ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਭ ਤੋਂ ਵੱਧ ਆਬਾਦੀ ਹੋਣ ਦੇ ਆਲਮੀ ਫ਼ਾਇਦੇ

07:46 AM Feb 08, 2024 IST

ਮੰਜੀਵ ਸਿੰਘ ਪੁਰੀ
Advertisement

ਸਾਲ 2023 ਭਾਰਤ ਲਈ ਆਲਮੀ ਪੱਧਰ ’ਤੇ ਬਹੁਤ ਸ਼ਾਨਦਾਰ ਸਾਬਤ ਹੋਇਆ ਹੈ। ਬਹੁਤੇ ਲੋਕਾਂ ਲਈ ਇਸ ਦਾ ਜ਼ਾਹਰਾ ਕਾਰਨ ਭਾਰਤ ਨੂੰ ਜੀ-20 ਦੀ ਮਿਲੀ ਪ੍ਰਧਾਨਗੀ ਅਤੇ ਨਾਲ ਹੀ ਸੰਸਾਰ ਦੇ ਸਭ ਤੋਂ ਵੱਧ ਤਾਕਤਵਰ ਮੁਲਕਾਂ ਨੂੰ ਵਿਵਾਦ ਵਾਲੇ ਆਲਮੀ ਮੁੱਦਿਆਂ ਉਤੇ ਸਾਂਝੇ ਐਲਾਨਨਾਮੇ ਲਈ ਸਹਿਮਤ ਕਰ ਲੈਣਾ ਹੋਵੇਗਾ। ਇਸ ਅਹਿਮ ਸਫ਼ਾਰਤੀ ਤਖ਼ਤ ਪਲਟੇ ਨੇ ਭਾਰਤ ਦੀ ‘ਖਾਸ’ ਸਥਿਤੀ ਨੂੰ ਜ਼ਾਹਿਰ ਕੀਤਾ ਅਤੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਹੋਈ। ਇਨ੍ਹਾਂ ਤਾਰੀਫ਼ਾਂ ਵਿਚ ਚੰਦਰਯਾਨ-3 ਦੀ ਕਾਮਯਾਬੀ ਵੀ ਸ਼ਾਮਲ ਸੀ।
ਇਹ ਯਕੀਨਨ ਬਹੁਤ ਅਹਿਮ ਪ੍ਰਾਪਤੀਆਂ ਸਨ, ਤਾਂ ਵੀ 2023 ਦਾ ਸਭ ਤੋਂ ਅਹਿਮ ਮੀਲ ਪੱਥਰ ਭਾਰਤ ਦਾ ਆਬਾਦੀ ਪੱਖੋਂ ਸੰਸਾਰ ਦਾ ਸਭ ਤੋਂ ਵੱਡਾ ਮੁਲਕ (ਸਭ ਤੋਂ ਵੱਧ ਆਬਾਦੀ ਵਾਲਾ ਮੁਲਕ) ਬਣ ਜਾਣਾ ਸੀ ਜਿਸ ਨੇ ਇਸ ਮਾਮਲੇ ਵਿਚ ਚੀਨ ਨੂੰ ਦੂਜੇ ਨੰਬਰ ਉਤੇ ਪਛਾੜ ਦਿੱਤਾ ਹੈ। ਇਹ ਆਪਣੇ ਆਪ ਵਿਚ ਉੱਪਰਲੀ ਥੱਲੇ ਕਰ ਦੇਣ ਵਾਲੀ ਘਟਨਾ ਹੈ ਜਿਸ ਵਿਚ ਭਾਰਤ ਲਈ ਆਉਣ ਵਾਲੇ ਸਾਲਾਂ ਅਤੇ ਦਹਾਕਿਆਂ ਦੌਰਾਨ ਆਲਮੀ ਪੱਧਰ ਉਤੇ ਹਾਂਦਰੂ ਸੰਭਾਵਨਾਵਾਂ ਦੀ ਉਮੀਦ ਛੁਪੀ ਹੋਈ ਹੈ।
