ਸਾਬਕਾ ਵਿਧਾਇਕ ਦਾ ਦੋਹਤਾ ਗੋਕੁਲ ਸੇਤੀਆ ਕਾਂਗਰਸ ’ਚ ਸ਼ਾਮਲ
ਪ੍ਰਭੂ ਦਿਆਲ
ਸਿਰਸਾ, 3 ਸਤੰਬਰ
ਸਿਰਸਾ ਦੇ ਸਾਬਕਾ ਵਿਧਾਇਕ ਲਛਮਣ ਦਾਸ ਅਰੋੜਾ ਦੇ ਦੋਹਤਾ ਗੋਕੁਲ ਸੇਤੀਆ ਅੱਜ ਕਾਂਗਰਸ ’ਚ ਸ਼ਾਮਲ ਹੋ ਗਏ ਹਨ। ਗੋਕੁਲ ਸੇਤੀਆ ਦੇ ਕਾਂਗਰਸ ’ਚ ਸ਼ਾਮਲ ਹੋਣ ਮਗਰੋਂ ਕਿਆਸ ਲਾਏ ਜਾ ਰਹੇ ਹਨ ਕਿ ਗੋਕੁਲ ਸੇਤੀਆ ਨੂੰ ਸਿਰਸਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੀ ਟਿਕਟ ਮਿਲ ਸਕਦੀ ਹੈ। ਗੋਕੁਲ ਸੇਤੀਆ ਪਿਛਲੇ ਕਈ ਦਿਨਾਂ ਤੋਂ ਦਿੱਲੀ ਦੇ ਗੇੜੇ ਲਾ ਰਹੇ ਸਨ। ਜ਼ਿਕਰਯੋਗ ਹੈ ਕਿ ਗੋਕੁਲ ਸੇਤੀਆ ਨੇ ਸਾਲ 2019 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਿਰਸਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ। ਗੋਕੁਲ ਸੇਤੀਆ ਇਹ ਚੋਣ ਗੋਪਾਲ ਕਾਂਡਾ ਤੋਂ ਮਹਿਜ਼ 602 ਵੋਟਾਂ ਦੇ ਫਰਕ ਨਾਲ ਹਾਰ ਗਏ ਸਨ। ਦੱਸਣਾ ਬਣਦਾ ਹੈ ਕਿ ਸਾਬਕਾ ਮੰਤਰੀ ਲਛਮਣ ਦਾਸ ਅਰੋੜਾ ਦੀ ਸਿਆਸੀ ਵਾਰਸ ਉਨ੍ਹਾਂ ਦੀ ਧੀ ਸੁਨੀਤਾ ਸੇਤੀਆ ਲਛਮਣ ਦਾਸ ਅਰੋੜਾ ਦੇ ਦੇਹਾਂਤ ਮਗਰੋਂ ਭਾਜਪਾ ’ਚ ਸ਼ਾਮਲ ਹੋ ਗਏ ਸਨ ਅਤੇ ਉਨ੍ਹਾਂ ਨੇ ਭਾਜਪਾ ਦੀ ਟਿਕਟ ’ਤੇ ਸਿਰਸਾ ਹਲਕੇ ਤੋਂ ਚੋਣ ਲੜੀ ਸੀ ਤੇ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਬਾਅਦ ਵਿੱਚ ਸੇਤੀਆ ਪਰਿਵਾਰ ਨੇ ਭਾਜਪਾ ਨੂੰ ਛੱਡ ਦਿੱਤਾ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਗੋਕੁਲ ਸੇਤੀਆ ਦਾ ਪਰਿਵਾਰ ਪੁਰਾਣਾ ਕਾਂਗਰਸੀ ਹੈ। ਗੋਕੁਲ ਸੇਤੀਆ ਦੇ ਨਾਨਾ ਲਛਮਣ ਦਾਸ ਅਰੋੜਾ ਸਿਰਸਾ ਹਲਕੇ ਤੋਂ ਪੰਜ ਵਾਰ ਵਿਧਾਇਕ ਚੁਣੇ ਗਏ ਸਨ ਤੇ ਉਹ ਹਰਿਆਣਾ ਸਰਕਾਰ ’ਚ ਕਬੀਨੇਟ ਮੰਤਰੀ ਵੀ ਬਣੇ ਸਨ। ਕਾਂਗਰਸ ਵਿੱਚ ਸ਼ਾਮਲ ਹੋਣ ਮਗਰੋਂ ਫੋਨ ’ਤੇ ਗੱਲ ਕਰਦਿਆਂ ਗੋਕੁਲ ਸੇਤੀਆ ਨੇ ਕਿਹਾ ਹਰਿਆਣਾ ’ਚ ਕਾਂਗਰਸ ਦੀ ਸਰਕਾਰ ਬਣਨਾ ਤੈਅ ਹੈ।
‘ਆਪ’ ਨੇ ਸ਼ਹਿਰ ਵਿੱਚ ਕੀਤੀ ਮੋਟਰਸਾਈਕਲ ਰੈਲੀ
ਆਮ ਆਦਮੀ ਪਾਰਟੀ ਵੱਲੋਂ ਅੱਜ ਸ਼ਹਿਰ ਵਿੱਚ ਮੋਟਰਸਾਈਕਲ ਰੈਲੀ ਕੀਤੀ ਗਈ। ਇਸ ਰੈਲੀ ਦੌਰਾਨ ਲੋਕਾਂ ਤੋਂ ਹਰਿਆਣਾ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਸਮਰਥਨ ਦੀ ਮੰਗ ਕੀਤੀ ਗਈ। ਰੈਲੀ ਦੀ ਅਗਵਾਈ ਸੀਨੀਅਰ ਆਗੂ ਵਰਿੰਦਰ ਕੁਮਾਰ, ਸ਼ਾਮ ਮਹਿਤਾ, ਪ੍ਰਦੀਪ ਸਚਦੇਵਾ ਅਤੇ ਹੰਸਰਾਜ ਸਾਮਾ ਨੇ ਸਾਂਝੇ ਤੌਰ ’ਤੇ ਕੀਤੀ। ‘ਆਪ’ ਆਗੂ ਤੇ ਵਰਕਰ ਅੱਜ ਬਰਨਾਲਾ ਰੋਡ ’ਤੇ ਸਥਿਤ ਸ਼ਹੀਦ ਭਗਤ ਸਿੰਘ ਸਟੇਡੀਅਮ ’ਚ ਇਕੱਠੇ ਹੋਏ, ਜਿੱਥੋਂ ਉਹ ਨਾਅਰੇਬਾਜ਼ੀ ਕਰਦੇ ਹੋਏ ਆਪਣੇ ਮੋਟਰਸਾਈਕਲਾਂ ਤੇ ਸਕੂਟਰਾਂ ’ਤੇ ਸ਼ਹਿਰ ਲਈ ਰਵਾਨਾ ਹੋਏ। ਇਹ ਬਾਈਕ ਰੈਲੀ ਬਰਨਾਲਾ ਰੋਡ ਤੋਂ ਹੁੰਦੀ ਹੋਈ ਬਾਬਾ ਭੂਮਣ ਸ਼ਾਹ ਚੌਕ, ਭਗਵਾਨ ਪਰਸ਼ੂਰਾਮ ਚੌਕ, ਸ਼ਹੀਦ ਭਗਤ ਸਿੰਘ ਚੌਕ, ਘੰਟਾਘਰ ਚੌਕ, ਸ਼ਿਵ ਚੌਕ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਚੌਕ ’ਚ ਸਮਾਪਤ ਹੋਈ। ਇਸ ਰੈਲੀ ਰਾਹੀਂ ਆਗੂਆਂ ਤੇ ਵਰਕਰਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵਿਧਾਨ ਸਭਾ ਚੋਣਾਂ ਵਿੱਚ ਕੇਜਰੀਵਾਲ ਨੂੰ ਮੌਕਾ ਦੇਣ।