For the best experience, open
https://m.punjabitribuneonline.com
on your mobile browser.
Advertisement

ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ’ਚ ਅਹਿਮ ਯੋਗਦਾਨ ਪਾਉਣਗੀਆਂ ਲੜਕੀਆਂ: ਪੁਰੋਹਿਤ

08:22 AM Jul 17, 2024 IST
ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ’ਚ ਅਹਿਮ ਯੋਗਦਾਨ ਪਾਉਣਗੀਆਂ ਲੜਕੀਆਂ  ਪੁਰੋਹਿਤ
ਸਨਮਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨਾਲ ਬਨਵਾਰੀ ਲਾਲ ਪੁਰੋਹਿਤ ਤੇ ਹੋਰ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 16 ਜੁਲਾਈ
‘ਦ ਸੁਸਾਇਟੀ ਫਾਰ ਐਂਪਾਵਰਮੈਂਟ ਆਫ ਡਿਸਐਡਵਾਂਟੇਜਡ ਟੇਲੈਂਟਡ ਯੂਥ’ ਵੱਲੋਂ ਪੰਜਾਬ ਤੇ ਚੰਡੀਗੜ੍ਹ ਦੇ 10ਵੀਂ ਤੇ 8ਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕਰਨ ਲਈ ਪੰਜਾਬ ਰਾਜ ਭਵਨ ਵਿੱਚ ਸਮਾਗਮ ਰੱਖਿਆ ਗਿਆ। ਇਸ ਵਿੱਚ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਨੇ ਪੰਜਾਬ ਦੇ ਚੰਡੀਗੜ੍ਹ ਦੇ 10ਵੀਂ ਅਤੇ 8ਵੀਂ ਜਮਾਤ ਦੇ 300 ਵਿਦਿਆਰਥੀਆਂ ਨੂੰ 20.70 ਲੱਖ ਰੁਪਏ ਦੇ ਨਗਦ ਇਨਾਮ ਅਤੇ ਮਾਨਤਾ ਸਰਟੀਫਿਕੇਟ ਦੇ ਕੇ ਸਨਮਾਨਿਆ। ਇਸ ਵਿੱਚ 247 ਲੜਕੀਆਂ ਹਨ। ਸ੍ਰੀ ਪੁਰੋਹਿਤ ਨੇ ਕਿਹਾ ਕਿ ਅੱਜ ਲੜਕੀਆਂ ਹਰ ਖੇਤਰ ’ਚ ਮੱਲਾਂ ਮਾਰ ਰਹੀਆਂ ਹਨ ਜੋ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਦੀ ਦਿਸ਼ਾ ਵੱਲ ਅਹਿਮ ਕਦਮ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਾਪਤ ਕਰਨ ਅਤੇ ਆਧੁਨਿਕ ਹੁਨਰ ਵਿਕਸਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਬਿਹਤਰ ਰੋਜ਼ੀ-ਰੋਟੀ ਲਈ ਵਿਦਿਆਰਥੀਆਂ ਖਾਸ ਕਰ ਕੇ ਦੂਰ-ਦੁਰਾਡੇ ਅਤੇ ਪਛੜੇ ਖੇਤਰਾਂ ਤੋਂ ਆਉਣ ਵਾਲੇ ਵਿਦਆਰਥੀਆਂ ਨੂੰ ਸਸ਼ਕਤ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ।
