For the best experience, open
https://m.punjabitribuneonline.com
on your mobile browser.
Advertisement

ਲੋਕਾਂ ਦੇ ਦਰਵਾਜ਼ੇ ’ਤੇ ਜਾਣ ਵਿਧਾਇਕ: ਭਗਵੰਤ ਮਾਨ

07:16 AM Aug 14, 2024 IST
ਲੋਕਾਂ ਦੇ ਦਰਵਾਜ਼ੇ ’ਤੇ ਜਾਣ ਵਿਧਾਇਕ  ਭਗਵੰਤ ਮਾਨ
‘ਆਪ’ ਵਿਧਾਇਕਾਂ ਤੇ ਪਾਰਟੀ ਆਗੂਆਂ ਨਾਲ ਮੀਿਟੰਗ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ।
Advertisement

* ਗਿਲੇ-ਸ਼ਿਕਵੇ ਪਾਰਟੀ ਦੇ ਮੰਚ ’ਤੇ ਹੀ ਰੱਖੇ ਜਾਣ ਦੀ ਦਿੱਤੀ ਨਸੀਹਤ
* ਆਉਂਦੇ ਦਿਨਾਂ ਵਿਚ ‘ਤੁਹਾਡਾ ਵਿਧਾਇਕ ਤੁਹਾਡੇ ਦੁਆਰ’ ਪ੍ਰੋਗਰਾਮ ਹੋਵੇਗਾ ਸ਼ੁਰੂ

Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 13 ਅਗਸਤ
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਚਾਇਤ ਚੋਣਾਂ ਦੀ ਤਿਆਰੀ ਵਜੋਂ ਅੱਜ ‘ਆਪ’ ਵਿਧਾਇਕਾਂ ਨੂੰ ਲੋਕਾਂ ਦੇ ਦਰਵਾਜ਼ੇ ’ਤੇ ਜਾਣ ਦੀ ਨਸੀਹਤ ਦਿੱਤੀ ਹੈ। ਉਨ੍ਹਾਂ ਅੱਜ ਇੱਥੇ ਮੀਟਿੰਗ ਦੌਰਾਨ ‘ਆਪ’ ਵਿਧਾਇਕਾਂ ਨੂੰ ਕਿਹਾ ਕਿ ਉਹ ਚੰਡੀਗੜ੍ਹ ਦੀ ਥਾਂ ਪਿੰਡਾਂ-ਸ਼ਹਿਰਾਂ ਦੇ ਲੋਕਾਂ ’ਚ ਬੈਠਣ ਅਤੇ ਪੰਚਾਇਤੀ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਜਾਣਨ। ਆਉਂਦੇ ਦਿਨਾਂ ਵਿਚ ‘ਤੁਹਾਡਾ ਵਿਧਾਇਕ ਤੁਹਾਡੇ ਦੁਆਰ’ ਪ੍ਰੋਗਰਾਮ ਵੀ ਸ਼ੁਰੂ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਵੇਲਾ ਚੰਡੀਗੜ੍ਹ ’ਚ ਬੈਠਣ ਦਾ ਨਹੀਂ ਸਗੋਂ ਲੋਕਾਂ ਕੋਲ ਜਾਣ ਦਾ ਹੈ।
‘ਆਪ’ ਨੇ ਪੰਚਾਇਤੀ ਚੋਣਾਂ ਤੋਂ ਇਲਾਵਾ ਵਿਧਾਨ ਸਭਾ ਦੀਆਂ ਆਉਂਦੀਆਂ ਜ਼ਿਮਨੀ ਚੋਣਾਂ ਦੀ ਤਿਆਰੀ ਵੀ ਖਿੱਚ ਦਿੱਤੀ ਹੈ। ਮੀਟਿੰਗ ਵਿਚ ਪਾਰਟੀ ਦੇ ਕੌਮੀ ਜਨਰਲ ਸਕੱਤਰ ਸੰਦੀਪ ਪਾਠਕ, ‘ਆਪ’ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ, ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਵੀ ਸਟੇਜ ’ਤੇ ਮੌਜੂਦ ਸਨ। ਮੀਟਿੰਗ ਵਿਚ 11 ਵਿਧਾਇਕਾਂ ਨੂੰ ਛੱਡ ਕੇ ਬਾਕੀ ਸਾਰੇ ਹਾਜ਼ਰ ਸਨ ਅਤੇ ਪਾਰਟੀ ਦੇ ਸੰਸਦ ਮੈਂਬਰ ਵੀ ਮੌਜੂਦ ਸਨ। ਮੁੱਖ ਮੰਤਰੀ ਨੇ ਹਲਕਿਆਂ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਸਬੰਧਤ ਵਿਧਾਇਕਾਂ ਨਾਲ ਵੀ ਵਿਚਾਰ-ਵਟਾਂਦਰਾ ਕੀਤਾ।

Advertisement

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੱਦੀ ਗਈ ਮੀਟਿੰਗ ’ਚ ਹਾਜ਼ਰ ਵਿਧਾਇਕ। -ਫੋਟੋ: ਪ੍ਰਦੀਪ ਤਿਵਾੜੀ

ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਆਉਂਦੇ ਦਿਨਾਂ ਵਿਚ ਹਲਕਾਵਾਰ ਵਿਕਾਸ ਕੰਮਾਂ ਲਈ ਫੰਡ ਦੇਵੇਗੀ ਤਾਂ ਜੋ ਲੋਕਾਂ ਦੇ ਬੁਨਿਆਦੀ ਮਸਲੇ ਹੱਲ ਕੀਤੇ ਜਾ ਸਕਣ। ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਲੋਕਾਂ ਨਾਲ ਰਾਬਤਾ ਬਣਾਉਣ ਲਈ ਵੀ ਕਿਹਾ। ਭਗਵੰਤ ਮਾਨ ਨੇ ਕਿਹਾ ਕਿ ਜੇ ਕਿਸੇ ਵਿਧਾਇਕ ਨੂੰ ਕੋਈ ਵੀ ਸਮੱਸਿਆ ਹੈ ਤਾਂ ਉਹ ਆਪਣੀ ਗੱਲ ਪਾਰਟੀ ਦੇ ਮੰਚ ’ਤੇ ਰੱਖੇ। ਚੇਤੇ ਰਹੇ ਕਿ ਪਿਛਲੇ ਦਿਨੀਂ ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਵਿਧਾਇਕ ਨੇ ਜਨਤਕ ਸਮਾਗਮ ਵਿਚ ਕੁੱਝ ਗੱਲਾਂ ਆਖ ਦਿੱਤੀਆਂ ਸਨ। ਮੀਟਿੰਗ ਵਿਚ ਅਨੁਸ਼ਾਸਨ ਬਣਾ ਕੇ ਰੱਖਣ ਦੀ ਗੱਲ ਕੀਤੀ ਗਈ। ਵਿਧਾਇਕਾਂ ਨੇ ਆਟਾ-ਦਾਲ ਸਕੀਮ ਦੇ ਨਵੇਂ ਕਾਰਡ ਅਤੇ ਐੱਨਓਸੀ ਕਰਕੇ ਰਜਿਸਟਰੀਆਂ ਵਿਚ ਹੁੰਦੀ ਖੱਜਲ-ਖੁਆਰੀ ਦੀ ਗੱਲ ਵੀ ਰੱਖੀ।
ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਪਾਰਟੀ ਦੇ ਵਾਲੰਟੀਅਰਾਂ ਨਾਲ ਸੰਪਰਕ ਰੱਖਣ ਦੀ ਗੱਲ ਵੀ ਆਖੀ ਅਤੇ ਵੱਧ ਤੋਂ ਵੱਧ ਸਮਾਂ ਲੋਕਾਂ ਵਿਚ ਬਿਤਾਉਣ ਲਈ ਕਿਹਾ। ਉਨ੍ਹਾਂ ਇਹ ਭਰੋਸਾ ਦਿੱਤਾ ਕਿ ਸੂਬੇ ਦੇ ਸਾਰੇ ਅਧਿਕਾਰੀ ਵਿਧਾਇਕਾਂ ਨੂੰ ਬਣਦਾ ਮਾਣ-ਸਤਿਕਾਰ ਵੀ ਦੇਣਗੇ ਅਤੇ ਲੋਕ ਪੱਖੀ ਕੰਮਾਂ ਨੂੰ ਪਹਿਲ ਦੇ ਅਧਾਰ ’ਤੇ ਕਰਵਾਉਣਗੇ। ‘ਆਪ’ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਵਿਧਾਇਕਾਂ ਨੇ ਸਿੱਧੇ ਤੌਰ ’ਤੇ ਲੋਕਾਂ ਦੇ ਵਿਚਕਾਰ ਜਾਣ ਦਾ ਫ਼ੈਸਲਾ ਕੀਤਾ ਹੈ। ਮਲਵਿੰਦਰ ਸਿੰਘ ਕੰਗ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਪਿਛਲੇ ਢਾਈ ਸਾਲਾਂ ਵਿੱਚ ਕੀਤੇ ਕੰਮਾਂ ਬਾਰੇ ਸਾਰੇ ਵਿਧਾਇਕਾਂ ਤੋਂ ਫੀਡ ਬੈਕ ਲਿਆ ਗਿਆ।

