ਗੋਲਕ ਦੇ ਪੈਸੇ
ਪ੍ਰਿੰਸੀਪਲ ਵਿਜੈ ਕੁਮਾਰ
ਗੱਲ ਉਸ ਸਮੇਂ ਦੀ ਹੈ ਜਦੋਂ ਸਾਡੇ ਦੇਸ਼ ’ਤੇ ਮੁਗ਼ਲਾਂ ਦਾ ਰਾਜ ਸੀ। ਸਾਡਾ ਦੇਸ਼ ਛੋਟੀਆਂ ਛੋਟੀਆਂ ਰਿਆਸਤਾਂ ਵਿੱਚ ਵੰਡਿਆ ਹੋਇਆ ਸੀ। ਮੁਗ਼ਲਾਂ ਨੇ ਲਗਭਗ ਸਾਰੇ ਦੇਸ਼ ਉੱਤੇ ਆਪਣਾ ਰਾਜ ਕਾਇਮ ਕੀਤਾ ਹੋਇਆ ਸੀ, ਪਰ ਰਾਜਸਥਾਨ ਪ੍ਰਾਂਤ ਦੀ ਇੱਕ ਅਜਿਹੀ ਰਿਆਸਤ ਸੀ ਜਿਸ ਦੇ ਰਾਜਪੂਤ ਰਾਜੇ ਨੇ ਮੁਗ਼ਲ ਸਮਰਾਜ ਦੀ ਅਧੀਨਗੀ ਨੂੰ ਕਬੂਲਿਆ ਨਹੀਂ ਸੀ। ਕਈ ਮੁਗ਼ਲ ਰਾਜਿਆਂ ਨੇ ਉਸ ਰਿਆਸਤ ’ਤੇ ਹਮਲਾ ਕੀਤਾ, ਪਰ ਉਹ ਉਸ ਰਿਆਸਤ ’ਤੇ ਆਪਣਾ ਕਬਜ਼ਾ ਨਹੀਂ ਕਰ ਪਾਏ। ਇੱਕ ਵਾਰ ਇੱਕ ਮੁਗ਼ਲ ਰਾਜਾ ਉਸ ਰਿਆਸਤ ਦੇ ਕੋਲੋਂ ਆਪਣੇ ਮੰਤਰੀਆਂ ਅਤੇ ਸਿਪਾਹੀਆਂ ਨਾਲ ਲੰਘ ਰਿਹਾ ਸੀ। ਅਚਨਚੇਤ ਉਸ ਮੁਗ਼ਲ ਰਾਜੇ ਦਾ ਧਿਆਨ ਉਸ ਰਿਆਸਤ ਦੇ ਰਾਜੇ ਦੇ ਰਾਜ ਮਹਿਲ ਉੱਤੇ ਭਾਰਤ ਦੇਸ਼ ਦੇ ਲਹਿਰਾਉਂਦੇ ਹੋਏ ਝੰਡੇ ’ਤੇ ਗਿਆ।
ਉਸ ਨੇ ਆਪਣਾ ਹਾਥੀ ਰੋਕ ਕੇ ਮੰਤਰੀਆਂ ਨੂੰ ਸਵਾਲ ਕੀਤਾ, ‘‘ਮੰਤਰੀ ਸਹਬਿਾਨ, ਇਹ ਮੈਂ ਕੀ ਵੇਖ ਰਿਹਾ ਹਾਂ, ਸਾਡੇ ਮੁਗ਼ਲਾਂ ਦੇ ਸਮਰਾਜ ਵਿੱਚ ਭਾਰਤ ਦੇਸ਼ ਦਾ ਝੰਡਾ ਕਿਵੇਂ ਲਹਿਰਾ ਰਿਹਾ ਹੈ?’’
ਉਸ ਦੇ ਮੰਤਰੀਆਂ ’ਚੋਂ ਇੱਕ ਮੰਤਰੀ ਨੇ ਜਵਾਬ ਦਿੱਤਾ, ‘‘ਬਾਦਸ਼ਾਹ ਸਲਾਮਤ, ਇਸ ਰਾਜੇ ਦਾ ਨਾਂ ਰਣਦੇਵ ਸਿੰਘ ਹੈ। ਇਹ ਆਪਣੇ ਨਾਂ ਦੀ ਤਰ੍ਹਾਂ ਕਦੇ ਵੀ ਲੜਾਈ ਵਿੱਚ ਹਾਰਿਆ ਨਹੀਂ। ਇਹ ਆਪਣੇ ਦੇਸ਼ ਪ੍ਰਤੀ ਬਹੁਤ ਹੀ ਵਫ਼ਾਦਾਰ ਅਤੇ ਬਹਾਦਰ ਰਾਜਾ ਹੈ। ਇਸ ਰਿਆਸਤ ਦੇ ਸੈਨਿਕ ਹੀ ਨਹੀਂ ਸਗੋਂ ਰਿਆਸਤ ਦੇ ਲੋਕ ਵੀ ਦੁਸ਼ਮਣ ਦਾ ਡਟ ਕੇ ਮੁਕਾਬਲਾ ਕਰਦੇ ਹਨ, ਪਰ ਇਸ ਰਿਆਸਤ ਦੀ ਸੈਨਾ ਦਾ ਸੈਨਾਪਤੀ ਉਸ ਤੋਂ ਵੀ ਜ਼ਿਆਦਾ ਬਹਾਦਰ ਹੈ। ਉਸ ਦੇ ਸਾਹਮਣੇ ਕੋਈ ਵੀ ਸੈਨਾ ਟਿਕ ਨਹੀਂ ਸਕੀ। ਕੋਈ ਵੀ ਮੁਗ਼ਲ ਰਾਜਾ ਇਸ ਰਿਆਸਤ ’ਤੇ ਕਬਜ਼ਾ ਨਹੀਂ ਕਰ ਸਕਿਆ।’’
ਉਹ ਮੁਗ਼ਲ ਰਾਜਾ ਆਪਣੇ ਮੰਤਰੀਆਂ ਦੀਆਂ ਗੱਲਾਂ ਸੁਣ ਕੇ ਹੈਰਾਨ ਹੀ ਨਹੀਂ ਸਗੋਂ ਪਰੇਸ਼ਾਨ ਵੀ ਹੋਇਆ। ਉਹ ਉਸ ਸਮੇਂ ਬੋਲਿਆ ਤਾਂ ਕੁਝ ਨਹੀਂ, ਪਰ ਉਸ ਨੇ ਮਨ ਹੀ ਮਨ ਇਹ ਫੈਸਲਾ ਕਰ ਲਿਆ ਕਿ ਉਹ ਇਸ ਰਿਆਸਤ ਉੱਤੇ ਕਬਜ਼ਾ ਕਰਕੇ ਹੀ ਸਾਹ ਲਵੇਗਾ। ਉਸ ਨੇ ਜਾਂਦਿਆਂ ਹੀ ਆਪਣੇ ਦਰਬਾਰ ਵਿੱਚ ਮੰਤਰੀਆਂ ਦੀ ਮੀਟਿੰਗ ਬੁਲਾ ਕੇ ਹੁਕਮ ਦਿੱਤਾ ਕਿ ਸੈਨਾ ਭੇਜ ਕੇ ਰਣਦੇਵ ਸਿੰਘ ਦੀ ਰਿਆਸਤ ’ਤੇ ਹਮਲਾ ਕੀਤਾ ਜਾਵੇ। ਮੁਗ਼ਲ ਸੈਨਾ ਨੇ ਚੰਗੀ ਤਿਆਰੀ ਨਾਲ ਉਸ ਰਿਆਸਤ ’ਤੇ ਹਮਲਾ ਕੀਤਾ। ਮੁਗਲ ਸੈਨਾ ਗਿਣਤੀ ’ਚ ਕਾਫ਼ੀ ਸੀ। ਉਨ੍ਹਾਂ ਕੋਲ ਹਾਥੀ ਘੋੜੇ ਤੇ ਹਥਿਆਰ ਵੀ ਕਾਫ਼ੀ ਸਨ, ਪਰ ਰਾਜਾ ਰਣਦੇਵ ਸਿੰਘ ਦੀ ਸੈਨਾ ਨੇ ਘੱਟ ਹੋਣ ਦੇ ਬਾਵਜੂਦ ਮੁਗ਼ਲ ਸੈਨਾ ਦਾ ਡਟ ਕੇ ਮੁਕਾਬਲਾ ਕੀਤਾ। ਮੁਗ਼ਲ ਸੈਨਾ ਰਾਜਾ ਰਣਦੇਵ ਸਿੰਘ ਦੀ ਸੈਨਾ ਨੂੰ ਹਰਾ ਨਹੀਂ ਸਕੀ।
ਮੁਗ਼ਲ ਰਾਜੇ ਨੂੰ ਉਸ ਦੇ ਮੰਤਰੀਆਂ ਨੂੰ ਸਲਾਹ ਦਿੱਤੀ ਕਿ ਜੇਕਰ ਉਹ ਇਸ ਰਿਆਸਤ ਉੱਤੇ ਕਬਜ਼ਾ ਕਰਨਾ ਚਾਹੁੰਦਾ ਹੈ ਤਾਂ ਇਸ ਦੀ ਸੈਨਾ ਦੇ ਸੈਨਾਪਤੀ ਨੂੰ ਮਾਰ ਦਿੱਤਾ ਜਾਵੇ ਜਾਂ ਫੇਰ ਉਸ ਨੂੰ ਫੜ ਲਿਆ ਜਾਵੇ। ਮੁਗ਼ਲ ਰਾਜੇ ਨੂੰ ਮੰਤਰੀਆਂ ਦਾ ਸੁਝਾਅ ਠੀਕ ਲੱਗਾ। ਉਸ ਦੀ ਸੈਨਾ ਤੋਂ ਰਣਦੇਵ ਸਿੰਘ ਦੀ ਸੈਨਾ ਦਾ ਸੈਨਾਪਤੀ ਮਰਿਆ ਤਾਂ ਨਹੀਂ, ਪਰ ਉਸ ਨੂੰ ਫੜ ਲਿਆ ਗਿਆ। ਰਣਦੇਵ ਸਿੰਘ ਨੂੰ ਲੱਗਾ ਕਿ ਜੇਕਰ ਸੈਨਾ ਦੀ ਕਮਾਂਡ ਕਿਸੇ ਯੋਗ ਵਿਅਕਤੀ ਦੇ ਹੱਥ ਨਾ ਦਿੱਤੀ ਤਾਂ ਉਹ ਲੜਾਈ ਹਾਰ ਸਕਦਾ ਹੈ। ਉਸ ਨੇ ਆਪਣੇ ਸੈਨਾਪਤੀ ਦੀ ਸੈਨਾ ਦੀ ਅਗਵਾਈ ਆਪ ਕਰਨੀ ਸ਼ੁਰੂ ਕਰ ਦਿੱਤੀ। ਦੋਹਾਂ ਸੈਨਾਵਾਂ ਵਿੱਚ ਕਾਫ਼ੀ ਮਹੀਨਿਆਂ ਤੱਕ ਲੜਾਈ ਚੱਲੀ। ਮੁਗ਼ਲ ਸੈਨਾ ਰਣਦੇਵ ਸਿੰਘ ਦੀ ਸੈਨਾ ਨੂੰ ਹਰਾ ਤਾਂ ਨਹੀਂ ਸਕੀ, ਪਰ ਲੜਾਈ ਲੰਬੇ ਸਮੇਂ ਤੱਕ ਚੱਲਣ ਕਰਕੇ ਰਣਦੇਵ ਸਿੰਘ ਨੂੰ ਇਸ ਗੱਲ ਦਾ ਫ਼ਿਕਰ ਹੋਣ ਲੱਗਾ ਕਿ ਰਿਆਸਤ ਦੀ ਆਰਥਿਕ ਹਾਲਤ ਮਾੜੀ ਹੋ ਚੁੱਕੀ ਹੈ।
