ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੀਵਨ-ਸ਼ੈਲੀ ਨੂੰ ਦਿਓ ਅਹਿਮ ਮੋੜ

11:42 AM Sep 25, 2024 IST

ਡਾ. ਗੁਰਬਖ਼ਸ਼ ਸਿੰਘ ਭੰਡਾਲ
Advertisement

ਅਸੀਂ ਹਰ ਰੋਜ਼ ਅਤੇ ਹਰ ਪਲ ਕੁਝ ਨਾ ਕੁਝ ਕਾਰਜ ਕਰਦੇ ਰਹਿੰਦੇ ਹਾਂ। ਕਦੇ ਖ਼ੁਦ ਲਈ, ਕਦੇ ਆਪਣਿਆਂ ਲਈ, ਕਦੇ ਬਿਗਾਨਿਆਂ ਲਈ। ਕਦੇ ਅਚੇਤ ਰੂਪ ਵਿੱਚ ਤੇ ਕਦੇ ਸੁਚੇਤ ਰੂਪ ਵਿੱਚ। ਕਦੇ ਆਪਣੇ ਰੁਜ਼ਗਾਰ ਲਈ, ਕਦੇ ਮਨੋਰੰਜਨ ਲਈ। ਕਦੇ ਵਿਹਲਾ ਸਮਾਂ ਬਿਤਾਉਣ ਲਈ ਤੇ ਕਦੇ ਕਦੇ ਕੁਝ ਸਮਾਂ ਆਪਣਿਆਂ ਨਾਲ ਲੰਘਾਉਣ ਲਈ। ਅਸੀਂ ਕਦੇ ਕੁਝ ਚੰਗਾ ਤੇ ਕਦੇ ਮੰਦਾ ਕਰਦੇ ਰਹਿੰਦੇ ਹਾਂ। ਕਦੇ ਚੰਗਿਆਈ ਤੇ ਕਦੇ ਬੁਰਿਆਈ, ਕਦੇ ਚਿੰਤਨ ਤੇ ਕਦੇ ਚੁਗਲੀਆਂ ਕਰਦੇ ਹਾਂ। ਕਦੇ ਨਿੰਦਿਆ ਤੇ ਕਦੇ ਉਸਤਤ ਵੀ।
ਦਰਅਸਲ, ਕੁਝ ਨਾ ਕੁਝ ਕਰਨਾ, ਸਾਡੀ ਜੀਵਨ-ਜਾਚ ਹੈ। ਨਿੱਤ ਦਾ ਕਰਮ ਹੈ। ਸਾਡੇ ਵਿਅਕਤੀਤਵ ਦਾ ਦਰਪਣ ਹੈ। ਸਮੁੱਚ ਦਾ ਵਿਸਥਾਰ ਨਿਖਾਰ ਅਤੇ ਉਭਾਰ ਹੈ। ਤੁਸੀਂ ਕੀ ਹੋ? ਸਮਾਜ ਵਿੱਚ ਕਿਵੇਂ ਵਿਚਰਦੇ ਹੋ? ਤੁਹਾਡੀਆਂ ਕੀ ਪਹਿਲਕਦਮੀਆਂ ਹਨ? ਕਿਹੜੀਆਂ ਆਦਤਾਂ ਤੁਹਾਡੀ ਸ਼ੋਭਾ ਅਤੇ ਕਿਹੜੀਆਂ ਨਮੋਸ਼ੀ ਦਾ ਸਬੱਬ ਬਣਦੀਆਂ ਹਨ। ਇਹ ਮਨੁੱਖ ਦੀ ਜੀਵਨ-ਸ਼ੈਲੀ ਨੂੰ ਦੇਖ ਤੇ ਸਮਝ ਕੇ ਨਿਤਾਰਾ ਕੀਤਾ ਜਾ ਸਕਦਾ ਹੈ। ਪਰ ਜੀਵਨ ਵਿੱਚ ਕੁਝ ਕੁ ਅਜਿਹੇ ਵਰਤਾਰੇ ਹਨ ਕਿ ਜੇਕਰ ਇਨ੍ਹਾਂ ਤੋਂ ਬਚਿਆ ਜਾਵੇ, ਵਿੱਥ ਸਿਰਜੀ ਜਾਵੇ ਜਾਂ ਅਣਗੌਲਿਆ ਕੀਤਾ ਜਾਵੇ ਤਾਂ ਤੁਹਾਡਾ ਉਸਾਰੂ ਪੱਖ ਭਾਰੀ ਹੋਵੇਗਾ। ਤੁਸੀਂ ਸਮਾਜ ਦਾ ਇੱਕ ਸਿਹਤਮੰਦ ਅੰਗ ਬਣ ਕੇ, ਸਮਾਜਿਕ ਦਿੱਖ ਨੂੰ ਨਿਖਾਰਨ ਵਿੱਚ ਅਹਿਮ ਕਿਰਦਾਰ ਹੋ ਸਕਦੇ ਹੋ।
ਕਦੇ ਵੀ ਰੁਮਕਦੀਆਂ ’ਵਾਵਾਂ ਵਿੱਚ ਹਉਕੇ ਨਾ ਧਰੋ ਕਿਉਂਕਿ ਹਉਕਿਆਂ ਦੇ ਸੇਕ ਨਾਲ ਹਉਕਿਆਂ ਵਿੱਚ ਸਿਸਕੀ ਪੈਦਾ ਹੁੰਦੀ ਹੈ ਜੋ ਸਾਡੇ ਆਲੇ-ਦੁਆਲੇ ਨੂੰ ਆਪਣੇ ਕਲਾਵੇ ਵਿੱਚ ਲੈ ਸਮੁੱਚੀ ਆਬੋ-ਹਵਾ ਨੂੰ ਨਿਰਾਸ਼ਤਾ ਦੇ ਆਲਮ ਵਿੱਚ ਧਕੇਲ ਦਿੰਦੀ ਹੈ। ਕਦੇ ਵੀ ਮੌਲਦੇ ਬਿਰਖਾਂ ਨੂੰ ਪਤਝੜ ਦਾ ਸਰਾਪ ਨਾ ਦਿਓ ਕਿਉਂਕਿ ਬਿਰਖ ਸਿਰਫ਼ ਛਾਵਾਂ ਹੀ ਨਹੀਂ ਵੰਡਦੇ, ਇਹ ਸੱਥਾਂ ਦਾ ਸਥਾਨ, ਥੱਕੇ ਹਾਰੇ ਲਈ ਠਾਹਰ, ਫਲਾਂ ਅਤੇ ਫੁੱਲਾਂ ਦਾ ਸੰਧਾਰਾ ਵੰਡਦੇ ਹਨ। ਬਿਰਖਾਂ ਦੇ ਟਾਹਣਾਂ ’ਤੇ ਲਟਕਦੇ ਪਰਿੰਦਿਆਂ ਦੇ ਆਲ੍ਹਣਿਆਂ ਵਿੱਚ ਪੰਛੀਆਂ ਦੀ ਗੁਟਕਣੀ ਦਾ ਚੁੱਪ ਹੋਣਾ, ਬਿਰਖ ਦੀ ਹੋਂਦ ਅਤੇ ਇਸ ਦੇ ਚੌਗਿਰਦੇ ਨੂੰ ਇੱਕ ਆਹ ਵਿੱਚ ਬਦਲ ਦੇਵੇਗਾ।
ਕਦੇ ਵੀ ਵਗਦੇ ਪਾਣੀਆਂ ਨੂੰ ਠਹਿਰਨ ਲਈ ਨਾ ਆਖੋ ਕਿਉਂਕਿ ਵਗਦੇ ਪਾਣੀ ਨਿਰਮਲਤਾ ਅਤੇ ਨਿਰੰਤਰਤਾ ਦਾ ਸੂਚਕ ਹਨ ਜਦੋਂਕਿ ਖੜ੍ਹੇ ਪਾਣੀ ਸੜ੍ਹਾਂਦ ਮਾਰਦੇ ਹਨ। ਇਹ ਖੜ੍ਹੇ ਪਾਣੀ ਹੀ ਹੁੰਦੇ ਹਨ ਜਿਹੜੇ ਡੈੱਡ ਸਮੁੰਦਰ ਅਖਵਾਉਂਦੇ ਹਨ। ਪਾਣੀ ਦੀ ਤਰਲਤਾ, ਤਾਜ਼ਗੀ ਅਤੇ ਜੀਵਨਦਾਨਤਾ ਸਿਰਫ਼ ਇਸ ਦੇ ਵਹਿਣ ਵਿੱਚ ਹੈ। ਇਸ ਦੀਆਂ ਗਾਉਂਦੀਆਂ ਲਹਿਰਾਂ ਤੁਹਾਡੇ ਜੀਵਨ ਵਿੱਚ ਸੰਗੀਤ ਭਰ ਦੇਣਗੀਆਂ। ਜ਼ਰਖ਼ੇਜ਼ ਧਰਤ ਨੂੰ ਬਾਂਝਪਣ ਵਿੱਚ ਤਬਦੀਲ ਕਰਨ ਵਾਲੇ ਲੋਕ ਸਭ ਤੋਂ ਵੱਧ ਨਾਸ਼ੁਕਰੇ ਹੁੰਦੇ ਹਨ। ਉਹ ਧਰਤ ਮਾਂ ਦੀ ਬੇਹੁਰਮਤੀ ਕਰਦੇ ਹਨ ਜੋ ਬਾਅਦ ਵਿੱਚ ਮਨੁੱਖ ਦੀ ਝੋਲੀ ਵਿੱਚ ਬਿਮਾਰੀਆਂ ਪਾਉਂਦੀ ਹੈ। ਧਰਤ ਨੂੰ ਮਲੀਨ ਕਰਕੇ ਮਨੁੱਖ ਬਹੁਤ ਕੁਝ ਗਵਾਉਂਦਾ ਹੈ। ਯਾਦ ਰਹੇ ਕਿ ਜਦ ਧਰਤ ਬਾਂਝ ਹੋ ਗਈ ਤਾਂ ਜੀਵਨ ਦਾ ਮੂਲ ਸਰੋਤ ਵੀ ਖ਼ਤਮ ਹੋ ਜਾਵੇਗਾ। ਭੁੱਖਮਰੀ ਕਾਰਨ ਤੁਸੀਂ ਮਰ ਜਾਣਾ ਹੈ। ਜ਼ਰਾ ਸੋਚਣਾ ਕਿ ਅਸੀਂ ਧਰਤ ਨੂੰ ਖਾਦਾਂ ਪਾ ਕੇ ਕੈਂਸਰ ਅਤੇ ਹੋਰ ਬਿਮਾਰੀਆਂ ਤੋਂ ਬਗੈਰ ਕੀ ਖੱਟਿਆ ਹੈ? ਧਰਤ ਨੂੰ ਧਰਤ ਰਹਿਣ ਦਿਓ ਕਿਉਂਕਿ ਇਹ ਕੁਦਰਤੀ ਨਿਆਮਤਾਂ ਰੂਪੀ ਜੀਵਨ-ਦਾਨ ਦਿੰਦੀ ਹੈ। ਇਸ ਨੂੰ ਮੌਤ ਦੀ ਵਣਜਾਰਨ ਨਾ ਬਣਾਓ।
ਸੂਹੇ ਰੰਗ ਵਿੱਚ ਪਲਿੱਤਣ ਘੋਲਣ ਵਾਲਿਓ ਕਦੇ ਪੱਤਝੜ ਦੀ ਰੁੱਤ ਦਾ ਸੰਤਾਪ ਹੰਢਾਉਣ ਵਾਲਿਆਂ ਨੂੰ ਪੁੱਛਣਾ ਕਿ ਪੱਤਣਾਂ ਦੇ ਪਹਿਰੇ ਹੇਠ ਕਿਵੇਂ ਚਾਅ ਸੁੱਕਣੇ ਪੈਂਦੇ ਹਨ? ਕਿਵੇਂ ਸੱਧਰਾਂ ਅਧਮੋਈਆਂ ਹੁੰਦੀਆਂ ਹਨ? ਕਿਵੇਂ ਸੁਫ਼ਨਿਆਂ ਦੀ ਜਵਾਨੀ ਵੇਲੇ ਮੌਤ ਹੁੰਦੀ ਹੈ? ਸੂਹੀ ਰੁੱਤ ਵਿੱਚ ਸੂਹੀ ਰਾਗ ਗਾਉਣ ਦਾ ਹੀਆ ਕਰੋ, ਤੁਹਾਡੇ ਮਨ-ਵਿਹੜੇ ਵਿੱਚ ਵੀ ਰਾਂਗਲੇ ਪਹਿਰਾਂ ਦੀ ਦਸਤਕ ਸੁਣਾਈ ਦੇਵੇਗੀ। ਸੁਫ਼ਨਿਆਂ ਦੀ ਪਰਵਾਜ਼ ਦੇਣ ਲਈ ਹੱਲਾਸ਼ੇਰੀ ਬਣੋ ਨਾ ਕਿ ਸੁਫ਼ਨਿਆਂ ਦੇ ਪਰ ਨੋਚੋ। ਜਦ ਸੁਫ਼ਨੇ ਮਰਦੇ ਹਨ ਤਾਂ ਬੰਦਾ ਮਰਦਾ ਹੈ। ਫਿਰ ਜਿਊਂਦੀ ਲਾਸ਼ ਬਣ ਕੇ ਜਿਊਣਾ, ਜਿਊਣਾ ਨਹੀਂ ਹੁੰਦਾ।
ਬਸਤਿਆਂ ਵਿੱਚ ਅੱਖਰ ਲੋਅ ਨੂੰ ਜਗਦੀ ਰੱਖਣ ਲਈ ਖ਼ਾਲੀ ਬਸਤਿਆਂ ਨੂੰ ਕਲਮਾਂ ਅਤੇ ਕਿਤਾਬਾਂ ਦਾ ਦਾਨ ਦਿਓ ਕਿਉਂਕਿ ਜਿੰਨਾ ਚਿਰ ਅੱਖਰ ਜਾਗਦੇ, ਸ਼ਬਦਾਂ ਅਤੇ ਅਰਥਾਂ ਦੇ ਦੀਵੇ ਜਗਦੇ ਹਨ, ਸਮਾਜਿਕ ਹਨੇਰੇ ਵਿੱਚ ਚਾਨਣ ਦੀ ਰੁੱਤ ਸਦਾ ਹਾਜ਼ਰ ਨਾਜ਼ਰ ਰਹਿੰਦੀ ਹੈ। ਜੇਕਰ ਕਿਤਾਬਾਂ ਹੀ ਗਵਾਚ ਗਈਆਂ ਜਾਂ ਅਸੀਂ ਹਰਫ਼ਾਂ ਨੂੰ ਸਿਸਕੀ ਹੀ ਬਣਾ ਦਿੱਤਾ ਤਾਂ ਕੌਣ ਪੜ੍ਹੇਗਾ ਸਾਡਾ ਵਿਰਾਸਤੀ ਇਤਿਹਾਸ? ਕੌਣ ਸ਼ਬਦ ਗੁਰੂ ਦੀ ਥਾਹ ਪਾਵੇਗਾ? ਕੌਣ ਸਮਾਜਿਕ ਸਰੋਕਾਰਾਂ ਨਾਲ ਸੰਵਾਦ ਰਚਾਉਂਦਿਆਂ ਖ਼ੁਦ ਨੂੰ ਮਿਲਣ ਦਾ ਤਰੱਦਦ ਕਰੇਗਾ। ਸ਼ਬਦ ਜਿਊਂਦੇ ਰਹਿਣ ਤਾਂ ਬੰਦੇ ਦੀ ਸੋਚ ਤੇ ਭਾਵਨਾ ਜਾਗਦੀ ਰਹਿੰਦੀ ਹੈ। ਜਾਗਦੇ ਹੋਏ ਲੋਕ ਹੀ ਸਮਾਜ ਹੁੰਦਾ ਹੈ, ਸੁੱਤੇ ਹੋਏ ਤਾਂ ਸਿਰਫ਼ ਕਬਰਾਂ ਦੇ ਵਾਸੀ ਹੁੰਦੇ ਹਨ।
ਕਦੇ ਭੁੱਲ ਕੇ ਘਰ ਨੂੰ ਮਕਾਨ ਨਾ ਬਣਨ ਦੇਣਾ ਕਿਉਂਕਿ ਘਰ ਦਾ ਮਕਾਨ ਬਣਨਾ ਤਾਂ ਆਸਾਨ ਹੁੰਦਾ ਹੈ, ਪਰ ਮਕਾਨ ਨੂੰ ਘਰ ਬਣਦਿਆਂ ਬਹੁਤ ਦੇਰ ਲੱਗਦੀ ਹੈ। ਦੇਰ ਕੀਤਿਆਂ ਕੰਧਾਂ, ਕੌਲਿਆਂ ਅਤੇ ਛੱਤਾਂ ਵਿੱਚ ਵਿਰਲਾਂ ਉੱਗ ਆਉਂਦੀਆਂ ਹਨ ਅਤੇ ਖੋੜਾਂ ਵਿੱਚ ਸਿਰਫ਼ ਪਿੱਪਲ ਜਾਂ ਬੋਹੜ ਹੀ ਉੱਗਦੇ ਹਨ। ਘਰ ਸਿਰਫ਼ ਘਰ ਵਾਲਿਆਂ ਦਾ ਹੈ। ਘਰਵਾਲੇ ਬਣੇ ਰਹੋ, ਘਰ ਆਪਣੇ ਆਪ ਹੀ ਜਿਊਂਦਾ ਰਹੇਗਾ। ਕਦੇ ਸੁੰਨੇ ਬਨੇਰਿਆਂ ਦੀ ਵੇਦਨਾ ਸੁਣੀ ਹੈ। ਇਨ੍ਹਾਂ ’ਤੇ ਬੁਝੀਆਂ ਮੋਮਬਤੀਆਂ ’ਤੇ ਤਰਸ ਕਰੋ, ਇਨ੍ਹਾਂ ਨੂੰ ਜਗਾਓ। ਰੌਸ਼ਨੀ ਪੌੜੀਆਂ ਥੀਂ ਉਤਰਦੀ, ਤੁਹਾਡੇ ਵਿਹੜੇ ਅਤੇ ਘਰ ਦੇ ਸਮੁੱਚ ਨੂੰ ਰੁਸ਼ਨਾਵੇਗੀ। ਹਨੇਰੇ ਬੜੀ ਜਲਦੀ ਘਰ ਨੂੰ ਹਜ਼ਮ ਕਰ ਜਾਂਦੇ ਹਨ।
