ਉੱਥੇ ਜਾ ਕੇ ਦੇਖੀ ਜਾਊ
ਅਵਤਾਰ ਐੱਸ. ਸੰਘਾ
ਵਰਿੰਦਰ ਨੂੰ ਕੈਨੇਡਾ ਗਏ ਨੂੰ ਛੇ ਕੁ ਮਹੀਨੇ ਹੋ ਗਏ ਸਨ। ਉਸ ਨੂੰ ਦਾਖਲਾ ਬਰੈਂਪਟਨ ਦੇ ਇੱਕ ਕਾਲਜ ਵਿੱਚ ਮਿਲਿਆ ਸੀ। ਦੋ ਕੁ ਮਹੀਨਿਆਂ ਬਾਅਦ ਥੋੜ੍ਹਾ-ਥੋੜ੍ਹਾ ਕੰਮ ਮਿਲਣਾ ਸ਼ੁਰੂ ਹੋਇਆ ਸੀ। ਕਦੀ ਕਦੀ ਮਿਲਦਾ ਹੀ ਨਹੀਂ ਸੀ। ਕਾਲਜ ਦਾ ਖ਼ਰਚਾ ਲਗਾਤਾਰ ਸੀ। ਇੱਕ ਘਰ ਦੀ ਬੇਸਮੈਂਟ ਵਿੱਚ ਉਹ ਤਿੰਨ ਹੋਰ ਸਾਥੀਆਂ ਨਾਲ ਰਹਿੰਦਾ ਸੀ। ਚਾਰੇ ਜਣੇ ਪੰਜਾਬ ਵਿੱਚ ਚੰਗੇ ਖਾਂਦੇ ਪੀਂਦੇ ਘਰਾਂ ਦੇ ਬੱਚੇ ਸਨ। ਇੱਕ ਦਿਨ ਕਲਾਸਾਂ ਲਾ ਕੇ ਜਲਦੀ ਆ ਗਿਆ। ਬੈਠ-ਬੈਠੇ ਦੀ ਸੋਚ ਫਗਵਾੜੇ ਪਹੁੰਚ ਗਈ। ਫਗਵਾੜਾ ਵਿਖੇ ਇਮੀਗ੍ਰੇਸ਼ਨ ਕੰਸਲਟੈਂਸੀ ਨਾਲ ਉਹ ਗੱਲਾਂ ਯਾਦ ਆ ਗਈਆਂ ਜਿਹੜੀਆਂ ਕੈਨੇਡਾ ਵਾਸਤੇ ਅਰਜ਼ੀ ਪਾਉਣ ਤੋਂ ਪਹਿਲਾਂ ਹੋਈਆਂ ਸਨ।
‘‘ਪਲੱਸ ਟੂ ਕਰ ਲਿਆ ਏ। ਕੀਤਾ ਵੀ ਸੇਂਟ ਜੋਜ਼ੇਫ ਸਕੂਲ ਤੋਂ ਏ। ਹੁਣ ਦੱਸੋ ਕੀ ਕੀਤਾ ਜਾਏ?’’ ਵਰਿੰਦਰ ਨੇ ਈਸਟ ਵੈਸਟ ਟਰੈਵਲ ਦੇ ਦਫ਼ਤਰ ਬੈਠੇ ਨੇ ਕੰਸਲਟੈਂਟ ਲੂਥਰਾ ਸਾਹਿਬ ਨੂੰ ਪੁੱਛਿਆ ਸੀ।
‘‘ਆਇਲੈਟਸ ਦੀ ਕੀ ਪੁਜ਼ੀਸ਼ਨ ਏ?’’ ਲੂਥਰਾ ਨੇ ਉਸ ਨੂੰ ਸਵਾਲ ਕੀਤਾ ਸੀ।
‘‘ਫੀਸ ਭਰੀ ਹੋਈ ਹੈ। ਅਗਲੇ ਮਹੀਨੇ ਪੇਪਰ ਦੇਵਾਂਗਾ। ਉਮੀਦ ਏ ਆਰਾਮ ਨਾਲ ਪਾਸ ਕਰ ਲਵਾਂਗਾ।’’
‘‘ਕੀ ਸਕੋਰ ਆ ਸਕਦਾ ਏ?’’
‘‘ਸਾਢੇ ਸੱਤ ਬੈਂਡ ਤਾਂ ਲੈ ਹੀ ਲਵਾਂਗਾ। ਸ਼ਾਇਦ ਅੱਠ ਹੀ ਆ ਜਾਣ। ਆਫਟਰ ਆਲ ਸੇਂਟ ਜੋਜ਼ੇਫ ਦਾ ਪ੍ਰੋਡਕਟ ਹਾਂ।’’
‘‘ਕਿਤੇ ਸਿਖਲਾਈ ਵੀ ਲੈ ਰਹੇ ਹੋ?’’
‘‘ਜਲੰਧਰ ਕਲਾਸਾਂ ਲਗਾ ਰਿਹਾ ਹਾਂ। ਪ੍ਰੈਸਟੀਜ਼ ਕਾਲਜ ਵਿਖੇ। ਨਾਲ ਦੀ ਨਾਲ ਕੰਪਿਊਟਰ ਦੀ ਵੀ ਥੋੜ੍ਹੀ ਹੋਰ ਮੁਹਾਰਤ ਪੈਦਾ ਕਰ ਰਿਹਾ ਹਾਂ। ਤੁਸੀਂ ਇਹ ਦੱਸੋ ਮਜ਼ਮੂਨ ਕਿਹੜਿਆਂ ਦੀ ਵੱਧ ਡਿਮਾਂਡ ਏ?’’