ਮੀਤ ਹੇਅਰ ਨੇ ਬਿੱਟੂ ’ਤੇ ਸਵਾਲ ਖੜ੍ਹੇ ਕੀਤੇ

ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਰਾਜਪੁਰਾ-ਚੰਡੀਗੜ੍ਹ ਰੇਲ ਕੁਨੈਕਟੀਵਿਟੀ ’ਤੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਘੇਰਦਿਆਂ ਕਿਹਾ ਕਿ ਉਨ੍ਹਾਂ ਦਾ ਜਵਾਬ ਸਵਾਲ ਖੜ੍ਹੇ ਕਰਦਾ ਹੈ। ਬਿੱਟੂ ਨੇ ਕਿਹਾ ਕਿ ਪੰਜਾਬ ਸਰਕਾਰ ਜ਼ਮੀਨ ਨਹੀਂ ਦੇ ਰਹੀ ਹੈ, ਜਿਸ ਕਾਰਨ ਰੇਲਵੇ ਪ੍ਰਾਜੈਕਟ ਨੂੰ ਰੋਕਣਾ ਪਿਆ ਹੈ। ਮੀਤ ਹੇਅਰ ਨੇ ਕਿਹਾ ਕਿ ਸਰਕਾਰ ਨੂੰ ਮੁਫ਼ਤ ਜ਼ਮੀਨ ਚਾਹੀਦੀ ਹੈ, ਜਦੋਂ ਕਿ ਉਸ ਇਲਾਕੇ ਦੀ ਜ਼ਮੀਨ ਬਹੁਤ ਮਹਿੰਗੀ ਹੈ। ਇਸ ਲਈ ਉਨ੍ਹਾਂ ਦਾ ਪ੍ਰਸਤਾਵ ਉਨ੍ਹਾਂ ਦੇ ਇਰਾਦਿਆਂ ’ਤੇ ਸਵਾਲ ਖੜ੍ਹੇ ਕਰਦਾ ਹੈ।

ਜ਼ਿਮਨੀ ਚੋਣਾਂ ਤੋਂ ਪਹਿਲਾਂ ਮਿਲਣਗੇ ਫੰਡ

ਮੁੱਖ ਮੰਤਰੀ ਭਗਵੰਤ ਮਾਨ ਨੇ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਆਉਂਦੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਵੀ ਮੀਟਿੰਗਾਂ ਕੀਤੀਆਂ। ਉਨ੍ਹਾਂ ਹਲਕਾ ਗਿੱਦੜਬਾਹਾ, ਡੇਰਾ ਬਾਬਾ ਨਾਨਕ, ਚੱਬੇਵਾਲ ਅਤੇ ਬਰਨਾਲਾ ਦੇ ਇੰਚਾਰਜਾਂ ਨਾਲ ਮੀਟਿੰਗ ਕੀਤੀ। ਇਨ੍ਹਾਂ ਹਲਕਿਆਂ ਵਿਚ ਵਿਕਾਸ ਕੰਮ ਸ਼ੁਰੂ ਕਰਨ ਬਾਰੇ ਚਰਚਾ ਹੋਈ। ਇਨ੍ਹਾਂ ਹਲਕਿਆਂ ਦੀਆਂ ਮੁਸ਼ਕਲਾਂ ਅਤੇ ਜ਼ਰੂਰਤਾਂ ਦੇ ਮੱਦੇਨਜ਼ਰ ਨਵੇਂ ਵਿਕਾਸ ਫੰਡ ਜਾਰੀ ਕਰਨ ਦੀ ਰੂਪ-ਰੇਖਾ ਵੀ ਤਿਆਰ ਕੀਤੀ ਗਈ।

Advertisement
Tags :
Author Image

joginder kumar

View all posts

Advertisement