ਗੋਇੰਦਵਾਲ ਸਾਹਿਬ ਦੀ ਪੰਚਾਇਤ ਵੱਲੋਂ ਨਸ਼ਾ ਤਸਕਰਾਂ ਦੇ ਬਾਈਕਾਟ ਦਾ ਐਲਾਨ
ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 12 ਜਨਵਰੀ
ਗੋਇੰਦਵਾਲ ਸਾਹਿਬ ਦੀ ਪੰਚਾਇਤ ਨੇ ਸਰਪੰਚ ਨਿਰਮਲ ਸਿੰਘ ਢੋਟੀ ਦੀ ਅਗਵਾਈ ਹੇਠ ਮੀਟਿੰਗ ਕਰਦਿਆਂ ਕਈ ਅਹਿਮ ਮਤਿਆਂ ’ਤੇ ਮੋਹਰ ਲਾਈ। ਇਸ ਦੌਰਾਨ ਰਣਜੀਤ ਸਿੰਘ ਭੁੱਲਰ, ਦਵਿੰਦਰ ਸਿੰਘ ਗਿੱਲ, ਜੋਗਿੰਦਰ ਸਿੰਘ ਧੂੰਦਾ, ਹਰਪ੍ਰੀਤ ਸਿੰਘ ਬਿੱਲਾ, ਕਸ਼ਮੀਰ ਸਿੰਘ ਚੀਮਾ ਤੇ ਹਰਜੀਤ ਸਿੰਘ ਆਦਿ ਨੇ ਆਖਿਆ ਕਿ ਨਸ਼ਿਆਂ ਦੇ ਖਾਤਮੇ ਲਈ ਪਿੰਡ ਪੱਧਰ ’ਤੇ ਨਸ਼ਾ ਤਸਕਰਾਂ ਖ਼ਿਲਾਫ਼ ਫੈਸਲੇ ਲੈਣੇ ਹੋਣਗੇ। ਇਸ ਮੌਕੇ ਨਸ਼ਿਆਂ ਦੇ ਖਾਤਮੇ ਨੂੰ ਲੈ ਕੇ ਪੁਲੀਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਚੁੱਕੇ ਗਏ। ਮੀਟਿੰਗ ’ਚ ਸਮੁੱਚੀ ਪੰਚਾਇਤ ਵੱਲੋਂ ਨਗਰ ਦੇ ਮੋਹਤਵਰਾਂ ਅੱਗੇ ਰੱਖੇ ਵੱਖ-ਵੱਖ ਸੁਝਾਵਾਂ ’ਤੇ ਸਰਬਸੰਮਤੀ ਨਾਲ ਮੋਹਰ ਲਾਉਂਦੇ ਹੋਏ ਸਰਪੰਚ ਨਿਰਮਲ ਸਿੰਘ ਢੋਟੀ ਨੇ ਆਖਿਆ ਕਿ ਪਿੰਡ ਦਾ ਕੋਈ ਵੀ ਸਰਪੰਚ, ਮੈਂਬਰ, ਨੰਬਰਦਾਰ ਜਾਂ ਸਾਬਕਾ ਸਰਪੰਚ ਮੈਂਬਰ ਨਸ਼ਿਆਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਵਿਅਕਤੀ ਦੀ ਗਵਾਹੀ ਜਾਂ ਜ਼ਮਾਨਤ ਨਹੀਂ ਦੇਵੇਗਾ। ਇਸੇ ਤਰ੍ਹਾਂ ਪਿੰਡ ਦਾ ਜ਼ਿੰਮੇਵਾਰ ਵਿਅਕਤੀ ਸਰਕਾਰੇ ਦਰਬਾਰੇ ਨਸ਼ਾ ਤਸਕਰਾਂ ਦੀ ਕਿਸੇ ਕਿਸਮ ਦੀ ਪੈਰਵੀ ਜਾਂ ਸਿਫਾਰਸ਼ ਨਹੀਂ ਕਰੇਗਾ। ਸਰਪੰਚ ਨਿਰਮਲ ਸਿੰਘ ਢੋਟੀ ਨੇ ਆਖਿਆ ਕਿ ਪਿੰਡ ਵਿੱਚ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਦਾ ਮੁਕੰਮਲ ਤੌਰ ’ਤੇ ਸਮਾਜਿਕ ਬਾਈਕਾਟ ਕੀਤਾ ਜਾਵੇਗਾ। ਦੂਜੇ ਮਤੇ ਵਿੱਚ ਆਖਿਆ ਕਿ ਨਗਰ ਵਿੱਚ ਸਥਿਤ ਮੈਡੀਕਲ ਸਟੋਰ ਮਾਲਕ ਨਸ਼ੇੜੀਆਂ ਨੂੰ ਕਿਸੇ ਕਿਸਮ ਦਾ ਮੈਡੀਕਲ ਨਸ਼ਾ ਜਾਂ ਸਰਿੰਜਾਂ ਆਦਿ ਵੇਚਣ ਤੋਂ ਬਾਜ਼ ਆਉਣ ਨਹੀਂ ਤਾਂ ਉਨ੍ਹਾਂ ਵਿਰੁੱਧ ਪ੍ਰਸ਼ਾਸਨ ਨੂੰ ਕਾਨੂੰਨੀ ਕਾਰਵਾਈ ਲਈ ਲਿਖਿਆ ਜਾਵੇਗਾ। ਤੀਜੇ ਮਤੇ ’ਚ ਲਿਖਿਆ ਗਿਆ ਕਿ ਪਿੰਡ ਵਿੱਚ ਬਾਹਰੋਂ ਆਉਣ ਵਾਲੇ ਪਰਵਾਸੀ ਲੋਕਾਂ ਦੇ ਸ਼ਨਾਖਤੀ ਕਾਰਡ ਅਤੇ ਵੋਟਰ ਕਾਰਡ ਅਹਿਮ ਪੜਤਾਲ ਅਤੇ ਪੰਚਾਇਤ ਨਾਲ ਵਿਚਾਰ ਉਪਰੰਤ ਬਣਾਏ ਜਾਣਗੇ। ਚੌਥੇ ਤੇ ਆਖ਼ਰੀ ਮਤੇ ਵਿੱਚ ਆਖਿਆ ਗਿਆ ਕਿ ਜੇਕਰ ਕੋਈ ਵੀ ਮੋਹਤਵਰ ਪੰਚਾਇਤ ਦੇ ਮਤਿਆਂ ਦੀ ਉਲੰਘਣਾ ਕਰਦੇ ਹੋਏ ਨਸ਼ਿਆਂ ਨਾਲ ਸਬੰਧਤ ਵਿਅਕਤੀ ਦਾ ਸਾਥ ਦਿੰਦਾ ਹੈ ਤਾਂ ਉਸ ਦਾ ਸਮਾਜਿਕ ਬਾਈਕਾਟ ਹੋਵੇਗਾ। ਸਰਪੰਚ ਨਿਰਮਲ ਸਿੰਘ ਢੋਟੀ ਨੇ ਆਖਿਆ ਕਿ ਪ੍ਰਵਾਨ ਕੀਤੇ ਸਾਰੇ ਮਤਿਆਂ ਨੂੰ ਸਿਧਾਂਤਕ ਤੌਰ ’ਤੇ ਲਾਗੂ ਕਰਨ ਲਈ ਸਬੰਧਤ ਪ੍ਰਸ਼ਾਸਨ ਨੂੰ ਭੇਜ ਦਿੱਤਾ ਜਾਵੇਗਾ।