ਦਿੱਲੀ ਚੱਲੋ: ਸ਼ੰਭੂ ਤੇ ਖਨੌਰੀ ਬਾਰਡਰਾਂ ’ਤੇ ਸਖ਼ਤ ਪ੍ਰਬੰਧ
ਸਰਬਜੀਤ ਸਿੰਘ ਭੰਗੂ
ਪਟਿਆਲਾ, 11 ਫਰਵਰੀ
ਮੰਨੀਆਂ ਮੰਗਾਂ ਲਾਗੂ ਕਰਵਾਉਣ ਤੇ ਹੋਰ ਮੰਗਾਂ ਲਈ ‘ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ)’ ਵੱਲੋਂ 13 ਫਰਵਰੀ ਨੂੰ ‘ਦਿੱਲੀ ਚੱਲੋ’ ਦੇ ਦਿੱਤੇ ਗਏ ਸੱਦੇ ਤਹਿਤ ਕੇਂਦਰ ਦੀ ਭਾਈਵਾਲ ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਐਤਕੀ ਹਰਿਆਣਾ ’ਚ ਦੀਆਂ ਬਰੂਹਾਂ ’ਤੇ ਹੀ ਮਜ਼ਬੂਤ ਬੰਦੋਬਸਤ ਕੀਤੇ ਜਾ ਰਹੇ ਹਨ। ਕੱਲ੍ਹ ਤੋਂ ਸ਼ੁਰੂ ਕੀਤੀ ਗਈ ਰੋਕਾਂ ਲਾਉਣ ਦੀ ਪ੍ਰਕਿਰਿਆ ਨੂੰ ਅੱਜ ਦੂਜੇ ਦਿਨ ਹੋਰ ਮਜ਼ਬੂਤ ਕਰ ਦਿੱਤਾ ਗਿਆ ਹੈ ਜਦਕਿ ਕੱਲ੍ਹ ਤੱਕ ਇਸ ਨੂੰ ਹੋਰ ਅੱਪਡੇਟ ਕਰਨ ਦੀ ਵਿਉਂਤਬੰਦੀ ਵੀ ਹੈ। ਇਸ ਕੜੀ ਵਜੋਂ ਪਟਿਆਲਾ ਜ਼ਿਲ੍ਹੇ ’ਚ ਪੈਂਦੇ ਸ਼ੰਭੂ ਸਮੇਤ ਜ਼ਿਲ੍ਹੇ ਵਿਚਲੇ ਢਾਬੀਗੁੱਜਰਾਂ ਤੇ ਰਾਮਨਗਰ ’ਤੇ ਆਧਾਰਤ ਕੁੱਲ ਤਿੰਨ ਮੁੱਖ ਮਾਰਗਾਂ ’ਤੇ ਮਜ਼ਬੂਤ ਰੋਕਾਂ ਲਾਈਆਂ ਗਈਆਂ ਸਨ। ਇਨ੍ਹਾਂ ਤਿੰਨਾਂ ਰੋਕਾਂ ਨੂੰ ਕੱਲ੍ਹ ਨਾਲੋਂ ਵੀ ਜ਼ਿਆਦਾ ਮਜ਼ਬੂਤ ਕਰਦਿਆਂ ਅੱਜ ਪਟਿਆਲਾ-ਪਿਹੋਵਾ ’ਤੇ ਆਧਾਰਤ ਚੌਥਾ ਮੁੱਖ ਮਾਰਗ ਵੀ ਸੀਲ ਕਰ ਦਿੱਤਾ ਗਿਆ ਹੈ। ਇਨ੍ਹਾਂ ਚਾਰਾਂ ਥਾਵਾਂ ’ਤੇ ਲੋਹੇ ਦੀਆਂ ਉੱਚੀਆਂ, ਚੌੜੀਆਂ ਤੇ ਮਜ਼ਬੂਤ ਚਾਦਰਾਂ ਸਮੇਤ ਸਰੀਏ, ਬਜਰੀ ਅਤੇ ਸੀਮਿੰਟ ਦੇ ਮਿਸ਼ਰਣ ਨਾਲ ਅਤਿ ਮਜ਼ਬੂਤ ਬੰਨ੍ਹਨੁਮਾ ਬੈਰੀਕੇਡਿੰਗ ਕੀਤੀ ਜਾ ਰਹੀ ਹੈ। ਇਸ ਦੇ ਚੱਲਦਿਆਂ ਹੀ ਸੀਲਿੰਗ ਵਾਲੀ ਇਸ ਕਾਰਵਾਈ ਖ਼ਿਲਾਫ਼ ਸੰਭੂ ਨੇੜੇ ਹਰਿਆਣਾ ਸਰਕਾਰ ਖਿਲ਼ਾਫ਼ ਪੰਜਾਬ ਦੇ ਕਿਸਾਨਾਂ ਨੇ ਅੱਜ ਦੂਜੇ ਦਿਨ ਵੀ ਹਰਿਆਣਾ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਸੀਲਿੰਗ ਆਧਾਰਤ ਇਸ ਕਾਰਵਾਈ ਦੀ ਕਵਰੇਜ ਕਰਨ ਦੇ ਮਾਮਲੇ ਨੂੰ ਲੈ ਕੇ ਪੱਤਰਕਾਰ ਭਾਈਚਾਰੇ ਅਤੇ ਹਰਿਆਣਾ ਦੇ ਕੁਝ ਪੁਲੀਸ ਮੁਲਾਜ਼ਮਾਂ ਦਰਮਿਆਨ ਵਿਵਾਦ ਵੀ ਪੈਦਾ ਹੋਇਆ। ਇਸ ਦੌਰਾਨ ਕੁਝ ਪੱਤਰਕਾਰਾਂ ਨੇ ਹਰਿਆਣਾ ਪੁਲੀਸ ’ਤੇ ਉਨ੍ਹਾਂ ਦੇ ਕੈਮਰੇ ਖੋਹਣ ਦੀ ਕੋਸਿਸ਼ ਕਰਨ ਸਮੇਤ ਉਨ੍ਹਾਂ ਨਾਲ ਦੁਰਵਿਵਹਾਰ ਕਰਨ ਦੇ ਦੋਸ਼ ਵੀ ਲਾਏ ਹਨ। ਇਸੇ ਦੌਰਾਨ ਉੱਥੇ ਮੌਜੂਦ ਪੰਜਾਬ ਪੁਲੀਸ ਦੇ ਕੁਝ ਮੁਲਾਜ਼ਮਾਂ, ਕਿਸਾਨਾਂ ਅਤੇ ਕੁਝ ਹੋਰਨਾ ਨੇ ਦਖਲ ਦਿੰਦਿਆਂ ਮਾਮਲੇ ਨੂੰ ਸ਼ਾਂਤ ਕਰਵਾਇਆ।
ਸੰਗਰੂਰ/ਖਨੌਰੀ (ਗੁਰਦੀਪ ਸਿੰਘ ਲਾਲੀ/ਹਰਜੀਤ ਸਿੰਘ): ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਵਲੋਂ ਕਿਸਾਨੀ ਮੰਗਾਂ ਦੇ ਹੱਲ ਲਈ 13 ਫਰਵਰੀ ਨੂੰ ਦਿੱਲੀ ਕੂਚ ਕਰਨ ਦੇ ਐਲਾਨ ਕਾਰਨ ਹਰਿਆਣਾ ਸਰਕਾਰ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਖਨੌਰੀ ਨੇੜੇ ਅੱਜ ਪੰਜਾਬ-ਹਰਿਆਣਾ ਹੱਦ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ ਜਿਸ ਕਾਰਨ ਖਨੌਰੀ ਨੇੜੇ ਦੋਵੇਂ ਰਾਜਾਂ ਦੀ ਹੱਦ ’ਤੇ ਕੌਮੀ ਹਾਈਵੇਅ-52 ਉੱਪਰ ਆਵਾਜਾਈ ਮੁਕੰਮਲ ਤੌਰ ’ਤੇ ਬੰਦ ਹੋ ਗਈ ਹੈ ਅਤੇ ਦੂਰ-ਦੂਰ ਤੱਕ ਟਰੱਕਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਹਨ। ਹਰਿਆਣਾ ਪੁਲੀਸ ਵੰਲੋਂ ਪੰਜਾਬ-ਹਰਿਆਣਾ ਹੱਦ ’ਤੇ ਪੰਜਾਬ ਵੱਲ ਹਰੇ ਰੰਗ ਦਾ ਪਰਦਾ ਤਾਣ ਲਿਆ ਹੈ ਅਤੇ ਪਰਦੇ ਪਿੱਛੇ ਰੋਕਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਹੱਦ ’ਤੇ ਹਰਿਆਣਾ ਪੁਲੀਸ ਵਲੋਂ ਮੀਡੀਆ ਨੂੰ ਵੀ ਨੇੜੇ ਫ਼ਟਕਣ ਨਹੀਂ ਦਿੱਤਾ ਜਾ ਰਿਹਾ।
