For the best experience, open
https://m.punjabitribuneonline.com
on your mobile browser.
Advertisement

ਖ਼ੁਦਾ ਬਚਾਏ ਖ਼ਬਰ ਲੈਣ ਵਾਲਿਆਂ ਤੋਂ

09:28 AM Oct 20, 2024 IST
ਖ਼ੁਦਾ ਬਚਾਏ ਖ਼ਬਰ ਲੈਣ ਵਾਲਿਆਂ ਤੋਂ
Advertisement

ਪ੍ਰੋ. ਜਸਵੰਤ ਸਿੰਘ ਗੰਡਮ

Advertisement

ਮੁਨਸ਼ੀ ਨੌਬਤ ਰਾਏ ਨਜ਼ਰ ਲਖਨਵੀ ਦਾ ਸ਼ਿਅਰ ਹੈ:
ਆਪ ਨੇ ਬੀਮਾਰ-ਪੁਰਸੀ ਕੀ ਤੋ ਜੀਨਾ ਹੈ ਬਵਾਲ,
ਵਰਨਾ ਮਰਨੇ ਕੀ ਮੁਝੇ ਹਸਰਤ ਕਭੀ ਐਸੀ ਨਾ ਥੀ।
ਬੀਮਾਰ-ਪੁਰਸੀ ਫ਼ਾਰਸੀ ਦਾ ਸ਼ਬਦ ਹੈ ਜਿਸ ਦਾ ਅਰਥ ਮਰੀਜ਼ ਦੀ ਇਆਦਤ, ਰੋਗੀ ਦਾ ਹਾਲ-ਚਾਲ ਪੁੱਛਣਾ, ਬਿਮਾਰ ਨੂੰ ਦੇਖਣ ਜਾਣਾ ਹੈ। ਖ਼ੁਦਾ ਵੀ ਫ਼ਾਰਸੀ ਦਾ ਹੀ ਸ਼ਬਦ ਹੈ ਜਿਸ ਦਾ ਅਰਥ ਹੈ ਪਰਮਪਿਤਾ ਪਰਮਾਤਮਾ।
ਤੀਮਾਰਦਾਰੀ ਅਤੇ ਬੀਮਾਰ-ਪੁਰਸੀ ਵਿੱਚ ਫ਼ਰਕ ਹੁੰਦਾ ਹੈ। ਤੀਮਾਰਦਾਰੀ ਦਾ ਅਰਥ ਖਿਦਮਤ ਜਾਂ ਟਹਿਲ ਸੇਵਾ ਕਰਨਾ ਹੈ।
ਬੀਮਾਰ-ਪੁਰਸੀ ਨੂੰ ਆਪਾਂ ‘ਖ਼ਬਰ ਲੈਣ ਜਾਣਾ’ ਕਹਿੰਦੇ ਹਾਂ। ਖ਼ਬਰ ਅਰਬੀ ਦਾ ਸ਼ਬਦ ਹੈ ਜਿਸ ਦਾ ਅਰਥ ਮਹਾਨਕੋਸ਼ ਵਿੱਚ ਇਸ ਤਰ੍ਹਾਂ ਕੀਤਾ ਗਿਆ ਹੈ: ਸੁਧ. ਸਮਾਚਾਰ. ਹਾਲ. ੨. ਗਯਾਨ. ਸਮਝ. ਬੋਧ. ੩. ਇੱਤਿਲਾ. ਸੂਚਨਾ. ਮਤ ਘਾਲਹੁ ਜਮਕੀ ਖਬਰੀ (ਕਬੀਰ), ਪੂਰੀ ਟੂਕ ਹੈ: ਕਹਿ ਕਬੀਰ ਇਹ ਬਿਨਤੀ ਸੁਨੀਅਹੁ ਮਤ ਘਾਲਹੁ ਜਮ ਕੀ ਖਬਰੀ।। ਸ.ਗ.ਗ.ਸ ਅੰਗ ੮੫੬) ੪. ਨਿਗਹਬਾਨੀ. ਨਿਗਰਾਨੀ ਸਿੰਚਨਹਾਰੇ ਏਕੈ ਮਾਲੀ।। ਖਬਰਿ ਕਰਤੁ ਹੈ ਪਾਤ ਪਤ ਡਾਲੀ।। (ਅੰਗ ੩੮੫)