ਵੱਡੀ ਆਬਾਦੀ ਆਮ ਕਰ ਕੇ ਭਾਰਤ ’ਚ ਬਹੁਤੇ ਲੋਕਾਂ ਦੀ ਸਮਝ ਵਿਚ ਸਮੱਸਿਆਵਾਂ ਦਾ ਵਧਦਾ ਜਵਾਰ ਭਾਟਾ ਹੈ। ਘਰੇਲੂ ਤੌਰ ’ਤੇ ਇਹ ਸੱਚ ਵੀ ਹੈ; ਇਹ ਜ਼ਾਹਰਾ ਤੌਰ ’ਤੇ ਦੇਸ਼ ਵਿਚ ਧਾਰਨਾਵਾਂ ਨੂੰ ਪ੍ਰਭਾਵਤ ਕਰਦਾ ਹੈ ਪਰ ਇਹ ਸੋਚ ਇਸ ਹਕੀਕਤ ਨੂੰ ਝੁਠਲਾਉਂਦੀ ਹੈ ਕਿ ਖ਼ਾਸ ਤੌਰ ’ਤੇ ਜਦੋਂ ਮਾਮਲਾ ਸੰਸਾਰ ਦਾ ਹੋਵੇ ਤਾਂ ਉਹ ਵੱਡੀ ਆਬਾਦੀ ਹੀ ਹੈ ਜਿਹੜੀ ਬਾਜ਼ਾਰ ਦੇ ਆਕਾਰ ਅਤੇ ਨਾਲ ਹੀ ਦੇਸ਼ ਵਿਚ ਦਿਲਚਸਪੀ ਪੈਦਾ ਕਰਦੀ ਹੈ; ਉਦੋਂ ਹੋਰ ਵੀ ਜ਼ਿਆਦਾ ਜਦੋਂ ਇਹ ਉਸੇ ਸਮੇਂ ਵਿਕਾਸ ਅਤੇ ਖ਼ਰੀਦ ਸ਼ਕਤੀ ਨਾਲ ਵੀ ਜੁੜੀ ਹੋਈ ਹੋਵੇ।
ਜਿਉਂ ਹੀ 2023 ਖ਼ਤਮ ਹੋਇਆ ਤਾਂ ਕਰੀਬ ਹਰੇਕ ਅਹਿਮ ਆਰਥਿਕ ਇਕਾਈ ਨੇ ਭਾਰਤ ਨੂੰ ਆਲਮੀ ਅਰਥਚਾਰੇ ਵਿਚ ਵੱਡੇ ਪਸੰਦੀਦਾ ਸਥਾਨ ਵਾਂਗ ਦੇਖਿਆ ਅਤੇ ਇਸ ਤਰ੍ਹਾਂ ਆਗਾਮੀ ਸਾਲਾਂ ਦੌਰਾਨ ਇਸ ਦੀ ਅਹਿਮੀਅਤ ਕਾਫ਼ੀ ਵਧ ਗਈ ਹੈ। ਯਕੀਨਨ ਇਸ ਮਾਮਲੇ ਵਿਚ ਕੁਝ ਹੋਰ ਅਹਿਮ ਕਾਰਨ ਵੀ ਸ਼ਾਮਲ ਹਨ ਜਿਵੇਂ ਕੋਵਿਡ-19 ਮਹਾਮਾਰੀ ਤੋਂ ਬਾਅਦ ਚੀਨ ਨੂੰ ਪੇਸ਼ ਆ ਰਹੀ ਲਗਾਤਾਰ ਮਾਲੀ ਗਿਰਾਵਟ ਵਾਲੀ ਸਥਿਤੀ ਅਤੇ ਯੂਰੋਪ ਨੂੰ ਰੂਸ-ਯੂਕਰੇਨ ਜੰਗ ਦੇ ਸਿੱਟੇ ਵਜੋਂ ਪੇਸ਼ ਮੁਸ਼ਕਿਲਾਂ। ਇਸ ਲਈ ਇਸ ਤੱਥ ਵਿਚ ਹੁਣ ਕੋਈ ਵੀ ਸ਼ੱਕ-ਸ਼ੁਬਹਾ ਨਹੀਂ ਹੈ ਕਿ ਭਾਰਤ 2030 ਤੱਕ ਅਮਰੀਕਾ ਅਤੇ ਚੀਨ ਤੋਂ ਬਾਅਦ ਸੰਸਾਰ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣ ਜਾਵੇਗਾ; ਸਗੋਂ ਇਸ ਤੋਂ ਕਿਤੇ ਦਿਲਚਸਪ ਇਹ ਸੰਭਾਵਨਾਵਾਂ ਹਨ ਕਿ ਭਾਰਤ 2070 ਤੱਕ ਅਮਰੀਕਾ ਨੂੰ ਪਛਾੜ ਕੇ ਦੁਨੀਆ ਦਾ ਦੂਜਾ ਵੱਡਾ ਅਰਥਚਾਰਾ ਬਣ ਜਾਵੇਗਾ। ਬੁਨਿਆਦੀ ਤੌਰ ’ਤੇ ਇਹ ਸਾਰਾ ਵਰਤਾਰਾ ਭਾਰਤ ਦੀ ਆਬਾਦੀ ਦੀ ਸ਼ਕਤੀ ਦਾ ਸਿੱਟਾ ਹੈ, ਭਾਵੇਂ ਅੱਜ ਵੀ ਮੁਲਕਾਂ ਦੀ ਪ੍ਰਤੀ ਵਿਅਕਤੀ ਆਮਦਨ ਵਿਚ 193 ਮੁਲਕਾਂ ਵਿਚੋਂ ਭਾਰਤ 145ਵੇਂ ਸਥਾਨ ਉਤੇ ਹੈ।
ਆਲਮੀ ਮਾਨਤਾ ਦੇ ਮਾਮਲੇ ਵਿਚ ਆਕਾਰ ਦੀ ਅਹਿਮੀਅਤ ਹੈ ਪਰ ਇਸ ਵਿਚ ਮੁੱਖ ਵਾਧਾ ਮਹਿਜ਼ ਸਮੁੱਚਤਾ ਨਹੀਂ ਸਗੋਂ ਪਲੇਸਮੈਂਟ (ਸਥਾਨ) ਹੈ। ਭਾਰਤ ਦੇ ਆਕਾਰ ਅਤੇ ਇਸ ਦੇ ਬਾਜ਼ਾਰ ਵਿਚ ਅਪਰੈਲ 2023 ਦੌਰਾਨ ਉਸੇ ਸਮੇਂ ਅਚਾਨਕ ਤੇਜ਼ ਵਾਧਾ ਨਹੀਂ ਹੋਇਆ ਜਦੋਂ ਸੰਯੁਕਤ ਰਾਸ਼ਟਰ ਨੇ ਇਸ ਨੂੰ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਮੁਲਕ ਵਜੋਂ ਮਾਨਤਾ ਦਿੱਤੀ। ਭਾਰਤ ਪਹਿਲਾਂ ਵੀ ਵਿਸ਼ਾਲ ਬਾਜ਼ਾਰ ਸੀ ਅਤੇ ਅਗਾਂਹ ਵੀ ਰਹੇਗਾ ਪਰ ਸਭ ਤੋਂ ਵੱਧ ਆਬਾਦੀ ਵਾਲਾ ਮੁਲਕ ਹੋਣਾ ਮਾਨਤਾ ਦੇ ਪੱਖ ਤੋਂ ਭਾਰੀ ਫ਼ਰਕ ਪੈਦਾ ਕਰਦਾ ਹੈ, ਭਾਵੇਂ ਆਰਥਿਕ ਪੱਖੋਂ ਸਿਆਣੇ ਕਾਰਪੋਰੇਟ ਦਿੱਗਜਾਂ ਲਈ ਅਜਿਹਾ ਨਾ ਹੋਵੇ ਪਰ ਸੰਸਾਰ ਭਰ ਦੇ ਲੋਕਾਂ ਵਿਚ ਅਜਿਹਾ ਹੈ ਅਤੇ ਨਾਲ ਹੀ ਇਹ, ਇਸ ਨਾਲ ਜੁੜੀ ਹੋਈ ਸਿਆਸੀ ਮਾਨਤਾ ਵੀ ਦਿਵਾਉਂਦਾ ਹੈ। ਇਕ ਤਰ੍ਹਾਂ ਇਹ ਸਭ ਕੁਝ ਇਉਂ ਹੈ ਜਿਵੇਂ ਕੋਈ ਬੱਚਾ ਜੋ ਜਮਾਤ ਵਿਚ ਅੱਵਲ ਆਉਂਦਾ ਹੈ, ਉਸੇ ਨੂੰ ਸਾਰੀਆਂ ਤਾਰੀਫ਼ਾਂ ਮਿਲਦੀਆਂ ਹਨ ਜਾਂ ਫਿਰ ਕੋਈ ਓਲੰਪੀਅਨ ਜੋ ਸੋਨ ਤਗ਼ਮਾ ਜਿੱਤਦਾ ਹੈ; ਭਾਵੇਂ ਉਸ ਤੋਂ ਬਾਅਦ ਵਾਲਾ ਬਿਹਤਰੀਨ ਖਿਡਾਰੀ ਕਿੰਨਾ ਵੀ ਵਧੀਆ ਕਿਉਂ ਨਾ ਹੋਵੇ, ਉਸ ਨੂੰ ਚਾਂਦੀ ਉਤੇ ਹੀ ਸਬਰ ਕਰਨਾ ਪਵੇਗਾ।
ਭਾਰਤ ਵਾਸੀਆਂ ਲਈ ਇਹ ਮੰਨਣ ਦੀ ਵਜ੍ਹਾ ਹੈ ਕਿ ਦੁਨੀਆ ਦੇ ਸਕੂਲੀ ਵਿਦਿਆਰਥੀਆਂ ਨੇ ਸਾਡੇ ਦੇਸ਼ ਦਾ ਨਾਂ ਜ਼ਰੂਰ ਸੁਣਿਆ ਹੈ। ਲਾਤੀਨੀ ਅਮਰੀਕਾ ਜਾਂ ਅਫਰੀਕਾ ਵਿਚਲੇ ਕਿਸੇ ਅਜਿਹੇ ਸ਼ਖ਼ਸ ਬਾਰੇ ਸੋਚੋ ਜਿਸ ਨੇ ਸੰਸਾਰ ਭੂਗੋਲ ਦਾ ਸਿਰਫ਼ ਇਕ ਹੀ ਅਧਿਆਇ ਪੜ੍ਹਿਆ ਹੋਵੇ। ਇਸ ਸੰਭਾਵਨਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਹਾਲ ਦੀ ਘੜੀ ਭਾਰਤ ਨੂੰ ਇਸ ਵਿਚ ਕਵਰ ਨਹੀਂ ਕੀਤਾ ਗਿਆ ਹੋਵੇਗਾ ਪਰ ਸੰਸਾਰ ਭੂਗੋਲ ਦੇ ਪਹਿਲੇ ਅਧਿਆਇ ਵਿਚ ਚੀਨ ਦਾ ਜ਼ਿਕਰ ਜ਼ਰੂਰ ਹੋਵੇਗਾ। ਹੁਣ ਇਹ ਕੁਝ ਬਦਲ ਜਾਵੇਗਾ।
ਇਹੀ ਨਹੀਂ ਸਗੋਂ ਸੰਸਾਰ ਦਾ ਸਭ ਤੋਂ ਵੱਧ ਆਬਾਦੀ ਵਾਲਾ ਮੁਲਕ ਹੋਣ ਦੇ ਨਾਤੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਿਚ ਚੀਨ ਦੀ ਪੱਕੀ ਸੀਟ ਸਬੰਧੀ ਵਾਜਬੀਅਤ ਨੂੰ ਵੀ ਵੰਗਾਰਿਆ ਜਾ ਸਕਦਾ ਹੈ। ਸਾਲ 1945 ਵਿਚ ਜਦੋਂ ਸੰਯੁਕਤ ਰਾਸ਼ਟਰ ਦੇ ਚਾਰਟਰ ਉਤੇ ਸਹੀ ਪਾਈ ਗਈ ਸੀ ਤਾਂ ਭਾਰਤ (ਅਣਵੰਡਿਆ) ਹੀ ਆਬਾਦੀ ਪੱਖੋਂ ਸੰਸਾਰ ਦਾ ਸਭ ਤੋਂ ਵੱਡਾ ਮੁਲਕ ਸੀ ਪਰ ਉਦੋਂ ਇਹ ਬਰਤਾਨੀਆ ਦੀ ਬਸਤੀ ਸੀ। ਚੀਨ ਵੀ ਭਾਵੇਂ ਕਾਫ਼ੀ ਹੱਦ ਤੱਕ ਬਸਤੀਵਾਦੀ ਤਾਕਤਾਂ ਦੇ ਅਧੀਨ ਸੀ ਪਰ ਇਹ ਕਹਿਣ ਲਈ ਆਜ਼ਾਦ ਮੁਲਕ ਸੀ। ਉਸ ਨੂੰ ਪੱਕੀ ਮੈਂਬਰੀ ਦਿੱਤੇ ਜਾਣ ਨੂੰ ਸ਼ਮੂਲੀਅਤ ਵਾਲੀ ਕਾਰਵਾਈ ਵਜੋਂ ਪੇਸ਼ ਕੀਤਾ ਗਿਆ ਸੀ। ਇਸ ਦਾ ਸੰਸਾਰ ਦੇ ਸਭ ਤੋਂ ਵੱਡੇ ਅਰਥਚਾਰਿਆਂ ਵਿਚ ਸ਼ੁਮਾਰ ਹੋਣਾ ਤਾਂ ਮਹਿਜ਼ ਹਾਲੀਆ ਹਕੀਕਤ ਹੈ ਅਤੇ ਇਸ ਦੀ ਆਲਮੀ ਦੱਖਣ (Global South) ਵਿਚ ਨੁਮਾਇੰਦਗੀ ਜੇ ਕਿਸੇ ਮਾਮਲੇ ਵਿਚ ਹੋਵੇ, ਇਸ ਦੀ ਆਪਣੀ ਹੀ ਮਾਲੀ ਤਰੱਕੀ ਕਾਰਨ ਚੁਣੌਤੀ ਹੇਠ ਹੈ।
ਜੋ ਹੋ ਚੁੱਕਾ, ਉਹ ਨਹੀਂ ਬਦਲੇਗਾ ਪਰ ਸੰਸਾਰ ਦੇ ਸਭ ਤੋਂ ਵੱਧ ਆਬਾਦੀ ਵਾਲੇ ਮੁਲਕ ਵਜੋਂ ਮਿਲੀ ਮਾਨਤਾ ਨਾਲ ਭਾਰਤ ਨੂੰ ਆਗਾਮੀ ਸਮੇਂ ਦੌਰਾਨ ਯਕੀਨਨ ਲੀਡਰਸ਼ਿਪ ਵਾਲਾ ਰੁਤਬਾ ਹਾਸਲ ਹੋਵੇਗਾ। ਇਹ ਪਹਿਲਾ ਰੁਤਬਾ ਭਾਰਤ ਨੂੰ ਆਪਣੇ ਪ੍ਰਸੰਗ ਤੈਅ ਕਰਨ ਦਾ ਖ਼ਾਸ ਮੌਕਾ ਵੀ ਦਿੰਦਾ ਹੈ ਜਿਸ ਵਿਚ ਐਨ ਸ਼ੁਰੂ ’ਚ ਹੀ ਆਲਮੀ ਦੱਖਣ ਦਾ ਨਜ਼ਰੀਆ ਪੇਸ਼ ਕਰਨਾ ਅਤੇ ਆਲਮੀ ਨਿਯਮਾਂ ਨੂੰ ਆਕਾਰ ਦੇਣਾ ਵੀ ਸ਼ਾਮਲ ਹੈ। ਇਹ ਕੁਝ ਧਾਰਨਾਵਾਂ ਨੂੰ ਬਦਲਦਾ ਹੈ ਅਤੇ ਧਾਰਨਾਵਾਂ ਹੀ ਖ਼ਾਸਕਰ ਆਲਮੀ ਪ੍ਰਸ਼ਾਸਨ ਵਿਚ ਬਹੁਤ ਜ਼ਿਆਦਾ ਅਹਿਮੀਅਤ ਰੱਖਦੀਆਂ ਹਨ। ਬਹੁਧਿਰਵਾਦ ਦੇ ਸਮੁੱਚੇ ਇਤਿਹਾਸ ਦੌਰਾਨ ਭਾਰਤੀ ਸਫ਼ੀਰ ਕਦੇ ਵੀ ਦੂਜੇ ਨੰਬਰ ਉਤੇ ਖੜੋਣ ਲਈ ਆਖੇ ਜਾਣ ਖ਼ਿਲਾਫ਼ ਬਹਿਸ ਨਹੀਂ ਕਰ ਸਕੇ ਪਰ ਹੁਣ ਤੋਂ ਭਾਰਤ ਕੋਲ ‘ਪਹਿਲੇ ਨੰਬਰ ਉਤੇ ਖੜ੍ਹੇ ਹੋਣ’ ਦਾ ਮੌਕਾ ਹੋਵੇਗਾ।
