ਗੋਲਕੀਪਰ ਸ੍ਰੀਜੇਸ਼ ਵੱਲੋਂ ਓਲੰਪਿਕ ਮਗਰੋਂ ਸੰਨਿਆਸ ਲੈਣ ਦਾ ਐਲਾਨ
ਨਵੀਂ ਦਿੱਲੀ, 22 ਜੁਲਾਈ
ਤਜਰਬੇਕਾਰ ਗੋਲਕੀਪਰ ਅਤੇ ਭਾਰਤ ਦੇ ਸਾਬਕਾ ਹਾਕੀ ਕਪਤਾਨ ਪੀਆਰ ਸ੍ਰੀਜੇਸ਼ ਨੇ ਕਿਹਾ ਕਿ ਪੈਰਿਸ ਓਲੰਪਿਕ ਉਸ ਦਾ ਆਖਰੀ ਕੌਮਾਂਤਰੀ ਟੂਰਨਾਮੈਂਟ ਹੋਵੇਗਾ। ਭਾਰਤ ਲਈ 328 ਮੈਚ ਖੇਡਣ ਵਾਲੇ ਸ੍ਰੀਜੇਸ਼ ਦਾ ਇਹ ਚੌਥਾ ਓਲੰਪਿਕ ਹੋਵੇਗਾ। ਕਈ ਰਾਸ਼ਟਰਮੰਡਲ ਖੇਡਾਂ, ਏਸ਼ਿਆਈ ਖੇਡਾਂ ਅਤੇ ਵਿਸ਼ਵ ਕੱਪ ਟੀਮ ਦਾ ਹਿੱਸਾ ਰਹੇ ਰਹੇ 36 ਸਾਲਾ ਸ੍ਰੀਜੇਸ਼ ਨੇ ਆਪਣੀ ਸ਼ਾਨਦਾਰ ਗੋਲਕੀਪਿੰਗ ਰਾਹੀਂ 2021 ਟੋਕੀਓ ਓਲੰਪਿਕ ’ਚ ਭਾਰਤ ਨੂੰ ਕਾਂਸੇ ਦਾ ਤਗ਼ਮਾ ਤੇ 2022 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਸ੍ਰੀਜੇਸ਼ ਨੇ ਹਾਕੀ ਇੰਡੀਆ ਵੱਲੋਂ ਜਾਰੀ ਬਿਆਨ ਵਿੱਚ ਕਿਹਾ, “ਮੈਂ ਪੈਰਿਸ ਵਿੱਚ ਆਪਣੇ ਆਖਰੀ ਟੂਰਨਾਮੈਂਟ ਦੀ ਤਿਆਰੀ ਕਰ ਰਿਹਾ ਹਾਂ। ਮੈਨੂੰ ਆਪਣੇ ਕਰੀਅਰ ’ਤੇ ਬਹੁਤ ਮਾਣ ਹੈ ਅਤੇ ਇਸੇ ਉਮੀਦ ਨਾਲ ਅੱਗੇ ਵਧ ਰਿਹਾ ਹਾਂ। ਮੇਰਾ ਹੁਣ ਤੱਕ ਦਾ ਸਫ਼ਰ ਬਹੁਤ ਸ਼ਾਨਦਾਰ ਰਿਹਾ ਹੈ। ਮੈਂ ਪਰਿਵਾਰ, ਟੀਮ ਦੇ ਸਾਥੀਆਂ, ਸਾਰੇ ਕੋਚਾਂ, ਪ੍ਰਸ਼ੰਸਕਾਂ ਤੇ ਹਾਕੀ ਇੰਡੀਆ ਦਾ ਧੰਨਵਾਦ ਕਰਦਾ ਹਾਂ। ਮੇਰੇ ’ਤੇ ਵਿਸ਼ਵਾਸ ਕਰਨ ਲਈ ਤੁਹਾਡਾ ਧੰਨਵਾਦ।’’ 2006 ਦੀਆਂ ਦੱਖਣੀ ਏਸ਼ੀਆਈ ਖੇਡਾਂ ਰਾਹੀਂ ਕੌਮਾਂਤਰੀ ਹਾਕੀ ਵਿੱਚ ਸ਼ੁਰੂਆਤ ਕਰਨ ਮਗਰੋਂ ਸ੍ਰੀਜੇਸ਼ ਭਾਰਤ ਲਈ ਵੱਖ-ਵੱਖ ਯਾਦਗਾਰ ਜਿੱਤਾਂ ਦਾ ਹਿੱਸਾ ਰਿਹਾ ਹੈ। ਇਸ ਵਿੱਚ 2014 ਦੀਆਂ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਅਤੇ 2018 ਏਸ਼ੀਆਡ ਵਿੱਚ ਕਾਂਸੇ ਦਾ ਤਗ਼ਮਾ ਵੀ ਸ਼ਾਮਲ ਹੈ। -ਪੀਟੀਆਈ