ਕਦੇ ਵੀ ਹਾਸਿਆਂ ਦੀ ਰੁੱਤੇ ਕਿਸੇ ਦੀ ਤਲੀ ’ਤੇ ਹਉਕਾ ਨਾ ਧਰੋ ਕਿਉਂਕਿ ਇੱਕ ਹੀ ਹਉਕਾ ਕਾਫ਼ੀ ਹੁੰਦਾ ਕਿਸੇ ਨੂੰ ਉਮਰ ਭਰ ਲਈ ਸੋਗ ਅਤੇ ਅਸਾਧ ਰੋਗ ਦੇਣ ਵਾਸਤੇ। ਜਦ ਕਿਸੇ ਦੀ ਤਲੀ ’ਤੇ ਸ਼ਗਨ ਦੀ ਬਜਾਏ ਟਰਮੀਨੇਸ਼ਨ ਦਾ ਪੱਤਰ ਫੜਾਇਆ ਜਾਂਦਾ ਹੈ ਤਾਂ ਰਾਂਗਲੇ ਪਲਾਂ ਵਿੱਚ ਉਤਰੀ ਨਿਰਾਸ਼ਾ ਤੁਹਾਡੀ ਸੰਵੇਦਨਾ ਨੂੰ ਹਜ਼ਮ ਕਰ ਜਾਂਦੀ ਹੈ ਤੇ ਤੁਸੀਂ ਵੇਦਨਾਮਈ ਵਕਤਾਂ ਦੀ ਤਸ਼ਬੀਹ ਬਣ ਜਾਂਦੇ ਹੋ। ਕਦੇ ਵੀ ਮਿੱਤਰ ਨੂੰ ਦਿੱਤਾ ਹੋਇਆ ਮੋਢਾ ਨਾ ਖਿਸਕਾਓ ਕਿਉਂਕਿ ਮਿੱਤਰ ਦੇ ਮੋਢੇ ’ਤੇ ਸਿਰ ਰੱਖ ਹੀ ਬੰਦਾ ਆਪਣੇ ਦੁੱਖੜੇ ਸੁਣਾ ਸਕਦੈ, ਮਾਨਸਿਕ ਵੇਦਨਾ ਨੂੰ ਘਟਾ ਸਕਦੈ ਅਤੇ ਆਪਣੀ ਭਟਕਣਾ ਦੇ ਨਾਵੇਂ ਇੱਕ ਰਾਹਤ ਪਾ ਸਕਦਾ ਹੈ। ਮਿੱਤਰ ਮਾਰ ਕਦੇ ਨਾ ਕਰੋ ਕਿਉਂਕਿ ਮਿੱਤਰਤਾ ਵਿਸ਼ਵਾਸ ਅਤੇ ਧਰਵਾਸ ਦਾ ਨਾਮ ਹੈ। ਇਸ ਦੀ ਗੁੰਮਸ਼ੁਦਗੀ ਕਾਰਨ ਕੋਈ ਆਸ ਪੱਲੇ ਵਿੱਚ ਨਹੀਂ ਰਹਿੰਦੀ।
ਕਦੇ ਵੀ ਤੋਤਲੇ ਬੋਲਾਂ ਵਿੱਚ ਮਾਰ ਖਾਣੀ ਚੁੱਪ ਨਾ ਧਰੋ ਕਿਉਂਕਿ ਇਹ ਬੱਚਿਆਂ ਦਾ ਭੋਲਾਪਣ, ਤੋਤਲਾਪਣ, ਕੋਮਲਤਾ ਅਤੇ ਮਾਸੂਮੀਅਤ ਹੀ ਹੁੰਦੀ ਹੈ ਜੋ ਸਭ ਤੋਂ ਅਮੁੱਲ ਤੇ ਗੁਣਕਾਰੀ ਹੁੰਦੀ ਹੈ। ਜੇਕਰ ਇਹ ਨਿਆਮਤ ਹੀ ਉਨ੍ਹਾਂ ਕੋਲੋਂ ਖੁੱਸ ਜਾਵੇ ਤਾਂ ਬੱਚਿਆਂ ਦੀ ਮਾਨਸਿਕਤਾ ਸਦਾ ਲਈ ਵਲੂੰਧਰੀ ਜਾਂਦੀ ਹੈ। ਉਨ੍ਹਾਂ ਦੀ ਸੋਚ, ਸ਼ਬਦਾਂ ਅਤੇ ਬੋਲਾਂ ਵਿੱਚ ਸਦਾ ਸਿਸਕੀ ਦਾ ਵਾਸ ਹੈ। ਇਹ ਸਿਸਕੀ ਹੌਲੀ ਹੌਲੀ ਅੰਦਰੋਂ ਗਾਲਦੀ ਹੋਈ ਉਸ ਨੂੰ ਖੋਖਲਾ ਕਰ ਦਿੰਦੀ ਹੈ। ਬੱਚਿਆਂ ਨੂੰ ਟਹਿਕਣ, ਮਹਿਕਣ, ਮੌਲਣ, ਮਟਕਣ ਅਤੇ ਮੁਸਕਰਾਉਣ ਦਿਓ ਅਤੇ ਇਨ੍ਹਾਂ ਰੰਗਾਂ ਵਿੱਚ ਖ਼ੁਦ ਵੀ ਰੰਗੇ ਜਾਓ।
ਕਦੇ ਵੀ ਘਰਾਂ ਨੂੰ ਉਜਾੜ ਅਤੇ ਦਰਾਂ ਨੂੰ ਵੀਰਾਨਗੀ ਨਾ ਅਰਪੋ ਕਿਉਂਕਿ ਜਦ ਦਰ ਰੁੱਸ ਜਾਵੇ ਤਾਂ ਤੁਹਾਡੇ ਲਈ ਬਹੁਤ ਸਾਰੇ ਦਰ ਬੰਦ ਹੋ ਜਾਂਦੇ ਹਨ। ਦਰਾਂ ’ਤੇ ਬੈਠੇ ਆਪਣੇ ਮਾਪਿਆਂ ਦੀ ਉਡੀਕ ਨਾ ਲਮਕਾਓ। ਪਤਾ ਨਹੀਂ ਇਹ ਚਿਰਾਗ ਕਦੋਂ ਬੁਝ ਜਾਣ ਅਤੇ ਫਿਰ ਹਨੇਰੇ ਵਕਤ ਵਿੱਚ ਘਰਾਂ ਨੂੰ ਪਰਤਣਾ ਬਹੁਤ ਔਖਾ ਹੈ। ਇਸ ਤੋਂ ਪਹਿਲਾਂ ਕਿ ਸਭ ਕੁਝ ਤੁਹਾਡੇ ਤੋਂ ਖਿਸਕ ਜਾਵੇ, ਦਰਾਂ ਤੇ ਘਰਾਂ ਨੂੰ ਮਿਲਦੇ ਰਿਹਾ ਕਰੋ। ਨਾ ਮਿਲਣ ’ਤੇ ਬੜੀ ਛੇਤੀ ਤੁਹਾਡੇ ਚੇਤਿਆਂ ਵਿੱਚੋਂ ਸਦਾ ਲਈ ਵਿੱਸਰ ਜਾਂਦੀਆਂ ਹਨ ਬਚਪਨੀ ਯਾਦਾਂ। ਫਿਰ ਪਿੰਡ ਦੀਆਂ ਗਲੀਆਂ ਵੀ ਤੁਹਾਨੂੰ ਪਛਾਣਨ ਤੋਂ ਮੁਨਕਰ ਹੋ ਜਾਂਦੀਆਂ ਹਨ ਜਿੱਥੇ ਕਦੇ ਤੁਸੀਂ ਬਚਪਨ ਗੁਜ਼ਾਰਿਆ ਹੁੰਦਾ ਹੈ।
ਕਦੇ ਵੀ ਕੋਸੇ ਕੋਸੇ ਪਲਾਂ ’ਤੇ ਬਰਫ਼ ਨਾ ਲਾਓ ਕਿਉਂਕਿ ਯੱਖ ਹੋਏ ਪਲਾਂ ਵਿੱਚ ਬੰਦਾ ਵੀ ਆਖ਼ਰ ਨੂੰ ਬਰਫ਼ ਹੋ ਜਾਂਦੈ। ਬਰਫ਼ ਹੋਏ ਜਜ਼ਬਾਤਾਂ ਨੂੰ ਪਿਘਲਾਉਣਾ ਬਹੁਤ ਕਠਿਨ ਹੁੰਦਾ ਹੈ। ਆਪਣੇ ਪਿਆਰਿਆਂ ਅਤੇ ਰੂਹ ਦੇ ਹਾਣੀਆਂ ਨਾਲ ਮਿਲਦੇ ਰਹੋ, ਬੁੱਕਲ ਦਾ ਨਿੱਘ ਮਾਣਦੇ ਰਹੋ ਤਾਂ ਕਿ ਜੇ ਚੰਦਰੀ ਸਰਦ ਰੁੱਤ ਆਵੇ ਤਾਂ ਤੁਹਾਡਾ ਕੁਝ ਨਾ ਵਿਗਾੜ ਸਕੇ। ਮਨਾਂ ਵਿੱਚ ਵਿੱਥਾਂ ਅਤੇ ਦੂਰੀਆਂ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ, ਪਰ ਕਦੇ ਦੂਰੀਆਂ ਅਤੇ ਫਾਸਲਿਆਂ ਨੂੰ ਘਟਾਉਣ ਵੰਨੀ ਪਹਿਲਕਦਮੀ ਕਰੋਗੇ ਤਾਂ ਇਹ ਬਹੁਤ ਹੀ ਸੁਖਾਵਾਂ ਅਤੇ ਸਹਿਜ ਵਰਤਾਰਾ ਹੋਵੇਗਾ। ਤੁਹਾਨੂੰ ਸੁਖਨ ਅਤੇ ਸੰਤੁਸ਼ਟੀ ਨਾਲ ਨਿਵਾਜਦਾ ਤੁਹਾਡੀ ਝੋਲੀ ਵਿੱਚ ਸਹਿਜਤਾ ਪਾਵੇਗਾ। ਸਬੰਧਾਂ ਅਤੇ ਰਿਸ਼ਤਿਆਂ ਨੂੰ ਨਿਭਾਉਣ ਦਾ ਬਹਾਨਾ ਲੱਭੋ। ਯਾਦ ਰਹੇ ਕਿ ਰਿਸ਼ਤਿਆਂ ਦਾ ਟੁੱਟਣਾ ਤਾਂ ਪਲ ਵੀ ਨਹੀਂ ਲਾਉਂਦਾ, ਪਰ ਇਸ ਨੂੰ ਜੋੜਨ ਲਈ ਕਈ ਵਾਰ ਉਮਰ ਵੀ ਘੱਟ ਹੁੰਦੀ ਹੈ।
ਕਦੇ ਵੀ ਮਨ ਵਿੱਚ ਆਪਣਿਆਂ ਦੀਆਂ ਕਬਰਾਂ ਪੁੱਟਣ ਦਾ ਖ਼ਿਆਲ ਨਾ ਲਿਆਓ ਕਿਉਂਕਿ ਸਮਾਂ ਆਉਣ ’ਤੇ ਇਨ੍ਹਾਂ ਕਬਰਾਂ ਨੇ ਤੁਹਾਡਾ ਵੀ ਲਿਹਾਜ਼ ਨਹੀਂ ਕਰਨਾ। ਕਬਰਾਂ ਤਾਂ ਸਦਾ ਬੰਦੇ ਨੂੰ ਆਪਣੇ ਵਿੱਚ ਸਮਾਉਣ ਲਈ ਕਾਹਲੀਆਂ ਹੁੰਦੀਆਂ ਹਨ। ਕਦੇ ਕਬਰਾਂ ਦੀ ਬਜਾਏ ਆਪਣਿਆਂ ਦੇ ਰਾਹਾਂ ਵਿੱਚ ਮੋਹ ਅਤੇ ਮੁਹੱਬਤ ਦਾ ਛਿੜਕਾਅ ਕਰੋ, ਮੋਹਵੰਤਾ ਨਗ਼ਮਾ ਗਾਓ। ਦੇਖਣਾ ਤੁਹਾਡੇ ਸਵਾਗਤ ਵਿੱਚ ਹਵਾਵਾਂ ਵੀ ਗਾਉਣਗੀਆਂ। ਯਾਦ ਰਹੇ ਕਿ ਖੂਨ ਦੇ ਰਿਸ਼ਤੇ ਸੀਮਤ ਹੁੰਦੇ ਹਨ। ਜਦ ਆਪਣਾ ਖੂਨ ਹੀ ਖੂਨ ਦਾ ਵੈਰੀ ਬਣ ਜਾਵੇ ਤਾਂ ਤੁਸੀਂ ਮਿੱਤ ਕਿਸ ਨੂੰ ਕਹੋਗੇ?
