ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੇਵਤੇ, ਦੈਂਤ ਅਤੇ ਸਿਆਸੀ ਪਾਰਟੀਆਂ

08:34 AM Oct 14, 2024 IST

ਜਯੋਤੀ ਮਲਹੋਤਰਾ

ਪਿਛਲੇ ਹਫ਼ਤੇ ਪੂਰੇ ਭਾਰਤ ’ਚ ਬਦੀ ਉੱਤੇ ਨੇਕੀ ਦੀ ਜਿੱਤ ਦੀ ਕਹਾਣੀ ਲਗਾਤਾਰ ਸੁਣਾਈ ਗਈ। ਚੰਡੀਗੜ੍ਹ ਵਿੱਚ ਮੇਰੇ ਘਰ ਦੇ ਪਿੱਛੇ ਗੜ੍ਹਵਾਲ ਮੰਡਲੀ ਨੇ ਥੋੜ੍ਹੇ ਦਿਨ ਪਹਿਲਾਂ ‘ਮੇਘਨਾਦ ਵਧ’ ਪੇਸ਼ ਕੀਤਾ ਜਿਸ ’ਚ ਰਾਵਣ ਦਾ ਸੂਰਬੀਰ ਪੁੱਤਰ ਮੇਘਨਾਦ ਲਕਸ਼ਮਣ ਹੱਥੋਂ ਮਾਰਿਆ ਜਾਂਦਾ ਹੈ, ਦ੍ਰਿਸ਼ ਨਰਾਤਿਆਂ ਦੇ ਨੌਵੇਂ ਦਿਨ ਹੁੰਦਾ ਹੈ। ਚਮਕਦੇ ਤਾਰਿਆਂ ਦੀ ਰੌਸ਼ਨੀ ਹੇਠ ਅਤੇ ਆਈਸਕ੍ਰੀਮ ਵਿਕਰੇਤਾਵਾਂ ਦੇ ਸ਼ੋਰ ਵਿਚਾਲੇ ਕਹਾਣੀ ਆਪਣੇ ਅੰਤਿਮ ਪੜਾਅ ਵੱਲ ਵਧਦੀ ਹੈ। ਰਾਵਣ ਨੇ ਅਗਲੇ ਹੀ ਦਿਨ ਮਾਰਿਆ ਜਾਣਾ ਹੈ, ਰਾਮ ਦੇ ਅਚੂਕ ਤੀਰ ਨਾਲ।
ਤੇ ਫਿਰ ਜਦੋਂ ਤੁਸੀਂ ਰਾਮਲੀਲਾ ਤੋਂ ਘਰ ਵੱਲ ਤੁਰਦੇ ਹੋ, ਇਸ ਤੱਥ ਤੋਂ ਤੁਹਾਡਾ ਖਹਿੜਾ ਨਹੀਂ ਛੁੱਟਦਾ ਕਿ ਭਗਵਾਨ ਵੀ ਆਪਣਾ ਰਾਹ ਪੱਧਰਾ ਕਰਨ ਲਈ ਚਲਾਕੀ ਤੇ ਝਾਂਸੇ ਦਾ ਸਹਾਰਾ ਲੈਂਦੇ ਹਨ। ਪ੍ਰਸਿੱਧ ਬੰਗਾਲੀ ਕਵੀ ਮਾਈਕਲ ਮਧੂਸੂਦਨ ਦੱਤ ਮੁਤਾਬਿਕ, ਲਕਸ਼ਮਣ ਨੇ ਮੇਘਨਾਦ ਨੂੰ ਮੰਦਿਰ ਵਿੱਚ ਘੇਰਿਆ ਸੀ ਜਿੱਥੇ ਮੇਘਨਾਦ ਕੋਲ ਕੋਈ ਹਥਿਆਰ ਨਹੀਂ ਸੀ; ਲਕਸ਼ਮਣ ਨੂੰ ਇੱਥੇ ਕਸ਼ੱਤਰੀ ਸੂਰਬੀਰ ਧਰਮ ਦਾ ਤਿਆਗ ਕਰਨਾ ਪਿਆ ਤੇ ਇਸ ਤਰ੍ਹਾਂ ਉਸ ਨੇ ਮੇਘਨਾਦ ਨੂੰ ਮਾਰਿਆ।
ਇਸੇ ਦੌਰਾਨ ਬੰਗਾਲ ਵਿੱਚ ਦੇਵੀ ਨੇ ਕਮਾਨ ਸੰਭਾਲੀ ਜੋ ਪੁਜਾਰੀ ਦੀ ਆਰਤੀ ਦੀ ਥਾਲੀ ’ਚੋਂ ਉੱਠਦੇ ਧੂੰਏਂ ਅਤੇ ਢੋਲ ਦੀ ਖੜਕਾਹਟ ’ਚ ਛੈਣਿਆਂ ਦੀ ਛਣਕਾਰ ਦੇ ਨਾਲ ਰਾਖ਼ਸ਼ ਮਹਿਖਾਸੁਰ ਨੂੰ ਮੌਤ ਦੇ ਘਾਟ ਉਤਾਰਦੀ ਹੈ। ਕੋਲਕਾਤਾ ਦੇ ਪੰਡਾਲ ਵਿੱਚ ਬੜਾ ਹੈਰਾਨਕੁਨ ਦ੍ਰਿਸ਼ ਦੇਖਣ ਨੂੰ ਮਿਲਦਾ ਹੈ: ਦੇਵੀ ਨੇ ਆਪਣੀਆਂ ਬਾਹਾਂ ਵਿੱਚ ਚਿੱਟੇ ਕੋਟ ਵਾਲੀ ਡਾਕਟਰ ਨੂੰ ਚੁੱਕਿਆ ਹੋਇਆ ਹੈ ਜਿਸ ਨੇ ਸਟੈਥੋਸਕੋਪ ਪਾਇਆ ਹੈ ਜੋ ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਨੌਜਵਾਨ ਡਾਕਟਰ ਨਾਲ ਹੋਏ ਘਿਨਾਉਣੇ ਜਬਰ-ਜਨਾਹ ਵੱਲ ਸਿੱਧਾ ਇਸ਼ਾਰਾ ਹੈ।
ਪੂਰਾ ਹਫ਼ਤਾ ਜਿੱਥੇ ਭਾਰਤ ਦੇ ਦੇਵੀ-ਦੇਵਤਿਆਂ ਨੇ ਆਪੋ-ਆਪਣੇ ਅਵਿਨਾਸ਼ੀ ਯੁੱਧ ਲੜੇ, ਉੱਥੇ ਹਰਿਆਣਾ ਤੇ ਜੰਮੂ ਕਸ਼ਮੀਰ ਦੇ ਸਿਆਸਤਦਾਨਾਂ ਨੂੰ ਵੀ ਇਸੇ ਤਰ੍ਹਾਂ ਦਾ ਕੁਝ ਕਰਨਾ ਪਿਆ। ਭਾਜਪਾ ਹਰਿਆਣਾ ਵਿੱਚ ਹੁਣ ਆਪਣੀ ਇਤਿਹਾਸਕ ਜਿੱਤ ਦਾ ਜਸ਼ਨ ਮਨਾ ਰਹੀ ਹੈ ਜਿਸ ਦੀ ਪਹਿਲਾਂ ਆਸ ਨਹੀਂ ਸੀ; ‘ਇੰਡੀਆ’ ਗੁੱਟ ਜੰਮੂ ਕਸ਼ਮੀਰ ’ਚ ਲੋਕਾਂ ਵੱਲੋਂ ਮਿਲੇ ਫ਼ਤਵੇ ’ਤੇ ਖੁਸ਼ ਹੋ ਰਿਹਾ ਹੈ। ਦੋਵਾਂ ਰਾਜਾਂ ਵਿੱਚ ਵੋਟਰਾਂ ਨੇ ਹੰਕਾਰੀ ਤੇ ਮਨਮਰਜ਼ੀ ਕਰਨ ਵਾਲਿਆਂ ਨੂੰ ਸਬਕ ਸਿਖਾਇਆ ਹੈ ਜੋ ਉਨ੍ਹਾਂ ’ਤੇ ਆਪਣਾ ਹੱਕ ਮੰਨ ਕੇ ਚੱਲ ਰਹੇ ਸਨ।
