਐ।
”ਹਾਂ…ਹਾਂ…ਪਾਈ ਆ…।”
”ਲਵੋ… ਤੋਹਫ਼ਾ ਤਾਂ ਮਿਲੇਗਾ ਅੱਠਵੀਂ ਜਮਾਤ ਵਿੱਚ ਹੋਣ ‘ਤੇ।”
”ਉਹ ਕੋਈ ਵੱਡੀ ਚੀਜ਼ ਹੋਏਗੀ। ਇਹ ਤਾਂ ਬਸ ਨਿੱਕੀ ਜਿਹੀ ਇਤਿਹਾਸਕ ਯਾਤਰਾ। ਤੁਸੀਂ ਇੱਕ ਕਵਿਤਾ ਸੁਣਾਉਂਦੇ ਹੁੰਨੇ…
ਘਰ ਵਿੱਚ ਬੈਠੇ ਬੰਦੇ ਦੇ ਮਨ ‘ਤੇ ਪੈ ਜਾਵੇ ਕਬੀਲਦਾਰੀ ਦੀ ਧੂੜ ਦਿਖਣੋ ਬੰਦ ਹੋ ਜਾਵੇ ਆਪਣਾ ਅਕਸ ਤਾਂ…ਤਾਂ…ਤਾਂ… ਉਸ ਨੂੰ ਪੈਰਾਂ ਦੀ ਮਿੱਟੀ ਝਾੜ ਤੁਰ ਪੈਣਾ ਚਾਹੀਦਾ ਬਿਖੜੇ ਰਾਹਾਂ ‘ਤੇ…।”
”ਲਵੋ ਕਵਿਤਾ ਸ਼ੁਰੂ ਹੋ ਗਈ।” ਕਮਲ ਮੇਜ਼ ‘ਤੇ ਚਾਹ ਰੱਖਦੀ ਹੋਈ ਬੋਲੀ।
ਮੰਮੀ ਜੀ ਚਾਹ ਰੱਖ ਦਿਓ। ਪਹਿਲਾਂ ਡੈਡੀ ਨੂੰ ਗਾ ਕੇ ਖ਼ੁਸ਼ਖਬ਼ਰੀ ਸੁਣਾਵਾਂਗੇ। ਰਵੀ ਮੰਮੀ ਜੀ ਵੱਲ ਦੇਖ ਕੇ ਮੁਸਕਰਾ ਰਹੀ ਸੀ।
”ਇੱਕ ਖ਼ੁਸ਼ਖਬ਼ਰੀ ਤੁਹਾਡੇ ਲਈ ਮੇਰੇ ਕੋਲ ਵੀ ਹੈ।”
”ਅੱਛਾ…ਚਲੋ ਪਹਿਲੇ ਤੁਸੀਂ ਸੁਣਾਓ, ਜ਼ਰਾ ਮੁਸਕਰਾ ਕੇ।” ਰਵੀ ਨੇ ਨਾਟਕੀ ਢੰਗ ਨਾਲ ਕਿਹਾ।
”ਵਿਸਾਖੀ ‘ਤੇ ਮੇਰੀ ਡਿਊਟੀ ਆਨੰਦਪੁਰ ਸਾਹਿਬ ਲੱਗ ਗਈ ਹੈ…।”
”ਆਹਾ ਜੀ…ਆਹਾ ਜੀ। ਤੁਹਾਨੂੰ ਸਾਡੇ ਪ੍ਰੋਗਰਾਮ ਦਾ ਪਤਾ ਕਿਵੇਂ ਲੱਗ ਗਿਆ…ਪਹਿਲਾਂ ਇਹ ਦੱਸੋ ਜੀ।” ਰਵੀ ਖ਼ੁਸ਼ੀ ਨਾਲ ਖੀਵੀ ਹੋ ਕੇ ਗਾਉਣ ਲੱਗ ਪਈ।
”ਹੋ…ਹੋ… ਵਿਸਾਖੀ…ਹੋ…ਹੋ… ਵਿਸਾਖੀ…।” ਰਵੀ ਨੇ ਭੰਗੜਾ ਸ਼ੁਰੂ ਕਰ ਦਿੱਤਾ।
ਚਾਹ ਦਾ ਕੱਪ ਰੱਖ ਕੇ ਜਸਵੀਰ ਸਿੰਘ ਤੇ ਕਮਲਜੀਤ ਵੀ ਉਸ ਦੀ ਖ਼ੁਸ਼ੀ ਵਿੱਚ ਸ਼ਾਮਲ ਹੋ ਗਏ।