ਗੋਲਡੀ ਬਰਾੜ ਨੂੰ ਕੇਂਦਰ ਸਰਕਾਰ ਨੇ ਅਤਿਵਾਦੀ ਐਲਾਨਿਆ
* ਕੇਂਦਰ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ
* ਕੈਨੇਡਾ ਤੋਂ ਚਲਾ ਰਿਹੈ ਗ਼ੈਰਕਾਨੂੰਨੀ ਗਤੀਵਿਧੀਆਂ
* ਮੂਸੇਵਾਲਾ ਦੀ ਹੱਤਿਆ ਦਾ ਹੈ ਮੁੱਖ ਸਾਜ਼ਿਸ਼ਘਾੜਾ
ਨਵੀਂ ਦਿੱਲੀ, 1 ਜਨਵਰੀ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮੁੱਖ ਸਾਜ਼ਿਸ਼ਘਾੜੇ ਕੈਨੇਡਾ ਆਧਾਰਿਤ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਨੂੰ ਕੇਂਦਰ ਸਰਕਾਰ ਨੇ ਅਤਿਵਾਦ ਵਿਰੋਧੀ ਕਾਨੂੰਨ ਯੂਏਪੀਏ ਤਹਿਤ ਅਤਿਵਾਦੀ ਨਾਮਜ਼ਦ ਕਰ ਦਿੱਤਾ ਹੈ। ਉਸ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਮੁੱਖ ਮੈਂਬਰ ਮੰਨਿਆ ਜਾਂਦਾ ਹੈ ਜਿਸ ਨੇ ਮੂਸੇਵਾਲਾ ਦੀ 29 ਮਈ, 2022 ’ਚ ਹੋਈ ਹੱਤਿਆ ਦੀ ਜ਼ਿੰਮੇਵਾਰੀ ਕਬੂਲੀ ਸੀ। ਇਕ ਨੋਟੀਫਿਕੇਸ਼ਨ ’ਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਗੋਲਡੀ ਬਰਾੜ, ਜਿਸ ਨੂੰ ਪਾਕਿਸਤਾਨ ਆਧਾਰਿਤ ਏਜੰਸੀ ਦੀ ਵੀ ਹਮਾਇਤ ਹਾਸਲ ਹੈ, ਦੀ ਕਈ ਹੱਤਿਆਵਾਂ ’ਚ ਸ਼ਮੂਲੀਅਤ ਰਹੀ ਹੈ ਅਤੇ ਉਹ ਗਰਮਖ਼ਿਆਲੀ ਵਿਚਾਰਧਾਰਾ ਨਾਲ ਜੁੜਿਆ ਹੋਇਆ ਹੈ। ਉਸ ’ਤੇ ਰਾਸ਼ਟਰਵਾਦੀ ਆਗੂਆਂ ਨੂੰ ਧਮਕੀ ਭਰੇ ਫੋਨ ਕਰਕੇ ਫਿਰੌਤੀਆਂ ਮੰਗਣ ਅਤੇ ਹੱਤਿਆਵਾਂ ਕਰਨ ਦੇ ਵੱਖ ਵੱਖ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਦਾਅਵੇ ਕਰਨ ਦੇ ਦੋਸ਼ ਹਨ। ਗੋਲਡੀ ਬਰਾੜ ਦੇ ਪਾਬੰਦੀਸ਼ੁਦਾ ਦਹਿਸ਼ਤੀ ਜਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਹੋਣ ਅਤੇ ਭਾਰਤ ’ਚ ਹੱਤਿਆਵਾਂ ਕਰਨ ਦੇ ਇਰਾਦੇ ਨਾਲ ਸਰਹੱਦ ਪਾਰ ਤੋਂ ਡਰੋਨ ਰਾਹੀਂ ਹਥਿਆਰ, ਗੋਲਾ-ਬਾਰੂਦ ਅਤੇ ਧਮਾਕਾਖੇਜ਼ ਸਮੱਗਰੀ ਦੀ ਤਸਕਰੀ ’ਚ ਸ਼ਾਮਲ ਹੋਣ ਦੇ ਵੀ ਦੋਸ਼ ਹਨ। ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਤ ਗੋਲਡੀ ਬਰਾੜ ਮੌਜੂਦਾ ਸਮੇਂ ਬਰੈਂਪਟਨ (ਕੈਨੇਡਾ)’ਚ ਰਹਿ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਬਰਾੜ ਅਤੇ ਉਸ ਦੇ ਸਾਥੀ ਆਪਣੇ ਨਾਪਾਕ ਮਨਸੂਬਿਆਂ ਰਾਹੀਂ ਪੰਜਾਬ ’ਚ ਸ਼ਾਂਤੀ, ਫਿਰਕੂ ਸਦਭਾਵਨਾ ਅਤੇ ਅਮਨ ਭੰਗ ਕਰਨ ਦੀਆਂ ਸਾਜ਼ਿਸ਼ਾਂ ਘੜ ਰਹੇ ਹਨ। ਇੰਟਰਪੋਲ ਨੇ ਉਸ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੋਇਆ ਹੈ ਜਦਕਿ ਉਸ ਖ਼ਿਲਾਫ਼ ਇਕ ਗ਼ੈਰ-ਜ਼ਮਾਨਤੀ ਵਾਰੰਟ ਵੀ ਜਾਰੀ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਮੰਨਣਾ ਹੈ ਕਿ ਸਤਵਿੰਦਰ ਸਿੰਘ ਉਰਫ਼ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਅਤਿਵਾਦੀ ਗਤੀਵਿਧੀਆਂ ’ਚ ਸ਼ਾਮਲ ਹੈ ਅਤੇ ਉਸ ਨੂੰ ਗ਼ੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ, 1967 ਦੀ ਚੌਥੀ ਸੂਚੀ ਤਹਿਤ ਅਤਿਵਾਦੀ ਵਜੋਂ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।
ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਯੂਏਪੀਏ ਦੀ ਧਾਰਾ 35 ਦੇ ਸਬ-ਸੈਕਸ਼ਨ (1) ਦੇ ਖੰਡ (ਏ) ਤਹਿਤ ਮਿਲੀਆਂ ਤਾਕਤਾਂ ਦੀ ਵਰਤੋਂ ਕਰਦਿਆਂ ਕੇਂਦਰ ਸਰਕਾਰ ਨੇ ਚੌਥੀ ਸੂਚੀ ’ਚ ਸੋਧ ਕੀਤੀ ਹੈ ਅਤੇ ਹੁਣ ਲੜੀਵਾਰ ਨੰਬਰ 56 ’ਤੇ ਸਤਵਿੰਦਰ ਸਿੰਘ ਉਰਫ਼ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਦਾ ਨਾਮ ਸ਼ਾਮਲ ਕੀਤਾ ਜਾਂਦਾ ਹੈ। -ਪੀਟੀਆਈ