ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦਾ ਨਾਮ ਗੁਰੂ ਅਮਰਦਾਸ ਦੇ ਨਾਂ ’ਤੇ ਹੋਵੇਗਾ: ਈਟੀਓ
ਗੁਰਬਖਸ਼ਪੁਰੀ
ਤਰਨ ਤਾਰਨ, 5 ਜਨਵਰੀ
ਪੰਜਾਬ ਸਰਕਾਰ ਵੱਲੋਂ ਜੀਵੀਕੇ ਕੋਲੋਂ ਗੋਇੰਦਵਾਲ ਸਾਹਿਬ ਸਥਿਤ 540 ਮੈਗਾਵਾਟ ਦੇ ਥਰਮਲ ਪਲਾਂਟ ਨੂੰ ਖਰੀਦੇ ਜਾਣ ’ਤੇ ਆਮ ਆਦਮੀ ਪਾਰਟੀ ਨੇ ਅੱਜ ਗੋਇੰਦਵਾਲ ਸਾਹਿਬ ਵਿੱਚ ਇਕ ਸਮਾਗਮ ਕੀਤਾ। ਇਸ ਮੌਕੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੂੰ ਮੁਬਾਰਕਾਂ ਦਿੱਤੀਆਂ ਗਈਆਂ| ਇਸ ਦੌਰਾਨ ਸੰਬੋਧਨ ਕਰਦਿਆਂ ਬਿਜਲੀ ਮੰਤਰੀ ਨੇ ਦੱਸਿਆ ਕਿ ਇਸ ਥਰਮਲ ਪਲਾਂਟ ਦਾ ਨਾਮ ਸ੍ਰੀ ਗੁਰੂ ਅਮਰਦਾਸ ਥਰਮਲ ਪਾਵਰ ਲਿਮਿਟਡ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਹ ਪਲਾਂਟ ਖਰੀਦੇ ਜਾਣ ਨਾਲ ਆਮ ਲੋਕਾਂ ਨੂੰ ਸਸਤੀ ਬਿਜਲੀ ਦਿੱਤੀ ਜਾ ਸਕੇਗੀ ਅਤੇ ਸਰਕਾਰ ਨੂੰ ਪ੍ਰਾਈਵੇਟ ਖੇਤਰ ਦੇ ਥਰਮਲ ਪਲਾਟਾਂ ਨਾਲ ਕੀਤੇ ਸਮਝੌਤਿਆਂ ਤਹਿਤ ਅਣਵਰਤੀ ਬਿਜਲੀ ਦੇ ਫਿਕਸਡ ਡਿਪਾਜ਼ਿਟ ਨਹੀਂ ਦੇਣੇ ਪੈਣਗੇ| ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਥਰਮਲ ਪਲਾਂਟ ਨੂੰ ਖਰੀਦ ਕੇ ‘ਬਿਜਲੀ ਖਰੀਦ ਸਮਝੌਤੇ’ ਦਾ ਵੀ ਭੋਗ ਪਾ ਦਿੱਤਾ ਹੈ। ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਵਿੱਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੀ ਉਚੇਚੇ ਤੌਰ ’ਤੇ ਸ਼ਾਮਲ ਹੋਏ| ਇਸ ਮੌਕੇ ਮੀਤ ਹੇਅਰ ਨੇ ਕਿਹਾ ਕਿ ਸਰਕਾਰ ਨੇ ਚਾਰ-ਚੁਫੇਰੇ ਪ੍ਰਾਈਵੇਟ ਖੇਤਰ ਦੇ ਕਬਜ਼ੇ ਵਿੱਚੋਂ ਇਕ ਪਲਾਂਟ ਨੂੰ ਖਰੀਦ ਕੇ ਇਨਕਲਾਬੀ ਕਦਮ ਉਠਾਇਆ ਹੈ| ਸਮਾਗਮ ਵਿੱਚ ਬਾਬਾ ਬਕਾਲਾ ਦੇ ਵਿਧਾਇਕ ਦਲਬੀਰ ਸਿੰਘ ਟੌਂਗ, ਚੇਅਰਮੈਨ ਰਾਜਿੰਦਰ ਸਿੰਘ ਉਸਮਾਂ ਨੇ ਆਪੋ-ਆਪਣੇ ਵਿਚਾਰ ਸਾਂਝੇ ਕੀਤੇ|