ਦੇਰ ਰਾਤ 10.30 ਵਜੇ ਘਰ ਪੁੱਜੇ ਸਨ ਗੋਗੀ
ਗਗਨਦੀਪ ਅਰੋੜਾ
ਲੁਧਿਆਣਾ, 11 ਜਨਵਰੀ
‘ਆਪ’ ਦੇ ਲੁਧਿਆਣਾ ਹਲਕਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਬੱਸੀ ਦੀ ਸ਼ੁੱਕਰਵਾਰ ਦੇਰ ਰਾਤ ਸ਼ੱਕੀ ਹਾਲਾਤ ਵਿੱਚ ਸਿਰ ’ਚ ਗੋਲੀ ਲੱਗਣ ਕਾਰਨ ਮੌਤ ਹੋ ਗਈ। ਗੋਲੀ ਉਨ੍ਹਾਂ ਦੇ ਸਿਰ ਦੇ ਸੱਜੇ ਪਾਸੇ ਤੋਂ ਲੱਗੀ ਅਤੇ ਖੱਬੇ ਪਾਸੇ ਤੋਂ ਬਾਹਰ ਨਿਕਲ ਗਈ। ਸ਼ਹਿਰ ’ਚ ਕਈ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ ਕਿ ਉਹ ਰਾਤ ਕਰੀਬ 10.30 ਵਜੇ ਘਰ ਪਹੁੰਚੇ ਤਾਂ ਕਰੀਬ 11 ਵਜੇ ਇਲਾਕੇ ’ਚ ਗੋਲੀਆਂ ਚੱਲਣ ਦੀ ਆਵਾਜ਼ ਆਈ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਵਿਧਾਇਕ ਗੋਗੀ ਨੂੰ ਡੀਐੱਮਸੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਇਸ ਮਾਮਲੇ ਨੂੰ ਅਚਾਨਕ ਚੱਲੀ ਗੋਲੀ ਦੱਸ ਰਹੀ ਹੈ। ਦੂਜੇ ਪਾਸੇ, ਪੋਸਟਮਾਰਟਮ ਰਿਪੋਰਟ ਮੁਤਾਬਕ ਇਹ ਗੋਲੀ ਅਚਾਨਕ ਨਹੀਂ ਚੱਲ ਸਕਦੀ। ਗੋਲੀ ਸਿਰ ਦੇ ਪਾਰ ਹੋਣ ਤੋਂ ਜਾਪਦਾ ਹੈ ਕਿ ਗੋਲੀ ਕਾਫ਼ੀ ਨਜ਼ਦੀਕ ਤੋਂ ਚੱਲੀ ਹੈ। ਇਸ ਤਰ੍ਹਾਂ ਦੇ ਸਵਾਲਾਂ ਅੱਜ ਪੂਰਾ ਦਿਨ ਸ਼ਹਿਰ ਵਿੱਚ ਚਰਚਾ ’ਚ ਰਹੇ। ਪੁਲੀਸ ਰਿਪੋਰਟ ਮੁਤਾਬਕ ਸ੍ਰੀ ਗੋਗੀ ਦੇਰ ਰਾਤ ਆਪਣੇ ਘਰ ਪੁੱਜੇ ਸਨ। ਉਨ੍ਹਾਂ ਆਪਣੇ ਨੌਕਰ ਨੂੰ ਖਾਣਾ ਲਿਆਉਣ ਲਈ ਕਿਹਾ ਤੇ ਖ਼ੁਦ ਬੈੱਡਰੂਮ ’ਚ ਚਲੇ ਗਏ। ਇਸ ਦੌਰਾਨ ਉਨ੍ਹਾਂ ਦੀ ਪਤਨੀ ਡਾ. ਸੁਖਚੈਨ ਕੌਰ ਗੋਗੀ ਅਤੇ ਰਸੋਈਆ ਖਾਣਾ ਬਣਾਉਣ ਲੱਗ ਗਏ ਜਦੋਂਕਿ ਉਨ੍ਹਾਂ ਦਾ ਪੁੱਤਰ ਕਮਰੇ ਵਿੱਚ ਹੀ ਸੀ। ਅਚਾਨਕ ਗੋਲੀ ਚੱਲਣ ਦੀ ਆਵਾਜ਼ ਆਈ ਅਤੇ ਸਾਰੇ ਕਮਰੇ ਵੱਲ ਭੱਜੇ ਜਿੱਥੇ ਗੋਗੀ ਖੂਨ ਨਾਲ ਲਥਪੱਥ ਪਏ ਸਨ। ਪੁਲੀਸ ਨੇ ਧਾਰਾ-174 ਤਹਿਤ ਕਾਰਵਾਈ ਕਰਦਿਆਂ ਸ੍ਰੀ ਗੋਗੀ ਦਾ ਲਾਇਸੈਂਸੀ ਹਥਿਆਰ ਕਬਜ਼ੇ ਵਿੱਚ ਲੈ ਲਿਆ ਹੈ।
ਪੰਜ ਡਾਕਟਰਾਂ ’ਤੇ ਆਧਾਰਿਤ ਬੋਰਡ ਵੱਲੋਂ ਪੋਸਟਮਾਰਟਮ
‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਦੀ ਲਾਸ਼ ਦਾ ਪੋਸਟਮਾਰਟਮ ਡੀਐੱਮਸੀ ਹਸਪਤਾਲ ਵਿੱਚ ਹੀ ਕੀਤਾ ਗਿਆ। ਪ੍ਰਸ਼ਾਸਨ ਵੱਲੋਂ ਪੰਜ ਡਾਕਟਰਾਂ ਦਾ ਬੋਰਡ ਬਣਾਇਆ ਗਿਆ ਸੀ। ਬੋਰਡ ਵਿੱਚ ਫੋਰੈਂਸਿਕ ਮਾਹਿਰ ਡਾ. ਗੁਰਿੰਦਰ ਕੱਕੜ, ਡਾ. ਦਮਨਪ੍ਰੀਤ, ਡਾ. ਅੰਕੁਰ ਉੱਪਲ, ਡਾ. ਸੌਰਵ ਸਿੰਗਲਾ ਅਤੇ ਡਾ. ਸਮਇੰਤਾ ਨਰੂਲਾ ਸ਼ਾਮਲ ਸਨ। ਡਾਕਟਰਾਂ ਵੱਲੋਂ ਪ੍ਰਸ਼ਾਸਨ ਨੂੰ ਸੌਂਪੀ ਰਿਪੋਰਟ ’ਚ ਮੌਤ ਦਾ ਕਾਰਨ ਸਿਰ ’ਚੋਂ ਗੋਲੀ ਲੱਗਣਾ ਦੱਸਿਆ ਗਿਆ ਹੈ।
ਆਖਰੀ ਵਾਰ ਮੰਦਰ ਕਮੇਟੀ ਨਾਲ ਕੀਤੀ ਮੁਲਾਕਾਤ਼
‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਦੇਰ ਸ਼ਾਮ ਲੋਕਾਂ ਨੂੰ ਮਿਲੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਦੇਰ ਰਾਤ ਭਾਈ ਰਣਧੀਰ ਸਿੰਘ ਨਗਰ ਇਲਾਕੇ ਵਿੱਚ ਸਥਿਤ ਪ੍ਰਾਚੀਨ ਸ਼ੀਤਲਾ ਮਾਤਾ ਮੰਦਰ ਕਮੇਟੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਪੁਲੀਸ ਦੇ ਅਧਿਕਾਰੀ ਵੀ ਮੌਜੂਦ ਸਨ। ਇਸ ਤੋਂ ਬਾਅਦ ਸ੍ਰੀ ਗੋਗੀ ਸਿੱਧਾ ਘਰ ਪੁੱਜ ਗਏ। ਉੱਥੇ ਉਨ੍ਹਾਂ ਨੇ ਆਪਣੇ ਪੀਏ ਨਾਲ ਸ਼ਨਿੱਚਰਵਾਰ ਦੇ ਪ੍ਰੋਗਰਾਮਾਂ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਵੀ ਕਈ ਪ੍ਰੋਗਰਾਮਾਂ ’ਚ ਹਿੱਸਾ ਲਿਆ ਸੀ। ਉਹ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਕਈ ਪ੍ਰੋਗਰਾਮਾਂ ਵਿੱਚ ਗਏ ਤੇ ਬੁੱਢਾ ਨਾਲਾ ਪ੍ਰਾਜੈਕਟ ਸਬੰਧੀ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨਾਲ ਵੀ ਮੁਲਾਕਾਤ ਕੀਤੀ।