ਗੁਰਬਾਣੀ ਵਿੱਚ ਖ਼ਬਰ ਸ਼ਬਦ ‘ਖਬਰੁ’ ਅਤੇ ‘ਖਬਰਿ’ ਦੇ ਰੂਪ ਵਿੱਚ ਵੀ ਆਉਂਦਾ ਹੈ।
ਖ਼ਬਰ, ਖ਼ਬਰ (ਨਿਊਜ਼) ਨੂੰ ਵੀ ਕਿਹਾ ਜਾਂਦਾ ਹੈ। ਇਸ ਦਾ ਅਰਥ ਕਿਸੇ ਨੂੰ ਤਾੜਨਾ ਕਰਨਾ ਵੀ ਹੁੰਦਾ ਹੈ ਜਿਵੇਂ ਮਾਂ ਆਮ ਤੌਰ ’ਤੇ ਸ਼ਰਾਰਤੀ ਬੱਚੇ ਨੂੰ ਕਹਿ ਦਿੰਦੀ ਹੈ ਕਿ ‘ਠਹਿਰ ਜਾ, ਮੈਂ ਤੇਰੀ ਖ਼ਬਰ ਲੈਂਦੀ ਹਾਂ’।
ਆਪਾਂ ਇੱਥੇ ਇਸ ਨੂੰ ਬੀਮਾਰ-ਪੁਰਸੀ ਵਾਲੇ ਪੱਖ ਤੋਂ ਹੀ ਲੈ ਰਹੇ ਹਾਂ। ਸਾਡੇ ਸਮਾਜ ਵਿੱਚ ਜੇ ਕੋਈ ਬੀਮਾਰ ਦੀ ਖ਼ਬਰ ਲੈਣ ਨਾ ਆਏ ਤਾਂ ਗੁੱਸਾ ਕੀਤਾ ਜਾਂਦਾ ਹੈ। ਇਸ ਲਈ ਬੀਮਾਰੀ-ਠਮਾਰੀ ਵੇਲੇ ਹਾਲ-ਚਾਲ ਪੁੱਛਣ ਜਾਣਾ ਆਮ ਸਮਾਜਿਕ ਵਰਤਾਰਾ ਹੈ।
ਵੈਸੇ ਵੀ ਕੋਈ ਕਿਸੇ ਦਾ ਹੋਊ ਤਾਂ ਕਿਸੇ ਦੇ ਜਾਊ, ਪਰ ਜਿਹਦਾ ਕੋਈ ਨਾ ਹੋਊ ਉਹਦੇ ਕੌਣ ਆਊ? ਕਹਿੰਦੇ ਹਨ ਕਿ ‘ਯਾਰਾਂ ਨੂੰ ਯਾਰ ਰੋਣਗੇ, ਕੁੱਤੇ ਰੋਣਗੇ ਤਲੰਗਿਆ ਤੈਨੂੰ’। ਕੋਈ ਆਪਣਾ ਖ਼ਬਰ ਲੈਣ ਆਵੇ ਤਾਂ ਚੰਗਾ ਲੱਗਦਾ ਹੈ। ਜੇ ਕਿਤੇ ਮਹਿਬੂਬਾ ਖ਼ਬਰ ਲੈਣ ਆ ਜਾਏ ਤਾਂ ਬੰਦਾ ਕਹਿੰਦਾ ਕਿ ਉਹ ਬੀਮਾਰ ਹੀ ਠੀਕ ਹੈ। ਪਿਆਰੇ/ਪਿਆਰੀ ਨੂੰ ਦੇਖ ਕੇ ਹੀ ਬੰਦਾ/ਬੰਦੀ ਅੱਧੇ ਠੀਕ ਹੋ ਜਾਂਦੇ ਹਨ।
ਮਿਰਜ਼ਾ ਗਾਲਿਬ ਦਾ ਇੱਕ ਸ਼ਿਅਰ ਹੈ:
ਉਨ ਕੇ ਦੇਖੇ ਸੇ ਜੋ ਆ ਜਾਤੀ ਹੈ ਮੂੰਹ ਪਰ ਰੌਨਕ,
