ਸੰਸਾਰ ਭਰ ਵਿਚ ਵਧਦੀ ਤਪਸ਼ ਅਤੇ ਮਨੁੱਖਤਾ
ਅੱਜ ਕੁਦਰਤ ਨਾਲ ਖਿਲਵਾੜ ਕਰਨੋਂ ਬਾਜ਼ ਨਾ ਆਉਣ ਵਾਲਾ ਮਨੁੱਖ ਇਸ ਧਰਤੀ ਦੇ ਕਈ ਹਿੱਸਿਆਂ ਦਾ ਕੁਦਰਤੀ ਆਫ਼ਤਾਂ ਦੀ ਮਾਰ ਦਾ ਸ਼ਿਕਾਰ ਬਣਨ ਕਰ ਕੇ ਅੱਖਾਂ ਵਿਚ ਘਸੁੰਨ ਦੇ ਦੇ ਰੋ ਅਤੇ ਵਿਲਕ ਰਿਹਾ ਹੈ। ਜੋ ਲੋਕ ਵੀ ਇਨ੍ਹਾਂ ਕੁਦਰਤੀ ਆਫਤਾਂ ਦੇ ਡਰਾਉਣੇ, ਮਾਰੂ ਅਤੇ ਭਿਆਨਕ ਮੰਜ਼ਰਾਂ ਦਾ ਸ਼ਿਕਾਰ ਹੋਏ ਜਾਂ ਜਿਨ੍ਹਾਂ ਜਿਨ੍ਹਾਂ ਨੇ ਇਨ੍ਹਾਂ ਨੂੰ ਬਹੁਤ ਨੇੜਿਓਂ ਤੱਕਿਆ, ਉਹ ਇਨ੍ਹਾਂ ਨੂੰ ਯਾਦ ਕਰ ਕੇ ਤ੍ਰਬਕ ਤ੍ਰਬਕ ਉੱਠਦੇ ਹਨ।
ਇਸ ਸਾਲ ਵਿਸ਼ਵ ਦੇ ਵੱਖ ਵੱਖ ਇਲਾਕਿਆਂ ਵਿਚ ਭੜਕੀ ਜੰਗਲੀ ਅੱਗ ਜੋ ਕੈਨੇਡਾ ਅੰਦਰ ਨੋਵਾ ਸਕੌਸ਼ੀਆ, ਬ੍ਰਿਟਿਸ਼ ਕੋਲੰਬੀਆ ਤੇ ਕਿਊਬਕ ਤੱਕ, ਅਮਰੀਕਾ ਅੰਦਰ ਹਵਾਈ ਜਜ਼ੀਰੇ, ਕੈਲੀਫੋਰਨੀਆ ਤੋਂ ਲੈ ਕੇ ਯੂਰੋਪ ਅੰਦਰ ਯੂਨਾਨ, ਸਪੇਨ ਅਤੇ ਨਾਲ ਦੇ ਖੇਤਰਾਂ ਵਿਚ ਏਸ਼ੀਆ ਅੰਦਰ ਚੀਨ, ਇੰਡੋਨੇਸ਼ੀਆ ਉਲੰਘਦੀ ਆਸਟਰੇਲੀਆ ਆਦਿ ਤੱਕ ਅਜੋਕੀ ਮਾਨਵਤਾ, ਇਸ ਵੱਲੋਂ ਉਸਾਰੀ ਆਧੁਨਿਕ ਸਭਿਅਤਾ, ਜੰਗਲੀ ਬਨਸਪਤੀ, ਜੀਵਾਂ ਅਤੇ ਬਹੁਮੁੱਲੀ ਕੁਦਰਤੀ ਸੰਪਤੀ ਦਾ ਨਾਸ਼ ਕਰਦੀ ਦੇਖੀ ਗਈ ਜੋ ਅਜੇ ਵੀ ਜਾਰੀ ਹੈ। ਮਾਨਵਤਾ ਦਾ ਸਭ ਤੋਂ ਵੱਡਾ ਦੁਖਾਂਤ ਇਹ ਹੈ ਕਿ ਇਸ ਨੇ ਆਪਣੀ ਆਧੁਨਿਕ ਸ਼ਾਨੋ-ਸ਼ੌਕਤ ਅੱਖਾਂ ਚੁੰਧਿਆ ਦੇਣ ਵਾਲੀ ਮਸਨੂਈ ਜ਼ਿੰਦਗੀ ਦੇ ਮੱਕੜ-ਜਾਲ ਵਿਚ ਫਸ ਕੇ ਬੇਅੰਤ ਕੁਦਰਤ ਵੱਲ ਕੰਨ ਹੀ ਨਹੀਂ ਕੀਤਾ। ਵਧਦੀ ਆਲਮੀ ਤਪਸ਼ ਕਈ ਨਾਮੁਰਾਦ ਬਿਮਾਰੀਆਂ, ਅੱਗਜ਼ਨੀ, ਹੜ੍ਹ, ਸੁਨਾਮੀ, ਧਰਤੀ ਖਿਸਕਣ ਜਿਹੀਆਂ ਬਰਬਾਦੀਆਂ ਨਾਲ ਲਿਆ ਰਹੀ ਹੈ ਜਿਸ ਨਾਲ ਸਮੁੱਚੀ ਮਾਨਵਤਾ, ਜੰਗਲੀ ਤੇ ਸਾਗਰੀ ਜੀਵ-ਜੰਤੂ ਅਤੇ ਬਨਸਪਤੀ ਪ੍ਰਭਾਵਿਤ ਹੋ ਰਹੇ ਹਨ। ਕੈਨੇਡਾ ਵਿਚ ਅੱਗ ਦੇ ਧੂੰਏਂ ਕਰ ਕੇ ਅਸਮਾਨ ਵਿਚ ਗਰਮੀਆਂ ਦੇ ਮੌਸਮ ਵਿਚ ਬੱਦਲਾਂ ਵਰਗੀ ਧੁੰਦਲੀ ਜਿਹੀ ਪਰਤ ਦੇਖੀ ਗਈ ਹੈ। ਮੌਂਟਰੀਅਲ (ਕਿਊਬੈਕ) ਵਿਚ ਸ਼ਹਿਰੀ ਜੀਵਨ ਨੂੰ ਧੂੰਆਂ ਪ੍ਰਭਾਵਿਤ ਕਰ ਰਿਹਾ ਹੈ। ਅਮਰੀਕਾ ਦੇ ਸ਼ਹਿਰ ਨਿਊਯਾਰਕ ਦੇ ਮੇਅਰ ਨੇ ਧੂੰਏਂ ਲਈ ਕੈਨੇਡਾ ਦੇ ਜੰਗਲਾਂ ਵਿਚ ਲਗੀ ਅੱਗ ਨੂੰ ਜਿ਼ੰਮੇਵਾਰ ਠਹਿਰਾਇਆ ਹੈ। ਕਨਕੋਰਡੀਆ ਯੂਨੀਵਰਸਿਟੀ ਦੇ ਆਰਟਿਸਟਿਕ ਖੋਜੀ ਪ੍ਰੋ. ਐਲਿਸ ਜੇਰੀ ਦੀ ਖੋਜ ਅਨੁਸਾਰ, ਇੰਝ ਲਗਦਾ ਹੈ ਜਿਵੇਂ ਅਸੀਂ ‘ਅਗਨ ਸਾਹ’ ਲੈ ਰਹੇ ਹੋਈਏ।
ਬ੍ਰਿਟਿਸ਼ ਕੋਲੰਬੀਆ ਅਤੇ ਉੱਤਰ-ਪੱਛਮ ਖੇਤਰ ਕੈਨੇਡਾ ਨੇ ਨਾ ਤਾਂ 2003 ਦੀ ਭਿਆਨਕ ਅੱਗ ਅਤੇ ਨਾ ਹੀ 30 ਜੂਨ 2021 ਨੂੰ ਪਲਾਂ ਵਿਚ ਧੂ-ਧੂ ਜਲਦੇ ਲਿਟਨ ਪਿੰਡ ਦੀ ਬਰਬਾਦੀ ਤੋਂ ਕੋਈ ਸਬਕ ਸਿੱਖਿਆ। 16 ਅਗਸਤ 2003 ਨੂੰ ਅਸਮਾਨੀ ਬਿਜਲੀ ਦੀ ਤਰ੍ਹਾਂ ਉਕਾਨਗਨ ਪਰਬਤ ਸੂਬਾਈ ਪਾਰਕ ਨੇੜੇ ਅੱਗ ਭੜਕੀ ਜਿਸ ਨੇ ਦੇਖਦੇ ਦੇਖਦੇ 250 ਵਰਗ ਕਿਲੋਮੀਟਰ ਖੇਤਰ ਆਪਣੀ ਲਪੇਟ ਵਿਚ ਲੈ ਲਿਆ। ਵਿੰਹਦੇ ਵਿੰਹਦੇ 200 ਘਰ ਜਲ ਕੇ ਰਾਖ ਹੋ ਗਏ, 33000 ਬਾਸਿ਼ੰਦਿਆਂ ਨੂੰ ਸੁਰਖਿਅਤ ਥਾਈਂ ਲਿਜਾਇਆ ਗਿਆ। ਹੁਣ ਬ੍ਰਿਟਿਸ਼ ਕੋਲੰਬੀਆ ਦੇ ਕੈਲੋਨਾ ਸ਼ਹਿਰ ਅਤੇ ਉੱਤਰ-ਪੱਛਮੀ ਇਲਾਕਾਈ ਰਾਜਧਾਨੀ ਯੈਲੋਨਾਈਫ ਦੇ ਆਲੇ-ਦੁਆਲੇ ਜੰਗਲੀ ਅੱਗ ਤਬਾਹੀ ਮਚਾ ਰਹੀ ਹੈ। ਇਹ ਹੁਣ ਤੱਕ ਕੈਨੇਡਾ ਵਿਚ ਲੱਗੀਆਂ ਅੱਗਾਂ ਵਿਚ ਸਭ ਤੋਂ ਭਿਆਨਕ ਹੈ ਜਿਸ ਨੇ ਡੇਢ ਲੱਖ ਵਰਗ ਕਿਲੋਮੀਟਰ ਦਾ ਇਲਾਕਾ ਰਾਖ਼ ਕਰ ਦਿਤਾ ਹੈ। ਲਗਾਤਾਰ ਤਬਾਹੀ ਜਾਰੀ ਹੈ। ਯੈਲੋਨਾਈਫ ਨੂੰ ‘ਭੂਤਾਂ ਦਾ ਸ਼ਹਿਰ’ ਗਰਦਾਨਿਆ ਜਾ ਰਿਹਾ ਹੈ। ਸ਼ਹਿਰ ਦੇ 90-95 ਪ੍ਰਤੀਸ਼ਤ ਲੋਕ ਸੁਰੱਖਿਅਤ ਬਾਹਰ ਕੱਢ ਲਏ ਗਏ ਹਨ।
ਬ੍ਰਿਟਿਸ਼ ਕੋਲੰਬੀਆ ਪ੍ਰੀਮੀਅਰ ਡੇਵਿਡ ਐਬੇ ਨੇ 16 ਅਗਸਤ 2023 ਨੂੰ ਰਾਜ ਵਿਚ ਐਮਰਜੈਂਸੀ ਐਲਾਨ ਦਿੱਤੀ ਤਾਂ ਕਿ ਕੈਲੋਨਾ ਸ਼ਹਿਰ ਅਤੇ ਆਸ-ਪਾਸ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਸਕੇ। ਸ਼ੁਸਵੈਪ ਲੇਕ ਨੇੜਲਾ 20 ਕਿਲੋਮੀਟਰ ਇਲਾਕਾ ਪਹਿਲਾਂ ਹੀ ਸੜ ਕੇ ਸੁਆਹ ਹੋ ਚੁੱਕਾ ਹੈ। ਬਾਰਸ਼ ਤੇ ਠੰਢ ਕਰ ਕੇ ਅੱਗ ਭਾਵੇਂ ਮੱਠੀ ਪਈ ਹੈ ਪਰ ਇਹ ਭਿਆਨਕ ਕਹਿਰ ਅਜੇ ਰੁਕਿਆ ਨਹੀਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਕੈਬਨਿਟ ਮੀਟਿੰਗ ਬਾਅਦ ਫੌਜ ਨੂੰ ਅੱਗ ਬੁਝਾਊ ਕਾਰਜ ਵਿਚ ਸ਼ਾਮਿਲ ਹੋਣ ਲਈ ਭੇਜ ਦਿੱਤਾ ਹੈ।
ਕੈਨੇਡੀਅਨ ਕੋਸਟ ਗਾਰਡਜ਼, ਅੱਗ ਬੁਝਾਊ ਯੋਧੇ, ਆਰਸੀਐੱਮਪੀ ਆਦਿ ਯੈਲੋਨਾਈਫ ਅਤੇ ਕੈਲੋਨਾ ਵਿਚ ਪੂਰੀ ਸ਼ਿਦਤ ਨਾਲ ਅੱਗ ਬੁਝਾਉਣ, ਲੋਕਾਂ ਨੂੰ ਵਾਹਨਾਂ, ਹੈਲੀਕਾਪਟਰਾਂ, ਯਾਤਰੂ ਹਵਾਈ ਜਹਾਜ਼ਾਂ ਰਾਹੀਂ ਸੁਰੱਖਿਅਤ ਥਾਵਾਂ ’ਤੇ ਪਹੁੰਚਾ ਰਹੇ ਹਨ। ਕੈਨੇਡਾ ਦੇ ਲੋਕ ਉਨ੍ਹਾਂ ਲਈ ਆਪਣੇ ਘਰਾਂ ਦੇ ਦਰਵਾਜ਼ੇ ਖੋਲ੍ਹ ਰਹੇ ਹਨ। ਰੋਟੀ, ਕੱਪੜਾ, ਦਵਾਈਆਂ, ਫਲ, ਸਬਜ਼ੀਆਂ, ਰਿਹਾਇਸ਼ ਲਈ ਮਦਦ ਕਰ ਰਹੇ ਹਨ।
ਬ੍ਰਿਟਿਸ਼ ਕੋਲੰਬੀਆ ਜੰਗਲੀ ਜੀਵਨ ਫੈਡਰੇਸ਼ਨ ਦੇ ਕਾਰਜਕਾਰੀ ਡਾਇਰੈਕਟਰ ਜੇਮਨ ਨੇ ਇਸ ਇਲਾਕੇ ਦੀ ਅੱਗ ਬਾਰੇ ਚਿੰਤਾ ਜ਼ਾਹਿਰ ਕੀਤੀ ਸੀ ਕਿ ਇਹ ਨਾਮੁਰਾਦ ਤੇ ਲੰਮੀ ਬਿਮਾਰੀ ਹੈ ਜਿਸ ਦੀ ਰੋਕਥਾਮ ਲਈ ਲੋੜੀਂਦੇ ਫੰਡ ਉਪਲੱਬਧ ਨਹੀਂ ਕਰਾਏ ਜਾਂਦੇ। 2003 ਦੀ ਅਗਨ ਬਰਬਾਦੀ ਦਾ ਮੰਜ਼ਰ ਉਹ ਆਪਣੇ ਪਿੰਡੇ ’ਤੇ ਹੰਢਾ ਚੁੱਕਾ ਹੈ। ਬੇਕਾਬੂ ਅੱਗ ਅਤੇ ਸੋਕੇ ਨਾਲ ਜੰਗਲੀ ਜੀਵਾਂ, ਮੱਛੀਆਂ ਤੇ ਬਨਸਪਤੀ ਦਾ ਵੱਡਾ ਨੁਕਸਾਨ ਹੋ ਚੁੱਕਾ ਹੈ।
ਵਿਸ਼ਵ ਭਰ ਦੇ ਯਾਤਰੂਆਂ ਲਈ ਖਿੱਚ ਦਾ ਕੇਂਦਰ, ਹਵਾਈ ਦੇ ਟਾਪੂਆਂ ਵਿਚ ਭਿਆਨਕ ਅੱਗ ਕਰ ਕੇ ਇਤਿਹਾਸਕ, ਸਭਿਆਚਾਰਕ ਅਤੇ ਮਾਊਈ ਵਿਰਸਾ ਬੁਰੀ ਤਰ੍ਹਾਂ ਜਲ ਕੇ ਰਾਖ ਹੋ ਗਿਆ। 