ਗੋਧਰਾ ਕਤਲੇਆਮ: ਪੈਰੋਲ ਤੋਂ ਫ਼ਰਾਰ ਦੋਸ਼ੀ ਚਾਰ ਮਹੀਨਿਆਂ ਮਗਰੋਂ ਕਾਬੂ
ਪੁਣੇ, 3 ਫਰਵਰੀ
ਗੋਧਰਾ ਟਰੇਨ ਕਤਲੇਆਮ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਦੋਸ਼ੀ ਸਲੀਮ ਜ਼ਰਦਾ (55), ਜੋ ਪਿਛਲੇ ਸਾਲ ਸਤੰਬਰ ’ਚ ਪੈਰੋਲ ’ਤੇ ਆਉਣ ਮਗਰੋਂ ਫ਼ਰਾਰ ਹੋ ਗਿਆ ਸੀ, ਨੂੰ ਪੁਣੇ ਜ਼ਿਲ੍ਹੇ ’ਚ ਚੋਰੀ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸਲੀਮ ਜ਼ਰਦਾ 17 ਸਤੰਬਰ, 2024 ਨੂੰ ਸੱਤ ਦਿਨ ਦੀ ਪੈਰੋਲ ’ਤੇ ਗੁਜਰਾਤ ਦੀ ਜੇਲ੍ਹ ਤੋਂ ਬਾਹਰ ਆਇਆ ਸੀ ਅਤੇ ਇਸ ਮਗਰੋਂ ਉਹ ਫ਼ਰਾਰ ਹੋ ਗਿਆ ਸੀ। ਪੁਲੀਸ ਨੇ ਦੱਸਿਆ ਕਿ ਉਹ ਪਹਿਲਾਂ ਵੀ ਅੱਠ ਵਾਰ ਪੈਰੋਲ ਦੀ ਉਲੰਘਣਾ ਕਰ ਚੁੱਕਿਆ ਹੈ। ਪੁਣੇ ਦਿਹਾਤੀ ਪੁਲੀਸ ਨੇ ਉਸ ਨੂੰ 22 ਜਨਵਰੀ ਨੂੰ ਗ੍ਰਿਫ਼ਤਾਰ ਕਰਕੇ ਨਾਸਿਕ ’ਚ ਦਰਜ ਚੋਰੀ ਦੇ ਇਕ ਮਾਮਲੇ ’ਚ ਉਥੋਂ ਦੇ ਅਧਿਕਾਰੀਆਂ ਹਵਾਲੇ ਕਰ ਦਿੱਤਾ। ਜ਼ਰਦਾ ਅਤੇ ਉਸ ਦੇ ਸਾਥੀਆਂ ਨੇ ਪਿਛਲੇ ਮਹੀਨੇ ਪੁਣੇ ’ਚ ਇਕ ਖੜ੍ਹੇ ਟਰੱਕ ’ਚੋਂ 2.49 ਲੱਖ ਰੁਪਏ ਤੋਂ ਵਧ ਦੀ ਕੀਮਤ ਦੇ 40 ਟਾਇਰ ਚੋਰੀ ਕੀਤੇ ਸਨ। ਪੁਲੀਸ ਨੇ ਦੱਸਿਆ ਕਿ ਜ਼ਰਦਾ ਗੋਧਰਾ ਟਰੇਨ ਕਤਲੇਆਮ ਮਾਮਲੇ ’ਚ ਦੋਸ਼ੀ ਠਹਿਰਾਏ ਗਏ 31 ਵਿਅਕਤੀਆਂ ’ਚੋਂ ਇਕ ਹੈ। ਅਲੇਫਾਟਾ ਪੁਲੀਸ ਸਟੇਸ਼ਨ ਦੇ ਇੰਸਪੈਟਕਰ ਦਿਨੇਸ਼ ਤਾਯੜੇ ਨੇ ਦੱਸਿਆ ਕਿ ਸਲੀਮ ਜ਼ਰਦਾ ਅਤੇ ਉਸ ਦੇ ਗਰੋਹ ਦੇ ਮੈਂਬਰਾਂ ਤੋਂ ਚੋਰੀ ਦੇ ਮਾਮਲੇ ’ਚ ਪੁੱਛ-ਪੜਤਾਲ ਦੌਰਾਨ ਉਸ ਦੇ ਗੋਧਰਾ ਟਰੇਨ ਕਤਲੇਆਮ ’ਚ ਸ਼ਮੂਲੀਅਤ ਦਾ ਮਾਮਲਾ ਸਾਹਮਣੇ ਆਇਆ। ਜ਼ਰਦਾ ਉਨ੍ਹਾਂ 11 ਦੋਸ਼ੀਆਂ ’ਚ ਸ਼ਾਮਲ ਸੀ ਜਿਨ੍ਹਾਂ ਨੂੰ ਸਜ਼ਾ-ਏ-ਮੌਤ ਸੁਣਾਈ ਗਈ ਸੀ ਪਰ ਬਾਅਦ ’ਚ ਗੁਜਰਾਤ ਹਾਈ ਕੋਰਟ ਨੇ ਉਨ੍ਹਾਂ ਦੀ ਸਜ਼ਾ ਨੂੰ ਉਮਰ ਕੈਦ ’ਚ ਬਦਲ ਦਿੱਤਾ ਸੀ। -ਪੀਟੀਆਈ