ਸਵਾ ਲੱਖ ਦੀਵਿਆਂ ਨਾਲ ਜਗਮਗਾਇਆ ਦੇਵੀ ਤਲਾਬ ਮੰਦਰ
ਜਾਖੜ, ਸੋਮ ਪ੍ਰਕਾਸ਼ ਤੇ ਹੋਰ ਆਗੂਆਂ ਨੇ ਮੱਥਾ ਟੇਕਿਆ; ਸ਼ਰਧਾਲੂਆਂ ਨੇ ਥਾਂ-ਥਾਂ ਲੰਗਰ ਲਾਏ
ਟ੍ਰਿਬਿਊਨ ਨਿਊਜ਼ ਸਰਵਿਸ
ਜਲੰਧਰ, 22 ਜਨਵਰੀ
ਇੱਥੋਂ ਦੇ ਮਸ਼ਹੂਰ ਸ੍ਰੀ ਦੇਵੀ ਤਲਾਬ ਮੰਦਰ ਵਿੱਚ ਪ੍ਰਾਣ ਪ੍ਰਤਿਸ਼ਠਾ ਸਮਾਗਮ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮੰਦਰ ਵਿਚ ਇਕ ਲੱਖ ਇੱਕੀ ਹਜ਼ਾਰ ਦੀਵੇ ਬਾਲੇ ਗਏ ਤੇ ਵੱਡੀ ਗਿਣਤੀ ਰੰਗ ਬਿਰੰਗੀਆਂ ਲਾਈਟਾਂ ਲਾਈਆਂ ਗਈਆਂ। ਇਸ ਦੌਰਾਨ ਵੱਡੀ ਗਿਣਤੀ ਰਾਮ ਭਗਤਾਂ ਨੇ ਮੰਦਰ ਵਿਚ ਮੱਥਾ ਟੇਕਿਆ। ਇਸ ਤੋਂ ਇਲਾਵਾ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੇ ਹੋਰ ਆਗੂ ਵੀ ਮੰਦਰ ਵਿਚ ਨਤਮਸਤਕ ਹੋਏ। ਜਾਣਕਾਰੀ ਅਨੁਸਾਰ ਅੱਜ ਸਵੇਰ ਤੋਂ ਹੀ ਇਸ ਮੰਦਰ ਵਿਚ ਵੱਡੀ ਗਿਣਤੀ ਲੋਕ ਉਤਸ਼ਾਹ ਨਾਲ ਰਾਮ ਲੱਲਾ ਦੇ ਸਮਾਗਮ ਵਿੱਚ ਪੁੱਜੇ। ਇਸ ਦੌਰਾਨ ਮੰਦਰ ਤੇ ਪੂਰੇ ਖੇਤਰ ਨੂੰ ਲਾਈਟਾਂ ਨਾਲ ਸਜਾਇਆ ਗਿਆ ਸੀ ਤੇ ਸ਼ਾਮ ਵੇਲੇ ਮੰਦਰ ਵਿਚ ਆਤਿਸ਼ਬਾਜ਼ੀ ਕੀਤੀ ਗਈ। ਇਸ ਮੌਕੇ ‘ਆਪ’ ਆਗੂ ਤੇ ਸੰਸਦ ਮੈਂਬਰ ਸੁਸ਼ੀਲ ਰਿੰਕੂ, ਭਾਜਪਾ ਦੀ ਕੌਮੀ ਕਾਰਜਕਾਰੀ ਕਮੇਟੀ ਦੇ ਮੈਂਬਰ ਮਨੋਰੰਜਨ ਕਾਲੀਆ, ਰਾਜ ਸਭਾ ਦੇ ਸੰਸਦ ਮੈਂਬਰ ਅਸ਼ੋਕ ਮਿੱਤਲ, ਅਵਿਨਾਸ਼ ਚੰਦਰ ਤੇ ਹੋਰ ਆਗੂ ਵੀ ਪੁੱਜੇ। ਇਸ ਮੌਕੇ ਭਗਤਾਂ ਨੇ ਰਾਮ ਨੂੰ ਸਮਰਪਿਤ ਗੀਤ ਤੇ ਭਜਨ ਗਾਏ। ਉਨ੍ਹਾਂ ਤਲਾਬ ਦੇ ਕਿਨਾਰਿਆਂ ’ਤੇ ਦੀਵੇ ਵੀ ਬਾਲੇ। ਇਸ ਮੌਕੇ ਸ਼ਰਧਾਲੂਆਂ ਨੇ ਵੱਖ ਵੱਖ ਥਾਈਂ ਲੰਗਰ ਲਾਏ। ਇਸ ਦੌਰਾਨ ਦੇਵੀ ਤਲਾਬ ਨੂੰ ਜਾਂਦੀ ਸੜਕ ’ਤੇ ਸ਼ਰਧਾਲੂਆਂ ਦੀ ਭੀੜ ਰਹੀ ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ। ਇਸ ਦੌਰਾਨ ਪੁਲੀਸ ਨੇ ਆਵਾਜਾਈ ਬਹਾਲ ਕਰਨ ਲਈ ਯਤਨ ਕੀਤੇ ਪਰ ਲੋਕ ਜਾਮ ਵਿਚ ਫਸੇ ਰਹੇ।
ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪ੍ਰਾਣ ਪ੍ਰਤਿਸ਼ਠਾ ਸਮਾਗਮ ਕਾਰਨ ਲੋਕਾਂ ਵਿਚ ਕਾਫੀ ਉਤਸ਼ਾਹ ਰਿਹਾ ਤੇ ਪੰਜ ਸੌ ਸਾਲਾਂ ਤੋਂ ਇਸ ਘੜੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ। ਉਹ ਅਯੁੱਧਿਆ ਦੇ ਰਾਮ ਮੰਦਰ ਵਿਚ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੀਆਂ ਦੇਸ਼ ਵਾਸੀਆਂ ਨੂੰ ਵਧਾਈ ਦਿੰਦੇ ਹਨ। ਉਨ੍ਹਾਂ ਕਿਹਾ ਕਿ ਲੋਕ ਜਿਸ ਰਾਮ ਰਾਜ ਦੀ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸਨ ਤੇ ਸੁਪਨੇ ਦੇਖ ਰਹੇ ਸਨ, ਉਨ੍ਹਾਂ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ। ਉਹ ਆਸ ਕਰਦੇ ਹਨ ਕਿ ਲੋਕ ਅੱਜ ਵਾਂਗ ਸਦਭਾਵਨਾ ਬਣਾਈ ਰੱਖਣਗੇ ਤੇ ਪਿਆਰ ਤੇ ਸ਼ਾਂਤੀ ਨਾਲ ਮਿਲ ਕੇ ਰਹਿਣਗੇ।