ਟਰੰਪ ਦੀ ਆਮਦ ਦੇ ਵਿਸ਼ਵਵਿਆਪੀ ਅਸਰ
ਵੀਹ ਜਨਵਰੀ ਨੂੰ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਕੁਰਸੀ ਸੰਭਾਲ ਰਹੇ ਹਨ। ‘ਅਮਰੀਕਾ ਫਸਟ’ ਅਤੇ ‘ਅਮਰੀਕਾ ਨੂੰ ਮੁੜ ਮਹਾਨ ਬਣਾਉਣ’ ਦੇ ਕੌਮੀ ਸ਼ਾਵਨਵਾਦੀ ਪ੍ਰਚਾਰ ਤਹਿਤ ਉਹਨੇ ਆਵਾਸ (ਇਮੀਗ੍ਰੇਸ਼ਨ) ਨੀਤੀਆਂ ਸਖਤ ਕਰਨ, ਅਮਰੀਕੀ ਵਪਾਰ ਤੇ ਉਤਪਾਦਨ ਦੇ ਹੁਲਾਰੇ ਲਈ ਟੈਰਿਫ ਲਾਉਣ (ਖਾਸਕਰ ਚੀਨ ਉੱਪਰ), ਕੌਮੀ ਸੁਰੱਖਿਆ ਲਈ ਫੌਜੀ ਖਰਚ ਵਧਾਉਣ, ਵਾਤਾਵਰਨ ਸਮਝੌਤਿਆਂ ਦੀ ਪ੍ਰਵਾਹ ਨਾ ਕਰਦਿਆਂ ਤੇਲ ਤੇ ਕੋਲੇ ਦੇ ਉਤਪਾਦਨ ਨੂੰ ਵਧਾਉਣ, ਨੌਕਰਸ਼ਾਹੀ ਸੀਮਤ ਕਰਨ, ਸੋਸ਼ਲ ਮੀਡੀਆ ’ਤੇ ਕੰਟਰੋਲ ਲਈ ਸੈਂਸਰਸ਼ਿਪ ਦਾ ਸਮਰਥਨ ਕਰਨ, ਲਾਤੀਨੀ ਅਮਰੀਕੀ ਨਸ਼ਾ ਮਾਫੀਆ ਨੂੰ ਅਤਿਵਾਦੀ ਐਲਾਨਣ ਆਦਿ ਦੇ ਵਾਅਦੇ ਕੀਤੇ ਹਨ। ਕੁਰਸੀ ’ਤੇ ਬਿਰਾਜਮਾਨ ਹੋਣ ਤੋਂ ਪਹਿਲਾਂ ਹੀ ਉਹਨੇ ਕੈਨੇਡਾ ਨੂੰ ਅਮਰੀਕਾ ਦੀ 51ਵੀਂ ਸਟੇਟ ਕਹਿਣ ਦੀਆਂ ਗੈਰ-ਸੰਜੀਦਾ ਟਿੱਪਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਤੋਂ ਇਲਾਵਾ ਕੈਨੇਡੀਅਨ ਵਪਾਰ ਉੱਤੇ 25% ਅਤੇ ਚੀਨੀ ਦਰਾਮਦਾਂ ਉੱਤੇ 100% ਟੈਰਿਫ ਲਗਾਉਣ, ਬ੍ਰਿਕਸ ਮੁਦਰਾ ਬਣਾਉਣ ਦੀ ਸੂਰਤ ਵਿੱਚ ਬ੍ਰਿਕਸ ਮੁਲਕਾਂ ਉੱਤੇ 100% ਟੈਰਿਫ ਤੇ ਆਰਥਿਕ ਰੋਕਾਂ ਲਾਉਣ ਦੀ ਧਮਕੀ ਦੇਣ, ਨਾਟੋ ਮੁਲਕਾਂ ਨੂੰ ਫੌਜੀ ਖਰਚ ਵਧਾਉਣ, ਪਨਾਮਾ ਨਹਿਰ ’ਤੇ ਮੁੜ ਕਬਜ਼ਾ ਕਰਨ, ਗਰੀਨਲੈਂਡ ਟਾਪੂ ਨੂੰ ਅਮਰੀਕਾ ਵਿੱਚ ਸ਼ਾਮਲ ਕਰਨ ਅਤੇ ਗੈਰ-ਕਾਨੂੰਨੀ ਪਰਵਾਸੀਆਂ ਦੇ ਵੱਡੀ ਪੱਧਰ‘ਤੇ ਦੇਸ਼-ਨਿਕਾਲੇ ਦੇ ਬਿਆਨਾਂ ਨਾਲ ਗਲੋਬਲ ਆਰਥਿਕਤਾ ਅਤੇ ਸਿਆਸਤ ਵਿੱਚ ਸਹਿਮ ਤੇ ਨਵੇਂ ਕਿਆਸ ਪੈਦਾ ਹੋ ਰਹੇ ਹਨ। ਟਰੰਪ ਦੇ ਇਨ੍ਹਾਂ ਬਿਆਨਾਂ ਪਿੱਛੇ ਅਮਰੀਕੀ ਸਾਮਰਾਜ ਦੀ ਨੀਤੀ ਅਤੇ ਇਸ ਦੇ ਵਿਸ਼ਵਵਿਆਪੀ ਪ੍ਰਭਾਵ ਬੁੱਝਣੇ ਜ਼ਰੂਰੀ ਹਨ।
ਅਮਰੀਕਾ ਅੰਦਰ ਬਾਇਡਨ ਪ੍ਰਸ਼ਾਸਨ ਤੋਂ ਟਰੰਪ ਪ੍ਰਸ਼ਾਸਨ ਵੱਲ ਤਬਦੀਲੀ ਖਾਸ ਇਤਿਹਾਸਕ ਸਮੇਂ ਹੋ ਰਹੀ ਹੈ। ਇਹ ਉਹ ਅਹਿਮ ਦੌਰ ਹੈ ਜਦੋਂ ਸਾਮਰਾਜੀ ਅਮਰੀਕੀ ਮਹਾਂ ਸ਼ਕਤੀ ਸੰਸਾਰ ਮੰਚ ’ਤੇ ਆਪਣੇ ਬਰਾਬਰ ਨਵੀਆਂ ਉੱਭਰ ਰਹੀਆਂ ਚੁਣੌਤੀਆਂ ਸੰਗ ਭਿੜਦੀ ਨਿਵਾਣ ਵੱਲ ਜਾ ਰਹੀ ਹੈ। ਅਮਰੀਕਾ ਸਿਰ ਵਿਦੇਸ਼ੀ ਕਰਜ਼ ਵਧ ਰਿਹਾ ਹੈ ਅਤੇ ਸਮਾਜ ਵਿੱਚ ਅਮੀਰੀ-ਗਰੀਬੀ ਦਾ ਪਾੜਾ ਡੂੰਘਾ ਹੋ ਰਿਹਾ ਹੈ। ਵਿਸ਼ਵ ਮੰਡੀ ਵਿੱਚ ਪੁਰਾਣੇ ਸ਼ਰੀਕ ਮੁੜ ਸਿਰ ਚੁੱਕ ਰਹੇ ਹਨ। ਆਰਥਿਕ ਮੰਦਹਾਲੀ ਨਾਲ ਜੂਝ ਰਹੇ ਅਮਰੀਕਾ ਸਾਹਮਣੇ ਇਸ ਸਮੇਂ ਸਭ ਤੋਂ ਵੱਡੀ ਚੁਣੌਤੀ ਆਰਥਿਕ ਤੇ ਫੌਜੀ ਤੌਰ ’ਤੇ ਉਭਰ ਰਿਹਾ ਚੀਨੀ ਸਾਮਰਾਜ ਹੈ ਜਿਸ ਦਾ ਪ੍ਰਭਾਵ ਵਿਸ਼ਵ ਮੰਡੀ ਵਿੱਚ ਲਗਾਤਾਰ ਵਧ-ਫੁੱਲ ਰਿਹਾ ਹੈ। ਦੂਜੀ ਚੁਣੌਤੀ ਰੂਸੀ ਸਾਮਰਾਜ ਹੈ ਜੋ ਆਮ ਤੌਰ ’ਤੇ ਵਿਸ਼ਵ ਹਥਿਆਰ ਮੰਡੀ, ਖਾਸ ਤੌਰ ’ਤੇ ਜੰਗੀ ਪ੍ਰਭਾਵ ਵਾਲੇ ਮੱਧ-ਪੂਰਬੀ ਖਿੱਤੇ ਵਿੱਚ ਫੌਜੀ ਸਾਜ਼ੋ-ਸਮਾਨ ਦੀ ਮੰਡੀ ਵਾਸਤੇ ਅਮਰੀਕੀ ‘ਫੌਜੀ ਉਦਯੋਗਕ ਕੰਪਲੈਕਸ’ ਲਈ ਅਤੇ ਯੂਰੋਪੀਅਨ-ਏਸ਼ਿਆਈ ਖਿੱਤੇ ਦੀ ਊਰਜਾ ਮੰਡੀ ਲਈ ਚੁਣੌਤੀ ਬਣਿਆ ਹੋਇਆ ਹੈ। ਰੂਸ ਕੋਲ ਤੇਲ, ਗੈਸ, ਅਨਾਜ ਅਤੇ ਹੋਰ ਕੱਚੇ ਮਾਲ ਦੇ ਵਿਸ਼ਾਲ ਭੰਡਾਰ ਹਨ; ਸ਼ਕਤੀਸ਼ਾਲੀ ਫੌਜੀ ਅਤੇ ਪਰਮਾਣੂ ਹਥਿਆਰਾਂ ਕਰ ਕੇ ਇਸ ਦੀ ਵਿਸ਼ਵਵਿਆਪੀ ਪਹੁੰਚ ਅਮਰੀਕੀ ਸਾਮਰਾਜ ਨੂੰ ਟੱਕਰ ਦਿੰਦੀ ਹੈ। ਸੰਸਾਰ ਮੰਡੀ ਵਿੱਚ ਰੂਸ ਤੇ ਚੀਨ, ਅਮਰੀਕਾ ਦੇ ਗਲੋਬਲ ਹਿੱਤਾਂ ਨੂੰ ਚੁਣੌਤੀ ਦੇਣ ਵਾਲੇ ਦੋ ਵੱਡੇ ਆਰਥਿਕ ਤੇ ਫੌਜੀ ਕੇਂਦਰ ਹਨ। ਦੂਜੇ ਪਾਸੇ, ਸੰਸਾਰ ਭਰ ਵਿੱਚ ਕਮਿਊਨਿਸਟ ਲਹਿਰ ਕਮਜ਼ੋਰ ਹਾਲਾਤ ਵਿੱਚ ਗੁਜ਼ਰ ਰਹੀ ਹੈ ਅਤੇ ਸੋਵੀਅਤ ਯੂਨੀਅਨ ਵਾਂਗ ਸੰਸਾਰ ’ਚ ਇਸ ਦਾ ਮਜ਼ਬੂਤ ਵਿਚਾਰਧਾਰਕ-ਸਿਆਸੀ ਕੇਂਦਰ ਵੀ ਵਜੂਦ ਵਿੱਚ ਨਹੀਂ ਹੈ।
ਚਾਰ ਸਾਲਾਂ ’ਚ ਬੈਂਕਰਾਂ, ਵਾਲ ਸਟ੍ਰੀਟ ਦੇ ਕਾਰਪੋਰੇਟਰਾਂ ਤੇ ਅਮਰੀਕਾ ਵਿਚਲੀ ਯਹੂਦੀ ਲੌਬੀ ਨੇ ਬਾਇਡਨ ਪ੍ਰਸ਼ਾਸਨ ਰਾਹੀਂ ਆਪਣਾ ਸਾਮਰਾਜੀ ਵਿਸਤਾਰਵਾਦੀ ਏਜੰਡਾ ਅੱਗੇ ਵਧਾਉਣ ਦਾ ਯਤਨ ਕੀਤਾ ਸੀ ਜਿਸ ਨੇ ਕੁਝ ਪ੍ਰਾਪਤੀਆਂ ਦੇ ਬਾਵਜੂਦ ਅਮਰੀਕੀ ਸਾਮਰਾਜ ਲਈ ਨਵੀਆਂ ਚੁਣੌਤੀਆਂ ਖੜ੍ਹੀਆਂ ਕਰ ਦਿੱਤੀਆਂ ਹਨ। ਅਮਰੀਕਾ ਨੇ ਪਹਿਲਾਂ ਹੀ ਇਰਾਕ, ਇਰਾਨ, ਲਿਬੀਆ, ਉੱਤਰੀ ਕੋਰੀਆ, ਰੂਸ, ਕਿਊਬਾ, ਵੈਨੇਜ਼ੁਏਲਾ ਆਦਿ ਉੱਤੇ ਆਰਥਿਕ ਰੋਕਾਂ ਲਾਈਆਂ ਹੋਈਆਂ ਹਨ; ਨਾਲ ਹੀ ਇਹ ਇਜ਼ਰਾਈਲ-ਫ਼ਲਸਤੀਨ ਤੇ ਰੂਸ-ਯੂਕਰੇਨ ਜੰਗਾਂ ਵਿੱਚ ਅਸਿੱਧਾ ਉਲਝਿਆ ਹੋਇਆ ਹੈ। ਇਨ੍ਹਾਂ ਜੰਗਾਂ ਨੇ ਜਿੱਥੇ ਸੰਸਾਰ ਭਰ ਵਿੱਚ ਮਹਿੰਗਾਈ ਵਧਾਈ ਹੈ ਉੱਥੇ ਇਸ ਨਾਲ ਅਮਰੀਕਾ ਦੇ ਲੋਕਾਂ ਵਿੱਚ ਮਹਿੰਗਾਈ ਪ੍ਰਤੀ ਉਦਾਸੀਨਤਾ ਅਤੇ ਗੁੱਸੇ ਨੂੰ ਜ਼ਰਬਾਂ ਦਿੱਤੀਆਂ ਹਨ। ਬਾਇਡਨ ਪ੍ਰਸ਼ਾਸਨ ਦੀਆਂ ਨਲਾਇਕੀਆਂ ਕਰ ਕੇ ਰੂਸ-ਯੂਕਰੇਨ ਜੰਗ ਕਾਰਨ ਇੱਕ ਤਾਂ ਅਮਰੀਕਾ ਦੇ ਮੁੱਖ ਵਿਰੋਧੀ ਚੀਨ ਨੂੰ ਜੰਗੀ ਬੋਝ ਤੋਂ ਪਾਸੇ ਰਹਿ ਕੇ ਸੰਸਾਰ ਵਪਾਰ ਮੰਡੀ ’ਚ ਪੈਰ ਪਸਾਰਨ ਦਾ ਮੌਕਾ ਮਿਲ ਗਿਆ; ਦੂਜਾ, ਰੂਸ ਦੇ ਅਮਰੀਕਾ ਵਿਰੋਧੀ ਮੁਲਕਾਂ ਨਾਲ ਬੇਰੋਕ ਵਪਾਰਕ ਸਬੰਧ ਸਥਾਪਤ ਹੋ ਗਏ। ਤੀਜਾ, ਅਮਰੀਕੀ ਭਾਈਵਾਲ ਯੂਰੋਪੀਅਨ ਦੇਸ਼ਾਂ ਅੰਦਰ ਮਹਿੰਗਾਈ ਦੀ ਗਰਜ਼ ਉੱਠਣ ਨਾਲ ਵੱਡੀਆਂ ਆਰਥਿਕ-ਸਮਾਜਿਕ ਸਮੱਸਿਆਵਾਂ ਪੈਦਾ ਹੋ ਗਈਆਂ। ਚੌਥਾ, ਰੂਸ ਦਾ ਯੂਕਰੇਨ ਜੰਗ ਵਿੱਚ ਅਮਰੀਕਾ ਤੇ ਉਸ ਦੇ ਨਾਟੋ ਭਾਈਵਾਲਾਂ ਸਾਹਮਣੇ ਲੰਮਾ ਸਮਾਂ ਡਟੇ ਰਹਿਣਾ ਰੂਸ ਦੇ ਗੁਆਂਢੀ ਯੂਰੋਪੀਅਨ ਮੁਲਕਾਂ ਅੰਦਰ ਅਮਰੀਕੀ ਸਾਮਰਾਜ ਦੀਆਂ ਸੀਮਤਾਈਆਂ ਅਤੇ ਰੂਸੀ ਤਾਕਤ ਦਾ ਗ਼ਲਤ ਅੰਦਾਜ਼ਾ ਨਵੀਂ ਚਿੰਤਾ ਪੈਦਾ ਕਰ ਰਿਹਾ ਹੈ।
‘ਅਮਰੀਕਾ ਫਸਟ’ ਅਤੇ ‘ਅਮਰੀਕਾ ਨੂੰ ਮੁੜ ਮਹਾਨ ਬਣਾਉਣ’ ਦੇ ਟਰੰਪ ਦੇ ਨਾਅਰਿਆਂ ਦਾ ਸੰਕੇਤ ਉਸ ਦੌਰ ਵੱਲ ਹੈ ਜਦੋਂ ਦੂਜੀ ਸੰਸਾਰ ਜੰਗ ਤਂੋ ਲੈ ਕੇ 1990 ਦੀਆਂ ਨਵ-ਉਦਾਰਵਾਦੀ ਨੀਤੀਆਂ ਤੱਕ ਅਮਰੀਕੀ ਆਰਥਿਕਤਾ ਦਾ ਸੁਨਹਿਰੀ ਕਾਲ ਰਿਹਾ। ਇਸ ਦੌਰ ਅੰਦਰ ਅਮਰੀਕੀ ਕਾਮਿਆਂ ਦੀ ਔਸਤ ਤਨਖਾਹ ਵਿੱਚ ਦੁੱਗਣਾ ਵਾਧਾ ਹੋਇਆ ਸੀ ਜਿਸ ਨਾਲ ਅਮਰੀਕੀ ਖੁਸ਼ਹਾਲ ਹੋਏ ਸਨ ਪਰ 1990ਵਿਆਂ ਤੋਂ ਬਾਅਦ ਖੁਸ਼ਹਾਲੀ ਦਾ ਇਹ ਦੌਰ ਗਿਰਾਵਟ ਵੱਲ ਜਾ ਰਿਹਾ ਹੈ। ਟਰੰਪ ਇਸ ਦਾ ਦੋਸ਼ ਭ੍ਰਿਸ਼ਟ ਸਿਆਸੀ ਪ੍ਰਬੰਧ ਸਿਰ ਮੜ੍ਹਦਿਆਂ ਲੋਕਾਂ ਦੇ ਨੀਵੇਂ ਹੋ ਰਹੇ ਜੀਵਨ ਪੱਧਰ, ਮਹਿੰਗਾਈ ਤੇ ਘਟ ਰਹੀਆਂ ਨੌਕਰੀਆਂ ਲਈ ਚੀਨ, ਮੈਕਸਿਕੋ, ਵੱਡੀਆਂ ਕਾਰਪੋਰੇਸ਼ਨਾਂ ਅਤੇ ਕੌਮਾਂਤਰੀ ਸੰਸਥਾਵਾਂ ਨੂੰ ਜਿ਼ੰਮੇਵਾਰ ਠਹਿਰਾਉਂਦਾ ਹੈ। ਚੀਨ ਉੱਤੇ ਟੈਰਿਫ ਲਗਾਉਣ ਦੇ ਬਿਆਨ ਅਤੇ ਮੱਧ-ਪੂਰਬ ਵਿੱਚ ਉਸ ਨੂੰ ਘੇਰਨ ਦਾ ਅਰਥ ਹੈ- ਚੀਨੀ ਦਰਾਮਦਾਂ ’ਤੇ ਟੈਕਸ ਨਾਲ ਵਿਸ਼ਵ ਵਪਾਰ ਦੇ ਤਾਣੇ-ਬਾਣੇ ਨੂੰ ਗੰਭੀਰ ਨੁਕਸਾਨ ਪਹੁੰਚਾ ਕੇ ਵਿਸ਼ਵ ਮੰਡੀ ਵਿੱਚ ਆਪਣੀ ਮੰਡੀ ਦਾ ਵਿਸਤਾਰ ਕਰਨਾ। ਇਸੇ ਤਰ੍ਹਾਂ ਮੈਕਸਿਕੋ ਦੇ ਪਰਵਾਸੀਆਂ ਅਤੇ ਕੈਨੇਡਾ ਉੱਤੇ ਟੈਰਿਫ ਨਾਲ ਉਹ ਉੱਤਰੀ ਅਮਰੀਕੀ (ਕੈਨੇਡਾ-ਅਮਰੀਕਾ-ਮੈਕਸਿਕੋ) ਵਪਾਰਕ ਸੰਧੀਆਂ ਵਿੱਚ ਤਿੱਖੀਆਂ ਤਬਦੀਲੀਆਂ ਦਾ ਚਾਹਵਾਨ ਹੈ। ਨੈਫਟਾ, ਐਪਕ, ਨਾਟੋ ਤੋਂ ਬਾਹਰ ਆਉਣ, ਪੈਰਿਸ ਵਾਤਾਵਰਨ ਸਮਝੌਤਾ ਅਤੇ ਸੰਯੁਕਤ ਰਾਸ਼ਟਰ ਬਾਰੇ ਟਿੱਪਣੀਆਂ ਕਰ ਕੇ ਉਹ ਨਵ-ਉਦਾਰਵਾਦੀ ਨੀਤੀਆਂ ਦੀ ਥਾਂ ਸੁਰੱਖਿਆਵਾਦੀ ਨੀਤੀਆਂ ਦੀ ਤਰਫਦਾਰੀ ਕਰ ਰਿਹਾ ਹੈ।
