ਆਲਮੀ ਤਪਸ਼ ਅਤੇ ਊਰਜਾ ਪਰਿਵਰਤਨ
ਇੰਜ. ਦਰਸ਼ਨ ਸਿੰਘ ਭੁੱਲਰ
ਆਲਮੀ ਪੱਧਰ ’ਤੇ ਵੱਖ ਵੱਖ ਦੇਸ਼ਾਂ ਦੀ ‘ਕਾਨਫਰੰਸ ਆਫ ਪਾਰਟੀਜ਼’ ਦਾ 28ਵਾਂ (ਕਾਪ28) ਜਲਵਾਯੂ ਸਿਖਰ ਸੰਮੇਲਨ ਦੁਬਈ ਵਿਚ ਹੁਣੇ ਹੁਣੇ ਹੋ ਕੇ ਹਟਿਆ ਹੈ। ਜੇ ਕਿਸੇ ਨੇ ਇਹ ਸਮਝਣਾ ਹੋਵੇ ਕਿ ਆਲਮੀ ਤਪਸ਼ ਕੀ ਬਲਾ ਹੈ ਤਾਂ ਵੈਕਲਵ ਸਮਾਈਲ ਦੀ ਅੰਗਰੇਜ਼ੀ ਵਿਚ ਛਪੀ ‘ਹਾਓ ਦਿ ਵਰਲਡ ਰੀਅਲੀ ਵਰਕਸ’ ਇਸ ਮਸਲੇ ਬਾਰੇ ਕਮਾਲ ਦੀ ਕਿਤਾਬ ਹੈ। ਊਰਜਾ ਦੇ ਪਰਿਵਰਤਨ ਨਾਲ ਦੁਨੀਆ ਵਿਚ ਜੋ ਸੇਕ ਜਿਸ ਨੂੰ ਆਲਮੀ ਤਪਸ਼ ਕਹਿੰਦੇ ਹਨ, ਪੈਦਾ ਹੋਇਆ ਹੈ, ਉਸ ਬਾਰੇ ਕੁਝ ਇਸ ਕਿਤਾਬ ਵਿਚੋਂ ਅਤੇ ਕੁਝ ਹੋਰ ਸੋਮਿਆਂ ਤੋਂ ਇਕੱਤਰ ਜਾਣਕਾਰੀ ਪਾਠਕਾਂ ਲਈ ਦਿਲਚਸਪ ਹੋਏਗੀ।
ਇੱਕ ਅੰਦਾਜ਼ੇ ਮੁਤਾਬਕ ਕੋਈ 250 ਕਰੋੜ ਸਾਲ ਪਹਿਲਾਂ, ਪਹਿਲੀ ਵਾਰ ਊਰਜਾ ਦਾ ਰੁਪਾਂਤਰਨ ਉਦੋਂ ਹੋਇਆ ਜਦੋਂ ਸਮੁੰਦਰੀ ਤਲ ’ਤੇ ਨੀਲੇ ਰੰਗੇ ਜੀਵਾਣੂ ((cyanobacteria)) ਨਾਲ, ਪਾਣੀ ਤੇ ਕਾਰਬਨ ਡਾਇਆਕਸਾਈਡ ਦੀ ਮੌਜੂਦਗੀ ਵਿਚ, ਸੂਰਜੀ ਰੌਸ਼ਨੀ ਟਕਰਾਈ। ਇਸ ਤਰ੍ਹਾਂ ਸੂਰਜੀ ਰੌਸ਼ਨੀ ਦੀ ਵਰਤੋਂਂ ਨਾਲ ਗਲੂਕੋਜ਼ ਬਣਿਆ ਅਤੇ ਵਾਤਾਵਰਨ ਵਿਚ ਆਕਸੀਨ ਦਾ ਨਿਕਾਸ ਹੋਇਆ। ਫਿਰ ਇਸ ਤੋਂ ਤਕਰੀਬਨ 70 ਕਰੋੜ ਸਾਲ ਬਾਅਦ ਜਾਂ ਕਹੀਏ ਕਿ ਅੱਜ ਤੋਂ ਤਕਰੀਬਨ 60 ਕਰੋੜ ਸਾਲ ਪਹਿਲਾਂ ਸਮੁੰਦਰੀ ਤਲ ’ਤੇ ਪਹਿਲਾ ਜੀਵ ਹੋਂਦ ਵਿਚ ਆਇਆ ਜੋ ਖੁਰਾਕ ਨੂੰ ਊਰਜਾ ਵਿਚ ਬਦਲਣ ਲਈ ਆਕਸੀਜਨ ਦੀ ਵਰਤੋਂ ਕਰਦਾ ਸੀ। ਇਹ ਧਰਤੀ ’ਤੇ ਪਹਿਲਾ ਊਰਜਾ ਪਰਿਵਰਤਨ ਸੀ ਜੋ ‘ਜੀਵ ਸਰੀਰ’ ਵਿਚ ਹੋਇਆ।
ਇਸ ਤੋਂ ਕੋਈ 59 ਕਰੋੜ ਸਾਲ ਬਾਅਦ ਜਾਂ ਕਹੀਏ ਅੱਜ ਤੋਂ ਕੋਈ 40 ਲੱਖ ਸਾਲ ਪਹਿਲਾਂ ਅਜੋਕੇ ਮਨੁੱਖ ਦੇ ਪੁਰਖੇ ਹੋਂਦ ਵਿਚ ਆਏ। ਇਨ੍ਹਾਂ ਮਨੁੱਖਾਂ ਨੇ ਕੋਈ 32 ਲੱਖ ਸਾਲਾਂ ਦੇ ਅਰਸੇ ਬਾਅਦ ਜਾਂ ਅੱਜ ਤੋਂ ਤਕਰੀਬਨ 8 ਲੱਖ ਸਾਲ ਪਹਿਲਾਂ ਅੱਗ ਨੂੰ ਭੋਜਨ ਪਕਾਉਣ ਲਈ, ਸੁਖ-ਆਰਾਮ ਅਤੇ ਰੱਖਿਆ ਲਈ ਵਰਤਿਆ। ਲੱਕੜ ਤੋਂ ਅੱਗ ਬਣਾਉਣਾ ਊਰਜਾ ਦਾ ਸਭ ਤੋਂ ਪਹਿਲਾ ਸਰੀਰ ਤੋ ਬਾਹਰੀ ਊਰਜਾ ਪਰਿਵਰਤਨ ਸੀ।
ਤਕਰੀਬਨ 10000 ਹਜ਼ਾਰ ਵਰ੍ਹੇ ਪਹਿਲਾਂ ਹੀ ਮਨੁੱਖ ਨੇ ਖੇਤੀ ਕਰਨੀ ਸਿੱਖੀ ਹੈ। ਖੇਤੀ ਲਈ ਲੋੜੀਂਦੀ ਊਰਜਾ ਲਈ ਮਨੁੱਖ ਨੇ ਬਹੁਤ ਦੇਰ ਤੱਕ ਮਨੁੱਖੀ ਸਰੀਰਕ ਬਲ ਹੀ ਵਰਤਿਆ ਤੇ ਫਿਰ ਹੌਲੀ ਹੌਲੀ ਤਕਰੀਬਨ 9000 ਸਾਲ ਪਹਿਲਾਂ ਪਸ਼ੂਆ ਦੀ ਸ਼ਕਤੀ ਨੂੰ ਵਰਤਣਾ ਸਿੱਖਿਆ। ਇਸ ਤੋਂ ਬਹੁਤ ਦੇਰ
ਬਾਅਦ ਮਨੁੱਖ ਨੇ ਨਿਰਜੀਵ ਵਸਤਾਂ ਨੂੰ ਊਰਜਾ ਦੇ ਪਰਿਵਰਤਨ ਲਈ ਵਰਤਣ ਦੀ ਮੁਹਾਰਤ ਹਾਸਲ ਕੀਤੀ। ਤਕਰੀਬਨ 5000 ਹਜ਼ਾਰ ਸਾਲ ਪਹਿਲਾਂ ਮਨੁੱਖ ਨੇ ਜ਼ਹਾਜਰਾਨੀ ਲਈ ਹਵਾ ਦੀ ਸ਼ਕਤੀ ਵਰਤਣ ਲਈ ਬਾਦਬਾਨ ਦੀ ਵਰਤੋਂ ਕਰਨੀ ਸਿੱਖੀ। ਫਿਰ 2000 ਹਜ਼ਾਰ ਸਾਲ ਪਹਿਲਾਂ ਵਾਟਰ ਵ੍ਹੀਲ ਆਏ। ਮਨੁੱਖ ਨੇ ਪਵਨ ਚੱਕੀ ਦੀ ਕਾਢ ਤਾਂ ਅੱਜ ਤੋਂ ਸਿਰਫ 1000 ਸਾਲ ਪਹਿਲਾਂ ਹੀ ਕੀਤੀ ਹੈ। ਤਕਰੀਬਨ 1500 ਈਸਵੀ ਤੱਕ 90% ਕੰਮ ਮਨੁੱਖ ਤੇ ਪਾਲਤੂ ਜਾਨਵਰ ਹੀ ਕਰਦੇ ਸਨ ਅਤੇ ਸਾਰੀ ਤਾਪ ਊਰਜਾ ਦਰੱਖਤਾਂ ਜਾਂ ਸੁੱਕੇ ਗੋਹੇ ਨੂੰ ਬਾਲ ਕੇ ਹੀ ਪੈਦਾ ਕੀਤੀ ਜਾਂਦੀ ਸੀ। ਇਹ ਰੁਝਾਨ ਤਕਰੀਬਨ 1800 ਤੱਕ ਜਾਰੀ ਰਿਹਾ।
1600 ਈਸਵੀ ਦੇ ਆਸ ਪਾਸ ਇੰਗਲੈਂਡ ਵਿਚ ਕੋਲੇ ਨੂੰ ਗਰਮੀ ਦੇ ਸੋਮੇ ਵਜੋਂ ਵਰਤਣਾ ਸ਼ੁਰੂ ਹੋਇਆ ਸੀ। 1640 ਈਸਵੀ ਤੱਕ ਲੋਕ ਇੱਥੇ ਖਾਣਾਂ ਵਿਚੋਂ ਕੋਲਾ ਕੱਢਣ ਲੱਗ ਪਏ ਸਨ। ਤਕਰੀਬਨ 1712 ਵਿਚ ਕੋਲੇ ਦੀਆਂ ਖਾਣਾਂ ਵਿਚੋਂ ਪਾਣੀ ਕੱਢਣ ਲਈ ਭਾਫ ਇੰਜਣ ਦੀ ਵਰਤੋਂ ਹੋਣ ਲੱਗ ਪਈ ਸੀ। ਪਹਿਲਾਂ ਇਸ ਕੰਮ ਲਈ ਘੋੜੇ ਵਰਤੇ ਜਾਂਦੇ ਸਨ। ਜੈਵਿਕ ਬਾਲਣ (ਫੌਸਿਲ ਫਿਊਲ) ਤੋਂ ਚੱਲਣ ਵਾਲਾ ਭਾਫ ਇੰਜਣ ਪਹਿਲੀ ਬੇਜਾਨ ਮਸ਼ੀਨ ਸੀ। ਜੇਮਜ਼ ਵਾਟ ਨੇ 25 ਘੋੜਿਆਂ ਦੀ ਸ਼ਕਤੀ ਦੇ ਬਰਾਬਰ ਦਾ ਪਹਿਲਾ, ਭਾਫ ਨਾਲ ਚੱਲਣ ਵਾਲਾ ਇੰਜਣ 1770 ਵਿਚ ਇਜਾਦ ਕੀਤਾ।
1800 ਈਸਵੀ ਤੱਕ ਭਾਵੇਂ ਅਜਿਹੇ 500 ਇੰਜਣਾਂ ਨੇ ਘੋੜਿਆਂ ਅਤੇ ਮਨੁੱਖਾਂ ਦੀ ਥਾਂ ਲੈ ਲਈ ਸੀ ਪਰ ਅਜੇ ਵੀ 98% ਤਾਪ ਊਰਜਾ ਦਾ ਸੋਮਾ ਦਰੱਖਤਾਂ ਦੀ ਲੱਕੜ ਅਤੇ ਗੋਹਾ ਹੀ ਰਹੇ। ਇਸ ਵੇਲੇ ਤੱਕ ਤਕਰੀਬਨ 90% ਖੇਤੀ, ਉਸਾਰੀ ਅਤੇ ਨਿਰਮਾਣ ਕਾਰਜਾਂ ਲਈ ਯੰਤ੍ਰਿਕ ਕੰਮ (ਊਰਜਾ) ਲਈ ਮਨੁੱਖੀ ਅਤੇ ਪਸ਼ੂ ਸ਼ਕਤੀ ਹੀ ਮੁੱਖ ਸੋਮਾ ਸਨ।
1850 ਤੱਕ ਵੀ ਕੋਲੇ ਦੀ ਵਰਤੋਂ ਸਿਰਫ 7% ਹੀ ਸੀ। ਇਸ ਸਮੇਂ ਤੱਕ ਕਰੀਬ ਕਰੀਬ 50% ‘ਗਤੀ ਊਰਜਾ’ ਪਾਲਤੂ ਪਸ਼ੂਆ ਤੋਂ, 40% ਮਨੁੱਖਾਂ ਅਤੇ ਕੇਵਲ 15% ਸ਼ਕਤੀ ਹੀ ਬੇਜਾਨ ਮਸ਼ੀਨਾਂ ਜਿਵੇ ਪਣਚੱਕੀਆਂ ਅਤੇ ਹੌਲੀ ਹੌਲੀ ਆ ਰਹੇ ਭਾਫ ਇੰਜਣਾਂ ਤੋਂ ਲਈ ਜਾ ਰਹੀ ਸੀ। 1850 ਵਾਲੀ ਦੁਨੀਆ 1700 ਬਲਕਿ 1600 ਈਸਵੀ ਵਾਲੀ ਦੁਨੀਆ ਵਰਗੀ ਹੀ ਸੀ, 2000 ਈਸਵੀ ਵਰਗੀ ਨਹੀਂ। ਪਿਛਲੇ ਕੇਵਲ ਦੋ ਸੌ ਸਾਲਾਂ (1800-2000) ਵਿਚ ਬੜਾ ਤੇਜ਼ ਬਦਲਾਓ ਦੇਖਿਆ ਗਿਆ; ਪ੍ਰਮੁੱਖ ਊਰਜਾ ਸੋਮਿਆਂ, ਮਨੁੱਖੀ ਸ਼ਕਤੀ ਅਤੇ ਜਾਨਦਾਰ ਪਾਲਤੂ ਪਸ਼ੂਆਂ ਦੀ ਥਾਂ ਜੈਵਿਕ ਬਾਲਣ ਦੀ ਊਰਜਾ ਅਤੇ ਇਸ ਦੇ ਰੁਪਾਂਤਰਨ ਤੋਂ ਚੱਲਣ ਵਾਲੀਆਂ ਦਿਓ ਕੱਦ ਬੇਜਾਨ ਮਸ਼ੀਨਾਂ ਨੇ ਬੜੀ ਤੇਜ਼ੀ ਨਾਲ ਲਈ।
19ਵੀਂ ਸਦੀ ਦੇ ਸ਼ੁਰੂਆਤੀ ਦੌਰ ਦੇ ਆਮ ਆਦਮੀ ਨਾਲੋਂ 2000 ਤੱਕ ਦਾ ਆਮ ਆਦਮੀ 700 ਗੁਣਾ ਵੱਧ ਊਰਜਾ ਵਰਤ ਰਿਹਾ ਸੀ। ਦੂਜੀ ਸੰਸਾਰ ਜੰਗ ਤੋਂ ਬਾਅਦ 2020 ਤੱਕ ਤਾਂ ਪ੍ਰਤੀ ਵਿਅਕਤੀ ਊਰਜਾ ਦੀ ਸਾਲਾਨਾ ਵਰਤੋਂ ਵਿਚ ਬੇਸ਼ੁਮਾਰ ਵਾਧਾ ਹੋਇਆ ਹੈ। ਇਸ ਨੂੰ ਸੌਖੇ ਤਰੀਕੇ ਨਾਲ ਬਿਆਨਣਾ ਹੋਵੇ ਤਾਂ ਇਉਂ ਕਿਹਾ ਜਾ ਸਕਦਾ ਹੈ ਕਿ ਸੰਸਾਰ ਦਾ ਹਰ ਸਾਧਾਰਨ ਆਦਮੀ ਇੰਨੀ ਊਰਜਾ ਵਰਤ ਰਿਹਾ ਹੈ ਜਿਵੇਂ ‘ਸਾਲ ਭਰ ਦਿਨ ਰਾਤ ਬਿਨਾਂ ਰੁਕੇ 60 ਆਦਮੀ’ ਉਸ ਦੀ ਸੇਵਾ ਵਿਚ ਜੁਟੇ ਹੋਣ। ਇਹ ਅੰਕੜਾ ਗਰੀਬ ਮੁਲਕਾਂ ਲਈ ਹੈ। ਧਨਾਢ ਮੁਲਕਾਂ ਦੇ ਆਮ ਬਾਸ਼ਿੰਦੇ ਲਈ ਊਰਜਾ ਇਸ ਤਰ੍ਹਾਂ ਖਰਚ ਹੋ ਰਹੀ ਹੈ ਜਿਵੇਂ 200-250 ਅਹਿਲਕਾਰ ਦਿਨ ਰਾਤ ਉਹਦੀ ਟਹਿਲ ਵਿਚ ਲੱਗੇ ਹੋਣ। ਸੋ ਹੁਣ ਬੇਸ਼ੁਮਾਰ ਊਰਜਾ ਮਨੁੱਖ ਦੀ ਸੇਵਾ ਵਿਚ ਹਾਜ਼ਰ ਹੈ। ਅਜੋਕੀ ਦੁਨੀਆ ਊਰਜਾ ਦੇ ਲਗਾਤਰ ਵਧਦੇ ਰੁਪਾਂਤਰਨ ਦਾ ਹੀ ਨਤੀਜਾ ਹੈ। ਅਸਲ ਵਿਚ ਊਰਜਾ ਹੀ ਸਰਬ ਪ੍ਰਵਾਨਤ ਮੁਦਰਾ ਹੈ ਅਤੇ ਇਸ ਦੇ ਰੁਪਾਂਤਰਨ ਤੋਂ ਬਿਨਾਂ ਕੁਝ ਵੀ ਨਹੀਂ ਵਾਪਰ ਸਕਦਾ।
ਉਂਝ, ਇਸ ਮਨੁੱਖੀ ਸੁਖ-ਆਰਾਮ ਲਈ ਊਰਜਾ ਪਰਿਵਰਤਨ ਆਪਣੇ ਨਾਲ ਆਫਤ ਵੀ ਲੈ ਕੇ ਆ ਰਿਹਾ ਹੈ ਜੋ ਮਨੁੱਖ ਦੀ ਹੋਂਦ ਲਈ ਹੀ ਖਤਰਾ ਬਣ ਗਈ ਹੈ। ਕੁਦਰਤ ਨੇ ਵਾਤਾਵਰਨ ਵਿਚ ‘ਗਰੀਨਹਾਊਸ ਗੈਸਾਂ’ (ਕਾਰਬਨ ਡਾਇਆਆਕਸਾਈਡ, ਮੀਥੇਨ ਅਤੇ ਨਾਈਟਰਸ) ਦਾ ਸੰਤੁਲਨ ਬਣਾਇਆ ਹੋਇਆ ਸੀ ਜਿਨ੍ਹਾਂ ਨੇ ਧਰਤੀ ਦੁਆਲੇ ਇੱਕ ਉਸੇ ਤਰ੍ਹਾਂ ਦਾ ਤੰਬੂ ਬਣਾਇਆ ਹੋਇਆ ਹੈ ਜਿਸ ਤਰ੍ਹਾਂ ਦਾ ਕਈ ਅਗਾਂਹਵਧੂ ਕਿਸਾਨਾਂ ਨੇ ਖੇਤਾਂ ਵਿਚ ਗਰੀਨਹਾਊਸ ਬਣਾਇਆ ਹੁੰਦਾ ਹੈ। ਇਸੇ ਤੰਬੂ ਕਰ ਕੇ ਧਰਤੀ ਉੱਪਰ ਜੀਵਨ, ਬਨਸਪਤੀ ਅਤੇ ਹਰਿਆਵਲ ਹੈ ਪਰ ਪਥਰਾਟੀ ਬਾਲਣਾਂ ਦੇ ਊਰਜਾ ਪਰਿਵਰਤਨ ਤੋਂ ਵੀ ਗਰੀਨਹਾਊਸ ਗੈਸਾਂ ਪੈਦਾ ਹੋਣ ਕਰ ਕੇ ਇਨ੍ਹਾਂ ਦੀ ਮਾਤਰਾ ਵਾਤਾਵਰਨ ਵਿਚ ਲੋੜੋਂ ਵਧ ਰਹੀ ਹੈ। ਇਸੇ ਕਰ ਕੇ ਵਾਯੂਮੰਡਲ ਦਾ ਤਾਪਮਾਨ ਵਧ ਰਿਹਾ ਹੈ। ਇਸ ਵਰਤਾਰੇ ਨੂੰ ਆਲਮੀ ਤਪਸ਼ (ਗਲੋਬਲ ਵਾਰਮਿੰਗ) ਕਿਹਾ ਜਾਂਦਾ ਹੈ। ਇਹ ਤਪਸ਼ ਧਰਤੀ ਨੂੰ ਤਬਾਹ ਕਰਨ ਦੇ ਸਮਰੱਥ ਹੈ। ਇਸ ਤਬਾਹੀ ਦੀਆਂ ਨਿਸ਼ਾਨੀਆਂ ਜਿਵੇਂ ਬੇਮੌਸਮੀ ਮੀਂਹਾਂ, ਗਲੇਸ਼ੀਅਰਾਂ ਦਾ ਤੇਜ਼ੀ ਨਾਲ ਪਿਘਲਣਾ, ਅਸਹਿ ਗਰਮੀ ਅਤੇ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਆਫਤਾਂ ਦੇ ਰੂਪ ਵਿਚ ਸਾਹਮਣੇ ਆ ਰਹੀਆਂ ਹਨ। ਇਸ ਤਬਾਹਕੁਨ ਚਿੰਤਾ ਕਰ ਕੇ ਪਥਰਾਟੀ ਬਾਲਣ ਤੋਂ ਖਹਿੜਾ ਛੁਡਾਉਣ ਲਈ ਯੂਐੱਨਓ ਵੱਲੋਂ ਸੰਸਾਰ ਪੱਧਰ ’ਤੇ ਲੋੜੀਂਦੇ ਉਪਰਾਲੇ ਕਰਨ ਦੀ ਮੁਹਿੰਮ ਵਿੱਢੀ ਹੋਈ ਹੈ।
ਜੇਕਰ ਇਸ ਤਬਾਹੀ ਤੋਂ ਬਚਣਾ ਹੈ ਤਾਂ ਸੰਸਾਰ ਦੇ ਔਸਤ ਤਾਪਮਾਨ ਨੂੰ ਪੂਰਵ ਉਦਯੋਗੀਕਰਨ, 1850 ਈਸਵੀ ਤੋਂ ਪਹਿਲਾਂ ਜਦੋਂ ਮਨੁੱਖ ਨੇ ਪਥਰਾਟੀ ਬਾਲਣ ਦੀ ਧੜੱਲੇ ਨਾਲ ਵਰਤੋਂ ਸ਼ੁਰੂ ਨਹੀਂ ਕੀਤੀ ਸੀ, ਦੇ ਸਮੇਂ ਦੇ ਔਸਤ ਤਾਪਮਾਨ (ਤਕਰੀਬਨ 13.6 ਡਿਗਰੀ) ਤੋਂ ਆਦਰਸ਼ਕ 1.5 ਡਿਗਰੀ ਸੈਲਸੀਅਸ (ਗਈ ਹੱਦ ਨੂੰ 2 ਡਿਗਰੀ) ਤੱਕ ਸੀਮਤ ਕਰਨ ਲਈ ਕਾਰਬਨ ਦੀ ਪੈਦਾਇਸ਼ ਤੋਂ ਤੇਜ਼ੀ ਨਾਲ ਮੁਕਤ ਹੋਣਾ ਪੈਣਾ ਹੈ। ਸਾਡੇ ਕੋਲ ਬਹੁਤਾ ਸਮਾਂ ਨਹੀਂ ਹੈ ਕਿਉਂਕਿ ਤਾਪਮਾਨ 1.07 ਡਿਗਰੀ ਸੈਲਸੀਅਸ 2019 ਤੱਕ ਵਧ ਵੀ ਚੁੱਕਿਆ ਹੈ।
ਵੱਖ ਵੱਖ ਅਧਿਐਨਾਂ ਮੁਤਾਬਕ ਤਾਪਮਾਨ ਨੂੰ ਇਸ ਹੱਦ ਅੰਦਰ ਰੱਖਣ ਦਾ ਮਤਲਬ ਹੈ ਕਿ 2050 ਤੱਕ ਕਾਰਬਨ ਦੀ ਕੁੱਲ ਪੈਦਾਇਸ਼ ਜ਼ੀਰੋ ਕਰਨੀ ਪੈਣੀ ਹੈ ਅਤੇ ਇਸ ਸਦੀ ਦੇ ਅੰਤ ਤੱਕ ਇਸ ਨੂੰ ਮਨਫੀ ਰੱਖਣਾ ਪਵੇਗਾ; ਭਾਵ, 2050 ਤੋਂ ਬਾਅਦ ਜਿੰਨੀ ਕਾਰਬਨ ਪੈਦਾ ਹੋਵੇਗੀ, ਓਨੀ ਹੀ ਸੋਖ ਲੈਣੀ ਪਵੇਗੀ ਅਤੇ ਉਸ ਤੋਂ ਬਾਅਦ ਜਿੰਨੀ ਕਾਰਬਨ ਪੈਦਾ ਹੋਵੇਗੀ, ਉਸ ਤੋਂ ਵੱਧ ਮਾਤਰਾ ਵਿਚ ਸੋਖ ਲੈਣ ਦੀ ਵਿਵਸਥਾ ਕਰਨੀ ਪਵੇਗੀ। ਹੁਣ ਇਹ ਪਤਾ ਲੱਗ ਚੁੱਕਿਆ ਹੈ ਕਿ ਪਥਰਾਟੀ ਬਾਲਣ ਦਾ ਤਟ-ਫਟ ਬਦਲ ਖਾਲਾ ਜੀ ਦਾ ਵਾੜਾ ਨਹੀਂ। ਜੇ ਕੋਈ ਸਮਝਦਾ ਹੈ ਕਿ ਇਹ ਸੌਖਾ ਹੈ ਤਾਂ ਯਕੀਨਨ ਉਸ ਨੂੰ ਊਰਜਾ ਦੀ ਕੋਈ ਸਮਝ ਨਹੀਂ। ਸਿਰਤੋੜ ਕੋਸ਼ਿਸ਼ਾਂ ਦੇ ਬਾਵਜੂਦ ਇੰਟਰਨੈਸ਼ਨਲ ਅਨਰਜੀ ਏਜੰਸੀ ਮੁਤਾਬਕ ਊਰਜਾ ਵਿਚ ਪਥਰਾਟੀ ਬਾਲਣ ਦਾ ਹਿੱਸਾ ਜੋ 2022 ਵਿਚ ਤਕਰੀਬਨ 80% ਸੀ, 2030 ਤੱਕ ਘਟ ਕੇ ਸਿਰਫ 73% ਅਤੇ 2050 ਤੱਕ 60% ਤਾਂ ਰਹੇਗਾ ਹੀ।
ਇਹ ਪੱਕਾ ਹੈ ਕਿ ਅਮੀਰ ਮੁਲਕ ਅਥਾਹ ਪ੍ਰਤੀ ਮਨੁੱਖ ਖਪਤ ਅਤੇ ਸ਼ਾਹ ਖਰਚੀ ਹੁੰਦੇ ਹੋਏ ਵੀ ਤੇਜ਼ੀ ਨਾਲ ਕਾਰਬਨ ਰਹਿਤ ਵਾਤਾਵਰਨ ਦੇਣ ਦੇ ਸਮਰੱਥ ਹਨ ਪਰ ਇਹ ਉਹ ਗਰੀਬ ਮੁਲਕ ਨਹੀਂ ਕਰ ਸਕਦੇ ਜਿਨ੍ਹਾਂ ਨੂੰ ਆਪਣੀ ਵਧ ਰਹੀ ਆਬਾਦੀ ਦਾ ਢਿੱਡ ਸੁਲਕਣ ਲਈ ਹੋਰ ਅਮੋਨੀਆ ਚਾਹੀਦੀ ਹੈ ਅਤੇ ਬੁਨਿਆਦੀ ਢਾਂਚਾ ਉਸਾਰਨ ਲਈ ਸਟੀਲ, ਸੀਮਿੰਟ ਅਤੇ ਪਲਾਸਟਿਕ ਦੀ ਜ਼ਰੂਰਤ ਹੈ। ਊਰਜਾ ਦਾ ਜੋ ਬਦਲਾਓ ਹੋਣਾ ਹੈ, ਉਹਦੇ ਬਾਰੇ ਸਾਨੂੰ ਭਾਵੇਂ ਬਹੁਤਾ ਕੁਝ ਪਤਾ ਨਹੀਂ ਪਰ ਇੱਕ ਗੱਲ ਪੱਕੀ ਹੈ ਕਿ ਇਹ ਪਥਰਾਟੀ ਕਾਰਬਨ ਦਾ ਇੱਕ ਦਮ ਤਿਆਗ ਨਹੀਂ ਹੈ ਬਲਕਿ ਇਸ ਦਾ ਹੌਲੀ ਹੌਲੀ ਪਤਨ ਹੀ ਹੈ।
*ਉਪ ਮੁੱਖ ਇੰਜਨੀਅਰ (ਸੇਵਾਮੁਕਤ) ਪੀਐੱਸਪੀਸੀਐੱਲ।
ਸੰਪਰਕ: 94174-28643