‘‘ਕਾਕਾ, ਮਜ਼ਮੂਨਾਂ ਦੀ ਪਰਵਾਹ ਨਾ ਕਰ। ਵਧੀਆ ਮਜ਼ਮੂਨ ਭਰਵਾ ਦਿਆਂਗੇ। ਬਸ ਤੂੰ ਪੈਸੇ ਤਿਆਰ ਰੱਖ। ਨਾਲ ਇਹ ਦੱਸ ਉੱਥੇ ਜਾ ਕੇ ਕੰਮ ਕੀ ਕਰੇਂਗਾ? ਸ਼ੁਰੂ ਵਿੱਚ ਤਾਂ ਮੂਹੜੇ ’ਤੇ ਬੈਠਣਾ ਪੈਂਦਾ ਏ। ਪੰਜਾਬ ’ਚੋਂ ਬਹੁਤ ਸਾਰੇ ਪੜ੍ਹੇ ਲਿਖੇ ਨੌਕਰੀ ਪੇਸ਼ਾ ਲੋਕ ਤਾਂ ਇਸ ਕਰਕੇ ਜਾਣ ਦਾ ਹੌਸਲਾ ਨਹੀਂ ਕਰਦੇ ਕਿਉਂਕਿ ਡਰ ਹੁੰਦਾ ਏ ਕਿ ਕਿਤੇ ਪੰਜਾਬ ਵਿੱਚ ਮਸਾਂ ਪ੍ਰਾਪਤ ਕੀਤੀ ਕੁਰਸੀ ਨਾ ਛੁੱਟ ਜਾਵੇ। ਮੂਹਰੇ ਜਾ ਕੇ ਭੁੰਜੇ ਬੈਠਣਾ ਪਵੇ। ਪੰਜਾਬ ਦੀ ਕੁਰਸੀ ਖ਼ਤਮ ਹੋ ਜਾਵੇ। ਨੇੜੇ ਦੇ ਦੋ ਕਾਲਜਾਂ ਦੇ ਦੋ ਲੈਕਚਰਾਰ ਗਏ ਸੀ। ਕਾਲਜ ਪ੍ਰਾਈਵੇਟ ਸਨ, ਪਰ ਸਰਕਾਰ ਵੱਲੋਂ ਏਡਿਡ ਸਨ। ਕਮੇਟੀਆਂ ਨੇ ਛੁੱਟੀ ਬਿਨ ਤਨਖਾਹ ਵੀ ਨਹੀਂ ਦਿੱਤੀ। ਜਹਾਜ਼ ਚੜ੍ਹਨ ਦਾ ਤੇ ਦੇਸ਼ ਦੇਖਣ ਦਾ ਚਾਅ ਸੀ। ਉੱਧਰ ਗਏ ਤਾਂ ਪਹਿਲਾਂ ਬੇਰੀਆਂ ਤੋੜਨ ਤੇ ਸਕਿਉੂਰਿਟੀ ਦੀ ਜਾਬ ਕਰਨ ਲਈ ਵੀ ਦੂਰ ਦੁਰਾਡੇ ਜਾਣ ਦਾ ਕੋਈ ਸਾਧਨ ਨਹੀਂ ਸੀ। ਕਈ ਮਹੀਨੇ ਡਰਾਈਵਿੰਗ ਲਾਇਸੈਂਸ ਲੈਣ ਨੂੰ ਲੱਗ ਗਏ। ਤੈਨੂੰ ਪਤਾ, ਉੱਥੇ ਸੱਜੇ ਪਾਸੇ ਡਰਾਈਵਿੰਗ ਏ। ਫਿਰ ਕਿਤੇ ਪੁਰਾਣੀਆਂ ਕਾਰਾਂ ਖ਼ਰੀਦੀਆਂ। ਕਾਰ ਬਗੈਰ ਉੱਥੇ ਜ਼ਿੰਦਗੀ ਹੀ ਨਹੀਂ। ਪਹਿਲਾਂ ਜਾਂਦੇ ਸਾਰ ਕੋਈ ਕੰਮ ’ਤੇ ਕਿਵੇਂ ਲੱਗੇ? ਕੰਮ ਦੇਣ ਵਾਲੇ ਪਹਿਲੀ ਸ਼ਰਤ ਇਹ ਰੱਖਦੇ ਹਨ: ਕੀ ਤੁਹਾਡੇ ਪਾਸ ਡਰਾਈਵਿੰਗ ਲਾਇਸੈਂਸ ਹੈ? ਜੋ ਲੋਕ ਇਹ ਸ਼ਰਤ ਪੂਰੀ ਨਹੀਂ ਕਰਦੇ ਉਸ ਨੂੰ ਉਹ ਕੰਮ ਦਿੰਦੇ ਨਹੀਂ। ਤੁਸੀਂ ਕਿਵੇਂ ਕਰੋਗੇ?’’