ਬਦਕਿਸਮਤੀ ਨਾਲ ਕਾਂਗਰਸ ਪਾਰਟੀ ਅਜੇ ਵੀ ਇਹ ਤੱਥ ਸਵੀਕਾਰਨ ਲਈ ਤਿਆਰ ਨਹੀਂ ਕਿ ਭਾਜਪਾ ਨੇ ਨਿਰਪੱਖ ਤੇ ਪ੍ਰਤੱਖ ਰੂਪ ਵਿੱਚ ਹਰਿਆਣਾ ਜਿੱਤ ਲਿਆ ਹੈ; ਇਹ ਵੀ ਕਿ ਭਗਵਾ ਪਾਰਟੀ ਨੇ ਸਖ਼ਤ ਮਿਹਨਤ ਕੀਤੀ, ਹਰ ਹੀਲਾ ਵਰਤਿਆ, ਹਰੇਕ ਸੀਟ ’ਤੇ ਦਰ-ਦਰ ਪ੍ਰਚਾਰ ਲਈ ਸੰਘ ਤੋਂ ਮਦਦ ਲੈਣ ਤੋਂ ਲੈ ਕੇ ਇਹ ਯਕੀਨੀ ਬਣਾਉਣ ਤੱਕ ਕਿ ‘ਪਰੌਕਸੀ’ ਉਮੀਦਵਾਰ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਦੀ ਵੋਟ ਨੂੰ ਖ਼ੋਰਾ ਲਾਉਣ ਵਿਚ ਕਾਮਯਾਬ ਹੋਣ। ਇਸ ਤੋਂ ਇਲਾਵਾ ਰਾਜ ਦੀਆਂ 35 ਸੀਟਾਂ ’ਤੇ ਚੋਣ ਸਮੀਕਰਨ ਬਦਲਣ ਦੀ ਕੋਸ਼ਿਸ਼ ’ਚ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਪੈਰੋਲ ਤੱਕ ਦਿੱਤੀ ਗਈ ਤਾਂ ਕਿ ਉਸ ਵੱਲੋਂ ਲਾਇਆ ਸੁਨੇਹਾ ਲੋਕਾਂ ਤੱਕ ਪਹੁੰਚ ਸਕੇ। ਅਜਿਹਾ ਕੁਝ ਵੀ ਨਹੀਂ ਸੀ ਜੋ ਹਰਿਆਣਾ ਵਰਗੇ ਨਿੱਕੇ ਸੂਬੇ ਵਿੱਚ ਭਾਜਪਾ ਕਰਨ ਤੋਂ ਰਹਿ ਗਈ ਹੋਵੇ।
ਭਾਜਪਾ ਦੇ ਹੱਕ ’ਚ ਆਏ ਫ਼ਤਵੇ ਨੇ ਕਾਂਗਰਸ ਨੂੰ ਵੱਡਾ ਝਟਕਾ ਦਿੱਤਾ ਹੈ। ਪਾਰਟੀ ਤਰਜਮਾਨ ਜੈਰਾਮ ਰਮੇਸ਼ ਨੇ ਦੋਸ਼ ਈਵੀਐੱਮਜ਼ ਸਿਰ ਮੜ੍ਹਨਾ ਚਾਹਿਆ ਜਿਸ ’ਚ ਭਾਜਪਾ ਵੱਲੋਂ ਮਸ਼ੀਨਾਂ ਨਾਲ ਛੇੜ-ਛਾੜ ਕੀਤੇ ਜਾਣ ਦੀ ਗੱਲ ਵੀ ਹੋਈ; ਸ਼ਰਮਨਾਕ ਇਲਜ਼ਾਮ ਜੋ ਵੋਟਰਾਂ ਨੂੰ ਅਪਮਾਨਿਤ ਕਰਦਾ ਹੈ (ਇਸ ਇਲਜ਼ਾਮ ਨੂੰ ਸਿਆਣੇ ਕਾਂਗਰਸੀਆਂ ਨੇ ਉਸੇ ਵੇਲੇ ਢਕ ਲਿਆ ਜਦੋਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਇਹ ਜਮਹੂਰੀ ਫਤਵੇ ਦਾ ਕਿੰਨਾ ਨੁਕਸਾਨ ਕਰ ਸਕਦਾ ਹੈ)। ਇਸ ਤੋਂ ਵੀ ਬਦਤਰ ਰਾਹੁਲ ਗਾਂਧੀ ਨੇ ਮੁਕਾਮੀ ਨੇਤਾਵਾਂ ਭੁਪਿੰਦਰ ਸਿੰਘ ਹੁੱਡਾ ਅਤੇ ਕੁਮਾਰੀ ਸ਼ੈਲਜਾ ਵਿਚਾਲੇ ਟਕਰਾਅ ਦਾ ਹਵਾਲਾ ਦੇ ਕੇ ਜ਼ਿੰਮੇਵਾਰੀ ਤੋਂ ਲਾਂਭੇ ਹੋਣ ਦੀ ਕੋਸ਼ਿਸ਼ ਕੀਤੀ।
ਸਪੱਸ਼ਟ ਤੌਰ ’ਤੇ ਇਸ ਤੋਂ ਬੁਰਾ ਕੁਝ ਨਹੀਂ ਹੋ ਸਕਦਾ ਜਦੋਂ ਕੋਈ ਆਗੂ ਆਪਣੀ ਟੀਮ ਦੀ ਹਾਰ ਦੀ ਜ਼ਿੰਮੇਵਾਰੀ ਲੈਣ ਤੋਂ ਭੱਜੇ; ਜੇ ਪਾਰਟੀ ਰਾਜ ਵਿੱਚ ਜਿੱਤ ਗਈ ਹੁੰਦੀ ਤਾਂ ਸ਼ਾਇਦ ਸਾਰਾ ਸਿਹਰਾ ਰਾਹੁਲ ਨੂੰ ਹੀ ਮਿਲਦਾ। ਹੁਣ ਜਾਂਚ ਬਿਠਾ ਦਿੱਤੀ ਗਈ ਹੈ ਪਰ ਲੱਗਦਾ ਹੈ ਰਾਹੁਲ ਖ਼ੁਦ ਅੱਗੇ ਵਧ ਗਏ ਹਨ। ਇਸ ਭਾਵ ’ਚੋਂ ਨਿਰਾਸ਼ਾ ਤੇ ਗ਼ਰੂਰ ਵੀ ਝਲਕਦਾ ਹੈ। ਬੰਦੇ ਦੇ ਵਿਸ਼ੇਸ਼ ਅਧਿਕਾਰ ਤੇ ਫ਼ਰਜ਼, ਦੋਵੇਂ ਨਾਲੋ-ਨਾਲ ਚੱਲਦੇ ਹਨ। ਇਹ ਵਤੀਰਾ ਤਾਂ ਇਸ ਤਰ੍ਹਾਂ ਦਾ ਹੈ ਜਿਵੇਂ ਕੋਈ ਕਹੇ ਕਿ ਤੁਸੀਂ ਮੇਰੇ ਪ੍ਰਤੀ ਜਵਾਬਦੇਹ ਹੋ ਪਰ ਜੇ ਤੁਸੀਂ ਨਹੀਂ ਵੀ ਹੋ ਤਾਂ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ।
ਜੰਮੂ ਕਸ਼ਮੀਰ ਵਿੱਚ ਵੀ ਇਸੇ ਤਰ੍ਹਾਂ ਹੈ। ਕਾਂਗਰਸ ਇੰਨੇ ਯਕੀਨ ਨਾਲ ਵਿਚਰੀ ਕਿ ਇਸ ਨੇ ਜੰਮੂ ਲਈ ਸਭ ਤੋਂ ਵਧੀਆ ਉਮੀਦਵਾਰ ਚੁਣਨ ਤੱਕ ਦੀ ਲੋੜ ਨਹੀਂ ਸਮਝੀ। ਇਸ ਨੂੰ ਲੱਗਿਆ ਕਿ ਲੋਕ ਬਸ ਐਵੇਂ ਹੀ ਵੋਟ ਪਾ ਦੇਣਗੇ ਕਿਉਂਕਿ ਉਹ ਭਾਜਪਾ ਨਾਲ ਬਹੁਤ ਨਾਰਾਜ਼ ਹਨ। ਮਹੀਨਾ ਪਹਿਲਾਂ ਸਤੰਬਰ ਦੇ ਅੱਧ ਤੱਕ ਇਹ ਸੱਚ ਵੀ ਸੀ। ਉਸ ਵੇਲੇ ਜੰਮੂ ਖੇਤਰ ਕਈ ਕਾਰਨਾਂ ਤੋਂ ਭਾਜਪਾ ਨਾਲ ਨਾਰਾਜ਼ ਸੀ ਪਰ ਇਸ ਦਾ ਸਿਹਰਾ ਪਾਰਟੀ ਦੀ ਸਥਾਨਕ ਲੀਡਰਸ਼ਿਪ ਨੂੰ ਜਾਂਦਾ ਹੈ ਕਿ ਉਨ੍ਹਾਂ ਲੋਕਾਂ ਦੀ ਨਾਰਾਜ਼ਗੀ ਦੂਰ ਕਰਨ ਲਈ ਕਰੜੀ ਮਿਹਨਤ ਕੀਤੀ। ਆਰਐੱਸਐੱਸ ਤੇ ਭਾਜਪਾ ਨੂੰ ਅਹਿਸਾਸ ਸੀ ਕਿ ਜੰਮੂ ਵਿੱਚ ਮਾੜਾ ਪ੍ਰਦਰਸ਼ਨ ਸਹਿਣ ਕਰਨਾ ਔਖਾ ਹੋਵੇਗਾ ਕਿਉਂਕਿ ਇੱਥੇ ਹਿੰਦੂਤਵ ਦੀ ਵਿਚਾਰਧਾਰਾ ਦਾ ਸਵਾਲ ਸੀ। ਜਦੋਂ ਇਸ ਹਫ਼ਤੇ ਨਤੀਜੇ ਆਏ, ਭਾਜਪਾ ਨੂੰ 29 ਸੀਟਾਂ ਮਿਲੀਆਂ। ਪਾਰਟੀ ਨੇ ਆਪਣੀ ਉਮੀਦ ਤੋਂ ਵੀ ਵਧੀਆ ਪ੍ਰਦਰਸ਼ਨ ਕੀਤਾ।
ਯਕੀਨੀ ਤੌਰ ’ਤੇ ਭਾਜਪਾ ਨੂੰ ਪਤਾ ਹੈ ਕਿ ਇਹ ਜੰਮੂ ਕਸ਼ਮੀਰ ਵਿੱਚ ਆਰਾਮ ਨਾਲ ਬੈਠ ਸਕਦੀ ਹੈ ਕਿਉਂਕਿ ਇਹ ਨਵੀਂ ਚੁਣੀ ਵਿਧਾਨ ਸਭਾ ਦੀਆਂ ਸਾਰੀਆਂ ਤਾਕਤਾਂ ਬਹਾਲ ਨਹੀਂ ਕਰੇਗੀ, ਘੱਟੋ-ਘੱਟ ਅਜੇ ਤਾਂ ਨਹੀਂ; ਜੇਕਰ ਉਮਰ ਅਬਦੁੱਲਾ ਬਹੁਮਤ ਲੈ ਵੀ ਜਾਣ ਤਾਂ ਵੀ, ਕਿਉਂਕਿ ਸ੍ਰੀਨਗਰ ’ਚ ਬੈਠਾ ਉਪ ਰਾਜਪਾਲ ਆਪਣੇ ਦਿੱਲੀ ਦੇ ਆਕਾਵਾਂ ਮੁਤਾਬਿਕ ਹੀ ਚੱਲੇਗਾ।
ਫਿਰ ਵੀ ਤੁਸੀਂ ਭਾਜਪਾ ਬਾਰੇ ਜੋ ਵੀ ਮੰਨਦੇ ਹੋਵੋ, ਤੁਹਾਨੂੰ ਇਹ ਸਵੀਕਾਰਨਾ ਪਏਗਾ ਕਿ ਇਹ ਤੇਜ਼ੀ ਨਾਲ ਸਿੱਖਦੀ ਹੈ, ਲੋੜ ਪੈਣ ’ਤੇ ਆਪਣੀ ਹਉਮੈ ਨੂੰ ਨਿਗ਼ਲ ਜਾਂਦੀ ਹੈ ਤਾਂ ਕਿ ਲੋੜੀਂਦੇ ਨਤੀਜੇ ਹਾਸਿਲ ਕੀਤੇ ਜਾ ਸਕਣ।