ਕਿਸਾਨਾਂ ਨੂੰ ਹਰਿਆਣਾ ’ਚ ਦਾਖਲ ਹੋਣ ਤੋਂ ਰੋਕਣ ਲਈ ਹਰਿਆਣਾ ਸਰਕਾਰ ਵੱਲੋਂ ਪੰਜਾਬ-ਹਰਿਆਣਾ ਹੱਦ ’ਤੇ ਕੌਮੀ ਹਾਈਵੇਅ ਨੂੰ ਬੰਦ ਕਰਨ ਲਈ ਚਾਰ ਪੜ੍ਹਤਾਂ ’ਚ ਸੀਮਿੰਟ ਦੀਆਂ ਵੱਡੀਆਂ ਸਲੈਬਾਂ ਰੱਖ ਦਿੱਤੀਆਂ ਹਨ ਜਿਨ੍ਹਾਂ ਨੂੰ ਸਰੀਏ ਨਾਲ ਵੈਲਡਿੰਗ ਕਰਕੇ ਆਪਸ ਵਿੱਚ ਜੋੜ ਦਿੱਤਾ ਹੈ। ਇਸ ਤੋਂ ਬਾਅਦ ਕੰਟੇਨਰ ਲਗਾ ਦਿੱਤੇ ਹਨ। ਹਾਈਵੇਅ ਦੇ ਦੋਵੇਂ ਪਾਸੇ ਕੱਚੀ ਥਾਂ ਵਿੱਚ ਡੂੰਘੇ ਖੱਡੇ ਪੁੱਟ ਦਿੱਤੇ ਹਨ ਅਤੇ ਕੰਡਿਆਲੀ ਤਾਰ ਲਗਾ ਦਿੱਤੀ ਹੈ।
ਅੰਬਾਲਾ ਜਾਣ ਲਈ ਬਦਲਵਾਂ ਰੂਟ ਜਾਰੀ
ਡਿਪਟੀ ਕਮਿਸਨਰ ਸ਼ੌਕਤ ਅਹਿਮਦ ਪਰੈ ਨੇ ਦੱਸਿਆ ਕਿ ਸ਼ੰਭੂ ਤੋਂ ਅੰਬਾਲਾ ਵਾਲੀ ਆਵਾਜਾਈ ਨੂੰ ਸ਼ੰਭੂ-ਰਾਜਪੁਰਾ-ਬਨੂੜ ਏਅਰਪੋਰਟ ਰੋਡ-ਡੇਰਾਬਸੀ-ਅੰਬਾਲਾ-ਦਿੱਲੀ ਰੂਟ ਤੋਂ ਇਲਾਵਾ ਸ਼ੰਭੂ-ਰਾਜਪੁਰਾ-ਬਨੂੜ-ਪੰਚਕੂਲਾ- ਨਾਡਾ ਸਾਹਿਬ-ਬਰਵਾਲਾ-ਸਹਿਜਾਦਪੁਰ-ਸਾਹਾ-ਸ਼ਾਹਬਾਦ-ਦਿੱਲੀ ਦਾ ਰੂਟ ਲਿਆ ਜਾ ਸਕਦਾ ਹੈ। ਤੀਜਾ ਰੂਟ ਰਾਜਪੁਰਾ-ਪਟਿਆਲਾ-ਪਿਹੋਵਾ-ਕੁਰੂਕਸ਼ੇਤਰਾ-ਦਿੱਲੀ ਜਾਂ ਚੌਥਾ ਰੂਟ ਰਾਜਪੁਰਾ-ਪਟਿਆਲਾ-ਪਿਹੋਵਾ-152ਡੀ ਐਕਸਪ੍ਰੈਸਵੇਅ-ਰੋਹਤਕ-ਦਿੱਲੀ ਵਾਲਾ ਰਸਤਾ ਅਪਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਗਲੀ ਸੂਚਨਾ ਤੱਕ ਪਟਿਆਲਾ-ਰਾਜਪੁਰਾ-ਸ਼ੰਭੂ ਰਸਤੇ ਅੰਬਾਲਾ-ਦਿੱਲੀ ਜਾਣ ਵਾਲੇ ਰਾਹਗੀਰਾਂ ਨੂੰ ਉਪਰੋਕਤ ਦਰਸਾਏ ਬਦਲਵੇਂ ਰਸਤੇ ਅਪਣਾਉਣ ਦੀ ਸਲਾਹ ਦਿੱਤੀ ਹੈ।