‘‘ਸਾਡੇ ਪਿੰਡ ਦੇ ਪਿਛਲੇ 70 ਸਾਲਾਂ ਤੋਂ ਅਨੇਕਾਂ ਬੰਦੇ ਇੰਗਲੈਂਡ, ਕੈਨੇਡਾ ਤੇ ਅਮਰੀਕਾ ਜਾਂਦੇ ਰਹੇ ਹਨ। ਪਤਾ ਨਹੀਂ ਕਿਵੇਂ ਸੈੱਟ ਹੋ ਗਏ? ਕੋਈ ਵਾਪਸ ਨਹੀਂ ਮੁੜਿਆ। ਜੋ ਉਨ੍ਹਾਂ ਨਾਲ ਨਵਿਆਂ ਨਵਿਆਂ ਨਾਲ ਹੋਇਆ ਹੋਊ ਉਹੀ ਕੁਝ ਸਾਡੇ ਨਾਲ ਹੋ ਜਾਊ। ਸੁਣਿਐ, ਉਨ੍ਹਾਂ ਦੇਸ਼ਾਂ ਵਿੱਚ ਜ਼ਮੀਨ ’ਤੇ ਪੈਰ ਧਰਨਾ ਹੀ ਮਾਲਾ ਮਾਲ ਹੋ ਜਾਣ ਦੇ ਬਰਾਬਰ ਏ। ਜੇ ਉੱਥੇ ਜਾ ਕੇ ਉਹ ਪਹਿਲਾਂ ਮੂਹੜੇ ’ਤੇ ਬੈਠਦੇ ਹਨ, ਤਾਂ ਕੀ? ਉਹ ਮੂਹੜਾ ਵੀ ਚਾਂਦੀ ਦਾ ਏ, ਸਾਡੇ ਇੱਥੇ ਕੁਰਸੀ ਵੀ ਘੁਣ ਦੀ ਖਾਧੀ ਹੋਈ ਏ।’’
‘‘ਅੱਛਾ! ਕੋਈ ਅਗਾਊਂ ਸਕੀਮਾਂ ਬਣਾਉਣ ਦੀ ਜ਼ਰੂਰਤ ਨਹੀਂ? ਕੀ ਝਾੜੂ ਮਾਰ ਲਓਗੇ? ਕੀ ਨਵੇਂ ਨਵੇਂ ਕੰਮ ਸਿੱਖ ਲਓਗੇ? ਕੀ ਰੈਸਟੋਰੈਂਟ ’ਤੇ ਭਾਂਡੇ ਮਾਂਜ ਲਓਗੇ?’’
‘‘ਸਾਡੇ ਘਰ ਗੱਲਾਂ ਕਰਦੇ ਹੁੰਦੇ, ਪਾਲਦੀ ਵਾਲਾ ਤੋਤੀ ਪੁਰਾਣੇ ਵਕਤਾਂ ਵਿੱਚ ਵਿਲਾਇਤ ਗਿਆ ਸੀ। ਚਿੱਟਾ ਅਨਪੜ੍ਹ ਸੀ। ਪੈਰੀਂ ਕਦੀ ਜੁੱਤੀ ਨਹੀਂ ਸੀ ਪਾਈ। ਕਹਿੰਦੇ ਨੇ ਧਰਤੀ ’ਚ ਗਰਮੀਆਂ ਨੂੰ ਆਈਆਂ ਤਰੇੜਾਂ ਜਿੱਡੀਆਂ ਪੈਰਾਂ ’ਚ ਬਿਆਈਆਂ ਫਟੀਆਂ ਹੁੰਦੀਆਂ ਸਨ। ਵਾਊਚਰ (ਜਿਹਨੂੰ ਉਦੋਂ ਪਿੰਡ ਵਿੱਚ ਲੋਕ ‘ਬੁਗਚਰ’ ਕਹਿੰਦੇ ਹੁੰਦੇ ਸਨ) ਦੇ ਸਿਰ ’ਤੇ ਇੰਗਲੈਂਡ ਦੇ ਡਰਬੀ ਸ਼ਹਿਰ ਪਹੁੰਚ ਗਿਆ ਸੀ। ਦਿਨ ਰਾਤ ਭੱਠੀਆਂ ਵਿੱਚ ਲੋਹਾ ਢਾਲਣ ਦਾ ਕੰਮ ਕਰਦਾ ਰਿਹਾ। ਕੰਮ ਦੇ ਘੰਟੇ ਤੇ ਤਨਖਾਹ ਨਿਸ਼ਚਿਤ ਸੀ। ਜੋ ਨਾਲ ਕੰਮ ਕਰਦਾ ਗੋਰਾ ਲੈਂਦਾ ਸੀ ਉਹੀ ਤੋਤੀ ਨੂੰ ਮਿਲਦਾ ਸੀ। ਜਦ ਤੋਤੀ ਪੰਜ ਸਾਲ ਬਾਅਦ ਪਿੰਡ ਵਾਪਸ ਮੁੜਿਆ ਤਾਂ ਪਛਾਣ ਹੀ ਨਾ ਹੋਵੇ। ਦਾੜ੍ਹੀ ਕੇਸ ਸਫਾ ਚੱਟ। ਪੂਰਾ ਅੰਗਰੇਜ਼ ਹੀ ਲੱਗੇ। ਰੰਗ ਗੋਰਾ ਸੀ। ਪਹਿਲਾਂ ਇੱਥੇ ਵਿਆਹ ਤੋਂ ਖੁੰਝਿਆ ਹੋਇਆ ਸੀ। ਵਾਪਸ ਆਉਂਦਾ ਆਉਂਦਾ 50 