ਪੰਜਾਬੀ ਗ਼ਜ਼ਲ ਦਾ ਸੁਨਹਿਰੀ ਗੁੰਬਦ
ਸੁਲੱਖਣ ਸਰਹੱਦੀ
ਪੁਸਤਕ ਪੜਚੋਲ
ਪੰਜਾਬੀ ਗ਼ਜ਼ਲ ਨੇ ਸਾਢੇ ਤਿੰਨ ਸੌ ਸਾਲ ਦਾ ਸ਼ਾਨਾਮੱਤਾ ਸਫ਼ਰ ਕਰ ਲਿਆ ਹੈ। ਗ਼ਜ਼ਲ ਦੇ ਆਮ ਇਤਿਹਾਸਕਾਰ ਗ਼ਜ਼ਲ ਅਰਬੀ ਫ਼ਾਰਸੀ ਤੇ ਫਿਰ ਉਰਦੂ ਦੀ ਜਾਈ ਕਹਿੰਦੇ ਰਹੇ ਹਨ, ਪਰ ਬਨਸਪਤੀ ਮਾਹਿਰ ਸਮਝਦੇ ਹਨ ਕਿ ਭਾਵੇਂ ਬੀਜ ਦਾ ਮਹੱਤਵ ਜ਼ਰੂਰ ਹੁੰਦਾ ਹੈ, ਪਰ ਉਸ ਬੀਜ ਲਈ ਫ਼ਲ ਦੇਣ ਲਈ ਅਗਲੀ ਧਰਤ ਦਾ ਪੌਣ ਪਾਣੀ ਅਤੇ ਜਣਨ ਕਿਰਿਆ ਦਾ ਵੀ ਵਿਸ਼ੇਸ਼ ਸਥਾਨ ਹੁੰਦਾ ਹੈ। ਗ਼ਜ਼ਲ ਦਾ ਬੀਜ ਕਦੇ ਪੰਜਾਬੀ ਗ਼ਜ਼ਲ ਦੀ ਗੁੰਬਦ ਪ੍ਰਕਿਰਿਆ ਤੱਕ ਨਾ ਪਹੁੰਚਦਾ ਜੇਕਰ ਪੰਜਾਬੀ ਕਾਵਿ ਵਿੱਚ ਰਿਗਵੈਦਿਕ ਰਿਚਾਵਾਂ, ਬੁੱਧ ਧਰਮ ਦਾ ਸਾਹਿਤ, ਪੰਜਾਬੀ ਲੋਕਗੀਤਕ ਸੁਰ, ਬਾਬਾ ਫ਼ਰੀਦ ਦੇ ਸ਼ਲੋਕਾਂ ਦੀ ਜ਼ਰਖ਼ੇਜ਼ ਜ਼ਮੀਨ ਨਾ ਹੁੰਦੀ। ਪੰਜਾਬੀਆਂ ਦੀ ਸੁਰ-ਲਹਿਰੀ ਵਿੱਚ ਸ਼ਿਅਰਕਾਰੀ ਸਦੀਆਂ ਤੋਂ ਹਵਾ ’ਚ ਘੁਲ਼ੀ ਮਹਿਕ ਵਾਂਗ ਸੀ। ਸੋਲ੍ਹਵੀਂ ਸਦੀ ਦੇ ‘ਮਨਸੂਰ ਅਤੇ ਸ਼ਬਿਲੀ’ ਦੇ ਲੰਮੇ ਚੌੜੇ ਇਤਿਹਾਸਕ ਵਰਤਾਰੇ ਦੀ ਪੰਜਾਬੀ ਸ਼ਿਅਰ ਵਿੱਚ ਹੀ ਕਿਸ ਸਲੀਕੇ ਨਾਲ ਦਿਲ ਵਿੰਨ੍ਹਵੀਂ ਪੇਸ਼ਕਾਰੀ ਕਰ ਜਾਂਦੇ ਨੇ ਜਿਸ ਦੀ ਮਿਸਾਲ ਕੁੱਲ ਅਰਬ ਫ਼ਾਰਸ ਦੇ ਸਾਹਿਤ ਵਿੱਚ ਨਹੀਂ ਮਿਲਦੀ। ਇਸ ਗੀਤ ਦਾ ਮੁੱਖੜਾ ਰੂਪੀ ਸ਼ਿਅਰ ਵੀ ਪੜ੍ਹ ਲਓ:
ਗੈਰਾਂ ਦਿਆਂ ਵੱਟਿਆਂ ਦੀ ਸਾਨੂੰ ਪੀੜ ਰਤਾ ਨਾ ਹੋਈ।
ਸੱਜਣਾਂ ਨੇ ਫੁੱਲ ਮਾਰਿਆ ਸਾਡੀ ਰੂਹ ਅੰਬਰਾਂ ਤਕ ਰੋਈ।