ਕਦੇ ਧੁਖਦੀਆਂ ਧੁਣੀਆਂ ਦੀ ਲੇਰ ਨੂੰ ਸੁਣਨਾ ਅਤੇ ਇਸ ਦੇ ਧੂੰਏਂ ਕਾਰਨ ਅੱਖਾਂ ਵਿੱਚ ਆਇਆ ਖਾਰਾ ਪਾਣੀ ਅਤੇ ਖੁਰ ਰਹੇ ਚਾਵਾਂ ਨੂੰ ਕਿਆਸਣਾ, ਤੁਹਾਨੂੰ ਅਹਿਸਾਸ ਹੋਵੇਗਾ ਕਿ ਧੂਣੀ ਬਲਦੀ ਰਹੇ ਤਾਂ ਨਿੱਘ ਤੁਹਾਨੂੰ ਆਪਣੀ ਗੋਦ ਵਿੱਚ ਦੁਲਾਰਦਾ ਹੈ। ਇਹੀ ਨਿੱਘ ਸਾਡੇ ਸਮੁੱਚੇ ਪਰਿਵਾਰ, ਸਮਾਜ ਅਤੇ ਸੰਸਾਰ ਨੂੰ ਪਿਆਰ ਭਰਿਆ ਸੰਦੇਸ਼ ਦਿੰਦਾ ਹੈ। ਨਿੱਘ ਹੀ ਹੁੰਦੈ ਜਿਹੜਾ ਮਨੁੱਖੀ ਮਨ ਦੀ ਤਰਲਤਾ ਰਾਹੀਂ ਸਮੁੱਚੀ ਲੋਕਾਈ ਨੂੰ ਇਕਮਿਕਤਾ, ਇਕਸੁਰਤਾ ਅਤੇ ਇਕਸੀਰਤਾ ਦਾ ਮੂਲ ਮੰਤਰ ਸਿਖਾਉਂਦਾ ਹੈ।
ਸਫ਼ਰ ’ਤੇ ਨਿਕਲੇ ਪੈਰਾਂ ਦੇ ਰਾਹਾਂ ਵਿੱਚ ਖੱਡੇ, ਖਾਈਆਂ ਤੇ ਕੰਡੇ ਨਾ ਵਿਛਾਓ ਕਿਉਂਕਿ ਸੁਪਨਈ ਮੰਜ਼ਿਲ ’ਤੇ ਪਹੁੰਚਣ ਦਾ ਸਿਦਕ, ਜ਼ਖ਼ਮੀ ਹੋ ਕੇ ਵੀ ਮੰਜ਼ਿਲ ਹਾਸਲ ਕਰ ਲਵੇਗਾ, ਪਰ ਤੁਹਾਡੀ ਅਕ੍ਰਿਤਘਣਤਾ ਦਾ ਦਾਗ਼ ਸਮੇਂ ਦੇ ਮੱਥੇ ’ਤੇ ਸਦਾ ਲੱਗਿਆ ਰਹਿਣਾ ਹੈ। ਆਪਣੀ ਕਮੀਨਗੀ ਅਤੇ ਕਰੂਰਤਾ ਕਾਰਨ ਸਾਰੀ ਉਮਰ ਸ਼ਰਮਿੰਦਾ ਹੋਣ ਦੀ ਬਜਾਏ ਕਿਸੇ ਦੇ ਸੁਪਨਿਆਂ ਨੂੰ ਪਰਵਾਜ਼, ਉੱਡਣ ਦਾ ਅੰਦਾਜ਼ ਅਰਪਿਤ ਕਰੋਗੇ ਤਾਂ ਉਹ ਤਾਅ ਉਮਰ ਤੁਹਾਡੀਆਂ ਦੇਣਦਾਰੀਆਂ ਦਾ ਰਿਣੀ ਰਹੇਗਾ।
ਸੂਹੇ ਸਾਲੂਆਂ ਨੂੰ ਚਿੱਟੀਆਂ ਚੁੰਨੀਆਂ ਵਿੱਚ ਬਦਲਣ ਵਾਲੇ ਸਦਾ ਹੀ ਕਾਲਖਾਂ ਦਾ ਸਿਰਨਾਵਾਂ ਹੁੰਦੇ ਹਨ। ਉਨ੍ਹਾਂ ਦੀਆਂ ਮਾਰੂ ਬਿਰਤੀਆਂ ਵਿੱਚ ਸਿਰਫ਼ ਮੌਤ ਦਾ ਸੰਨਾਟਾ ਹੁੰਦਾ ਹੈ। ਉਹ ਕਿਸੇ ਦੇ ਵਿਰਲਾਪ ਨੂੰ ਹੀ ਆਪਣੀ ਪ੍ਰਾਪਤੀ ਸਮਝਦੇ ਹਨ। ਇਸ ਨੂੰ ਦੂਰ ਕਰਨ ਦਾ ਉਪਾਅ ਕਰਨਾ ਕਿਉਂਕਿ ਇੱਕ ਨੇਕ ਕਾਰਜ ਤੁਹਾਡੀਆਂ ਬਹੁਤ ਸਾਰੀਆਂ ਭੁੱਲਾਂ ਅਤੇ ਗ਼ਲਤੀਆਂ ਨੂੰ ਦਰੁਸਤ ਕਰਨ ਵਿੱਚ ਸਹਾਈ ਹੋ ਸਕਦਾ ਹੈ। ਕਦੇ ਚਿੱਤ ਹੀ ਚਿੱਤ ਆਖਦਾਂ ਕਿ;
ਇੰਝ ਨਹੀਂ ਕਰੀਦਾ ਬੀਬਾ ਇੰਝ ਨਹੀਂ ਕਰੀਂਦਾ।
ਅੱਲੇ ਅੱਲੇ ਜ਼ਖ਼ਮਾਂ ’ਤੇ ਹੱਥ ਨਹੀਂ ਧਰੀਂਦਾ।

ਟੁੱਟੇ ਹੋਏ ਸੁਪਨੇ, ਤੇ ਰੋਂਦੇ ਹੋਣ ਚਾਅ ਜਦ
ਫੋਕੀਆਂ ਦਿਲਦਾਰੀਆਂ ਨਾਲ, ਮਨ ਨਹੀਂ ਵਰੀਂਦਾ।

Advertisement

ਚੋਂਦਾ ਹੋਏ ਡੋਲ ਤੇ ਟੁੱਟੀ ਹੋਈ ਲੱਜ ਨਾਲ