ਇਹੀ ਹਰਿਆਣਾ ਵਿਚ ਹੋਇਆ ਹੈ। ਭਾਜਪਾ ਨੂੰ ਅਹਿਸਾਸ ਹੋ ਚੁੱਕਾ ਸੀ ਕਿ ਲੋਕ ਸਭਾ ਚੋਣਾਂ ਦੌਰਾਨ ਇਸ ਦੇ ‘ਹੰਕਾਰੀ’ ਦਾਅਵਿਆਂ (ਇਸ ਵਾਰ, 400 ਪਾਰ) ਨੂੰ ਯੂਪੀ ਦੇ ਦਲਿਤਾਂ ਨੇ ਸੰਵਿਧਾਨ ’ਚ ਸੋਧ ਦੇ ਖ਼ਤਰੇ ਵਜੋਂ ਲਿਆ ਸੀ। ਉਨ੍ਹਾਂ ਇਸ ਅੰਕੜੇ ਨੂੰ ਅਨੁਸੂਚਿਤ ਜਾਤੀਆਂ ਤੇ ਕਬੀਲਿਆਂ ਦੇ 22.5 ਪ੍ਰਤੀਸ਼ਤ ਰਾਖਵੇਂਕਰਨ ਲਈ ਵੀ ਖ਼ਤਰਾ ਸਮਝਿਆ। ਇਸੇ ਕਰ ਕੇ ਪਾਰਟੀ ਰਾਜਨੀਤਕ ਪੱਖ ਤੋਂ ਭਾਰਤ ਦੇ ਸਭ ਤੋਂ ਅਹਿਮ ਰਾਜ ਵਿਚ 29 ਮਹੱਤਵਪੂਰਨ ਸੀਟਾਂ ਹਾਰ ਗਈ।
ਇਸ ਲਈ ਹਰਿਆਣਾ ਵਿੱਚ ਭਾਜਪਾ ਨੇ ‘ਜਾਟਾਂ’ (ਹੁੱਡਾ ਦੀ ਜਾਤੀ) ਤੇ ਦਲਿਤਾਂ (ਕੁਮਾਰੀ ਸ਼ੈਲਜਾ ਦੀ ਜਾਤੀ) ਦੀਆਂ ਵੋਟਾਂ ਇਕੱਠੀਆਂ ਹੋਣ ਤੋਂ ਰੋਕਣ ਲਈ ਹਰ ਸੰਭਵ ਹੀਲਾ ਵਰਤਿਆ। ਇਹ ਮਹਿਸੂਸ ਕਰ ਕੇ ਕਿ ਜੇ ਇਸ ਨੂੰ ਨਾ ਰੋਕਿਆ ਗਿਆ ਤਾਂ ਪਾਰਟੀ ਨੁਕਸਾਨ ਝੱਲੇਗੀ।
ਜਿਸ ਸਮੇਂ ਹੁੱਡਾ ਤੇ ਸ਼ੈਲਜਾ ਜਨਤਕ ਤੌਰ ’ਤੇ ਬਹਿਸ ਕਰ ਰਹੇ ਸਨ ਕਿ ਕੌਣ ਹਰਿਆਣਾ ਦੀ ਸੱਤਾ ਸੰਭਾਲਣ ਦੇ ਲਾਇਕ ਹੈ, ਉਸੇ ਸਮੇਂ ਆਰਐੱਸਐੱਸ ਦਾ ਕੇਡਰ ਹਰ ਪਿੰਡ ਤੇ ਮੁਹੱਲੇ ਵਿੱਚ ਇਹ ਸੁਨੇਹਾ ਲਾ ਰਿਹਾ ਸੀ ਕਿ: ਜੇ ਜਾਟ ਸੱਤਾ ਵਿੱਚ ਆਏ (ਹੁੱਡਾ ਦੇ ਹਵਾਲੇ ਨਾਲ) ਤਾਂ ਇਹ ਦਲਿਤਾਂ ਤੇ ਪੱਛਡਿ਼ਆਂ ਲਈ ਕਸ਼ਟਦਾਇਕ ਹੋਵੇਗਾ (‘ਦਲਿਤਾਂ ਤੇ ਪੱਛਡਿ਼ਆਂ ਦਾ ਤ੍ਰਿਸਕਾਰ ਹੋਵੇਗਾ’); ਜਿਵੇਂ ਹੁਣ ਸ਼ੈਲਜਾ ਨਾਲ ਹੋ ਰਿਹਾ ਹੈ।
