For the best experience, open
https://m.punjabitribuneonline.com
on your mobile browser.
Advertisement

ਕੈਨੇਡਾ ਜਾਣਾ ਹੋਇਆ ਮਹਿੰਗਾ

06:40 AM Dec 11, 2023 IST
ਕੈਨੇਡਾ ਜਾਣਾ ਹੋਇਆ ਮਹਿੰਗਾ
Advertisement

ਪੜ੍ਹਾਈ ਲਈ ਵੀਜ਼ਾ ਲੈ ਕੇ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੇ ਮਾਪਿਆਂ ’ਤੇ ਨਵੇਂ ਸਾਲ ਤੋਂ ਹੋਰ ਜ਼ਿਆਦਾ ਵਿੱਤੀ ਬੋਝ ਪਵੇਗਾ। ਕੈਨੇਡਾ ਸਰਕਾਰ ਨੇ ਪੜ੍ਹਾਈ ਲਈ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਲਈ ਗਾਰੰਟੀਡ ਇਨਵੈਸਟਮੈਂਟ ਸਰਟੀਫਿਕੇਟ (ਤੈਅਸ਼ੁਦਾ ਨਿਵੇਸ਼ ਦਾ ਪ੍ਰਮਾਣ ਪੱਤਰ - ਜੀਆਈਸੀ) ਦੀ ਰਾਸ਼ੀ 10 ਹਜ਼ਾਰ ਕੈਨੇਡੀਅਨ ਡਾਲਰ ਤੋਂ ਵਧਾ ਕੇ 20,635 ਕੈਨੇਡੀਅਨ ਡਾਲਰ ਪ੍ਰਤੀ ਵਿਦਿਆਰਥੀ ਕਰ ਦਿੱਤੀ ਹੈ। ਇਸ ਸਕੀਮ ਤਹਿਤ ਵਿਦਿਆਰਥੀ ਇਹ ਰਾਸ਼ੀ ਕੈਨੇਡਾ ਦੇ ਬੈਂਕ ਵਿਚ ਇਕ ਸਾਲ ਲਈ ਜਮ੍ਹਾਂ ਕਰਵਾਉਂਦੇ ਹਨ ਅਤੇ ਵਿਦਿਆਰਥੀ ਨੂੰ ਉਸ ਖਾਤੇ ਵਿਚੋਂ ਹਰ ਮਹੀਨੇ ਨਿਸ਼ਚਿਤ ਰਕਮ ਇਕ ਸਾਲ ਲਈ ਮਿਲਦੀ ਹੈ। ਇਸ ਤਰ੍ਹਾਂ ਵਿਦਿਆਰਥੀਆਂ ਦੁਆਰਾ ਇਕ ਸਾਲ ਲਈ ਕੀਤੇ ਜਾਣ ਵਾਲੇ ਖਰਚ ਦਾ ਇਕ ਹਿੱਸਾ ਅਗਾਊਂ ਹੀ ਕੈਨੇਡਾ ਦੇ ਬੈਂਕ ਵਿਚ ਪਹੁੰਚ ਜਾਂਦਾ ਹੈ। ਕੌਮਾਂਤਰੀ ਵਿਦਿਆਰਥੀਆਂ ਲਈ ਨਿਸ਼ਚਿਤ ਰਕਮ ਜਮ੍ਹਾਂ ਕਰਾਉਣੀ ਲਾਜ਼ਮੀ ਹੈ। ਇੱਥੇ ਇਹ ਧਿਆਨ ਦੇਣ ਯੋਗ ਹੈ ਕਿ 10,000 ਕੈਨੇਡੀਅਨ ਡਾਲਰ ਦੀ ਰਾਸ਼ੀ ਦਸ ਸਾਲ ਪਹਿਲਾਂ ਨਿਸ਼ਚਿਤ ਕੀਤੀ ਗਈ ਸੀ। ਕੈਨੇਡੀਅਨ ਸਰਕਾਰ ਅਨੁਸਾਰ ਰਾਸ਼ੀ ਨੂੰ ਕੈਨੇਡਾ ਦੀਆਂ ਆਰਥਿਕ ਹਕੀਕਤਾਂ ਅਨੁਸਾਰ ਵਧਾਇਆ ਗਿਆ ਹੈ ਅਤੇ ਵਿਦਿਆਰਥੀਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕੈਨੇਡਾ ਵਿਚ ਰਹਿਣ ਦੇ ਖਰਚੇ ਵਧ ਗਏ ਹਨ। ਇਹੀ ਨਹੀਂ, ਵਿਦਿਆਰਥੀਆਂ ਨੂੰ ਰਿਹਾਇਸ਼, ਖਾਣੇ, ਸਿਹਤ ਸੰਭਾਲ ਅਤੇ ਹੋਰ ਚੀਜ਼ਾਂ ਲਈ ਵੀ ਵੱਧ ਖਰਚੇ ਦਾ ਬੋਝ ਸਹਿਣਾ ਪੈ ਰਿਹਾ ਹੈ। ਇਹ ਦਲੀਲ ਵੀ ਦਿੱਤੀ ਜਾ ਰਹੀ ਹੈ ਕਿ ਇਸ ਵਾਧੇ ਨਾਲ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਕੈਨੇਡਾ ਵਿਚ ਵਧ ਰਹੀਆਂ ਮੁਸ਼ਕਿਲਾਂ ਵੱਲ ਵੱਧ ਧਿਆਨ ਦੇਣਗੇ।
