ਫਸਲ ਨੂੰ ਕੀੜਿਆਂ ਤੇ ਬਿਮਾਰੀਆਂ ਤੋਂ ਬਚਾਊਣ ਦੇ ਨੁਕਤੇ ਦੱਸੇ
ਮਿਹਰ ਸਿੰਘ
ਕੁਰਾਲੀ, 24 ਜੁਲਾਈ
ਝੋਨੇ ਦੀ ਫਸਲ ਨੂੰ ਕੀੜਿਆਂ ਤੇ ਬਿਮਾਰੀਆਂ ਤੋਂ ਬਚਾਊਣ ਅਤੇ ਨਦੀਨਾਂ ਸਬੰਧੀ ਜਾਣਕਾਰੀ ਦੇਣ ਅਤੇ ਉਨ੍ਹਾਂ ਦੀ ਰੋਕਥਾਮ ਲਈ ਅੱਜ ਇਲਾਕੇ ਦੇ ਕਿਸਾਨਾਂ ਨੂੰ ਸੁਚੇਤ ਕੀਤਾ ਗਿਆ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਬਲਾਕ ਮਾਜਰੀ ਵੱਲੋਂ ਕਿਸਾਨਾਂ ਨੂੰ ਫਸਲ ’ਤੇ ਕੀਟਨਾਸ਼ਕਾਂ ਦੇ ਛਿੜਕਾਅ ਦਾ ਸਹੀ ਤਰੀਕਾ ਵਰਤਣ ਅਤੇ ਵਧੀਆ ਨਤੀਜੇ ਲੈਣ ਲਈ ਕੁਝ ਨੁਕਤਿਆਂ ਨੂੰ ਅਪਣਾਉਣ ਸਬੰਧੀ ਜਾਣਕਾਰੀ ਦਿੱਤੀ ਗਈ।
ਇਸ ਸਬੰਧੀ ਬਲਾਕ ਖੇਤੀਬਾੜੀ ਅਫਸਰ ਡਾ. ਗੁਰਬਚਨ ਸਿੰਘ ਨੇ ਪਿੰਡ ਸਿੰਘਪੁਰਾ ਵਿਚ ਜ਼ੈਲਦਾਰ ਸੁਖਪਾਲ ਸਿੰਘ ਦੇ ਫਾਰਮ ਉੱਤੇ ਕਿਸਾਨਾਂ ਨੂੰ ਦੱਸਿਆ ਕਿ ਕੀੜੇ-ਮਕੌੜੇ, ਬਿਮਾਰੀਆਂ ਅਤੇ ਨਦੀਨਾਂ ਦੀ ਰੋਕਥਾਮ ਲਈ ਵੱਖ-ਵੱਖ ਰਸਾਇਣਾਂ ਦੀ ਪੀਏਯੂ ਵੱਲੋਂ ਸਿਫਾਰਿਸ਼ ਕੀਤੀ ਗਈ ਹੈ। ਇਸ ਲਈ ਰਸਾਇਣਾਂ ਦੀ ਚੋਣ ਕਰਨ ਤੋਂ ਪਹਿਲਾਂ ਫਸਲ ਦੇ ਕੀੜਿਆਂ, ਬਿਮਾਰੀਆਂ ਅਤੇ ਨਦੀਨਾਂ ਦੀ ਸਹੀ ਪਛਾਣ ਕਰਨੀ ਜ਼ਰੂਰੀ ਹੈ। ਮਾਹਿਰਾਂ ਨੇ ਦੱਸਿਆ ਕਿ ਛਿੜਕਾਅ ਕਰਨ ਸਮੇਂ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਸਮੇਂ ਫਲੈਟਫੈਨ ਜਾਂ ਫਲੱਡ ਜੈੱਟ ਅਤੇ ਖੜ੍ਹੀ ਫਸਲ ਵਿਚ ਸਿਰਫ ਫਲੈਟਫੈਨ ਨੋਜ਼ਲ ਅਤੇ ਕੀੜੇ-ਮਕੌੜੇ, ਬਿਮਾਰੀਆਂ ਦੀ ਰੋਕਥਾਮ ਲਈ ਕੋਨ ਵਾਲੀ ਨੋਜ਼ਲ ਹੀ ਵਰਤੀ ਜਾਵੇ।
ਖੇਤੀਬਾੜੀ ਅਫਸਰ ਵੱਲੋਂ ਸੁਝਾਅ
ਬਲਾਕ ਖੇਤੀਬਾੜੀ ਅਫਸਰ ਡਾ. ਗੁਰਬਚਨ ਸਿੰਘ ਨੇ ਦੱਸਿਆ ਕਿ ਰਸਾਇਣਾਂ ਅਤੇ ਨੋਜ਼ਲ ਦੀ ਚੋਣ ਤੋਂ ਬਾਅਦ ਪਾਣੀ ਦੀ ਮਾਤਰਾ ਜੋ ਸਿਫਾਰਿਸ਼ ਕੀਤੀ ਗਈ ਹੈ, ਉੰਨੀ ਹੀ ਵਰਤੀ ਜਾਵੇ। ਛਿੜਕਾਅ ਕਰਦੇ ਸਮੇਂ ਨੋਜ਼ਲ ਦੀ ਉਚਾਈ ਫਸਲ ਦੀ ਉਪਰਲੀ ਸਤਹ ਤੋਂ ਤਕਰੀਬਨ 1.5 ਫੁੱਟ ਉੱਚੀ ਅਤੇ ਬਿਜਾਈ ਸਮੇਂ ਨਦੀਨਾਂ ਦੀ ਰੋਕਥਾਮ ਲਈ ਜ਼ਮੀਨ ਤੋਂ 1.5 ਫੁੱਟ ਉੱਚੀ ਰੱਖੀ ਜਾਵੇ। ਛਿੜਕਾਅ ਸਿੱਧੀ ਪੱਟੀ ਵਿੱਚ ਕਰਦੇ ਸਮੇਂ ਨੋਜ਼ਲ ਇੱਧਰ-ਉੱਧਰ ਨਾ ਘੁੰਮਾਈ ਜਾਵੇ। ਛਿੜਕਾਅ ਕਰਦੇ ਹੋਏ ਜੇ ਕਿਸਾਨ ਇਨ੍ਹਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਣਗੇ ਤਾਂ ਨਤੀਜੇ ਜ਼ਰੂਰ ਚੰਗੇ ਆਉਣਗੇ।