ਅਜਿਹੀ ਸ਼ਿਅਰਕਾਰੀ ਪੰਜਾਬੀ ਹੀ ਕਰ ਸਕਦੇ ਨੇ। ਪੰਜਾਬੀ ਗ਼ਜ਼ਲ ਬਾਬਾ ਫ਼ਰੀਦ ਦੇ ਕਾਲ ਵਿੱਚ ਜਨਮੀ। ਪਾਕਿਸਤਾਨੀ ਗ਼ਜ਼ਲ ਵਿਦਵਾਨ ਹੁਣ ਵੀ ਬਾਬਾ ਫ਼ਰੀਦ ਨੂੰ ਹੀ ਪਹਿਲਾ ਪੰਜਾਬੀ ਗ਼ਜ਼ਲਗੋ ਮੰਨਦੇ ਹਨ।
ਪੰਜਾਬੀ ਗ਼ਜ਼ਲ ਨੇ ਵਿਸ਼ਾ ਵਸਤੂ ਵਜੋਂ ਅਰਬੀ ਫ਼ਾਰਸੀ ਤੋਂ ਕੁਝ ਨਹੀਂ ਲਿਆ, ਬੱਸ ਰੂਪਕ ਪੱਖ ਤੋਂ ਬਾਹਰੀ ਢਾਂਚਾ ਫ਼ਾਰਸੀ ਤੋਂ ਲਿਆ। ਵੱਖ ਵੱਖ ਤੁਕਾਂਤ ਵਿੱਚ ਮਹਿਕਦੇ ਸ਼ਿਅਰਾਂ ਨੂੰ ਇੱਕ ਗ਼ਜ਼ਲ ਦੇ ਗੁਲਦਸਤੇ ਵਿੱਚ ਲੋਕ ਮਨਾਂ ਵਿੱਚ ਸਜਾ ਦਿੱਤਾ, ਵਰਨਾ ਪੰਜਾਬੀ ਦੀ ਗ਼ਜ਼ਲ ਸੰਸਾਰ ਦੀਆਂ ਕੁੱਲ ਭਾਸ਼ਾ ਦੀਆਂ ਗ਼ਜ਼ਲਾਂ ਦੀ ਸਿਰਜਣਾ ਵਿੱਚ ਸੁਨਹਿਰੀ ਗੁੰਬਦ ਕਿਵੇਂ ਬਣਦੀ।
ਸੰਸਾਰ ਦੀ ਇਮਾਰਤਸਾਜ਼ੀ ਵਿੱਚ ਕਾਰੀਗਰ ਲਗਾਤਾਰ ਕਲਾ ਦਾ ਪ੍ਰਦਰਸ਼ਨ ਕਰਦੇ ਆ ਰਹੇ ਸਨ। ਸੱਤਵੀਂ ਸਦੀ ਵਿੱਚ ਪ੍ਰਸਿੱਧ ਅਤੇ ਪਾਤਸ਼ਾਹੀ ਇਮਾਰਤਾਂ ਉੱਤੇ ਮੁੱਢਲੀ ਕਿਸਮ ਦੇ ਚਨੁਕਰੇ ਸਿਰ ਬਦਲੇ ਆਰੰਭ ਹੋਏ ਸਨ, ਜਿਨ੍ਹਾਂ ਨੂੰ ਗੁੰਬਜ ਜਾਂ ਗੂੰਜ ਬਾਜ਼ ਸਮਝਿਆ ਜਾਂਦਾ ਸੀ। ਇਨ੍ਹਾਂ ਤੋਂ ਅੱਗੇ ਚੱਲ ਕੇ ਗੁੰਬਦ ਬਣਿਆ। ਕੁੱਲ ਸੰਸਾਰ ਉੱਤੇ ਵਿਸ਼ੇਸ਼ ਇਮਾਰਤਾਂ ਦੇ ਉੱਪਰ ਉਨ੍ਹਾਂ ਦੇ ਸਿਰ ਬਣਨ ਲੱਗੇ। ਧਾਰਮਿਕ ਅਤੇ ਬਾਦਸ਼ਾਹੀ ਮਹਿਲਾਂ ਦੇ ਉੱਪਰ ਵੀ ਗੁੰਬਦ ਬਣਨ ਲੱਗੇ। ਸੰਸਾਰ ਵਿੱਚ ਕੋਈ ਵੀ ਕਲਾ ਸਥਾਨਕ ਨਹੀਂ ਰਹਿੰਦੀ। ਇਹ ਗੁੰਬਦਾਂ ਦੀ ਕਲਾ ਵੀ ਸੰਸਾਰ ਭਰ ਵਿੱਚ ਫੈਲੀ ਅਤੇ ਪੰਜਾਬ ਵਿੱਚ ਪਹੁੰਚੀ।
ਵੱਡਆਕਾਰੀ ਗ਼ਜ਼ਲ ਪੁਸਤਕ ‘ਅੱਖਰ ਅੱਖਰ’ (ਪ੍ਰਿੰਟਵੈੱਲ ਅੰਮ੍ਰਿਤਸਰ) ਦੇ ਗੁੰਬਦ ਰਾਹੀਂ ਪੰਜਾਬੀ ਗ਼ਜ਼ਲ ਉੱਤੇ ਵੀ ਸੋਨਾ ਚੜ੍ਹਨ ਵਾਲਾ ਹੈ। ਇਹ ਪੁਸਤਕ ਪੰਜਾਬੀ ਗ਼ਜ਼ਲ ਇਮਾਰਤ ਉੱਤੇ ਗੁੰਬਦ ਹੈ ਜੋ ਗ਼ਜ਼ਲ ਦੀ ਗੂੰਜ ਪੈਦਾ ਕਰੇਗਾ।
ਗੁਰਭਜਨ ਗਿੱਲ ਨੇ ‘ਅੱਖਰ-ਅੱਖਰ’ ਵਿੱਚ 910 ਗ਼ਜ਼ਲਾਂ ਸ਼ਾਮਿਲ ਕੀਤੀਆਂ ਹਨ ਜਿਸ ਉੱਤੇ ਸਿਫ਼ਤ ਦੇ ਸੋਨ ਪੱਤਰੇ ਚਾੜ੍ਹੇ ਜਾਣਿਆ ਨਿਹਿਤ ਹੈ। ਕਵਿਤਾ ਤੇ ਖ਼ਾਸਕਰ ਪੱਛਮੀ ਹਨੇਰੀ ਨਾਲ ਉਹਦੇ ਪੱਤਿਆਂ ਵਰਗੀ ਰਬੜ ਛੰਦ ਤੇ ਵਾਰਤਕ ਮੁਖੀ ਕਵਿਤਾ ਨਾਲੋਂ ਕਿਤੇ ਵੱਧ ਗ਼ਜ਼ਲ ਦੇ ਗੁੰਬਦ ਅੱਜ ਪੰਜਾਬ ਦੇ ਕੱਚੇ ਘਰਾਂ ਉੱਤੇ ਵੀ ਬਣ ਰਹੇ ਹਨ। ਗ਼ਜ਼ਲ ਤਾਂ ਗੁਰਭਜਨ ਦੀ ਜਨਮਭੂਮੀ ਪਿੰਡ ਬਸੰਤ ਕੋਟ (ਗੁਰਦਾਸਪੁਰ) ਦੇ ਕੱਚੇ ਘਰ ਦਾ ਸੁਨਹਿਰੀ ਗੁੰਬਦ ਹੈ:
ਕੱਚੇ ਵਿਹੜਿਆਂ ਨੇ ਜਿਹੜਾ ਸਾਨੂੰ ਸਬਕ ਪੜ੍ਹਾਇਆ।
ਸੱਚੀਂ ਅੜੇ ਥੁੜੇ ਵੇਲੇ ਸਾਨੂੰ ਬੜਾ ਕੰਮ ਆਇਆ।
ਆਡਾਂ ਬੰਨਿਆਂ ਤੇ ਦੌੜਦੇ ਨਾ ਅਸੀਂ ਕਦੇ ਡਿੱਗੇ,
ਸੰਗਮਰਮਰ ਉੱਤੇ ਸਾਨੂੰ ਤੁਰਨਾ ਨਾ ਆਇਆ।
ਇਨ੍ਹਾਂ ਮਿੱਟੀ ਦੇ ਘਰਾਂ ਵਿੱਚ ਹੀ ਗੁਰਭਜਨ ਦਾ ਬਸੰਤ ਕੋਟ ਵਾਲਾ ਘਰ ਹੈ।
ਅੱਜ ਪੰਜਾਬੀ ਭਾਸ਼ਾ ਦੀ ਗ਼ਜ਼ਲ ਖੇਤਾਂ ਖਲਿਹਾਣਾਂ ਦਾ ਘਾਹ ਹੈ। ਹੁਣ ਇਹ ਧਰਤੀ-ਪੁੱਤਰ ਘਾਹ ਖ਼ਤਮ ਨਹੀਂ ਹੋਣਾ ਭਾਵੇਂ ਕਿੰਨੇ ਵੀ ਜ਼ਹਿਰੀ ਛਿੜਕਾਅ ਪਏ ਹੋਣ। ਇਸ ਦੀ ਜੜ੍ਹ ਮਿੱਟੀ ਦੇ ਸੀਨੇ ਵਿੱਚ ਹੈ। ਕਦੇ ਪੰਜਾਬੀ ਹਰ ਤਰ੍ਹਾਂ ਦੀਆਂ ਸਟੇਜਾਂ ਉੱਤੇ ਉਰਦੂ ਦੇ ਸ਼ਿਅਰ ਬੋਲਦੇ ਸਨ, ਪਰ ਅੱਜ ਪੰਜਾਬੀ ਸ਼ਾਇਰਾਂ ਦੇ ਸ਼ਿਅਰ ਰੰਗ ਬੰਨ੍ਹਦੇ ਹਨ। ਕਈ ਮਹੱਤਵਪੂਰਨ ਬੁਲਾਰੇ ਗੁਰਭਜਨ ਗਿੱਲ ਦੇ ਇਹ ਸ਼ਿਅਰ ਵਾਰ-ਵਾਰ ਦੁਹਰਾਉਂਦੇ ਹਨ:
ਆਪਣੀ ਜਾਚੇ ਉਹ ਤਾਂ ਵੱਡੇ ਘਰ ਜਾਂਦਾ ਹੈ।
ਵਿੱਚ ਸਮੁੰਦਰ ਜਾ ਕੇ ਦਰਿਆ ਮਰ ਜਾਂਦਾ ਹੈ।
ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ,
ਬੇਸ਼ਰਮਾਂ ਦਾ ਨੀਵੀਂ ਪਾ ਕੇ ਸਰ ਜਾਂਦਾ ਹੈ।
ਪੰਜਾਬੀ ਦੀ ਗ਼ਜ਼ਲ ਪੰਜਾਬੀ ਕਵਿਤਾ ਦੀ ਧੀ ਹੀ ਹੈ। ਪੰਜਾਬੀ ਕਵਿਤਾ ਜਿਨ੍ਹਾਂ ਰਾਹਾਂ ਦੀ ਫੁਲਵਾੜੀ ਹੈ, ਗ਼ਜ਼ਲ ਵੀ ਉਨ੍ਹਾਂ ਰਾਹਾਂ ਵਿੱਚ ਫੁੱਲਾਂ ਦੀ ਮਹਿਕ ਹੈ। ਜਿੰਨਾ ਚਿਰ ਫ਼ਾਰਸੀ ਪੜ੍ਹੀ-ਲਿਖੀ ਪੀੜ੍ਹੀ ਜ਼ਿੰਦਾ ਸੀ ਉਹ ਫ਼ਾਰਸੀ ਦੀ ਸ਼ਿਅਰਕਾਰੀ ਤੋਂ ਪ੍ਰਭਾਵਿਤ ਰਹਿਣ ਦੀ ਮਜਬੂਰੀ ਪਾਲਦੀ ਰਹੀ, ਪਰ ਗੁਰਭਜਨ ਗਿੱਲ ਦੀ ਪੀੜ੍ਹੀ ਨੇ ਇਹ ਛੱਟ ਵੀ ਲਾਹ ਮਾਰੀ।
ਹੁਸਨ, ਇਸ਼ਕ, ਪਿਆਰ, ਮੁਹੱਬਤ ਪੰਜਾਬੀਆਂ ਦੇ ਲਹੂ ਵਿੱਚ ਸੀ। ਉਹ ਕੱਚੇ ਘੜੇ ’ਤੇ ਤਰ ਕੇ ਇਸ਼ਕ ਪੱਕਾ ਕਰਨ ਦੇ ਮਾਹਿਰ ਸਨ ਅਤੇ ਪੱਟ ਦੀ ਮੱਛਲੀ ਯਾਰ ਨੂੰ ਭੁੰਨ ਕੇ ਖੁਆ ਦਿੰਦੇ ਰਹੇ ਸਨ।
ਪੰਜਾਬੀ ਰਹਿਤਲ ਵਿੱਚ ਹੋਰ ਵੀ ਅਨੇਕਾਂ ਮਸਲੇ ਮੁਸ਼ਕਿਲਾਂ ਇਸ਼ਕ ਨਾਲੋਂ ਬਹੁਤ ਵੱਡੇ ਵੀ ਸਨ। ਜੇਕਰ ਕਿਸੇ ਨੇ ਇਸ ਤੱਤ ਨੂੰ ਸ਼ਿੱਦਤ ਨਾਲ ਮਹਿਸੂਸ ਕੀਤਾ ਹੈ ਤਾਂ ਉਹ ਗੁਰਭਜਨ ਗਿੱਲ ਦੀ ਸ਼ਿਅਰਕਾਰੀ ਦੇ ਨਕਸ਼ ਹਨ।
ਜਬਰ ਜ਼ੁਲਮ ਦੀ ਪੀਂਘ ਸਿਖ਼ਰ ਜਦ ਪਹੁੰਚੇ ਅੱਤਿਆਚਾਰਾਂ ਤੇ।
ਕਲਮਾਂ ਵਾਲਿਆ! ਉਸ ਪਲ ਸੂਈ ਧਰਿਆ ਕਰ ਸਰਕਾਰਾਂ ਤੇ।
ਸਬਰ ਸਿਦਕ ਸੰਤੋਖ ਸਰੋਵਰ, ਜਦ ਕੰਢਿਆਂ ਤੋਂ ਭਰ ਜਾਵੇ,
ਤੁਰ ਪੈਂਦੇ ਨੇ ਲੋਕ ਉਦੋਂ ਹੀ, ਤਰਲਿਆਂ ਤੋਂ ਹਥਿਆਰਾਂ ਤੇ।
ਪਤਾ ਨਹੀਂ ਕੀ ਵਜ੍ਹਾ ਹੈ ਕਿ ਸੰਸਾਰ ਭਰ ਦੀਆਂ ਮਾੜੀਆਂ ਘੜੀਆਂ ਪੰਜਾਬ ਦੇ ਸਿਰ ਹੀ ਕਿਉਂ ਆਈਆਂ। 1947 ਵਿੱਚ ਪੰਜਾਬ ਦੀ ਵੰਡ ਸ਼ਾਇਦ ਕੁੱਲ ਸੰਸਾਰ ਵਿੱਚ ਹੁਣ ਤੀਕ ਸਭ ਤੋਂ ਵਧੇਰੇ ਅਣਮਨੁੱਖੀ ਸੀ ਜਿਸ ਕਾਰਨ ਜੀਂਦੇ-ਥੀਂਦੇ 10 ਲੱਖ ਪੰਜਾਬੀ ਜੀਅ ਮੌਤ ਨੇ ਹੜੱਪ ਲਏ।
ਏਸ ਆਜ਼ਾਦੀ ਅੱਥਰੂ ਦਿੱਤੇ ਜਸ਼ਨ ਨਾ ਨਹੀਂ ਹੋਇਆ।
ਅੱਖੀਆਂ ਦੀ ਮਜਬੂਰੀ ਮੈਥੋਂ ਹੰਝ ਲੁਕਾ ਨਹੀਂ ਹੋਇਆ।
ਮੱਥੇ ਤੇ ਕਾਲਖ਼ ਦਾ ਟਿੱਕਾ ਲਾ ਗਿਆ ਸੰਨ ਸੰਤਾਲੀ,
ਪੌਣੀ ਸਦੀ ਗੁਜ਼ਾਰ ਕੇ ਸਾਥੋਂ ਇਹ ਵੀ ਲਾਹ ਨਹੀਂ ਹੋਇਆ।
ਜਲ੍ਹਿਆਂਵਾਲਾ ਬਾਗ਼ ਦਾ ਸਾਕਾ ਕੁੱਲ ਹਿੰਦੋਸਤਾਨ ਦੇ ਹੋਰ ਕਿਸੇ ਹਿੱਸੇ ਵਿੱਚ ਕਿਉਂ ਨਾ ਵਾਪਰਿਆ? ਜਲ੍ਹਿਆਂਵਾਲਾ ਬਾਗ਼ ਦੇ ਸਾਕੇ ਦੀ ਪੀੜ ਨੂੰ ਗੁਰਭਜਨ ਗਿੱਲ ਇਉਂ ਸ਼ਬਦ ਦਿੰਦਾ ਹੈ:
ਤੜਪ ਰਿਹੈ ਸੌ ਸਾਲ ਤੋਂ ਮਗਰੋਂ ਜੱਲ੍ਹਿਆਂਵਾਲਾ ਬਾਗ਼ ਅਜੇ ਵੀ।
ਡਾਇਰ ਤੇ ਓਡਵਾਇਰ ਰਲ ਮਿਲ ਗਾਉਂਦੇ ਓਹੀ ਰਾਗ ਅਜੇ ਵੀ।
ਆਜ਼ਾਦੀ ਦਾ ਮੁਕਤੀ ਮਾਰਗ ਹਾਲੇ ਕਿੰਨੀ ਦੂਰ ਸਵੇਰਾ,
ਥਾਲੀ ਵਿੱਚ ਅਣਚੋਪੜੀਆਂ ਤੇ ਨਾਲ ਅਲੂਣਾ ਸਾਗ ਅਜੇ ਵੀ।
ਵਲੈਤੀ ਲਾਮਾਂ ਦੇ ਵੈਣ ਤੇ ਬਿਰਹੜੇ ਪੰਜਾਬ ਵਿੱਚ ਕਿਉਂ ਆਸਮਾਨ ਨੂੰ ਚੀਰ ਕੇ ਰੁਆਉਂਦੇ ਰਹੇ। ਪੰਜਾਬ ਵਿੱਚ ਅਤਿਵਾਦ ਕਿਉਂ ਆਇਆ ਜਿਸ ਨੇ ਸਾਡੇ ਹਜ਼ਾਰਾਂ ਗੱਭਰੂ ਖਾ ਲਏ। ਉਸ ਦਾ ਸ਼ਿਅਰ ਹੈ:
ਜਦ ਤੋਂ ਹੋਰ ਜ਼ਮਾਨੇ ਆਏ ਬਦਲੇ ਨੇ ਹਾਲਾਤ ਮੀਆਂ।
ਸਾਡੇ ਪਿੰਡ ਤਾਂ ਚਾਰ ਵਜੇ ਹੀ ਪੈ ਜਾਂਦੀ ਏ ਰਾਤ ਮੀਆਂ।
ਆਪੋ ਆਪਣਾ ਜ਼ਹਿਰ ਪਿਆਲਾ ਪੀਣਾ ਪੈਣੈਂ ਹਮਸਫ਼ਰੋ,
ਹਰ ਵਾਰੀ ਨਹੀਂ ਆਉਂਦਾ ਹੁੰਦਾ, ਧਰਤੀ ਤੇ ਸੁਕਰਾਤ ਮੀਆਂ।
ਰਸਾਇਣਕ ਨਸ਼ੇ ਚਿੱਟੇ ਦੀ ਮਾਰ ਪੰਜਾਬ ਨੂੰ ਕਿਉਂ ਪਈ। ਪੰਜਾਬ ਵਿੱਚ ਬੇਹੱਦ ਬੇਰੁਜ਼ਗਾਰੀ ਕਿਉਂ ਹੈ। ਕਿਉਂ ਪੰਜਾਬੀ ਨੌਜਵਾਨ ਅਤੇ ਮੁਟਿਆਰਾਂ ਵਿਦੇਸ਼ਾਂ ਨੂੰ ਜਾ ਰਹੇ ਨੇ। ਸਭ ਤੋਂ ਵਧੇਰੇ ਜੰਗਾਲੇ ਜਿੰਦਰੇ ਪੰਜਾਬੀ ਘਰਾਂ ਦੇ ਬੂਹਿਆਂ ਉੱਤੇ ਹੀ ਕਿਉਂ ਹਨ।