ਵੋ ਸਮਝਤੇ ਹੈਂ ਕਿ ਬੀਮਾਰ ਕਾ ਹਾਲ ਅੱਛਾ ਹੈ।
ਕੁਝ ਲੋਕਾਂ ਦਾ ਆਉਣਾ ਚੰਗਾ ਲੱਗਦਾ ਹੈ ਅਤੇ ਕੁਝ ਦਾ ਜਾਣਾ। ‘ਆਪ ਆਏ ਬਹਾਰ ਆਈ’, ਪਰ ਕਈਆਂ ਬਾਰੇ ਇਹ ਸਤਰਾਂ ਹੀ ਵਧੇਰੇ ਢੁਕਦੀਆਂ ਹਨ ਕਿ ‘ਆਪ ਆਏ ਹਵਾੜ ਆਈ’ ਜਾਂ ‘ਆਪ ਗਏ ਬਹਾਰ ਆਈ’। ਖ਼ਬਰ ਵੀ ਸਭ ਨੂੰ ਨਹੀਂ ਲੈਣੀ ਆਉਂਦੀ। ਮਰੀਜ਼ ਨੂੰ ਹੌਸਲਾ ਦੇਣਾ ਬਣਦਾ ਹੈ ਨਾ ਕਿ ਨਿਰ-ਉਤਸ਼ਾਹਿਤ ਕਰਨਾ। ਉਹ ਭਾਵੇਂ ਕਮਜ਼ੋਰ ਲੱਗੇ, ਪਰ ਉਸ ਦੇ ਮੂੰਹ ’ਤੇ ਇਹ ਕਦੇ ਨਹੀਂ ਕਹਿਣਾ ਚਾਹੀਦਾ। ਸਿਆਣੇ ਲੋਕ ਅਜਿਹਾ ਹੀ ਕਰਦੇ ਹਨ। ਕੁਝ ਕੁ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਬਾਰੇ ਕਿਹਾ ਜਾ ਸਕਦਾ ਹੈ ਕਿ ਮੁਰਦਾ ਬੋਲੂ ਤਾਂ ਖਫਣ ਹੀ ਪਾੜੂ। ਬੀਮਾਰ ਤਾਂ ਪਹਿਲਾਂ ਹੀ ਢਹਿੰਦੀ ਕਲਾ ’ਚ ਹੁੰਦਾ ਹੈ ਤੇ ਅਜਿਹੇ ਲੋਕ ਉਸ ਨੂੰ ਹੋਰ ਢਹਿੰਦੀ ਅਵਸਥਾ ਵਿੱਚ ਧਕੇਲ ਦੇਣਗੇ।
ਪੀਲੀਏ ਦੇ ਰੋਗ ’ਚ ਆਮ ਕਰਕੇ ਚਿਹਰੇ, ਖ਼ਾਸ ਕਰਕੇ ਅੱਖਾਂ ਦਾ ਰੰਗ ਪੀਲਾ ਪੈ ਜਾਂਦਾ ਹੈ। ਇਸ ਬੀਮਾਰੀ ਨਾਲ ਗ੍ਰਸਤ ਮਰੀਜ਼ ਦਾ ਹਾਲ ਪੁੱਛਣ ਆਏ ਚਾਚਾ ਚਤਰੂ ਦੀ ਗੱਲ ਸੁਣੋ: ‘‘ਲੈ ਬਈ ਫਲਾਣਾ ਸਿੰਹਾ, ਤੇਰੀਆਂ ਅੱਖਾਂ ਤਾਂ ਨਿੰਬੂਆਂ ਤੋਂ ਵੀ ਪੀਲੀਆਂ ਹੋ ਗਈਆਂ, ਬਸ ਸਾਰੇ ਚਿਹਰੇ ’ਤੇ ਹੀ ਪਿਲੱਤਣ ਛਾ ਗਈ ਸਮਝੋ। ਮੂੰਹ ਬਸਾਰ ਵਰਗਾ ਪੀਲਾ ਹੋ ਗਿਐ। ਇਹ ਬੀਮਾਰੀ ਬੜੀ ਨਾਮੁਰਾਦ ਐ, ਸਿੱਧਾ ਫੇਫੜਿਆਂ ’ਤੇ ਅਸਰ ਕਰਦੀ ਐ, ਕਈ ਵਾਰ ਤਾਂ ਬੰਦੇ ਦੀ ਬਸ ਕਰਵਾ ਛਡਦੀ ਐ। ਜਿੱਥੋਂ ਇਲਾਜ ਕਰਵਾ ਰਹੇ ਹੋ, ਇਹਦੀ ਸਾਖ ਵੀ ਕੋਈ ਖ਼ਾਸ ਨਹੀਂ, ਫਲਾਣੇ ਡਾਕਟਰ ਕੋਲ ਲੈ ਜਾਉ, ਢਿਮਕਾਣੇ ਹਸਪਤਾਲ ਦਾਖਲ ਕਰਵਾਉ, ਨਹੀਂ ਤਾਂ...।’’
ਇਹ ਸਭ ਸੁਣ ਕੇ ਸ਼ੇਰ ਵਰਗਾ ਬੰਦਾ ਵੀ ਬੌਂਦਲ ਜਾਂਦਾ ਹੈ, ਬੀਮਾਰ ਨੇ ਤਾਂ ਭੌਂਚੱਕ ਹੋਣਾ ਹੀ ਹੋਇਆ। ਐਵੇਂ ਤਾਂ ਨਹੀਂ ਰਾਹਤ ਇੰਦੌਰੀ ਕਹਿੰਦਾ:
ਅਫ਼ਵਾਹ ਥੀ ਕਿ ਮੇਰੀ ਤਬੀਅਤ ਖ਼ਰਾਬ ਹੈ,
ਲੋਗੋਂ ਨੇ ਪੂਛ ਪੂੁਛ ਕੇ ਬੀਮਾਰ ਕਰ ਦੀਆ।
‘ਤਾਈ ਤੂਫ਼ਾਨੀ’ ਤਾਂ ਗੱਲ ਦਾ ਗਲੈਣ, ਰਾਈ ਦਾ ਪਹਾੜ ਅਤੇ ਤਿਲ ਦਾ ਤਾੜ ਬਣਾਉਣ ਵਿੱਚ ਗੋਦੀ ਮੀਡੀਆ ਨੂੰ ਵੀ ਮਾਤ ਪਾਉਂਦੀ ਹੈ। ਸੂਹਾਂ ਲੈਣ ਅਤੇ ਖ਼ਬਰਾਂ/ਅਫ਼ਵਾਹਾਂ ਫੈਲਾਉਣ ਵਿੱਚ ਉਹ ਬਹੁਤੇ ਯੂੁਟਿਯੂਬ ਚੈਨਲਾਂ ਨੂੰ ਵੀ ਪਿੱਛੇ ਛੱਡ ਜਾਂਦੀ ਹੈ। ਕਿਸੇ ਦੀ ਚੀਚੀ ਉਪਰ ਭੋਰਾ ਜਿੰਨੀ ਸੱਟ ਲੱਗ ਜਾਏ ਤਾਂ ਉਹ ਸਾਰੇ ਪਿੰਡ ਵਿੱਚ ਹਾਲ-ਦੁਹਾਈ ਪਾ ਦਿੰਦੀ ਹੈ, ‘ਫਲਾਣੇ ਦੇ ਮੁੰਡੇ ਦੇ ਬਹੁਤ ਸੱਟ ਲੱਗੀ ਐ, ਹਸਪਤਾਲ ਲੈ ਗਏ ਆ, ਖ਼ਬਰ-ਸਾਰ ਲੈ ਆਉ, ਪਤਾ ਨਹੀਂ ਬਚੂ ਕਿ ਨਹੀਂ’। ਤੇ ਮੁੰਡਾ ਸ਼ਾਮ ਨੂੰ ਸਾਥੀਆਂ ਨਾਲ ਖਿੱਦੋ-ਖੂੰਡੀ ਖੇਲ ਰਿਹਾ ਹੋਊ। ਇਹ ਦੇਖ ਕੇ ਜੌਨ ਏਲੀਆ ਦਾ ਸ਼ਿਅਰ ਯਾਦ ਆ ਜਾਂਦਾ ਹੈ:
ਉਸ ਕੀ ਗਲੀ ਸੇ ਉਠ ਕੇ ਮੈਂ ਆਨ ਪੜਾ ਥਾ ਅਪਨੇ ਘਰ,
ਏਕ ਗਲੀ ਕੀ ਬਾਤ ਥੀ ਔਰ ਗਲੀ ਗਲੀ ਗਈ।
