ਜੀਐੱਨਡੀਈਸੀ ਨੇ 1974 ਬੈਚ ਦੀ ਗੋਲਡਨ ਜੁਬਲੀ ਮਨਾਈ
ਖੇਤਰੀ ਪ੍ਰਤੀਨਿਧ
ਲੁਧਿਆਣਾ, 25 ਨਵੰਬਰ
ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਦੇ ਕੈਂਪਸ ਵਿੱਚ ਅੱਜ 1974 ਬੈਚ ਦੇ ਵਿਦਿਆਰਥੀਆਂ ਦੀ ਗੋਲਡਨ ਜੁਬਲੀ ਮਨਾਈ ਗਈ। ਇਸ ਸਮਾਗਮ ਵਿੱਚ 60 ਤੋਂ ਵੱਧ ਸਾਬਕਾ ਵਿਦਿਆਰਥੀਆਂ ਨੇ ਆਪਣੇ ਪਰਿਵਾਰਾਂ ਨੇ ਭਾਰਤ ਸਮੇਤ ਵਿਦੇਸ਼ਾਂ ਤੋ ਸ਼ਿਰਕਤ ਕੀਤੀ। ਪ੍ਰੋਗਰਾਮ ਦਾ ਆਗਾਜ਼ ਕਾਲਜ ਦੇ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਨਾਲ ਹੋਇਆ। ਸਮਾਗਮ ਵਿੱਚ 1974 ਬੈਚ ਨੂੰ ਸਮਰਪਿਤ ਇੱਕ ਸੋਵੀਨਾਰ ਵੀ ਜਾਰੀ ਕੀਤਾ ਗਿਆ, ਜਿਸ ਵਿੱਚ ਬੈਚ ਦੇ ਵਿਦਿਆਰਥੀਆਂ ਦੀਆਂ ਪ੍ਰੋਫਾਈਲਾਂ ਅਤੇ ਪ੍ਰਾਪਤੀਆਂ ਸ਼ਾਮਲ ਹਨ। ਇਸ ਮੌਕੇ ਕਾਲਜ ਦੇ ਪ੍ਰਬੰਧਕੀ ਮੈਂਬਰਾਂ ਅਤੇ ਪ੍ਰਿੰਸੀਪਲ ਨੇ ਸਮੂਹ ਸਾਬਕਾ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਦੇ ਟਰੱਸਟੀ ਮਹੇਸ਼ਇੰਦਰ ਸਿੰਘ ਗਰੇਵਾਲ, ਗੁਰਚਰਨ ਸਿੰਘ ਗਰੇਵਾਲ ਤੇ ਟਰੱਸਟ ਦੇ ਡਾਇਰੈਕਟਰ ਇੰਦਰਪਾਲ ਸਿੰਘ ਨੇ ਬੈਚ ਦੇ ਸਾਰੇ ਵਿਦਿਆਰਥੀਆਂ ਦਾ ਕਾਲਜ ਲਈ ਪਾਏ ਯੋਗਦਾਨ ਲਈ ਧੰਨਵਾਦ ਕੀਤਾ। ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ ਨੇ ਦੱਸਿਆ ਕਿ 1974 ਬੈਚ ਵੱਲੋਂ ਮਿਲਣ ਵਾਲੀ ਸਹਾਇਤਾ ਸੰਸਥਾ ਦੀ ਬੁਨਿਆਦ ਨੂੰ ਮਜ਼ਬੂਤ ਕਰਨ ਅਤੇ ਵਿਕਾਸ ਅਤੇ ਨਵੀਨਤਾ ਲਈ ਨਵੇਂ ਰਾਹਾਂ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਵੇਗੀ।