ਆਲਮੀ ਨਿਵੇਸ਼ਕਾਂ ਦੀਆਂ ਭਾਰਤ ’ਤੇ ਨਜ਼ਰਾਂ: ਮੋਦੀ
* ਸੀਆਈਆਈ ਦੀ ਕਾਨਫਰੰਸ ਨੂੰ ਸੰਬੋਧਨ ਕੀਤਾ
ਨਵੀਂ ਦਿੱਲੀ, 30 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਅਗਲੇ ਪੰਜ ਸਾਲਾਂ ਦੌਰਾਨ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣਨ ਵੱਲ ਵਧ ਰਿਹਾ ਹੈ ਅਤੇ ਆਲਮੀ ਨਿਵੇਸ਼ਕ ਇਸ (ਭਾਰਤ) ਨੂੰ ਇੱਕ ਨਿਵੇਸ਼ ਸਥਾਨ ਵਜੋਂ ਦੇਖ ਰਹੇ ਹਨ ਜਿਸ ਕਰਕੇ ਘਰੇਲੂ ਉਦਯੋਗਾਂ ਨੂੰ ਇਸ ਸੁਨਹਿਰੇ ਮੌਕੇ ਦਾ ਲਾਹਾ ਲੈ ਕੇ ‘ਵਿਕਸਿਤ ਭਾਰਤ’ ਦੇ ਸਫ਼ਰ ਦਾ ਹਿੱਸਾ ਬਣਨਾ ਚਾਹੀਦਾ ਹੈ।
‘ਵਿਕਸਿਤ ਭਾਰਤ ਵੱਲ ਸਫਰ’ ਵਿਸ਼ੇ ’ਤੇ ਸੀਆਈਆਈ ਦੀ ਬਜਟ ਤੋਂ ਬਾਅਦ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਆਖਿਆ ਕਿ ਜਦੋਂ ਭਾਰਤ ਦੀਆਂ ਨੀਤੀਆਂ, ਵਚਨਬੱਧਤਾ, ਦ੍ਰਿੜ੍ਹਤਾ, ਫ਼ੈਸਲੇ ਅਤੇ ਨਿਵੇਸ਼ ਆਲਮੀ ਵਿਕਾਸ ਦੀ ਬੁਨਿਆਦ ਬਣ ਰਹੇ ਹਨ ਤਾਂ ਅਜਿਹੇ ਸਮੇਂ ਦੌਲਤ ਤੇ ਸਿਰਜਣਹਾਰ ਹੀ ਦੇਸ਼ ਦੇ ਵਿਕਾਸ ਦੀ ਕਹਾਣੀ ’ਚ ਮੁੱਖ ਪ੍ਰੇਰਕ ਸ਼ਕਤੀ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘‘ਅੱਜ ਪੂਰੀ ਦੁਨੀਆ ਭਾਰਤ ਅਤੇ ਤੁਹਾਡੇ ਵੱਲ ਦੇਖ ਰਹੀ ਹੈ। ਸਰਕਾਰ ਦੀਆਂ ਨੀਤੀਆਂ, ਵਚਨਬੱਧਤਾ, ਦ੍ਰਿੜ੍ਹਤਾ, ਫ਼ੈਸਲੇ ਅਤੇ ਨਿਵੇਸ਼ ਆਲਮੀ ਵਿਕਾਸ ਦੀ ਬੁਨਿਆਦ ਬਣ ਰਹੇ ਹਨ। ਦੁਨੀਆ ਭਰ ਦੇ ਨਿਵੇਸ਼ਕ ਭਾਰਤ ਆਉਣ ਦੇ ਚਾਹਵਾਨ ਹਨ। ਆਲਮੀ ਆਗੂਆਂ ਦਾ ਭਾਰਤ ਪ੍ਰਤੀ ਹਾਂਦਰੂ ਰੁਖ਼ ਹੈ। ਭਾਰਤੀ ਉਦਯੋਗਾਂ ਲਈ ਇਹ ਸੁਨਹਿਰਾ ਮੌਕਾ ਹੈ ਅਤੇ ਸਾਨੂੰ ਇਹ ਮੌਕਾ ਗਵਾਉਣਾ ਨਹੀਂ ਚਾਹੀਦਾ।’’ ਉਨ੍ਹਾਂ ਆਖਿਆ ਕਿ ਭਾਰਤ 8 ਫ਼ੀਸਦ ਦੀ ਦਰ ਨਾਲ ਵਿਕਾਸ ਕਰ ਰਿਹਾ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਮੁਲਕ ਵਿਸ਼ਵ ’ਚ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣ ਜਾਵੇਗਾ। ਪ੍ਰਧਾਨ ਮੰਤਰੀ ਨੇ ਆਖਿਆ ਕਿ ਮੋਦੀ ਸਰਕਾਰ ’ਚ ਰਾਜਨੀਤਕ ਇੱਛਾ ਸ਼ਕਤੀ ਦੀ ਘਾਟ ਨਹੀਂ ਹੈ ਅਤੇ ਉਹ ‘‘ਮੁਲਕ ਪਹਿਲੀ ਤਰਜੀਹ’’ ਦੇ ਨਜ਼ਰੀਏ ਨੂੰ ਧਿਆਨ ’ਚ ਰੱਖ ਕੇ ਸਾਰੇ ਫ਼ੈਸਲੇ ਲੈਂਦੀ ਹੈ। ਇਸ ਮੌਕੇ ਉਨ੍ਹਾਂ ਨੇ ਰੁਜ਼ਗਾਰ ਦੇ ਕਰੋੜਾਂ ਮੌਕੇ ਪੈਦਾ ਕਰਨ ਵਾਲੇ ਸੂਖਮ, ਛੋਟੇ ਤੇ ਦਰਮਿਆਨੇ ਉਦਯੋਗ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਬਜਟ ’ਚ ਚੁੱਕੇ ਗਏ ਕਦਮਾਂ ਦਾ ਵੀ ਜ਼ਿਕਰ ਕੀਤਾ। -ਪੀਟੀਆਈ