ਅਨੇਕਾਂ ਹੋਰ ਮੁਸ਼ਕਿਲ ਦੌਰ ਪੰਜਾਬ ਨਾਲ ਬਾਵਸਤਾ ਹਨ। ਇੱਥੇ ਵੱਸਣ ਵਾਲੇ ਹੱਸਾਸ ਲੋਕ ਤੇ ਖ਼ਾਸਕਰ ਸ਼ਾਇਰ ਇਨ੍ਹਾਂ ਬੇਥ੍ਹਵੀਆਂ ਹੋਣੀਆਂ ਦੇ ਸਨਮੁਖ ਕਲਮ ਨੂੰ ਹਥਿਆਰ ਨਾ ਬਣਾਉਣ ਤਾਂ ਉਹ ਗਦਾਰ ਸਮਝੇ ਜਾਣਗੇ।
ਸਾਡਾ ਗੁਰਭਜਨ ਗਿੱਲ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਪੜ੍ਹਾਉਂਦਾ ਰਿਹਾ। ਉਸ ਦੀਆਂ ਰਕਤ ਵਹਿਣੀਆਂ ਵਿੱਚ ਬਾਬੇ ਨਾਨਕ ਦਾ ਖ਼ੂਨ ਵਹਿੰਦਾ ਹੈ। ਇਸੇ ਲਈ ਉਸ ਕੋਲ ਰੰਗਦਾਰ ਸ਼ਾਇਰੀ ਦੀ ਥਾਂ ਉਸ ਦੇ ਸਾਹਮਣੇ ਪੰਜਾਬ ਦੀਆਂ ਹੋਣੀਆਂ ਸਨ। ਪੰਜਾਬ ਦੇ ਸੀਨੇ ਲੱਗੀਆਂ ਅੱਗਾਂ ਦਾ ਸੇਕ ਸੀ ਜਿਸ ਉੱਤੇ ਉਸ ਨੇ ਸ਼ਿਅਰਾਂ ਦੀ ਕਿਣਮਿਣ ਕਰਨੀ ਸੀ। ਮੁਹੱਬਤ ਦੇ ਮਸਲੇ ਉਸ ਨੇ ਦੁਜੈਲੀ ਥਾਂ ਕਰ ਦਿੱਤੇ ਅਤੇ ਪੰਜਾਬ ਦੇ ਮਸਲਿਆਂ ਨੂੰ ਪਹਿਲ ਦਿੱਤੀ। ਇਹੀ ਕਾਰਨ ਹੈ ਕਿ ਮੈਂ ਉਸ ਦੇ ਗ਼ਜ਼ਲ ਸੰਗ੍ਰਹਿ ‘ਅੱਖ਼ਰ ਅੱਖ਼ਰ’ ਨੂੰ ਗ਼ਜ਼ਲ ਦਾ ਸੁਨਹਿਰੀ ਗੁੰਬਦ ਆਖਦਾ ਹਾਂ। ਇਹ ਉਲਾਰ ਬਿਰਤੀ ਨਹੀਂ, ਨਿਆਂ ਪ੍ਰਵਿਰਤੀ ਹੈ।
ਅੱਖ਼ਰ ਅੱਖ਼ਰ ਦੇ ਹਰ ਸ਼ਿਅਰ ਵਿੱਚੋਂ ਪੰਜਾਬ ਦਾ ਦਰਦ ਚੋਂਦਾ ਹੈ। ਪੰਜਾਬੀ ਘਰਾਂ, ਪਰਵਾਸ ਕਾਰਨ ਬਜ਼ੁਰਗੀ ਦਾ ਪੁੱਤਰ ਧੀਆਂ ਪ੍ਰਤੀ ਉਦਰੇਵਾਂ ਸਿਰ ਚੜ੍ਹ ਬੋਲਦਾ ਹੈ।
ਪੂਰਨ ਪੁੱਤ ਪਰਦੇਸੀਂ ਜਦ ਵੀ ਕਰਨ ਕਮਾਈਆਂ ਤੁਰ ਜਾਂਦੇ ਨੇ।
ਕੱਚੇ ਕੋਠੇ ਸਣੇ ਬਨੇਰੇ, ਭੁਰਦੇ ਭੁਰਦੇ ਭੁਰ ਜਾਂਦੇ ਨੇ।
ਘਰ ਦਾ ਨਾਂ ਤਾਂ ‘ਰੈਣ ਬਸੇਰਾ’ ਰੱਖ ਲਿਆ ਸੀ ਵੇਖਾ ਵੇਖੀ,
ਯਾਦ ਨਹੀਂ ਸੀ ਸਗਲ ਮੁਸਾਫ਼ਿਰ, ਰਾਤਾਂ ਕੱਟ ਕੇ ਤੁਰ ਜਾਂਦੇ ਨੇ।
ਗੁਰਭਜਨ ਗਿੱਲ ਦੀ ਇਸ ਵੱਡ-ਆਕਾਰੀ ਗ਼ਜ਼ਲ ਪੁਸਤਕ ਵਿੱਚ ਹਰੀ, ਨੀਲੀ ਤੇ ਚਿੱਟੀ ਕ੍ਰਾਂਤੀ ਵਿੱਚ ਛੁਪੀ ਕੰਗਾਲ ਵਿਵਸਥਾ, ਕਿਸਾਨ ਦੀ ਦੁਰਗਤ, ਕਿਸਾਨਾਂ ਤੇ ਬੇਰੁਜ਼ਗਾਰਾਂ ਦੀਆਂ ਆਤਮਹੱਤਿਆਵਾਂ, ਸਮਾਜਿਕ, ਆਰਥਿਕ, ਰਾਜਨੀਤਕ, ਸੱਭਿਆਚਾਰਕ, ਮਨੋਵਿਗਿਆਨਿਕ ਵਿਡੰਬਨਾਵਾਂ, ਰਿਸ਼ਤਿਆਂ ਦਾ ਵਪਾਰੀਕਰਨ ਅਤੇ ਗੁੰਝਲਦਾਰ ਦੋਹਰੇ ਕਿਰਦਾਰ, ਖੰਡਿਤ ਅਸਤਿੱਤਵ, ਰਾਜ ਪ੍ਰਬੰਧ ਦਾ ਦੰਭੀ ਸਰੂਪ, ਪ੍ਰਗਤੀਸ਼ੀਲਤਾ ਵੇਚਦਿਆਂ ਦੇ ਪਿਛਾਂਹਖਿੱਚੂ ਕਿਰਦਾਰ, ਨਾਰੀ ਸਰੋਕਾਰ, ਸੰਘਰਸ਼, ਸਮਾਜਿਕ ਕਲਿਆਣ ਅਤੇ ਅਤਿ ਮੁਸ਼ਕਿਲ ਸਮਿਆਂ ਵਿੱਚ ਉਸ ਦੇ ਸ਼ਿਅਰ ਚਮਕਦੀਆਂ ਝਲਕਾਂ ਮਾਰਦੇ ਹਨ।
ਸਾਡੇ ਕੋਲ ਦੋ ਤਰ੍ਹਾਂ ਦੇ ਗ਼ਜ਼ਲਗੋ ਹਨ। ਇਹ ਤਾਂ ਉਹ ਹਨ ਜੋ ਸ਼ਿਅਰ ਸਿਰਜਣਾ ਨੂੰ ਅਜਿਹੀ ਅਵਸਥਾ ਉੱਤੇ ਲੈ ਜਾਂਦੇ ਹਨ ਜਿੱਥੇ ਅਕਲ ਅਤੇ ਸਮਝ ਭੰਬੂਤਾਰਿਆਂ ਵਾਂਗ ਉੱਡਦੇ ਪ੍ਰਤੀਤ ਹੁੰਦੇ ਹਨ। ਅਜਿਹੇ ਗ਼ਜ਼ਲਗੋਆਂ ਦੇ ਚਿੰਨ੍ਹ ਬਿੰਬ ਅਨੋਖੀ ਅਵਸਥਾ ਦੇ ਹੁੰਦੇ ਹਨ। ਇਨ੍ਹਾਂ ਦੇ ਸ਼ਿਅਰਾਂ ਦੇ ਸਰੋਕਾਰ ਸਮਾਜ ਜਾਂ ਮਾਨਵ ਹਿਤੈਸ਼ੀ ਨਹੀਂ ਰਹਿੰਦੇ। ਇੰਜ ਹੋਰ ਵੀ ਤਰ੍ਹਾਂ ਦਾ ਅਖੌਤੀ ਬੌਧਿਕ ਵਰਤਾਰਾ ਸਿਰਜ ਲਿਆ ਜਾਂਦਾ ਹੈ ਜੋ ਦੂਜੇ ਸ਼ਾਇਰਾਂ ਨੂੰ ਮੁਤਾਸਰ ਕਰਨ ਵਾਸਤੇ ਹੁੰਦਾ ਹੈ।
ਦੂਜੀ ਤਰ੍ਹਾਂ ਦੇ ਸ਼ਾਇਰ ਗੁਰਭਜਨ ਗਿੱਲ ਵਰਗੀ ਭਾਵਨਾ ਦੇ ਲਖਾਇਕ ਹੁੰਦੇ ਹਨ। ਇਨ੍ਹਾਂ ਦੇ ਸ਼ਿਅਰ ਸਮਾਜਿਕ ਪ੍ਰਸਥਿਤੀਆਂ ਨੂੰ ਬਿਆਨ ਕਰਦੇ ਹਨ ਤੇ ਲੋਕ ਮਸਲਿਆਂ ਨੂੰ ਉਭਾਰਦੇ ਹਨ। ਸਮਾਜਿਕ ਪੈੜਚਾਲ ਨੂੰ ਨਿਹਾਰਦੇ ਤੇ ਅਗਲੇ ਸਫ਼ਰ ਦੀਆਂ ਔਖੀਆਂ ਘਾਟੀਆਂ ਨੂੰ ਬਿਆਨਦੇ ਹਨ।