ਜਦੋਂ ਟਰੰਪ ‘ਅਮਰੀਕਾ ਫਸਟ’ ਆਖਦਾ ਹੈ ਤਾਂ ਸੰਭਾਵੀ ਤੌਰ ’ਤੇ ਇਸ ਦਾ ਅਰਥ ਹੈ ਕਿ ਉਹ ਅਮਰੀਕੀ ਹਿੱਤਾਂ ਨੂੰ ਤਰਜੀਹ ਦੇ ਕੇ ਚੱਲੇਗਾ ਅਤੇ ਵਪਾਰ, ਤਕਨਾਲੋਜੀ ਤੇ ਸਪਲਾਈ ਚੇਨਾਂ ਵਿੱਚ ਅਮਰੀਕਾ ਦੀ ਸਰਦਾਰੀ ਨਾਲ ਆਰਥਿਕ ਅਤੇ ਭੂ-ਸਿਆਸੀ ਤਣਾਅ ਵਧਾ ਸਕਦਾ ਹੈ। ਚੀਨ ਨਾਲ ਵਪਾਰਕ ਜੰਗ ਦੌਰਾਨ ਤਾਇਵਾਨ ਝਗੜੇ ਦਾ ਹੋਰ ਵੱਡਾ ਕੇਂਦਰ ਬਣ ਸਕਦਾ ਹੈ ਅਤੇ ਉਹ ਇਰਾਨ ਖਿਲਾਫ ਵਧੇਰੇ ਟਕਰਾਅ ਵਾਲਾ ਰੁਖ਼ ਅਪਣਾ ਸਕਦਾ ਹੈ। ਇਸ ਲਈ ਆਉਣ ਵਾਲੇ ਵਰ੍ਹਿਆਂ ਵਿੱਚ ਤਾਇਵਾਨ, ਮੱਧ-ਪੂਰਬ, ਜਾਂ ਪੂਰਬੀ ਯੂਰੋਪ ਵਰਗੇ ਖਿੱਤਿਆਂ ਵਿੱਚ ਤਣਾਅ ਹੋਰ ਵਧ ਸਕਦਾ ਹੈ। ਨੇੜ ਭਵਿੱਖ ਵਿੱਚ ਵਿਸ਼ਵ ਭੂ-ਸਿਆਸਤ ਵਿੱਚ ਹਿੰਦ ਪ੍ਰਸ਼ਾਂਤ ਮਹਾਂਸਾਗਰ ਦਾ ਖਿੱਤਾ ਵਿਸ਼ਵ ਇਤਿਹਾਸ ਵਿੱਚ ਫ਼ੈਸਲਾਕੁਨ ਭੂਮਿਕਾ ਨਿਭਾਏਗਾ।
ਗਲੋਬਲ ਪੂੰਜੀਵਾਦੀ ਦਾਬੇ ਲਈ ਟਰੰਪ ਦੀਆਂ ਨੀਤੀਆਂ ਵੱਡੀਆਂ ਅਮਰੀਕੀ ਕਾਰਪੋਰੇਸ਼ਨਾਂ ਲਈ ਟੈਕਸਾਂ ਵਿੱਚ ਕਟੌਤੀ, ਅਮਰੀਕੀ ਆਰਥਿਕ ਸਰਦਾਰੀ ਲਈ ਅਮਰੀਕੀ ਤਕਨੀਕੀ ਤੇ ਹਥਿਆਰ ਕੰਪਨੀਆਂ ਲਈ ਘਰੇਲੂ ਅਤੇ ਵਿਸ਼ਵ ਪੱਧਰ ’ਤੇ ਮੌਕੇ ਮੁਹੱਈਆ ਕਰਨੇ, ਮਜ਼ਦੂਰ ਅਧਿਕਾਰ ਕਮਜ਼ੋਰ ਕਰਨੇ ਅਤੇ ਲੋਕਤੰਤਰੀ ਨਿਯਮ ਛਿੱਕੇ ਟੰਗਣਾ ਮੁੱਖ ਹੈ। ਇਸ ਤੋਂ ਇਲਾਵਾ ਉਸ ਦਾ ਨਿਸ਼ਾਨਾ ਜੈਵਿਕ ਬਾਲਣ ਨਿਰਭਰਤਾ ਲਈ ਜੈਵਿਕ ਈਂਧਨ ’ਤੇ ਜ਼ੋਰ ਦੇ ਕੇ ਕੁਦਰਤੀ ਸਰੋਤਾਂ ਦਾ ਪੂੰਜੀਵਾਦੀ ਸ਼ੋਸ਼ਣ ਕਰਨਾ ਹੈ। ਤੇਲ ਅਤੇ ਕੋਲਾ ਉਤਪਾਦਨ ਦੀ ਉਸ ਦੀ ਊਰਜਾ ਨੀਤੀ, ਜਲਵਾਯੂ ਅਤੇ ਵਾਤਾਵਰਨ ਦੇ ਕੌਮਾਂਤਰੀ ਸਮਝੌਤਿਆਂ ਦੀ ਉਲੰਘਣਾ ਬਿਨਾਂ ਸੰਭਵ ਨਹੀਂ ਹੋ ਸਕਦੀ।
ਐਲਨ ਮਸਕ ਵਰਗੇ ਵੱਡੇ ਅਰਬਪਤੀ ਕਾਰੋਬਾਰੀਆਂ ਨੂੰ ਸੱਤਾ ਵਿੱਚ ਲਿਆਉਣਾ ਤੇ ਉਸ ਨੂੰ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੈਂਸੀ’ (ਡੀਓਜੀਈ) ਦੇ ਅਹੁਦੇ ’ਤੇ ਨਿਯੁਕਤ ਕਰਨਾ ਵਿੱਤੀ ਸਰਮਾਏ ਦੀ ਚੌਧਰ ਨੂੰ ਹੋਰ ਮਜ਼ਬੂਤ ਕਰਨ ਵੱਲ ਕਦਮ ਹਨ। ਟਰੰਪ ਦੀਆਂ ਚੋਣਾਂ ਵਿੱਚ ਜਿਨ੍ਹਾਂ ਕਾਰਪੋਰੇਸ਼ਨਾਂ ਨੇ ਪੈਸਾ ਲਾਇਆ ਸੀ, ਵਿਆਜ ਸਮੇਤ ਉਗਰਾਹੀ ਦਾ ਸਮਾਂ ਸ਼ੁੁਰੂ ਹੋ ਚੁੱਕਾ ਹੈ; ਮਸਲਨ, ਐਲਨ ਮਸਕ ਦੀ ਕੰਪਨੀ ਸਪੇਸਐਕਸ ਅਤੇ ਟੈਸਲਾ ਦੇ ਸ਼ੇਅਰ ਟਰੰਪ ਦੀ ਜਿੱਤ ਤੋਂ ਤੁਰੰਤ ਬਾਅਦ ਅਸਮਾਨੀ ਚੜ੍ਹ ਰਹੇ ਹਨ। ਫੈਡਰਲ ਵਿਆਜ ਦਰਾਂ ਅਤੇ ਟੈਕਸਾਂ ਵਿੱਚ ਵਾਧੇ ਕਾਰਨ ਵੱਖ-ਵੱਖ ਮੁਲਕਾਂ ਦੀਆਂ ਮੁਦਰਾਵਾਂ ਅਮਰੀਕੀ ਡਾਲਰ ਦੇ ਮੁਕਾਬਲੇ ਲੁੜਕ ਰਹੀਆਂ ਹਨ। ਐਲਨ ਮਸਕ ਦੇ ਇਸ਼ਾਰਿਆਂ ’ਤੇ ਕ੍ਰਿਪਟੋਕਰੰਸੀ ਨੂੰ ਹੱਲਾਸ਼ੇਰੀ ਦੇਣ ਦੇ ਯਤਨ ਤੇਜ਼ ਕੀਤੇ ਜਾ ਰਹੇ ਹਨ। ਫੌਜੀ ਉਦਯੋਗਕ ਕੰਪਲੈਕਸ ਦੀ ਮਜ਼ਬੂਤੀ ਲਈ ਹਥਿਆਰਾਂ ਦੀ ਪੈਦਾਵਾਰ ਵਧਾਉਣ ਅਤੇ ਫੌਜੀ ਖਰਚ ਵਧਾਉਣੇ ਸੰਸਾਰ ਦੀ ਮੁੜ ਵੰਡ ਦੇ ਸੰਘਰਸ਼ ਦਾ ਹਿੱਸਾ ਹੈ। ਇਉਂ ਕਾਰਪੋਰੇਟ ਪੂੰਜੀ ਨਾਲ ਮਿਲ ਕੇ ਸਾਮਰਾਜੀ ਫੌਜੀ ਰਾਜ ਦਾ ਦਬਦਬਾ ਬਣਾਇਆ ਜਾ ਰਿਹਾ ਹੈ।
ਕੁੱਲ ਮਿਲਾ ਕੇ ਡੋਨਲਡ ਟਰੰਪ ਅਮੀਰ ਜਮਾਤ ਦਾ ਵਫ਼ਾਦਾਰ ਨੁਮਾਇੰਦਾ ਹੈ ਜੋ ਖ਼ੁਦ ਨੂੰ ਮਜ਼ਦੂਰ ਜਮਾਤ ਦੇ ਹਿੱਤਾਂ ਦੇ ਚੈਂਪੀਅਨ ਵਜੋਂ ਪੇਸ਼ ਕਰਨ ਵਿੱਚ ਸਫਲ ਰਿਹਾ ਹੈ। ਉਂਝ, ਹਕੀਕਤ ਵਿੱਚ ਉਹ ਕਾਰਪੋਰੇਟ ਜਮਾਤ ਨੂੰ ਖੁਸ਼ ਕਰਨ ਦੇ ਕਦਮ ਚੁੱਕ ਰਿਹਾ ਹੈ। ਇਹ ਭਰਮ ਸਾਬਤ ਹੋਵੇਗਾ ਕਿ ਟਰੰਪ ਖੁਰ ਰਹੀ ਆਰਥਿਕਤਾ ਨੂੰ ਮੁੜ ਇਸ ਦੇ ਸੁਨਹਿਰੀ ਕਾਲ ਵੱਲ ਮੋੜ ਦੇਵੇਗਾ; ਇੱਕ ਪਾਸੇ ਸੰਸਾਰ ਦੇ ਹਾਲਾਤ ਤੇਜ਼ੀ ਨਾਲ ਬਦਲ ਚੁੱਕੇ ਹਨ, ਦੂਜੇ ਪਾਸੇ ਇਹ ਸਮਝਣਾ ਜ਼ਰੂਰੀ ਹੈ ਕਿ ਕਿਸੇ ਸਾਮਰਾਜੀ ਦੇਸ਼ ਦੀ ਆਰਥਿਕਤਾ ਦਾ ਵਿਕਾਸ ਕਿਸੇ ਇੱਕ ਸ਼ਖ਼ਸ ਦੇ ਵਿਅਕਤੀਗਤ ਵਿਚਾਰਾਂ ਜਾਂ ਇੱਛਾ ’ਤੇ ਨਿਰਭਰ ਨਹੀਂ ਕਰਦਾ, ਇਸ ਦੀਆਂ ਜੜ੍ਹਾਂ ਉਨ੍ਹਾਂ ਅਰਾਜਕ ਪੂੰਜੀਵਾਦੀ ਨੀਤੀਆਂ ਨਾਲ ਜੁੜੀਆਂ ਹਨ ਜਿਸ ਦਾ ਮੂਲ ਮੰਤਰ ਕੁੱਲ ਸਮਾਜ ਦੀ ਕਿਰਤ ਤੇ ਕੁਦਰਤੀ ਸਰੋਤ ਲੁੱਟ ਕੇ ਨਿੱਜੀ ਹੱਥਾਂ ’ਚ ਸੌਂਪਣਾ ਹੈ। ਟਰੰਪ ਦੀਆਂ ਨੀਤੀਆਂ ਜਿੱਥੇ ਸੰਸਾਰ ਆਰਥਿਕਤਾ ਉੱਤੇ ਅਸਰ ਪਾਉਣਗੀਆਂ ਉੱਥੇ ਇਹ ਮੋੜਵੇਂ ਰੂਪ ਵਿੱਚ ਅਮਰੀਕੀ ਆਰਥਿਕਤਾ ਉੱਤੇ ਵੀ ਅਸਰਅੰਦਾਜ਼ ਹੋਣਗੀਆਂ।
ਟਰੰਪ ਦੇ ਬਿਆਨ, ਨੀਤੀਆਂ ਅਤੇ ਘੁਰਕੀਆਂ ਸੰਸਾਰ ਨੂੰ ਮਾੜੇ ਰੁਖ਼ ਪ੍ਰਭਾਵਿਤ ਕਰਨ ਵਾਲੇ ਹਨ। ਇਸ ਨਾਲ ਕੁਝ ਖੇਤਰਾਂ ਵਿੱਚ ਅਮਰੀਕੀ ਆਰਥਿਕਤਾ ਨੂੰ ਵਕਤੀ ਰਾਹਤ ਤਾਂ ਮਿਲ ਸਕਦੀ ਹੈ ਪਰ ਅੰਤਿਮ ਤੌਰ ’ਤੇ ਇਸ ਦੀ ਕੀਮਤ ਸੰਸਾਰ ਭਰ ਦੇ ਲੋਕਾਂ ਨੂੰ ਚੁਕਾਉਣੀ ਪਵੇਗੀ। ਆਉਣ ਵਾਲਾ ਸਮਾਂ ਸਿਆਸੀ ਅਤੇ ਆਰਥਿਕ ਸੰਕਟਾਂ, ਸਰਹੱਦੀ ਵਿਵਾਦਾਂ, ਝਗੜਿਆਂ, ਕੱਟੜਪੰਥੀ ਕੌਮੀ ਜਨੂੰਨ ਅਤੇ ਇਸ ਖਿ਼ਲਾਫ਼ ਸੰਘਰਸ਼ਾਂ ਤੇ ਚੇਤਨਾ ਦਾ ਸਮਾਂ ਹੈ।
ਸੰਪਰਕ: 1-438-924-2052