1873 ਵਿਚ ਇੱਥੇ ਈਸਾਈ ਮਿਸ਼ਨਰੀਆਂ ਦੀ ਯਾਦ ਵਿਚ ਬੋਹੜ ਦਾ ਦਰੱਖਤ ਲਗਾਇਆ ਗਿਆ ਸੀ ਜੋ ਬਹੁਤ ਵਿਸ਼ਾਲ ਅਤੇ ਕੁਦਰਤੀ ਸੁੰਦਰਤਾ ਦਾ ਮੁਜੱਸਮਾ ਬਣ ਚੁੱਕਾ ਸੀ, ਹਜ਼ਾਰਾਂ ਜੋੜੇ ਹਰ ਸਾਲ ਇਥੇ ਸ਼ਾਦੀ ਕਰਦੇ ਸਨ, ਇਹ ਵੀ ਬੁਰੀ ਤਰ੍ਹਾਂ ਜਲ ਗਿਆ ਹੈ; ਪਤਾ ਨਹੀਂ ਮੁੜ ਪੁੰਗਰੇ ਜਾਂ ਨਾ। ਲਹਿਆਨਾ ਸ਼ਹਿਰ ਅਧਿਆਤਮਿਕ ਕੇਂਦਰ ਵਜੋਂ ਮਸ਼ਹੂਰ ਰਿਹਾ। ਇਸ ਸ਼ਹਿਰ ਦੇ ਕਈ ਦਰਜਨ ਲੋਕ ਅੱਗ ਦਾ ਸ਼ਿਕਾਰ ਹੋ ਗਏ। ਹਵਾਈ ਦਾ ਮਊਈ ਖੇਤਰ 30 ਸਾਲ ਪਹਿਲਾਂ ਦਰਖ਼ਤ ਉਗਾ ਕੇ, ਗੰਨੇ, ਪਾਈਨਐਪਲ ਦੀ ਖੇਤੀ ਅਤੇ ਪਸ਼ੂਆਂ ਦੀਆਂ ਵਿਸ਼ਾਲ ਚਰਾਗਾਹਾਂ ਵਜੋਂ ਵਿਕਸਤ ਕੀਤਾ ਗਿਆ। ਚਰਾਗਾਹਾਂ ਦਾ ਸੁੱਕਾ ਘਾਹ ਹੀ ਅੱਜ ਇਸ ਦੀ ਭਿਆਨਕ ਅੱਗ ਨਾਲ ਬਰਬਾਦੀ ਦਾ ਕਾਰਨ ਬਣਿਆ। 2015-16 ਵਿਚ ਇੱਥੇ ਅੱਗਾਂ ਲਗਣ ਅਤੇ ਫੈਲਣ ਦੀਆਂ ਘਟਨਾਵਾਂ ਹੋਈਆਂ ਪਰ ਪ੍ਰਸ਼ਾਸਨ ਵੱਲੋਂ ਮੁਸਤੈਦੀ ਨਾ ਵਰਤਣ ਕਰ ਕੇ ਵੱਡਾ ਨੁਕਸਾਨ ਹੋਇਆ।
ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਮਨੋਵਿਗਿਆਨੀ ਪ੍ਰੋ. ਸਟੀਵਨ ਟਾਈਲਰ ਦਾ ਕਹਿਣਾ ਹੈ ਕਿ ਜੰਗਲੀ ਅੱਗ ਇਹ ਸੁਨੇਹਾ ਦੇ ਰਹੀ ਹੈ ਕਿ ਅਸੀਂ ਵਾਤਾਵਰਨ ਤਬਦੀਲੀ ਦਾ ਸਾਹਮਣਾ ਕਰ ਰਹੇ ਹਾਂ। ਕਿੱਧਰੇ ਅੱਗਜ਼ਨੀ, ਕਿੱਧਰੇ ਸੋਕਾ, ਕਿੱਧਰੇ ਹੜ੍ਹ, ਕਿੱਧਰੇ ਸੁਨਾਮੀ, ਕਿੱਧਰੇ ਕੋਵਿਡ-19 ਵਰਗੀਆਂ ਮਹਾਮਾਰੀਆਂ ਮਾਨਵੀ ਹੋਂਦ ਦੀ ਬਰਬਾਦੀ ਦਾ ਕਾਰਨ ਬਣ ਰਹੀਆਂ ਹਨ। ਐਤਕੀਂ ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਬਿਹਾਰ ਵਿਚ ਹੜ੍ਹਾਂ ਕਰ ਕੇ ਭਾਰਤ ਅੰਦਰ ਵੱਡਾ ਨੁਕਸਾਨ ਹੋਇਆ। ਇਡੋਨੇਸ਼ੀਆਂ ਅਤੇ ਚੀਨ ਵਿਚ ਹੜ੍ਹਾਂ ਤੇ ਜੰਗਲੀ ਅੱਗ ਨੇ ਕਹਿਰ ਢਾਹਿਆ। ਸਪੇਨ, ਯੂਨਾਨ, ਇਟਲੀ ਆਦਿ ਦੇਸ਼ ਆਲਮੀ ਤਪਸ਼ ਦਾ ਸ਼ਿਕਾਰ ਹਨ। ਬ੍ਰਾਜ਼ੀਲ ਕੋਲੰਬੀਆ, ਪੀਰੂ ਆਦਿ ਲਾਤੀਨੀ ਅਮਰੀਕੀ ਦੇਸ਼ ਅੱਗ, ਹੜ੍ਹਾਂ, ਧਰਤ ਕਟਾਅ ਦਾ ਸਾਹਮਣਾ ਕਰ ਰਹੇ ਹਨ। ਨੋਵਾ ਸਕੌਸ਼ੀਆ (ਕੈਨੇਡਾ) ਵਿਚ ਹੈਲੀਫੈਕਸ, ਗੁਆਂਢ ’ਚ ਟੈਂਟਾਲਨ ਤੇ ਹੈਮਾਂਡ ਮੈਦਾਨ ਪ੍ਰਭਾਵਿਤ ਹੋਏ। ਅਪਰ ਟੈਟਾਲਨ ਵਿਚ ਅੱਗ ਇਸ ਕਦਰ ਤੇਜ਼ੀ ਨਾਲ ਵਧੀ ਕਿ ਲੋਕਾਂ ਨੂੰ ਪੈਰੀਂ ਜੁੱਤੀ ਵੀ ਨਾ ਪਾਉਣ ਦਿੱਤੀ। ਕੈਨੇਡਾ ਅੰਦਰ ਇਸ ਵਰ੍ਹੇ ਅੱਗ ਲੱਗਣ ਸਬੰਧੀ 3166 ਚਿਤਾਵਨੀਆਂ ਦਿਤੀਆਂ।
ਕੈਨੇਡਾ ਦੇ ਨੋਵਾ ਸਕੌਸੀਆ ਸੂਬੇ ਵਿਚ ਦਰਖ਼ਤ ਉਗਾਉਣ ਵਾਲੀ ਸਨਅਤ ਜੋ ਸਾਲਾਨਾ 52 ਮਿਲੀਅਨ ਡਾਲਰ ਦੀ ਕਮਾਈ ਕਰਦੀ ਹੈ, ਨੂੰ ਅੱਗ ਕਰ ਕੇ ਨੱਸਣਾ ਪਿਆ। ਐਟਲਾਂਟਿਕ ਖੇਤਰ ਵਿਚ ਕੈਨੇਡਾ ਦੀ 2 ਬਿਲੀਅਨ ਡਾਲਰ ਦੀ ਮੱਛੀ ਮਾਰਕੀਟ ਅੱਗ ਦੇ ਧੂੰਏਂ ਦਾ ਸ਼ਿਕਾਰ ਬਣੀ, 13000 ਮਛੇਰਿਆਂ ਦਾ ਰੁਜ਼ਗਾਰ ਠੱਪ ਹੋਇਆ। ਬ੍ਰਾਜ਼ੀਲ ਰਾਕ ਲਾਬਸਟਰ ਐਸੋਸੀਏਸ਼ਨ ਦੇ 538 ਮਛੇਰੇ ਪ੍ਰਭਾਵਿਤ ਹੋਏ। ਕਾਮੇ ਤੇ ਸਟਾਫ ਧੂੰਏਂ ਨਾਲ ਸਾਹ ਤੇ ਚਮੜੀ ਦੀਆਂ ਬਿਮਾਰੀਆਂ ਦੀ ਮਾਰ ਹੇਠ ਆ ਗਏ। ਕੈਨੇਡਾ ਤੇ ਆਸਟਰੇਲੀਆ ਵਿਚ ਜੰਗਲੀ ਅੱਗ ਦੇ ਧੂੰਏਂ ਬਾਰੇ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਇਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਲੋਕਾਂ, ਖਾਸ ਕਰ ਕੇ ਬੱਚਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ, ਸਾਹ ਅਤੇ ਛਾਤੀ ਦੇ ਰੋਗਾਂ ਸਮੇਤ। ਮਨੋਰੋਗ ਕਰ ਕੇ ਲੋਕ ਆਨਲਾਈਨ ਖਰੀਦੋ-ਫਰੋਖਤ, ਨਸ਼ੀਲੇ ਪਦਾਰਥਾਂ ਦਾ ਸੇਵਨ, ਵਾਰ ਵਾਰ ਖਾਣ ਵੱਲ ਰੁਚਿਤ ਅਤੇ ਖਿਝੇ ਖਿਝੇ ਰਹਿੰਦੇ ਹਨ।
ਇਸੇ ਕਰ ਕੇ ਭਵਿੱਖ ਵਿਚ ਕੈਨੇਡਾ, ਅਮਰੀਕਾ, ਇੰਡੋਨੇਸ਼ੀਆ, ਬ੍ਰਾਜ਼ੀਲ, ਸਪੇਨ, ਯੂਨਾਨ, ਇਟਲੀ ਅਤੇ ਅਨੇਕ ਹਰ ਜੰਗਲੀ ਅੱਗ ਪ੍ਰਭਾਵਿਤ ਦੇਸ਼ਾਂ ਨੂੰ ਆਪਣੇ ਸ਼ਹਿਰੀਆਂ ਨੂੰ ਇਸ ਦੇ ਮਾਨਸਿਕ ਅਤੇ ਸਰੀਰਕ ਕਰੋਪੀਆਂ ਤੋਂ ਬਚਾਉਣ ਲਈ ਵਿਸ਼ੇਸ਼ ਕਦਮ ਉਠਾਉਣ ਦੀ ਲੋੜ ਹੈ। ਮਾਰਟਨ ਲੂਥਰ ਨੂੰ ਇੱਕ ਵਾਰ ਪੁੱਛਿਆ ਗਿਆ ਕਿ ਜੇ ਰੱਬ ਤੁਹਾਨੂੰ ਦੱਸਦਾ ਹੈ ਕਿ ਦੁਨੀਆ ਦਾ ਅੰਤ ਹੋਣ ਵਾਲਾ ਹੈ ਤਾਂ ਤੁਸੀਂ ਕੀ ਕਰੋਗੇ? ਜਵਾਬ ਸੀ, “ਮੈਂ ਦਰਖ਼ਤ ਲਗਾਵਾਂਗਾ।” ਇਵੇਂ ਹੀ ਮੌਂਟਰੀਅਲ ਕਿਤਾਬ ਛਾਪਕ ਮਾਰਕ ਫੋਰਟੀਅਰ ਦਾ ਕਹਿਣਾ ਹੈ, “ਅਸੀਂ ਦਰਖ਼ਤ ਲਗਾਵਾਂਗੇ, ਕੀ ਪਤਾ ਰੱਬ ਆਪਣਾ ਮਨ ਬਦਲ ਲਵੇ।”
ਅਜੋਕੀ ਮਾਨਵਤਾ ਲਈ ਇਹ ਕਿੰਨਾ ਖੂਬਸੂਰਤ ਸੁਨੇਹਾ ਹੈ: ‘ਦਰਖ਼ਤ ਲਗਾਉ, ਵਾਤਾਵਰਨ ਤੇ ਮਾਨਵਤਾ ਬਚਾਉ।’
ਸੰਪਰਕ: 1-289-829-2929