ਨਵੀਂ ਦਿੱਲੀ ਵਿਚ ਹਾਲੀਆ ਕਾਨਫ਼ਰੰਸ ਦੌਰਾਨ ਚੀਨੀ ਸਫ਼ੀਰਾਂ ਨੂੰ ਇਸ ਬਾਰੇ ਸੁਣਨ ਨੂੰ ਮਿਲਿਆ ਅਤੇ ਉਨ੍ਹਾਂ ਵਿਚੋਂ ਇਕ ਜਣਾ ਇਸ ਤਬਦੀਲੀ ਕਾਰਨ ਥੋੜ੍ਹਾ ਨਾਖ਼ੁਸ਼ ਦਿਖਾਈ ਦਿੱਤਾ। ਉਂਝ, ਛੇਤੀ ਹੀ ਉਸ ਦੇ ਚਿਹਰੇ ਉਤੇ ਮੁਸਕਰਾਹਟ ਆ ਗਈ, ਸੰਭਵ ਤੌਰ ’ਤੇ ਉਸ ਨੂੰ ਇਹ ਅਹਿਸਾਸ ਹੋ ਗਿਆ ਹੋਵੇਗਾ ਕਿ ਆਗਾਮੀ ਦਹਾਕਿਆਂ ਦੌਰਾਨ ਉਸ ਦਾ ਮੁਲਕ ਵੱਖ ਵੱਖ ਮੁਲਕਾਂ ਦੀ ਜੀਡੀਪੀ ਸਬੰਧੀ ਵੱਖਰੀ ਕਤਾਰ ਵਿਚ ਸਭ ਤੋਂ ਅੱਵਲ ਦਰਜੇ ਉਤੇ ਹੋਵੇਗਾ ਜਿਥੇ ਭਾਰਤ ਦੂਜੀ ਥਾਂ ’ਤੇ ਹੋਵੇਗਾ। ਅਤੀਤ ਵਿਚਲੇ ਅਹਿਮ ਲੋਕਾਂ ਨੂੰ ਸ਼ਾਇਦ ਇਹ ਪਸੰਦ ਨਾ ਹੋਵੇ ਪਰ ਵਿਸ਼ਵੀਕਰਨ ਅਤੇ ਆਬਾਦੀ ਇਸ ਰੁਝਾਨ ਨੂੰ ਪੱਕਾ ਬਣਾਉਂਦੇ ਹਨ। ਦੂਜੇ ਪਾਸੇ ਭਾਰਤ ਵਿਚ ਜਿਹੜੇ ਲੋਕ ਸਿਰ ਫੜੀ ਬੈਠੇ ਹਨ ਅਤੇ ਦੇਸ਼ ਦੀ ਵਧਦੀ ਆਬਾਦੀ ਕਾਰਨ ਦੁਖੀ ਹਨ, ਉਨ੍ਹਾਂ ਨੂੰ ਇਸ (ਵੱਧ ਆਬਾਦੀ) ਦੇ ਸੰਭਾਵੀ ਆਲਮੀ ਫ਼ਾਇਦਿਆਂ ਨੂੰ ਚੇਤੇ ਕਰਨਾ ਚਾਹੀਦਾ ਹੈ। ਜੋ ਵੀ ਹੋਵੇ, ਅੱਵਲ ਦਰਜਾ ਬਣਨ ਨਾਲ ਅਸਲੀ ਅੰਕੜਾ ਨਹੀਂ ਬਦਲਦਾ, ਤਾਂ ਵੀ ਇਹ ਆਲਮੀ ਧਾਰਨਾਵਾਂ ਵਿਚ ਬਹੁਤ ਵੱਡੀ ਅਤੇ ਹਾਂਦਰੂ ਤਬਦੀਲੀ ਲਿਆਉਂਦਾ ਹੈ।

*ਲੇਖਕ ਸਾਬਕਾ ਰਾਜਦੂਤ ਅਤੇ ਐਨਰਜੀ ਐਂਡ ਰਿਸੋਰਸ ਇੰਸਟੀਚਿਊਟ ਦੇ ਵਿਸ਼ੇਸ਼ ਫੈਲੋ ਹਨ।

Advertisement

Advertisement