ਸਾਲ ਦਾ ਹੋ ਗਿਐ। ਹੁਣ ਰਿਸ਼ਤੇ ਟੁੱਟ ਟੁੱਟ ਪੈਣ। ਅਖੀਰ ਖੇੜੇ ਵਾਲੇ ਮੱਘਰ ਦੀ ਤੂਤ ਦੀ ਛਿਟੀ ਜਿਹੀ 20 ਕੁ ਸਾਲ ਦੀ ਕੁੜੀ ਲੈ ਕੇ ਵਾਪਸ ਉੜ ਗਿਐ। ਤੁਸੀਂ ਸਾਨੂੰ ਕਹਿੰਦੇ ਹੋ ਇੱਥੇ ਆਹ ਸਿੱਖ ਕੇ ਜਾਓ, ਔਹ ਸਿੱਖ ਕੇ ਜਾਓ। ਤੋਤੀ ਨੇ ਤਾਂ ਕਦੀ ਧੌੜੀ ਦੀ ਜੁੱਤੀ ਤੱਕ ਨਹੀਂ ਸੀ ਪਾਈ, ਬੂਟਾਂ ਦੀ ਗੱਲ ਤਾਂ ਦੂਰ ਦੀ ਏ। ਉਹ ਉਨ੍ਹਾਂ ਸਮਿਆਂ ਵਿੱਚ ਉਸ ਧਰਤੀ ’ਤੇ ਸੈੱਟ ਹੋ ਗਿਆ ਸੀ। ਸਾਡੀ ਗੱਲ ਛੱਡੋ ਤੁਸੀਂ। ਇਵੇਂ ਹੀ ਨੂਰਪੁਰੀਏ ਬਗੀਚੇ ਨਾਲ ਹੋਇਆ ਸੀ। ਸੁਣਿਐ ਬਲਦਾਂ ਮਗਰ ਮੁੰਨਾ (ਹਲ਼) ਚੁੱਕੀ ਨੰਗੇ ਪੈਰੀਂ, ਲੰਬਾ ਜਿਹਾ ਮੈਲ ਨਾਲ ਭਰਿਆ ਝੱਗਾ ਪਾਏ ਰੋਜ਼ ਖੇਤਾਂ ਨੂੰ ਜਾਂਦਾ ਦੇਖਦੇ ਹੁੰਦੇ ਸਾਂ। ਪਜਾਮਾ ਤਾਂ ਕਦੀ ਉਹਨੇ ਪਾਇਆ ਹੀ ਨਹੀਂ ਸੀ। ਜਦ ਦਸ ਸਾਲ ਬਾਅਦ ਮੁੜਿਆ ਉਹ ਤਾਂ, ਕਹਿੰਦੇ, ਨਿਰਾ ਡੋਨਲਡ ਟਰੰਪ ਲੱਗਦਾ ਸੀ। ਟਾਈ ਵੀ ਲਾਲ ਰੰਗ ਦੀ ਲਗਾ ਕੇ ਆਇਆ ਸੀ ਸਹੁਰੀ ਦਾ। ਇੱਦਾਂ ਦੇ ਭੌਂਦੂ ਕਾਮਯਾਬ ਹੀ ਨਹੀਂ ਹੋਏ, ਬਲਕਿ ਸੋਨਾ ਬਣ ਗਏ। ਮੇਰੀ ਤਾਂ ਤੁਸੀਂ ਗੱਲ ਹੀ ਛੱਡੋ। ਸਭ ਕੁਝ ਕਰ ਲਵਾਂਗਾ। ਉੱਥੇ ਝਾੜੂ ਮਾਰਨ ਤੇ ਭਾਂਡੇ ਮਾਂਜਣ ਦਾ ਵੀ ਸਟੈਂਡਰਡ ਏ।’’
‘‘ਉਹ ਕਿਵੇਂ?’’
‘‘ਜਿੱਥੇ ਜਮੀਨ ਸ਼ੀਸ਼ੇ ਵਾਂਗ ਲਿਸ਼ਕਦੀ ਹੋਵੇ ਉੱਥੇ ਉਹਦੇ ਉੱਪਰ ਮਾਰਨ ਵਾਲਾ ਝਾੜੂ ਜਾਂ ਪੋਚਾ ਕਿਸ ਕਿਸਮ ਦਾ ਹੋਊ? ਮੈਂ ਇੱਕ ਫਿਲਮ ’ਚ ਦੇਖਿਆ ਸੀ। ਵਿਲਾਇਤ ਦੇ ਇੱਕ ਰੇਲਵੇ ਸਟੇਸ਼ਨ ’ਤੇ ਇੱਕ ਸਫ਼ਾਈ ਕਰਮਚਾਰੀ ਸਫ਼ਾਈ ਕਰ ਰਿਹਾ ਸੀ। ਉਸ ਦੇ ਹੱਥ ਵਿੱਚ ਇੱਕ ਸੋਟੀ ਜਿਹੀ ਫੜੀ ਹੋਈ ਸੀ। ਉਸ ਸੋਟੀ ਦੇ ਹੇਠਾਂ ਇੱਕ ਕੜਿੱਕੀ ਜਿਹੀ ਬਣੀ ਹੋਈ ਸੀ। ਸੋਟੀ ਦੇ ਸਿਖਰ ਦੋ ਕੈਂਚੀ ਦੇ ਹੱਥੇ ਵਰਗੇ ਹੱਥੇ। ਜਦ ਉਹ ਪਲੈਟਫਾਰਮ ’ਤੇ ਕਿਸੇ ਦਾ ਸੁੱਟਿਆ ਹੋਇਆ ਸਿਗਰਟ ਦਾ ਟੋਟਾ ਦੇਖਦਾ ਤਾਂ ਇਹ ਸੋਟੀ ਦੀ ਹੇਠਲੀ ਕੜਿੱਕੀ ਇਸ ਟੋਟੇ ਕੋਲ ਨੂੰ ਕਰਕੇ ਉੱਪਰੋਂ ਹੱਥ ਦੇ ਦੋਹਾਂ ਪਾਸਿਆਂ ਨੂੰ ਨਾਲ ਜੋੜ ਦਿੰਦਾ। ਟੋਟਾ ਕੜਿੱਕੀ ਵਿੱਚ ਫਸ ਜਾਂਦਾ ਤੇ ਉਹ ਕੜਿੱਕੀ ਖੋਲ੍ਹ ਕੇ ਟੋਟਾ ਕੂੜੇਦਾਨ ਵਿੱਚ ਪਾ ਦਿੰਦਾ। ਸਾਰੇ ਪਲੈਟਫਾਰਮ ’ਤੇ 20 ਕੁ ਟੋਟੇ ਸਨ। ਉਹਨੇ ਪੰਜਾਂ ਮਿੰਟਾਂ ਵਿੱਚ ਇਹ ਚੁੱਕ ਕੇ ਕੂੜੇਦਾਨ ਵਿੱਚ ਪਾ ਦਿੱਤੇ। ਪਲੈਟਫਾਰਮ ਦੇ ਬਾਹਰਲੇ ਪਾਸੇ ਕੁਝ ਪੱਤੇ ਖਿਲਰੇ ਪਏ ਸਨ। ਉਸ ਨੇ ਇੱਕ ਬਲੋਅਰ ਅੰਦਰੋਂ ਲਿਆਂਦਾ ਤੇ ਇਸ ਨੂੰ ਚਲਾ ਕੇ ਸਾਰੇ ਪੱਤੇ ਮੂਹਰੇ ਲਗਾ ਲਏ ਤੇ ਕਿਆਰੀ ਵਿੱਚ ਨੂੰ ਕਰ ਦਿੱਤੇ। ਸਾਰੀ ਸਫ਼ਾਈ ਹੋ ਗਈ। ਇਵੇਂ ਹੀ ਸੋਸ਼ਲ ਮੀਡੀਆ ’ਤੇ ਮੈਂ ਇੱਕ ਰੈਸਟੋਰੈਂਟ ਦਾ ਦ੍ਰਿਸ਼ ਦੇਖਿਆ। ਇੱਕ ਪੰਜਾਬਣ ਲੜਕੀ ਨੇ ਸਾਰੇ ਬਰਤਨ ਇੱਕ ਭਾਂਡੇ ਧੋਣ ਵਾਲੀ ਮਸ਼ੀਨ ਵਿੱਚ ਟਿਕਾ ਦਿੱਤੇ ਤੇ ਬਟਨ ਦਬਾ ਦਿੱਤਾ। ਸਾਰੇ ਬਰਤਨ ਸਾਫ਼ ਹੋ ਗਏ। ਉਸ ਨੇ ਮਸ਼ੀਨ ’ਚੋਂ ਕੱਢ ਕੇ ਇਹ ਭਾਂਡੇ ਇੱਕ ਰੈਕ ’ਤੇ ਟਿਕਾ ਦਿੱਤੇ। ਦੱਸੋ ਇਹ ਕੰਮ ਕਿੰਨੇ ਕੁ ਔਖੇ ਹਨ?’’
‘‘ਕੀ ਤੁਹਾਨੂੰ ਪਤਾ ਏ ਕਿ ਟਾਇਲਟਾਂ ਵੀ ਸਾਫ਼ ਕਰਨੀਆਂ ਪੈਂਦੀਆਂ ਹਨ?’’
‘‘ਬਟਨ ਹੀ ਦਬਾਉਣਾ ਏ, ਦਬਾ ਦਿਓ। ਮਾੜਾ ਮੋਟਾ ਬੁਰਸ਼ ਮਾਰ ਦਿਓ। ਡਾਲਰ ਵੀ ਤਾਂ ਆਪਾਂ ਨੂੰ ਮਿਲਣੇ ਨੇ।’’
‘‘ਵਰਿੰਦਰ ਕੀ ਤੁਹਾਨੂੰ ਪਤਾ ਏ ਕਿ ਇਨ੍ਹਾਂ ਕੰਮਾਂ ਤੱਕ ਪਹੁੰਚਣ ਲਈ ਵੀ ਕਾਗਜ਼ੀ ਕਾਰਵਾਈਆਂ ਤੇ ਇੰਟਰਵਿਊ ਦੇਣੀਆਂ ਪੈਂਦੀਆਂ ਹਨ। ਇਹ ਫਗਵਾੜਾ ਨਹੀਂ ਕਿ ਚਾਰ ਸੜਕਾਂ ਇੱਧਰ ਨੂੰ ਚਲੇ ਜਾਓ ਤੇ ਚਾਰ ਉੱਧਰ ਨੂੰ। ਕੰਮ ਲੱਭ ਲਓ। ਪੈਸੇ ਖੀਸੇ ਵਿੱਚ ਆਉਣ ਲੱਗ ਜਾਣ। ਤੁਹਾਨੂੰ ਜਿਹੜੇ ਕੰਮ ਸੌਖੇ ਲੱਗਦੇ ਹਨ ਕੀ ਤੁਹਾਨੂੰ ਪਤਾ ਏ ਕਿ ਉਨ੍ਹਾਂ ਤੱਕ ਵੀ ਪਰਵਾਸੀ ਕਿਵੇਂ ਪਹੁੰਚਦੇ ਹਨ?’’
‘‘ਤੁਸੀਂ ਦੱਸ ਦਿਓ?’’
‘‘ਕੀ ਤੂੰ ਅੰਗਰੇਜ਼ੀ ਗੋਰਿਆਂ ਵਾਂਗ ਬੋਲ ਸਕਦਾ ਏਂ? ਬੰਦੇ ਦੀ ਬਾਡੀ ਲੈਂਗੁਏਜ ਵੀ ਹੋਣੀ ਚਾਹੀਦੀ ਏ। ਤਰ੍ਹਾਂ ਤਰ੍ਹਾਂ ਦੇ ਗਾਹਕ ਟੱਕਰਦੇ ਹਨ। ਬਹੁ-ਸੱਭਿਆਚਾਰਕ ਦੇਸ਼ ਹਨ ਕੈਨੇਡਾ ਜਿਹੇ। ਘੋਟ ਘੋਟ ਕੇ ਬੋਲਣਾ ਬੋਲੀ ਬੋਲਣਾ ਨਹੀਂ ਹੁੰਦਾ। ਭਾਸ਼ਾ ਹਾਵ ਭਾਵ, ਇਸ਼ਾਰਿਆਂ, ਅਭਿਨੈ ਤੇ ਅੱਖਾਂ ਨਾਲ ਵੀ ਬੋਲੀ ਜਾਂਦੀ ਏ। ਅਕਸਰ ਘੱਟ ਤੋਂ ਘੱਟ ਬੋਲ ਕੇ ਕਿਸੇ ਕੰਮ ਬਾਰੇ ਵੱਧ ਤੋਂ ਵੱਧ ਦੱਸਣਾ ਵੀ ਇੱਕ ਕਲਾ ਏ। ਮੈਂ ਤੈਨੂੰ ਇੱਕ ਮਿਸਾਲ ਦੇਵਾਂ?’’
‘‘ਦਿਓ।’’
‘‘ਪਿਛਲੇ ਸਾਲ ਮੇਰਾ ਇੱਕ ਦੋਸਤ ਸਿਡਨੀ ਤੋਂ ਆਇਆ। ਉੱਥੇ ਜਾ ਕੇ ਕਈ ਸਾਲ ਧੱਕੇ ਧੁੱਕੇ ਖਾ ਕੇ ਹਾਈ ਸਕੂਲ ਵਿੱਚ ਅਧਿਆਪਕ ਲੱਗ ਗਿਆ ਸੀ। ਪੰਜਾਬ ਵਿੱਚ ਉਹ ਐੱਮ. ਏ. ਪਾਸ ਸੀ ਤੇ ਦੋ ਕੁ ਸਾਲ ਕਿਸੇ ਕਾਲਜ ਵਿੱਚ ਆਰਜ਼ੀ ਲੈਕਚਰਾਰ ਵੀ ਰਿਹਾ ਸੀ। ਉਸ ਦੇ ਮਨ ’ਤੇ ਇਹ ਭੂਤ ਸਵਾਰ ਸੀ ਕਿ ਸਿਡਨੀ ਵਿੱਚ ਅਧਿਆਪਕ ਜ਼ਰੂਰ ਬਣਨਾ ਏ। ਕਹਿੰਦਾ, ਮੈਂ ਇੱਕ ਦਿਨ ਅੱਠਵੀਂ ਜਮਾਤ ਵਿੱਚ ਪੜ੍ਹਾ ਰਿਹਾ ਸਾਂ। ਥੋੜ੍ਹੀ ਦੇਰ ਬਾਅਦ ਇੱਕ ਗੋਰਾ ਲੜਕਾ ਫਿਲਿਪ ਨੱਕ ਜਿਹਾ ਚੜ੍ਹਾ ਕੇ ਫੁਸਫਸਾਇਆ ‘ਹੂ ਸਟੈਂਕ?’ ਪਹਿਲਾਂ ਮੈਂ ਉਸ ਦਾ ਮਤਲਬ ਨਾ ਸਮਝ ਸਕਿਆ। ਜਦੋਂ ਬਾਕੀ ਜਵਾਕ ਹੱਸ ਪਏ ਤੇ ਇੱਕ ਦੋ ਨੇ ਨੱਕ ਬੰਦ ਕਰ ਲਏ ਤਾਂ ਮੈਨੂੰ ਪਤਾ ਲੱਗਾ ਕਿ ਫਿਲਿਪ ਦਾ ਕੀ ਭਾਵ ਸੀ। ਕਿਸੇ ਬੱਚੇ ਨੇ ਖਾਮੋਸ਼ ਪੱਦ ਮਾਰਿਆ ਸੀ। ਤੁਸੀਂ ਦੱਸੋ ਕੀ ਤੁਸੀਂ ਪੱਦ ਮਾਰਨ ਦੀ ਇਹ ਅੰਗਰੇਜ਼ੀ ਪਹਿਲਾਂ ਕਦੀ ਸੁਣੀ ਏ? ਅਸੀਂ ਇੱਥੇ ਕਹਾਂਗੇ ‘‘ਹੂ ਫਾਰਟਡ?’ ਇਵੇਂ ਹੀ ਅਸੀਂ ਹੋਰ ਅਨੇਕਾਂ ਸ਼ਬਦ ਵਰਤਦੇ ਹਾਂ ਜਿਹੜੇ ਸਥਾਨਕ ਹੁੰਦੇ ਹਨ। ਕੀ ਅਸੀਂ ਪੰਜਾਬ ਵਿੱਚ ਭਿੰਡੀ ਤੋਰੀ ਨੂੰ ਓਕਰਾ ਤੇ ਬੈਂਗਣਾਂ ਨੂੰ ਐੱਗ ਪਲਾਂਟਸ ਕਹਾਂਗੇ? ਉਨ੍ਹਾਂ ਦੇਸ਼ਾਂ ਵਿੱਚ ਨਵੇਂ ਨਵੇਂ ਪਹੁੰਚੇ ਬੰਦੇ ਜਾਂ ਬੰਦੀ ਨੂੰ ਫਰੈਸ਼ੀ ਜਾਂ ਫੌਬ ਕਹਿੰਦੇ ਨੇ। ਉੱਥੇ ਰਾਜ ਮਿਸਤਰੀ ਨੂੰ ਬਰਿੱਕ ਲੇਅਰ, ਰਸੋਈਏ ਨੂੰ ਸ਼ੈੱਫ, ਛੋਕਰੇ ਨੂੰ ਬਲੋਕ, ਸੜਕ ਦੇ ਸਿਰੇ ਨੂੰ ਸ਼ੋਲਡਰ, ਵਾਹਨ ਦੇ ਸਾਈਲੈਂਸਰ ਨੂੰ ਮਫਲਰ, ਬਲਬ ਨੂੰ ਗਲੋਬ ਤੇ ਕਾਨਫਰੰਸ ਨੂੰ ਪੋਅ ਵੌਅ ਕਹਿੰਦੇ ਹਨ।’’
‘‘ਕੀ ਕੈਨੇਡਾ ਵਿੱਚ ਵੀ ਇਵੇਂ ਹੀ ਏ?’’ ਮੈਂ ਉਹਨੂੰ ਪੁੱਛਿਆ।
‘‘ਕੈਨੇਡਾ ਵਿੱਚ ਅਪਰਾਧੀ ਨੂੰ ਹੁੱਡਮੈਨ, ਪੁਲੀਸ ਅਫ਼ਸਰ ਨੂੰ ਜੇਕ, ਲੜਕੀ ਨੂੰ ਸ਼ੋਰਡੀ, ਟੋਰਾਂਟੋ ਨੂੰ ਟੀ-ਡਾਟ ਤੇ ਹੋਟਲ ਨੂੰ ਟੈਲੀ ਕਹਿੰਦੇ ਹਨ। ਇਵੇਂ ਹੀ ਕੈਨੇਡਾ ਦੇ ਕਈ ਹਿੱਸਿਆਂ ਵਿੱਚ ਸੋਹਣੀ ਔਰਤ ਨੂੰ ਡਾਇਮ ਪੀਸ, ਡਾਊਨ ਟਾਊਨ ਨੂੰ ਡੀਟੀ, ਭੂਤ ਨੂੰ ਡੱਫੀ, ਐਬਸਫੋਰਡ ਨੂੰ ਐਬੀ ਤੇ ਕੀ ਹੋ ਰਿਹਾ ਨੂੰ ਵੈਗਵਨ ਕਹਿੰਦੇ ਹਨ। ਮੇਰੇ ਦੋਸਤ ਦੀਆਂ ਦੱਸੀਆਂ ਇਨ੍ਹਾਂ ਗੱਲਾਂ ਨੇ ਮੇਰੇ ਕੰਨ ਖੋਲ੍ਹ ਦਿੱਤੇ। ਉੱਥੇ ਕਈ ਕੰਮਾਂ ਦੀ ਕਿਸੇ ਦੀ ਸਕਿੱਲ ਫੋਨ ਕਾਲ ’ਤੇ ਕੀਤੀ ਗਈ ਗੱਲ ਤੋਂ ਹੀ ਪਤਾ ਲੱਗ ਜਾਂਦੀ ਏ। ਫਿਰ ਡਰਾਈਵਿੰਗ ਲਾਇਸੈਂਸ ਲੈਣ ਲਈ ਕਈ ਕਈ ਮਹੀਨੇ ਲੱਗ ਜਾਂਦੇ ਹਨ। ਫਿਰ ਕਾਰ ਖ਼ਰੀਦਣੀ ਹੁੰਦੀ ਏ। ਇਹ ਸਮਾਂ ਇੱਕ ਪਰਵਾਸੀ ਲਈ ਸਭ ਤੋਂ ਔਖਾ ਹੁੰਦਾ ਏ। ਤੂੰ ਉੱਥੇ ਜਾ ਕੇ ਇਸ ਦੌਰ ’ਚੋਂ ਕਿਵੇਂ ਗੁਜ਼ਰੇਂਗਾ?’’ ਮੈਨੂੰ ਉਸ ਨੇ ਪੁੱਛਿਆ।
ਮੈਂ ਕਿਹਾ ਸੀ, ‘‘ਮੈਨੂੰ ਜਾ ਲੈਣ ਦਿਓ ਉੱਥੇ ਜਾ ਕੇ ਮੈਂ ਫੱਟੇ ਚੁੱਕ ਦੇਊਂ।’’