ਹੁਣ ਇਹ ਸਭ ਯਮੁਨਾ ਦੇ ਪਾਣੀ ’ਚ ਪ੍ਰਵਾਹ ਹੋ ਚੁੱਕਾ ਹੈ। ਭਾਜਪਾ ਦੇ ਨਾਇਬ ਸਿੰਘ ਸੈਣੀ 17 ਅਕਤੂਬਰ ਨੂੰ ਦੂਜੀ ਵਾਰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਸੱਤਾ ਦੀਆਂ ਰਵਾਇਤੀ ਚਾਲਾਂ ਤੋਂ ਪੁੱਠਾ ਚੱਲਣ ਦੀ ਭਾਜਪਾ ਦੀ ਰਣਨੀਤੀ ਜਾਟਾਂ ਤੋਂ ਲੈ ਕੇ ਪੱਛਡਿ਼ਆਂ ਅਤੇ ਦਲਿਤਾਂ ਤੱਕ ਕਾਮਯਾਬ ਸਿੱਧ ਹੋਈ ਹੈ।
ਹਰਿਆਣਾ ਜਿੱਤ ਕੇ ਭਾਜਪਾ ਨੇ ਕਾਂਗਰਸ ਦੇ ਵਧ ਰਿਹਾ ਗਰਾਫ ਰੋਕ ਲਿਆ ਹੈ। ਇਸ ਨੇ ਕਾਂਗਰਸ ਦੇ ਅਤਿ-ਵਿਸ਼ਵਾਸ ਨੂੰ ਉਕਸਾਇਆ, ਪਾਰਟੀ ਦੇ ਨੇਤਾਵਾਂ ਵਿਚਾਲੇ ਤਕਰਾਰ ਜਨਤਕ ਤੌਰ ’ਤੇ ਸਾਹਮਣੇ ਆ ਗਈ ਜਿਸ ਨਾਲ ਏਕੇ ਨੂੰ ਖ਼ੋਰਾ ਲੱਗਿਆ। ਇਕ ਵਾਰ ਫਿਰ ਭਾਜਪਾ ਨੇ ਸਾਬਿਤ ਕੀਤਾ ਕਿ ਰਾਹੁਲ ਗਾਂਧੀ ਭਾਵੇਂ ਕਿੰਨੇ ਵੀ ਚੰਗੇ ਕਿਉਂ ਨਾ ਹੋਣ ਪਰ ਉਹ ‘ਮਹਾਭਾਰਤ’ ਦੀ ਇਸ ਧਰਤੀ ਨੂੰ ਸਮਝਣ ਵਿੱਚ ਕਿਤੇ ਨਾ ਕਿਤੇ ਮਾਰ ਖਾ ਗਏ ਹਨ।
ਕੀ ਇਸ ਨਾਲ ਕੋਈ ਫ਼ਰਕ ਪੈਂਦਾ ਹੈ? ਜਿੱਦਾਂ ਰਾਵਣ ਉਸ ਜਾਨਲੇਵਾ ਤੀਰ ਨਾਲ ਡਿੱਗਿਆ ਤੇ ਦੁਰਗਾ ਨੇ ਮਹਿਖਾਸੁਰ ਨੂੰ ਮੌਤ ਦੇ ਘਾਟ ਉਤਾਰਿਆ, ਜਾਪਦਾ ਹੈ, ਇਸ ਸਵਾਲ ਦਾ ਸਿਰਫ਼ ਇਕੋ ਜਵਾਬ ਹੈ- ਹਾਂ।

Advertisement

*ਲੇਖਕਾ ‘ਦਿ ਟ੍ਰਿਬਿਊਨ’ ਦੀ ਮੁੱਖ ਸੰਪਾਦਕ ਹਨ।

Advertisement
Advertisement