ਇਸ ਸਾਲ ਜੁਲਾਈ ਤੋਂ ਅਕਤੂਬਰ ਤਕ ਕੈਨੇਡਾ ਲਈ ਵੀਜ਼ੇ ਦੀ ਅਰਜ਼ੀ ਦੇਣ ਵਾਲਿਆਂ ਦੀ ਗਿਣਤੀ 86,562 ਸੀ; ਪਿਛਲੇ ਸਾਲ ਇਨ੍ਹਾਂ ਮਹੀਨਿਆਂ ਦੌਰਾਨ ਬਿਨੈਕਾਰਾਂ ਦੀ ਗਿਣਤੀ 1,45,881 ਸੀ। ਹੋ ਸਕਦਾ ਹੈ ਕਿ ਇਸ ਦਾ ਇਕ ਕਾਰਨ ਇਸ ਸਮੇਂ ਦੌਰਾਨ ਭਾਰਤ-ਕੈਨੇਡਾ ਸਬੰਧਾਂ ਵਿਚ ਆਈ ਜਟਿਲਤਾ ਹੋਵੇ ਪਰ ਇਕ ਹੋਰ ਕਾਰਨ ਸੋਸ਼ਲ ਮੀਡੀਆ ’ਤੇ ਕੈਨੇਡਾ ਵਿਚ ਪੜ੍ਹ ਰਹੇ ਵਿਦਿਆਰਥੀਆਂ ਦੁਆਰਾ ਉੱਥੇ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਵਰਣਨ ਵੀ ਹੈ। 2022 ਵਿਚ ਕੈਨੇਡਾ ਵਿਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਲਗਭਗ 3,19,000 ਹਜ਼ਾਰ ਸੀ।
ਕੀ ਰਾਸ਼ੀ ਵਿਚ ਇਹ ਵਾਧਾ ਲੁਕਵਾਂ ਵਰਦਾਨ ਸਾਬਤ ਹੋਵੇਗਾ ਜਾਂ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਵਧਾਏਗਾ? ਪੜ੍ਹਾਈ ਲਈ ਵੀਜ਼ਾ ਲੈ ਕੇ ਜਾਣ ਵਾਲੇ ਵਿਦਿਆਰਥੀਆਂ ਦੀ ਵੱਡੀ ਗਿਣਤੀ ਕੈਨੇਡਾ ਵਿਚ ਵੱਸਣਾ ਤੇ ਉੱਥੋਂ ਦੇ ਨਾਗਰਿਕ ਬਣਨਾ ਚਾਹੁੰਦੀ ਹੈ। ਪੰਜਾਬੀਆਂ ਵਿਚ ਕੈਨੇਡਾ ਅਤੇ ਹੋਰ ਦੇਸ਼ਾਂ ਵਿਚ ਜਾ ਕੇ ਵੱਸਣ ਦੀ ਚਾਹਤ ਏਨੀ ਪ੍ਰਬਲ ਹੈ ਕਿ ਉਹ ਸਭ ਕੁਝ ਦਾਅ ’ਤੇ ਲਗਾ ਕੇ ਵੀ ਵਿਦੇਸ਼ ਪਹੁੰਚਣਾ ਚਾਹੁੰਦੇ ਹਨ। ਰਾਸ਼ੀ ਵਿਚ ਇਹ ਵਾਧਾ ਇਨ੍ਹਾਂ ਚਾਹਵਾਨਾਂ ਲਈ ਬੁਰੀ ਖ਼ਬਰ ਹੈ ਕਿਉਂਕਿ ਕੈਨੇਡਾ ਜਾਣ ਦੇ ਚਾਹਵਾਨ ਵਿਦਿਆਰਥੀਆਂ ਦੇ ਮਾਪਿਆਂ ਨੂੰ ਪਹਿਲਾਂ ਨਾਲੋਂ ਦੁੱਗਣੇ ਪੈਸਿਆਂ ਦਾ ਇੰਤਜ਼ਾਮ ਕਰਨਾ ਪਵੇਗਾ। ਇਹ ਵਰਤਾਰਾ ਹਜ਼ਾਰਾਂ ਘਰਾਂ ’ਤੇ ਅਸਰ ਪਾਵੇਗਾ ਅਤੇ ਉਨ੍ਹਾਂ ਵਿਚੋਂ ਕਈਆਂ ਨੂੰ ਕਰਜ਼ਾ ਚੁੱਕਣ ਲਈ ਮਜਬੂਰ ਕਰੇਗਾ। ਪੰਜਾਬੀਆਂ ਨੂੰ ਕੈਨੇਡਾ ਤੇ ਹੋਰ ਦੇਸ਼ਾਂ ਵਿਚ ਬਦਲ ਰਹੇ ਆਰਥਿਕ ਹਾਲਾਤ ਬਾਰੇ ਵੀ ਸੋਚਣਾ ਚਾਹੀਦਾ ਹੈ। ਇਹ ਸਾਰੇ ਦੇਸ਼ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ ਅਤੇ ਉੱਥੇ ਨੌਕਰੀਆਂ ਘਟ ਰਹੀਆਂ ਹਨ। ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਵਧੀਆਂ ਹਨ। ਕੈਨੇਡਾ ਵਿਚ ਰਿਹਾਇਸ਼ ਦਾ ਵੀ ਵੱਡਾ ਸੰਕਟ ਹੈ। ਪਰਵਾਸ ਖੇਤਰ ਦੇ ਮਾਹਿਰਾਂ ਅਨੁਸਾਰ ਇਹ ਸੰਕਟ ਏਨਾ ਡੂੰਘਾ ਹੈ ਕਿ ਕੈਨੇਡਾ ’ਚੋਂ ਉਲਟ ਪਰਵਾਸ ਹੋ ਰਿਹਾ ਹੈ; 2021 ਵਿਚ 85,927 ਕੈਨੇਡੀਅਨ ਨਾਗਰਿਕ ਦੇਸ਼ ਛੱਡ ਗਏ ਅਤੇ 2022 ਵਿਚ 93,818 ਲੋਕ। 2023 ਦੇ ਪਹਿਲੇ ਛੇ ਮਹੀਨਿਆਂ ਵਿਚ 42000 ਤੋਂ ਵੱਧ ਕੈਨੇਡੀਅਨ ਨਾਗਰਿਕਾਂ ਨੇ ਦੇਸ਼ ਛੱਡਿਆ। ਕੁਝ ਹੋਰ ਅੰਕੜਿਆਂ ਅਨੁਸਾਰ ਕੈਨੇਡਾ ਵਿਚ ਨਵੇਂ ਜਾ ਰਹੇ ਲੋਕਾਂ ਨੂੰ ਆਪਣੀਆਂ ਤਨਖ਼ਾਹਾਂ ਦਾ 30 ਤੋਂ 50 ਫ਼ੀਸਦੀ ਹਿੱਸਾ ਕਿਰਾਏ ਲਈ ਖਰਚ ਕਰਨਾ ਪੈਂਦਾ ਹੈ। ਇੰਗਲੈਂਡ ਵੀ ਪਰਵਾਸੀ ਵਿਦਿਆਰਥੀਆਂ ’ਤੇ ਪਾਬੰਦੀਆਂ ਵਧਾ ਰਿਹਾ ਹੈ। ਕੈਨੇਡਾ, ਇੰਗਲੈਂਡ ਤੇ ਹੋਰ ਪੱਛਮੀ ਦੇਸ਼ ਇਨ੍ਹਾਂ ਦੇਸ਼ਾਂ ’ਚ ਹੋ ਰਹੇ ਪਰਵਾਸ ਨੂੰ ਘਟਾਉਣ ਦਾ ਯਤਨ ਕਰ ਰਹੇ ਹਨ। ਇਸ ਸਬੰਧੀ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਚੇਤੰਨ ਹੋਣ ਦੀ ਜ਼ਰੂਰਤ ਹੈ ਕਿ ਉਹ ਕੈਨੇਡਾ ਜਾਂ ਕਿਸੇ ਹੋਰ ਦੇਸ਼ ਜਾਣ ਤੋਂ ਪਹਿਲਾਂ ਉੱਥੋਂ ਦੀ ਪੜ੍ਹਾਈ ਦੇ ਸਿਸਟਮ, ਖਰਚੇ ਅਤੇ ਰੁਜ਼ਗਾਰ ਬਾਰੇ ਜਾਣਕਾਰੀ ਹਾਸਿਲ ਕਰਨ। ਪੰਜਾਬ ਸਰਕਾਰ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਪਰਵਾਸ ਕਰਵਾਉਣ ਦੇ ਖੇਤਰ ਵਿਚ ਸਲਾਹ ਦੇਣ ਦਾ ਕੰਮ ਕਰਨ ਵਾਲੀਆਂ ਏਜੰਸੀਆਂ ਤੇ ਏਜੰਟ ਵਿਦਿਆਰਥੀਆਂ ਤੇ ਉਨ੍ਹਾਂ ਮਾਪਿਆਂ ਨੂੰ ਸਹੀ ਜਾਣਕਾਰੀ ਉਪਲਬਧ ਕਰਵਾਉਣ। ਰਾਸ਼ੀ ਵਿਚ ਵਾਧਾ ਠੱਗੀ ਕਰਨ ਵਾਲੇ ਵਿਅਕਤੀਆਂ ਲਈ ਮੌਕਾ ਨਹੀਂ ਬਣਨਾ ਚਾਹੀਦਾ।

Advertisement

Advertisement
Author Image

Advertisement
Advertisement
×