ਸੋਨਾ 85 ਹਜ਼ਾਰ ਅਤੇ ਰੁਪੱਈਆ 87 ਤੋਂ ਪਾਰ
ਨਵੀਂ ਦਿੱਲੀ:
ਸੋਨੇ ਦੀ ਕੀਮਤ ਅੱਜ 400 ਰੁਪਏ ਵਧ ਕੇ 85,300 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਈ। ਕਾਰੋਬਾਰੀਆਂ ਮੁਤਾਬਕ ਰੁਪਏ ’ਚ ਵੱਡੀ ਗਿਰਾਵਟ ਅਤੇ ਕੌਮਾਂਤਰੀ ਬਾਜ਼ਾਰਾਂ ’ਚ ਕਮਜ਼ੋਰ ਰੁਝਾਨਾਂ ਕਾਰਨ ਸੋਨੇ ਦਾ ਭਾਅ ਰਿਕਾਰਡ ਪੱਧਰ ’ਤੇ ਪੁੱਜਿਆ ਹੈ। ਰੁਪੱਈਆ 55 ਪੈਸੇ ਡਿੱਗ ਕੇ ਅਮਰੀਕੀ ਡਾਲਰ ਦੇ ਮੁਕਾਬਲੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 87.17 (ਆਰਜ਼ੀ) ਉਪਰ ਪਹੁੰਚ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੈਨੇਡਾ, ਮੈਕਸਿਕੋ ਅਤੇ ਚੀਨ ’ਤੇ ਟੈਕਸ ਥੋਪੇ ਜਾਣ ਮਗਰੋਂ ਰੁਪਏ ’ਚ ਗਿਰਾਵਟ ਦਰਜ ਕੀਤੀ ਗਈ ਹੈ। ਕੇਂਦਰੀ ਵਿੱਤ ਸਕੱਤਰ ਤੁਹਿਨ ਕਾਂਤਾ ਪਾਂਡੇ ਨੇ ਕਿਹਾ ਕਿ ਰੁਪਏ ਦੀ ਕੀਮਤ ਨੂੰ ਲੈ ਕੇ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਭਾਰਤੀ ਰਿਜ਼ਰਵ ਬੈਂਕ ਸਥਾਨਕ ਕਰੰਸੀ ’ਚ ਉਤਰਾਅ-ਚੜ੍ਹਾਅ ਨੂੰ ਰੋਕਣ ਦੇ ਪ੍ਰਬੰਧ ਕਰ ਰਿਹਾ ਹੈ। ਇਸੇ ਤਰ੍ਹਾਂ ਸ਼ੇਅਰ ਬਾਜ਼ਾਰ ’ਚ ਵੀ ਗਿਰਾਵਟ ਦਾ ਰੁਝਾਨ ਰਿਹਾ। ਤੀਹ ਸ਼ੇਅਰਾਂ ਵਾਲਾ ਬੀਐੱਸਈ ਦਾ ਸੈਂਸੈਕਸ 319.22 ਅੰਕ ਜਾਂ 0.41 ਫੀਸਦ ਡਿੱਗ ਕੇ 77,186.74 ਦੇ ਪੱਧਰ ’ਤੇ ਬੰਦ ਹੋਇਆ। ਇਸ ਨਾਲ ਸੈਂਸੈਕਸ ਵਿਚ ਪੰਜ ਕਾਰੋਬਾਰੀ ਦਿਨਾਂ ਤੋਂ ਜਾਰੀ ਤੇਜ਼ੀ ਨੂੰ ਬ੍ਰੇਕ ਲੱਗ ਗਈ ਹੈ। ਉਂਜ ਦਿਨ ਦੇ ਕਾਰੋਬਾਰ ਦੌਰਾਨ ਇਹ ਇਕ ਵਾਰ 749.87 ਅੰਕ ਜਾਂ 0.96 ਫੀਸਦ ਡਿੱਗ ਕੇ 76,756.09 ਦੇ ਪੱਧਰ ’ਤੇ ਵੀ ਆ ਗਿਆ ਸੀ। ਇਸੇ ਤਰ੍ਹਾਂ ਐੱਨਐੱਸਈ ਦਾ ਨਿਫਟੀ 121.10 ਅੰਕ ਜਾਂ 0.52 ਫੀਸਦ ਡਿੱਗ ਕੇ 23,361.05 ਉੱਤੇ ਬੰਦ ਹੋਇਆ। -ਪੀਟੀਆਈ