ਸੱਧਰਾਂ ਦਾ ਘੜਾ ਬੀਬਾ, ਕਦੇ ਨਹੀਂ ਭਰੀਂਦਾ।

ਤਾਂਘ ਤੇ ਤਮੰਨਾ ਜਦ ਉੱਦਮ ’ਚ ਉੱਗੀ ਹੋਵੇ
ਝੋਰਾ ਨਹੀਂ ਕਰੀਂਦਾ, ਜੀਂਦੇ ਜੀਅ ਨਹੀਂ ਮਰੀਂਦਾ।
ਮਨ ਵਿੱਚ ਜਿੱਤਣ ਦਾ, ਗੂੰਜਦਾ ਏ ਨਾਦ ਜਦ
ਜਿੱਤ ਚੁੰਮੇ ਪੱਬਾਂ ਨੂੰ, ਤੇ ਕਦੇ ਨਹੀਂ ਹਰੀਂਦਾ।
ਨਿੱਘ ਦੀ ਬੁੱਕਲ ਤੇ ਸਾਹਾਂ ਵਿੱਚ ਸੇਕ ਹੋਵੇ
ਤਾਂ ਯਖ਼ ਜਿਹੇ ਸਮਿਆਂ ’ਚ ਕਦੇ ਨਹੀਂ ਠਰੀਂਦਾ।

ਦਿਲ ਵਿੱਚ ਰੀਝਾਂ ਤੇ ਪੈਰਾਂ ’ਚ ਸਫ਼ਰ ਹੋਵੇ
ਸਭ ਕੁਝ ਮਿਲ ਜਾਂਦਾ ਫ਼ਿਕਰ ਨਹੀਂ ਕਰੀਂਦਾ।
ਕਦੇ ਵੀ ਢਾਬੇ ’ਤੇ ਭਾਂਡੇ ਧੋਂਦੇ ਅੱਧ-ਨੰਗੇ ਬੱਚੇ ਨੂੰ ਦੇਖ ਕੇ ਮਨ ਵਿੱਚ ਖਿਝ ਜਾਂ ਨਫ਼ਰਤ ਨਾ ਪੈਦਾ ਕਰੋ। ਕਿਹੜੇ ਹਾਲਤਾਂ ਨੇ ਉਸ ਦੇ ਬਚਪਨੇ ਨੂੰ ਰੋਲਿਆ ਹੈ? ਕਦੇ ਉਸ ਦੇ ਨੈਣਾਂ ਵਿੱਚ ਬਸਤਾ ਲੈ ਕੇ ਸਕੂਲ ਜਾਂਦੇ ਬੱਚਿਆਂ ਦਾ ਸੁਫ਼ਨਾ ਦੇਖਿਆ ਕਰੋ। ਇਸ ਸੁਫ਼ਨੇ ਵਿੱਚ ਤੁਹਾਨੂੰ ਉਸ ਬੱਚੇ ਦੇ ਭਵਿੱਖ ਦਾ ਉੱਜਲ ਰੂਪ ਜ਼ਰੂਰ ਨਜ਼ਰ ਆਵੇਗਾ ਜਿਹੜਾ ਉਸ ਤੋਂ ਸਾਡੇ ਜਾਬਰ ਸਮਾਜ ਨੇ ਖੋਹ ਲਿਆ ਹੈ। ਕਦੇ ਵੀ ਮਹਿਲ ਜਾਂ ਕੋਠੀਆਂ ਦੀ ਉਸਾਰੀ ਕਰਦਿਆਂ ਝੁੱਗੀਆਂ ਜਾਂ ਢਾਰਿਆਂ ਨੂੰ ਨਾ ਢਾਹੋ। ਕਿਸੇ ਛੱਤ ਹੀਣ ਦੀ ਇੱਕ ਹਾਅ ਤੁਹਾਡੇ ਮਹਿਲ ਮੁਨਾਰਿਆਂ ਨੂੰ ਤਹਿਸ-ਨਹਿਸ ਕਰ ਸਕਦੀ ਹੈ। ਜਦ ਕਿਸੇ ਕੋਲੋਂ ਸਿਰ ਦੀ ਛੱਤ ਖੋਹ ਲਈ ਜਾਵੇ ਤਾਂ ਉਸ ਦੀ ਗ਼ਰੀਬੀ ਤੇ ਲਾਚਾਰੀ ਨੰਗੀ ਹੋ ਜਾਂਦੀ ਹੈ। ਫਿਰ ਸਿਰਫ਼ ਅੰਬਰ ਹੀ ਹੁੰਦਾ ਹੈ ਜੋ ਉਸ ਲਈ ਛੱਤ ਵੀ ਅਤੇ ਅੰਬਰ ਵੀ ਹੁੰਦਾ ਹੈ।
ਕਦੇ ਵੀ ਉਜਾੜ ਨਾ ਭਾਲੋ ਸਗੋਂ ਵੱਸਦੇ-ਰਸਦੇ ਘਰਾਂ ਦੀ ਤਾਮੀਰਦਾਰੀ ਨੂੰ ਚਿੱਤਵੋ। ਯਾਦ ਰੱਖੋ ਕਿ ਉਜਾੜੀਂ ਕੋਈ ਦਸਤਕ ਨਹੀਂ ਦਿੰਦਾ ਅਤੇ ਨਾ ਹੀ ਕੋਈ ਹੁੰਗਾਰਾ ਭਰਦਾ ਹੈ। ਸਿਰਫ਼ ਵੱਸਦੇ ਘਰ ਹੀ ਖੁੱਲ੍ਹੇ ਦਰਾਂ ਤੇ ਬਾਂਹਾਂ ਨਾਲ ਆਉਣ ਵਾਲਿਆਂ ਦਾ ਸੁਆਗਤ ਕਰਦੇ ਹਨ। ਅਜਿਹੇ ਘਰ ਦੀ ਰਹਿਮਤਦਾਰੀ ਵਿੱਚੋਂ ਇੱਕ ਅਜੀਬ ਆਨੰਦਭਾਵ ਮਿਲਦਾ ਹੈ ਜਿਹੜਾ ਸਿਰਫ਼ ਭਰਿਆ ਘਰ ਹੀ ਦੇ ਸਕਦਾ ਹੈ। ਇਹ ਵੀ ਚੇਤੇ ਰੱਖਣਾ ਚਾਹੀਦਾ ਹੈ ਕਿ ਜ਼ਿੰਦਗੀ ਕਦੇ ਬੋਝ ਨਹੀਂ ਹੁੰਦੀ ਅਤੇ ਨਾ ਹੀ ਇਹ ਤ੍ਰਾਸਦੀ ਹੁੰਦੀ ਹੈ। ਇਹ ਤਾਂ ਕੁਦਰਤ ਦੀ ਅਮਾਨਤ ਹੈ ਅਤੇ ਅਮਾਨਤ ਵਿੱਚ ਖ਼ਿਆਨਤ ਨਾ ਕਰੋ। ਜ਼ਿੰਦਗੀ ਨੂੰ ਉਸ ਦੇ ਰੰਗ ਵਿੱਚ ਜੀਅ ਭਰ ਕੇ ਜੀਓ ਅਤੇ ਜਿਊਣ ਦਿਓ। ਜ਼ਿੰਦਗੀ ਦੀਆਂ ਰਹਿਮਤਾਂ ਦੀ ਸ਼ੁਕਰਗੁਜ਼ਾਰੀ ਨਾਲ ਹੀ ਜ਼ਿੰਦਗੀ ਦੀ ਦੇਣਦਾਰੀ ਹੈ। ਇਸ ਦੇ ਹਰ ਪਲ ਨੂੰ ਰੂਹਦਾਰੀ ਨਾਲ ਮਾਣੋ।
ਕਦੇ ਵੀ ਈਰਖਾ, ਨਫ਼ਰਤ, ਸਾੜਾ, ਫਰੇਬ ਨਹੀਂ ਕਰੀਦਾ। ਧੋਖਾ ਨਹੀਂ ਦੇਈਦਾ। ਸਗੋਂ ਮੁਹੱਬਤ ਵੰਡੋ ਅਤੇ ਮੁਹੱਬਤ ਲਓ। ਨਫ਼ਰਤ ਵਿੱਚ ਵੀ ਨਫ਼ਾਸਤ ਅਤੇ ਸਦਾਕਤ ਹੋਵੇ ਤਾਂ ਤੁਹਾਡੀ ਲਿਆਕਤ ਜੱਗ-ਜ਼ਾਹਰ ਹੋ ਹੀ ਜਾਂਦੀ ਹੈ। ਕਿਸੇ ਨੂੰ ਨੀਵਾਂ ਕਰਕੇ ਖ਼ੁਦ ਨੂੰ ਉੱਪਰ ਚੁੱਕਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਇਹ ਤੁਹਾਡੀ ਬਦਤਮੀਜ਼ੀ, ਗ਼ਲਤਫ਼ਹਿਮੀ ਅਤੇ ਅਗਿਆਨਤਾ ਹੋਵੇਗੀ। ਨਾਲ ਦੇ ਸਾਥੀ ਨੂੰ ਉੱਪਰ ਚੁੱਕ ਕੇ ਖ਼ੁਦ ਉੱਪਰ ਉੱਠੋਗੇ ਤਾਂ ਤੁਸੀਂ ਖ਼ੁਦ ਬਖ਼ੁਦ ਹੀ ਉੱਪਰ ਉੱਠ ਜਾਵੋਗੇ, ਸਾਥੀ ਅਤੇ ਸਮਾਜ ਦੇ ਮਨ ਵਿੱਚ।
ਤੁਸੀਂ ਜੀਵਨ ਵਿੱਚ ਬਹੁਤ ਸਫ਼ਰ ਕੀਤੇ ਹੋਣਗੇ। ਬਹੁਤ ਮੰਜ਼ਿਲਾਂ ਵੀ ਮਾਰੀਆਂ ਹੋਣਗੀਆਂ, ਪਰ ਬਾਹਰੀ ਸਫ਼ਰ ਦੀ ਬਜਾਏ ਕਦੇ ਅੰਤਰੀਵ ਦੀ ਯਾਤਰਾ ’ਤੇ ਨਿਕਲਿਆ ਕਰੋ। ਆਪਣੇ ਅੰਦਰ ਉਤਰਿਆ ਕਰੋ। ਅੰਦਰਲਾ ਚਾਨਣ ਹੀ ਹੁੰਦਾ ਹੈ ਜੋ ਤੁਹਾਡੀ ਬਾਹਰਲੀ ਰੁਸ਼ਨਾਈ ਬਣ, ਤੁਹਾਨੂੰ ਸੂਰਜੀ ਨਾਮਕਰਨ ਦਿੰਦਾ ਹੈ। ਕਦੇ ਪੁੰਨਿਆਂ ਦਾ ਚੰਨ ਤੇ ਕਦੇ ਸਰਘੀ ਦਾ ਤਾਰਾ ਕਹਿੰਦਾ ਹੈ। ਸਭ ਤੋਂ ਜ਼ਰੂਰੀ ਹੈ ਕਿ ਕਦੇ ਵੀ ਖ਼ੁਦ ਤੋਂ ਦੂਰ ਨਾ ਜਾਵੋ। ਆਪਣੇ ਆਪ ਤੋਂ ਵਿੱਥ ਨਾ ਸਿਰਜੋ ਸਗੋਂ ਆਪਣੇ ਆਪ ਨੂੰ ਮਿਲੋ। ਆਪਣੀ ਪਛਾਣ ਖ਼ੁਦ ਕਰੋ। ਆਪਣੀਆਂ ਰਾਹਾਂ ਅਤੇ ਮੰਜ਼ਿਲਾਂ ਖ਼ੁਦ ਨਿਰਧਾਰਤ ਕਰੋ। ਆਪ ਹੀ ਸੁਫ਼ਨਾ, ਸਿਰਨਾਵਾਂ ਅਤੇ ਸੁਫ਼ਨ-ਸੱਚ ਬਣੋਗੇ ਤਾਂ ਤੁਹਾਨੂੰ ਆਪੇ ਉੱਪਰ ਮੋਹ ਆਵੇਗਾ। ਇਹੀ ਪਿਆਰ ਆਪੇ ਤੋਂ ਪਰ ਵੱਲ ਨੂੰ ਅਹੁਲੇਗਾ।
ਸੰਪਰਕ: 216-556-2080

Advertisement