ਉਸ ਕੋਲ ਸੈਨਾ ਅਤੇ ਹਥਿਆਰ ਘਟਦੇ ਜਾ ਰਹੇ ਹਨ। ਜੇਕਰ ਉਸ ਨੂੰ ਆਰਥਿਕ ਮਦਦ ਨਾ ਮਿਲੀ ਤਾਂ ਉਹ ਲੜਾਈ ਹਾਰ ਸਕਦਾ ਹੈ। ਉਸ ਨੇ ਬਹੁਤ ਗੰਭੀਰਤਾ ਨਾਲ ਵਿਚਾਰ ਕਰਕੇ ਆਪਣੀ ਰਿਆਸਤ ਦੇ ਲੋਕਾਂ ਨੂੰ ਇੱਕਠਾ ਕਰਕੇ ਉਨ੍ਹਾਂ ਨੂੰ ਆਪਣੀ ਰਿਆਸਤ ਦੀ ਆਰਥਿਕ ਸਹਾਇਤਾ ਕਰਨ ਲਈ ਕਿਹਾ। ਉਸ ਦੇ ਕਹਿਣ ਦੀ ਦੇਰ ਸੀ ਕਿ ਰਿਆਸਤ ਦੇ ਲੋਕਾਂ ਨੇ ਉਸ ਦੇ ਅੱਗੇ ਗਹਿਣਿਆਂ, ਰੁਪਇਆਂ ਅਤੇ ਹੋਰ ਕੀਮਤੀ ਸੁਗਾਤਾਂ ਦਾ ਢੇਰ ਲਗਾ ਦਿੱਤਾ।
ਅਚਾਨਕ ਲੋਕਾਂ ਦੀ ਭੀੜ ਵਿੱਚੋਂ ਇੱਕ ਛੋਟਾ ਜਿਹਾ ਬੱਚਾ ਆ ਕੇ ਕਹਿਣ ਲੱਗਾ, ‘‘ਰਾਜਾ ਜੀ, ਮੇਰੇ ਪਿਤਾ ਜੀ ਦੀ ਮੌਤ ਹੋ ਚੁੱਕੀ ਹੈ। ਅਸੀਂ ਬਹੁਤ ਗਰੀਬ ਹਾਂ। ਸਾਡੇ ਘਰ ਦਾ ਗੁਜ਼ਾਰਾ ਔਖੇ ਹੋ ਕੇ ਚੱਲਦਾ ਹੈ। ਮੈਂ ਆਪਣੀ ਇਸ ਗੋਲਕ ’ਚ ਕੁਝ ਪੈਸੇ ਜੋੜ ਕੇ ਰੱਖੇ ਹੋਏ ਹਨ। ਤੁਸੀਂ ਇਨ੍ਹਾਂ ਪੈਸਿਆਂ ਦੀ ਵਰਤੋਂ ਕਰਕੇ ਦੁਸ਼ਮਣ ਨੂੰ ਹਰਾ ਦਿਓ।’’ ਉਸ ਬੱਚੇ ਦੀਆਂ ਗੱਲਾਂ ਸੁਣ ਕੇ ਰਣਦੇਵ ਸਿੰਘ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਸ ਨੇ ਉਸ ਨੂੰ ਆਪਣੀ ਗਲਵੱਕੜੀ ਵਿੱਚ ਲੈ ਕੇ ਕਿਹਾ, ‘‘ਬੱਚੇ, ਜਿਸ ਦੇਸ਼ ਵਿੱਚ ਤੇਰੇ ਜਿਹੇ ਦੇਸ਼ ਭਗਤ ਹੋਣ ਉਸ ਨੂੰ ਕੌਣ ਹਰਾ ਸਕਦਾ ਹੈ।’’
ਰਣਦੇਵ ਸਿੰਘ ਨੇ ਮੁੜ ਮੁਗ਼ਲ ਸੈਨਾ ’ਤੇ ਹਮਲਾ ਕੀਤਾ ਤੇ ਉਸ ਨੂੰ ਬੁਰੀ ਤਰ੍ਹਾਂ ਹਰਾ ਕੇ ਭਜਾ ਦਿੱਤਾ।
ਸੰਪਰਕ: 98726-27136