ਮੌਲਾ ਮਿਹਰ ਕਰੇ ਤੇ ਅਜਿਹੇ ‘ਖ਼ਬਰੀਆਂ’ ਤੋਂ ਖ਼ਬਰਦਾਰ ਰੱਖੇ (ਮੁਖ਼ਬਰਾਂ/ ਮੁਖ਼ਬਰੀ ਪ੍ਰਤੀ ਵੀ ਖ਼ਬਰਦਾਰੀ ਬਣਾਈ ਰੱਖੇ)।
ਖ਼ਬਰ ਲੈਣ ਬਾਰੇ ਇੱਕ ਗੱਲ ਹੋਰ ਜਾਣ ਲਉੁ:
ਦੁਰਘਟਨਾ ਉਪਰੰਤ ਲੱਤ-ਬਾਂਹ ਤੁੜਵਾ ਕੇ ਇੱਕ ਜਣਾ ਹਸਪਤਾਲ ਵਿੱਚ ਦਾਖਲ ਸੀ। ਜਾਣ-ਪਛਾਣ ਵਾਹਵਾ ਸੀ। ਸੋ ਹਾਲ-ਚਾਲ ਪਤਾ ਕਰਨ ਵਾਲਿਆਂ ਦਾ ਤਾਂਤਾ ਲੱਗ ਗਿਆ। ਬਹੁਤਿਆਂ ਨੇ ਹੌਸਲਾ ਦਿੱਤਾ, ਹਿੰੰਮਤ ਵਧਾਈ ਅਤੇ ਹੱਲਾਸ਼ੇਰੀ ਦਿੱਤੀ। ਇੱਕਾ-ਦੁੱਕਾ ਨੇ ਖੀਰ ’ਚ ਖੇਹ ਰਲਾ ਦਿੱਤੀ।
ਸਿਰਫ਼ ਇੱਕ ਜਣੇ ਦਾ ਹਾਲ-ਚਾਲ ਪੁੱਛਣ ਦਾ ਬਾਕਮਾਲ ਅੰਦਾਜ਼ ਦੇਖ ਲਉ: ‘‘ਆਹ ਜਿਹੜੀ ਤੇਰੀ ਲੱਤ ਟੁੱਟੀ ਐ ਇਹ ਕਿਤੇ ਪੂਰੀ ਤਰ੍ਹਾਂ ਠੀਕ ਹੋਣੀ ਐ! ਡਾਕਟਰਾਂ ਦਾ ਕੀ ਐ, ਪੈਸੇ ਬਟੋਰਨ ਲਈ ਉਨ੍ਹਾਂ ਨੇ ਤਾਂ ਚੀਰਫਾੜ ਕਰੀ ਜਾਣੀ ਐ। ਲੱਤ ਜੁੜ ਕੇ ਵੀ ਦੂਜੀ ਲੱਤ ਨਾਲੋਂ ਇੰਚ/ਅੱਧਾ ਇੰਚ ਛੋਟੀ ਰਹਿ ਜਾਣੀ ਐ। ਲੰਙ ਮਾਰ ਮਾਰ ਤੁਰਿਆ ਕਰੇਂਗਾ। ਮੇਰੇ ਆਪਣੇ ਇੱਕ ਰਿਸ਼ਤੇਦਾਰ ਦੀ ਬਾਂਹ ਟੁੱਟ ਗਈ ਸੀ, ਵਿੰਗੀ ਹੀ ਜੁੜੀ।’’
ਬੀਮਾਰ-ਪੁਰਸੀ ਕਰਨ ਵਾਲਾ ਜਦ ਬਾਹਰ ਗਿਆ ਤਾਂ ਹਾਦਸਾ ਪੀੜਤ ਬੰਦਾ ਇਉਂ ਮਹਿਸੂਸ ਕਰਨ ਲੱਗਿਆ ਜਿਵੇਂ ਉਸ ਨਾਲ ਇੱਕ ਹੋਰ ਹਾਦਸਾ ਹੋ ਗਿਆ ਹੋਵੇ। ਇਸੇ ਲਈ ਤਾਂ ਕਹਿੰਦੇ ਹਨ: ‘ਖ਼ੁਦਾ ਬਚਾਏ ਖ਼ਬਰ ਲੈਣ ਵਾਲਿਆਂ ਤੋਂ।’
ਸੰਪਰਕ: 98766-55055

Advertisement

Advertisement
Author Image

Advertisement