ਗੁਰਭਜਨ ਗਿੱਲ ਨੇ ਆਪਣੀ ਸ਼ਕਤੀ ਅਰੂਜ਼ ਨੂੰ ਲਾਗੂ ਕਰਨ ਉੱਤੇ ਨਹੀਂ ਖ਼ਰਚ ਕੀਤੀ ਜਿੰਨੀ ਆਮ ਫਹਿਮ ਲੋਕ ਸੁਰਤਾ ਨੂੰ ਨਾਲ ਲੈ ਕੇ ਲੋਕਤਾ ਨਾਲ ਜੁੜਨ ਵੱਲ ਮਿਹਨਤ ਕੀਤੀ ਹੈ। ਇਹ ਵੀ ਨਹੀਂ ਕਿ ਉਸ ਨੂੰ ਰਮਲ ਹਜ਼ਜ ਜਾਂ ਅਜਿਹੇ ਹੋਰ ਪ੍ਰਚਲਿਤ ਫ਼ਾਰਸੀ ਬਹਿਰਾਂ ਅਮਲ ਵਿੱਚ ਲਿਆਉਣੀਆਂ ਨਾ ਆਉਂਦੀਆਂ ਹੋਣ। ਦਰਅਸਲ, ਗੁਰਭਜਨ ਗਿੱਲ ਨੇ ਔਖੇ ਔਖੇ ਬਹਿਰਾਂ ਦਾ ਵਿਖਾਵਾ ਨਹੀਂ ਕੀਤਾ।
ਉਸ ਨੇ ਉਹ ਛੰਦ ਹੀ ਵਰਤੇ ਹਨ ਜਿਹੜੇ ਪੰਜਾਬੀਆਂ ਦੇ ਮਨ ਮਸਤਕ ਵਿੱਚ ਇਕਸੁਰ ਹੋਏ ਪਏ ਹਨ। ਰੂਪਵਾਦੀ ਸ਼ਿਅਰਕਾਰ ਆਪਣੇ ਸ਼ਿਅਰਾਂ ਵਾਸਤੇ ਅਜਿਹੇ ਅਜਿਹੇ ਬਹਿਰ ਵਰਤਦੇ ਹਨ ਕਿ ਪੰਜਾਬੀ ਦਾ ਆਮ ਬੰਦਾ ਗੁੰਮ ਹੋ ਕੇ ਰਹਿ ਜਾਂਦਾ ਹੈ ਤੇ ਡਰ ਦਾ ਮਾਰਾ ਬੋਲਦਾ ਨਹੀਂ ਕਿਉਂਕਿ ਇਹ ਗ਼ਜ਼ਲ ਤਾਂ ਬੇਕਾਰਾਂ ਦਾ ਘੁੰਮਣਘੇਰ ਰੋਗ ਹੈ। ਇਹ ਰੋਗ ਗੁਰਭਜਨ ਗਿੱਲ ਦੇ ਕਲਾਮ ਵਿੱਚ ਨਹੀਂ।
ਪੁਸਤਕ ਦੇ ਆਦਿ ਵਿੱਚ ਕੋਈ ਮੁੱਖ ਬੰਦ ਜਾਂ ਲੇਖਕ ਵੱਲੋਂ ਕੋਈ ਟਿੱਪਣੀ ਨਹੀਂ ਸਗੋਂ ਪ੍ਰੋ. ਰਵਿੰਦਰ ਭੱਠਲ ਤੇ ਬਲਵਿੰਦਰ ਸੰਧੂ ਵੱਲੋਂ ਲਿਖੇ ਦੋ ਕਾਵਿ ਚਿਤਰ ਹਨ ਜੋ ਲੇਖਕ ਦੀ ਸ਼ਖ਼ਸੀਅਤ ਤੇ ਸਿਰਜਣਾ ਬਾਰੇ ਭਰਵੀਂ ਜਾਣਕਾਰੀ ਦਿੰਦੇ ਹਨ। ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਛਪਵਾਈ ਇਸ ਪੁਸਤਕ ਦਾ ਵਿਤਰਣ ਸਿੰਘ ਬ੍ਰਦਰਜ਼, ਅੰਮ੍ਰਿਤਸਰ ਕਰ ਰਹੇ ਹਨ।
ਸੰਪਰਕ: 94174-84337