ਇਹ ਸੋਚਦੇ ਵਰਿੰਦਰ ਦਾ ਦਿਨ ਦਾ ਇਹ ਸੁਪਨਾ ਟੁੱਟ ਗਿਆ। ਬੈਠਾ ਉਹ ਬਰੈਂਪਟਨ ਦੇ ਬੇਸਮੈਂਟ ਵਿੱਚ ਸੀ, ਪ੍ਰੰਤੂ ਪਹੁੰਚਿਆ ਹੋਇਆ ਸੀ ਫਗਵਾੜੇ। ਉਨ੍ਹਾਂ ਦਿਨਾਂ ਨੂੰ ਯਾਦ ਕਰ ਰਿਹਾ ਸੀ ਜਦ ਉਹ ਕੈਨੇਡਾ ਜਾਣ ਦੀਆਂ ਤਿਆਰੀਆਂ ਕਰ ਰਿਹਾ ਸੀ। ਉਹ ਲੂਥਰਾ ਸਾਹਿਬ ਦੀਆਂ ਗੱਲਾਂ ਯਾਦ ਕਰ ਰਿਹਾ ਸੀ।
ਹੁਣ ਉਸ ਨੇ ਪੰਜਾਬ ਤੋਂ ਪੈਸੇ ਮੰਗਵਾਉਣ ਲਈ ਆਪਣੇ ਪਿਤਾ ਨੂੰ ਫੋਨ ਕੀਤਾ। ਬਾਪੂ ਪਾਸੋਂ ਪੰਜ ਲੱਖ ਮੰਗੇ। ਅਜੇ ਡਰਾਈਵਿੰਗ ਲਾਇਸੈਂਸ ਲੈ ਰਿਹਾ ਸੀ। ਸਥਾਨਕ ਭਾਸ਼ਾ ਦੇ ਲਫੇੜੇ ਝੱਲ ਰਿਹਾ ਸੀ। ਕੰਪਿਊਟਰ ’ਤੇ ਡੈਟਾ ਜਮ੍ਹਾਂ ਮਨਫੀ ਕਰਨ ਤੇ ਪਾਵਰ ਪੁਆਇੰਟ ਦੇ ਭੁਲੇਖੇ ਅਜੇ ਵੀ ਪੈਂਦੇ ਸਨ। ਸੜਕਾਂ ਦੀ ਭਾਸ਼ਾ ਵੀ ਪੇਚੀਦਾ ਸੀ। ਸੱਜੇ ਹੱਥ ਦੀ ਚਲਾਈ ਦਾ ਆਦੀ ਵੀ ਹੋਣਾ ਪੈਣਾ ਸੀ। ਪੰਜਾਬ ਵਿੱਚ ਸਿਰਫ਼ ਸਕੂਟਰ ਚਲਾਇਆ, ਉਹ ਵੀ ਖੱਬੇ ਹੱਥ। ਅਜੇ ਪੁਰਾਣੀ ਕਾਰ ਲੈਣੀ ਸੀ। ਕੋਈ ਲਗਾਤਾਰਤਾ ਵਾਲੀ ਨੌਕਰੀ ਵੀ ਲੱਭਣੀ ਸੀ। ਡਰਾਈਬਾਲਿੰਗ ਤੇ ਰੈਸਟੋਰੈਂਟ ਦੇ ਕੰਮ ਨੀਵੇਂ ਲੱਗਦੇ ਸਨ। ਟੈਕਸੀ ਤੱਕ ਪਹੁੰਚਣ ਲਈ ਅਜੇ ਦੋ ਕੁ ਸਾਲ ਲੱਗ ਜਾਣੇ ਸਨ। ਕਾਮਯਾਬ ਟੈਕਸੀ ਡਰਾਈਵਰ ਬਣਨ ਨੂੰ ਤਾਂ ਅਜੇ ਚਾਰ ਕੁ ਸਾਲ ਲੱਗਣੇ ਸਨ। ਕਿੱਥੇ ਭਾਰਤ ਤੇ ਕਿੱਥੇ ਕੈਨੇਡਾ। ਕਿੱਥੇ ਰਾਜਾ ਭੋਜ ਤੇ ਕਿੱਥੇ ਗੰਗੂ ਤੇਲੀ!
ਵਰਿੰਦਰ ਅਜੇ ‘ਉੱਥੇ ਜਾ ਕੇ ਦੇਖੀ ਜਾਊ’ ਦੇ ਦੌਰ ਵਿੱਚੋਂ ਹੀ ਗੁਜ਼ਰ ਰਿਹਾ ਸੀ। ਉਹ ਅਜੇ ਖੜ੍ਹਾ ਹੋਣ ਲਈ ਥਾਂ ਲੱਭ ਰਿਹਾ ਸੀ। ਕਦੋਂ ਬੈਠਣਾ ਏ ਇਹ ਪਤਾ ਨਹੀਂ ਸੀ। ਸੌਣ ਜੋਗੇ ਕਦੋਂ ਹੋਣਾ ਇਹ ਮੁਕਾਮ ਅਜੇ ਸੈਂਕੜੇ ਮੀਲ ਦੂਰ ਸੀ।
ਸੰਪਰਕ: 0437641033