ਆਲਮੀ ਪੱਧਰ ’ਤੇ ਭਾਰਤ ਜ਼ਿੰਮੇਵਾਰ ਵਿਕਾਸਸ਼ੀਲ ਭਾਈਵਾਲ ਵਜੋਂ ਜਾਣਿਆ ਜਾਂਦਾ ਹੈ: ਮੁਰਮੂ
ਬੈੱਲਗਰੇਡ, 8 ਜੂਨ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ ਕਿ ਭਾਰਤ ਆਲਮੀ ਪੱਧਰ ‘ਤੇ ਜ਼ਿੰਮੇਵਾਰ ਵਿਕਾਸਸ਼ੀਲ ਭਾਈਵਾਲ ਵਜੋਂ ਜਾਣਿਆ ਜਾਂਦਾ ਹੈ। ਸਰਬੀਆ ਦੀ ਰਾਜਧਾਨੀ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਨਵਾਂ ਬੁਨਿਆਦੀ ਢਾਂਚਾ ਪੂਰੇ ਭਾਰਤ ਵਿੱਚ ਸ਼ਾਨਦਾਰ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ ਅਤੇ ਦੇਸ਼ ਨੂੰ 2047 ਤੱਕ ਵਿਕਸਿਤ ਰਾਸ਼ਟਰ ਬਣਨ ਦੀ ਉਮੀਦ ਹੈ।
ਰਾਸ਼ਟਰਪਤੀ ਨੇ ਕਿਹਾ,’ਭਾਰਤ ਤਰੱਕੀ ਦੀ ਰਾਹ ‘ਤੇ ਚੱਲ ਰਿਹਾ ਹੈ। ਵਿਸ਼ਵ ਭਰ ਵਿੱਚੋਂ ਭਾਰਤ ਦਾ ਅਰਥਚਾਰਾ ਤੇਜ਼ੀ ਨਾਲ ਵਧ ਫੁੱਲ ਰਿਹਾ ਹੈ। ਦੇਸ਼ ਦੀ ਜੀਡੀਪੀ 3.5 ਖਰਬ ਡਾਲਰ ‘ਤੇ ਪੁੱਜ ਗਈ ਹੈ, ਅਸੀਂ ਸੰਸਾਰ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣਨ ਦੇ ਰਾਹ ‘ਤੇ ਹਨ। ਇਸ ਸ਼ਤਾਬਦੀ ਦੇ ਅਖੀਰ ਤੱਕ ਅਸੀਂ ਇਹ ਟੀਚਾ ਹਾਸਲ ਕਰ ਲਵਾਂਗੇ। ਭਾਰਤ ਵਿਕਸਿਤ ਰਾਸ਼ਟਰ ਬਣਨ ਦੀ ਆਪਣੀ ਇੱਛਾ ਨੂੰ 2047 ਤੱਕ ਪੂਰੀ ਕਰ ਲਵੇਗਾ।’
ਇੱਥੇ ਪੁੱਜਣ ਤੋਂ ਬਾਅਦ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ,’ਅਸੀਂ ਵਿਕਾਸ, ਬੁਨਿਆਦੀ ਢਾਂਚੇ, ਡਿਜੀਟਲ, ਗਰੀਨ ਐਨਰਜੀ ਤੇ ਸਮਾਜਿਕ ਤਬਦੀਲੀ ਦੇ ਪੜਾਅ ਵਿੱਚੋਂ ਲੰਘ ਰਹੇ ਹਾਂ।’ ਉਨ੍ਹਾਂ ਕਿਹਾ ਕਿ ਆਲਮੀ ਪੱਧਰ ‘ਤੇ ਭਾਰਤ ਜ਼ਿੰਮੇਵਾਰ ਵਿਕਾਸਸ਼ੀਲ ਭਾਈਵਾਲ ਤੇ ਦੱਖਣੀ ਖੇਤਰ ਦੀ ਆਵਾਜ਼ ਮੰਨਿਆ ਜਾਂਦਾ ਹੈ।’ ਉਨ੍ਹਾਂ ਕਿਹਾ ਕਿ ਭਾਰਤ ਨੇ ਜਲਵਾਯੂ ਤਬਦੀਲੀ ਨੂੰ ਸਿੱਝਣ, ਅਤਿਵਾਦ ਨੂੰ ਠੱਲ੍ਹਣ, ਤਾਲਮੇਲ, ਸਮੁੰਦਰੀ ਸੁਰੱਖਿਆ ਤੇ ਖੁਰਾਕ ਸੁਰੱਖਿਆ ‘ਚ ਮੋਹਰੀ ਭੂਮਿਕਾ ਨਿਭਾਈ ਹੈ। ਇਨ੍ਹਾਂ ਪੱਖਾਂ ਤੋਂ ਸਿੱਧ ਹੁੰਦਾ ਹੈ ਕਿ ਭਾਰਤ ਮੋਹਰੀ ਹੋ ਕੇ ਸੱਤਾ ਦੀ ਅਗਵਾਈ ਕਰਨ ਦੀ ਦਿਸ਼ਾ ‘ਚ ਅੱਗੇ ਵਧ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤੀ ਸੱਭਿਅਤਾ ‘ਵਾਸੂਧੈਵ ਕੁਟੁੰਬਕਮ’ ਵਿੱਚ ਵਿਸ਼ਵਾਸ ਕਰਦੀ ਹੈ, ਜਿਸ ਦਾ ਭਾਵ ਹੈ ਕਿ ਸੰਸਾਰ ਇਕ ਪਰਿਵਾਰ ਹੈ। ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਭਾਰਤ ਦਾ ਲਿੰਗ ਅਨੁਪਾਤ ਔਰਤਾਂ ਦੇ ਹੱਕ ਵਿੱਚ ਹੈ। -ਪੀਟੀਆਈ
ਰਾਸ਼ਟਰਪਤੀ ਮੁਰਮੂ ਵੱਲੋਂ ਸਰਬੀਆ ਦੇ ਹਮਰੁਤਬਾ ਨਾਲ ਉਸਾਰੂ ਗੱਲਬਾਤ
ਬੈੱਲਗਰੇਡ: ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਸਰਬੀਆ ਦੇ ਹਮਰੁਤਬਾ ਅਲੈਕਸੈਂਡਰ ਵੁਸਿਸ ਨਾਲ ਇੱਥੇ ਉਸਾਰੂ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਦੁਵੱਲੇ ਰਿਸ਼ਤੇ ਆਪਸੀ ਵਿਸ਼ਵਾਸ, ਸਮਝ ਤੇ ਇਕ-ਦੂਜੇ ਦੇ ਸਹਿਯੋਗ ‘ਤੇ ਆਧਾਰਿਤ ਹੁੰਦੇ ਹਨ। ਇੱਥੇ ਦੱਸਣਾ ਬਣਦਾ ਹੈ ਕਿ ਮੁਰਮੂ ਸਰਬੀਆ ਦਾ ਦੌਰਾ ਕਰਨ ਵਾਲੀ ਪਹਿਲੀ ਭਾਰਤੀ ਰਾਸ਼ਟਰਪਤੀ ਹੈ। ਉਨ੍ਹਾਂ ਕਿਹਾ,’ਅਸੀਂ ਇਸ ਮੁਲਕ ਨਾਲ ਰਿਸ਼ਤੇ ਨੂੰ ਹੋਰ ਗੂੜ੍ਹਾ ਕਰਨ ਲਈ ਵਚਨਬੱਧ ਹਾਂ। ਵਫ਼ਦ ਪੱਧਰ ‘ਤੇ ਹੋਈ ਗੱਲਬਾਤ ਦੌਰਾਨ ਦੋਵਾਂ ਰਾਸ਼ਟਰਪਤੀਆਂ ਨੇ ਭਾਰਤ ਸਰਬੀਆ ਦੁਵੱਲੇ ਸਬੰਧਾਂ ਅਤੇ ਸਾਂਝੇ ਹਿੱਤਾਂ ਨਾਲ ਸਬੰਧਿਤ ਆਲਮੀ ਤੇ ਖੇਤਰੀ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ। ਪ੍ਰੈਸ ਬਿਆਨ ਰਾਹੀਂ ਮੁਰਮੂ ਨੇ ਕਿਹਾ,’ਮੇਰੀ ਰਾਸ਼ਟਰਪਤੀ ਵੁਸਿਸ ਨਾਲ ਉਸਾਰੂ ਮੀਟਿੰਗ ਹੋਈ ਜਿਸ ਵਿੱਚ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਸਾਂਝੇ ਹਿੱਤਾਂ ਨਾਲ ਸਬੰਧਿਤ ਆਲਮੀ ਤੇ ਖੇਤਰੀ ਮੁੱਦਿਆਂ ‘ਤੇ ਵਿਚਾਰ ਚਰਚਾ ਕੀਤੀ ਗਈ। -ਪੀਟੀਆਈ