ਰਾਜਪਾਲ ਨੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਲਾਲ ਬਹਾਦੁਰ ਸ਼ਾਸਤਰੀ, ਈਸ਼ਵਰ ਚੰਦਰ ਅਤੇ ਡਾ. ਏਪੀਜੇ ਅਬਦੁਲ ਕਲਾਮ ਸਣੇ ਕਈ ਹੋਰ ਸ਼ਖ਼ਸੀਅਤਾਂ ਦੀਆਂ ਉਦਾਹਰਨਾਂ ਦਿੰਦਿਆਂ ਕਿਹਾ ਕਿ ਇਨ੍ਹਾਂ ਨੇ ਗ਼ਰੀਬ ਪਿਛੋਕੜ ਤੋਂ ਅੱਗੇ ਆ ਕੇ ਆਪਣੀ ਇਮਾਨਦਾਰੀ ਅਤੇ ਸਮਰਪਣ ਸਦਕਾ ਜੀਵਨ ਵਿੱਚ ਸਫ਼ਲਤਾ ਦੀਆਂ ਵੱਡੀਆਂ ਉਚਾਈਆਂ ਨੂੰ ਸਰ ਕੀਤਾ। ਉਨ੍ਹਾਂ ਨੇ ਬੱਚਿਆਂ ਨੂੰ ਅਜਿਹੇ ਨਾਇਕਾਂ ਨੂੰ ਆਪਣੇ ਰੋਲ ਮਾਡਲ ਬਣਾਉਣ ਲਈ ਕਿਹਾ ਜਿਨ੍ਹਾਂ ਨੇ ਆਪਣਾ ਜੀਵਨ ਸਾਦਗੀ, ਇਮਾਨਦਾਰੀ ਨਾਲ ਬਤੀਤ ਕੀਤਾ ਅਤੇ ਰਾਸ਼ਟਰ ਦੇ ਵਿਕਾਸ ਲਈ ਪੂਰੀ ਲਗਨ ਅਤੇ ਦ੍ਰਿੜਤਾ ਨਾਲ ਕੰਮ ਕੀਤਾ। ਰਾਜਪਾਲ ਨੇ ਕਿਹਾ ਕਿ ਬੱਚਿਆਂ ਨੂੰ ਇਮਾਨਦਾਰ ਅਤੇ ਸਾਦਗੀ ਵਾਲੀ ਜੀਵਨ ਜਾਚ ਨੂੰ ਆਪਣੀ ਜ਼ਿੰਦਗੀ ਵਿਚ ਅਪਣਾਉਣਾ ਚਾਹੀਦਾ ਹੈ।
ਗਵਰਨਰ ਨੇ ਕਿਹਾ ਇਸ ਸਾਲ ਫਰਵਰੀ ਵਿੱਚ ਵੀ ਇਸੇ ਤਰਜ਼ ’ਤੇ 300 ਦੇ ਕਰੀਬ ਵਿਦਿਆਰਥੀਆਂ ਨੂੰ ਸਨਮਾਨਿਆ ਗਿਆ ਸੀ ਅਤੇ ਇਹ ਪਹਿਲਕਦਮੀ ਅੱਗੇ ਵੀ ਲਗਾਤਾਰ ਜਾਰੀ ਰਹੇਗੀ। ਦੱਸਣਯੋਗ ਹੈ ਕਿ ਅੱਜ ਸਨਮਾਨੇ 300 ਵਿਦਿਆਰਥੀਆਂ ਵਿੱਚ ਪੰਜਾਬ ਦੇ 225 ਅਤੇ ਯੂਟੀ ਚੰਡੀਗੜ੍ਹ ਦੇ 75 ਵਿਦਿਆਰਥੀ ਸ਼ਾਮਲ ਹਨ। ਇਸ ਦੌਰਾਨ ਇਨਾਮ ਵਜੋਂ 10ਵੀਂ ਜਮਾਤ ਦੇ ਹਰ ਵਿਦਿਆਰਥੀ ਨੂੰ 10,000 ਰੁਪਏ ਅਤੇ 8ਵੀਂ ਜਮਾਤ ਦੇ ਹਰ ਵਿਦਿਆਰਥੀ ਨੂੰ 5000 ਰੁਪਏ ਦਿੱਤੇ ਗਏ ਹਨ। ਇਨ੍ਹਾਂ ਵਿੱਚੋਂ 151 ਪੇਂਡੂ ਖੇਤਰਾਂ ਤੋਂ ਹਨ ਅਤੇ 51 ਸਰਹੱਦੀ ਜ਼ਿਲ੍ਹਿਆਂ ਤੋਂ ਅਤੇ 40 ਦੇ ਕਰੀਬ ਕੰਢੀ ਖੇਤਰ ਤੋਂ ਹਨ।

Advertisement
Advertisement
Author Image

sukhwinder singh

View all posts

Advertisement
×