ਜੀਓਜੀ ਵੱਲੋਂ ਸਰਕਾਰ ਨਾਲ ਆਰ-ਪਾਰ ਦੀ ਲੜਾਈ ਦਾ ਫ਼ੈਸਲਾ
ਮਹਿੰਦਰ ਸਿੰਘ ਰੱਤੀਆਂ
ਮੋਗਾ, 1 ਅਕਤੂਬਰ
ਇੱਥੇ ਅੱਜ ਸੂੁਬਾ ਸਰਕਾਰ ਵੱਲੋਂ ਨੌਕਰੀ ਤੋਂ ਹਟਾਏ ਗਾਰਡੀਅਨਜ਼ ਆਫ ਗਵਰਨੈਂਸ (ਜੀਓਜੀ) ਦੀ ਸੂਬਾ ਪੱਧਰੀ ਮੀਟਿੰਗ ਹੋਈ। ਇਸ ਵਿੱਚ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜਨ ਦਾ ਫ਼ੈਸਲਾ ਕੀਤਾ ਗਿਆ। ਜਥੇਬੰਦੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਅਤੇ ਲੋਕਾਂ ਨੂੰ ਬਣਦੀਆਂ ਸਹੂਲਤਾਂ ਦਿਵਾਉਨ ਲਈ ਲਾਮਿਸਾਲ ਕੰਮ ਕੀਤਾ ਪਰ ਮੌਜੂਦਾ ਮਾਨ ਸਰਕਾਰ ਨੇ ਇਸ ਸਕੀਮ ਨੂੰ ਬੰਦ ਕਰਕੇ ਉਨ੍ਹਾਂ ਨੂੰ ਅਪਮਾਨਤ ਹੀ ਨਹੀਂ ਕੀਤਾ ਸਗੋਂ ਹੱਕ ਦੀ ਲੜਾਈ ਦੌਰਾਨ ਉਨ੍ਹਾਂ ਨੂੰ ਜ਼ਲੀਲ ਕੀਤਾ ਤੇ ਲਾਠੀਚਾਰਜ ਵੀ ਕਰਵਾਇਆ।
ਇਸ ਮੌਕੇ ਫਲਾਇੰਗ ਅਫਸਰ ਕਮਲ ਵਰਮਾ, ਸੂਬਾ ਪ੍ਰਧਾਨ ਜਰਨੈਲ ਸਿੰਘ ਫ਼ਿਰੋਜਪੁਰ, ਮਾਝਾ ਜ਼ੋਨ ਪ੍ਰਧਾਨ ਮਹਿੰਦਰ ਸਿੰਘ ਤਰਨ ਤਾਰਨ, ਮਾਲਵਾ ਜ਼ੋਨ ਪ੍ਰਧਾਨ ਅਵਤਾਰ ਸਿੰਘ ਫ਼ਕਰਸਰ, ਮਨਦੀਪ ਸਿੰਘ ਮੋਗਾ ਨੇ ਜੀਓਜੀ ਨੂੰ ਬਹਾਲ ਕਰਨ ਦੀ ਮੰਗ ਕਰਦਿਆਂ ਦੱਸਿਆ ਕਿ ਸੂਬਾ ਸਰਕਾਰ ਨਾਲ ਤਕਰੀਬਨ 12 ਮੀਟਿੰਗਾਂ ਹੋ ਚੁੱਕੀਆਂ ਸਨ, ਜੋ ਬੇਸਿੱਟਾ ਰਹੀਆਂ। ਉਹ ਹੁਣ ਸਰਕਾਰ ਦੇ ਲਾਰੇ ਲਾਉਣ ਤੋਂ ਅੱਕ ਚੁੱਕੇ ਹਨ। ਉਨ੍ਹਾਂ ਹੱਕਾਂ ਲਈ ਆਰ-ਪਾਰ ਦੀ ਲੜਾਈ ਲੜਨ ਦਾ ਐਲਾਨ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਸੂਬੇ ਵਿੱਚ 4300 ਸਾਬਕਾ ਫੌਜੀਆਂ ਨੂੰ ਬੇਰੁਜ਼ਗਾਰ ਕਰ ਦਿਤਾ ਜਿਸ ਦਾ ਦਾ ਸਿੱਧਾ ਅਸਰ ਹਜ਼ਾਰਾਂ ਦੀ ਗਿਣਤੀ ਵਿਚ ਉਨ੍ਹਾਂ ਦੇ ਪਰਿਵਾਰਾਂ ਦੀ ਆਰਥਿਕ ਹਾਲਤ ’ਤੇ ਪਿਆ। ਇਸ ਮੌਕੇ ਜਸਵਿੰਦਰ ਸਿੰਘ ਬਠਿੰਡਾਂ, ਜਗਸੀਰ ਸਿੰਘ ਬਰਨਾਲਾ, ਧਰਮੀ ਫ਼ੌਜੀ ਕਿਰਪਾਲ ਸਿੰਘ ਬਾਦੀਆਂ, ਤੇਜਾ ਸਿੰਘ ਫ਼ਾਜਲਿਕਾ, ਨਛੱਤਰ ਸਿੰਘ ਲੁਧਿਆਣਾ, ਮਲਕੀਤ ਸਿੰਘ ਮਾਨਸਾ, ਹਰਦੇਵ ਸਿੰਘ ਗੁਰਦਾਸਪੁਰ, ਬਲਵੀਰ ਸਿੰਘ ਸੇਖੋਂ ਫ਼ਤਿਹਗੜ੍ਹ ਸਾਹਿਬ, ਨਿਧਾਨ ਸਿੰਘ ਫ਼ਿਰੋਜਪੁਰ, ਰਣਜੀਤ ਸਿੰਘ ਜਲੰਧਰ, ਅਮਰੀਕ ਸਿੰਘ ਪਟਿਆਲਾ, ਸਿਕੰਦਰ ਸਿੰਘ ਭਵਾਨੀਗੜ੍ਹ, ਬਲਵਿੰਦਰ ਸਿੰਘ ਮੋਗਾ ਨੇ ਆਪਣੇ ਵਿਚਾਰ ਪੇਸ਼ ਕੀਤੇ।