ਬੱਚੀ ਦਾ ਕਤਲ: ਇੱਕੋ ਪਰਿਵਾਰ ਦੇ ਚਾਰ ਮੈਂਬਰ ਗ੍ਰਿਫ਼ਤਾਰ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 14 ਜੁਲਾਈ
ਇੱਥੇ ਭੇਤਭਰੀ ਹਾਲਤ ’ਚ ਲਾਪਤਾ ਹੋਈ ਸੁਖਮਨਦੀਪ ਕੌਰ (9) ਨੂੰ ਅਗਵਾ ਕਰ ਕੇ ਕਥਿਤ ਕਤਲ ਕਰਨ ਦੇ ਮਾਮਲੇ ਵਿੱਚ ਪੁਲੀਸ ਨੇ ਦੋ ਔਰਤਾਂ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੀ ਲਾਸ਼ ਕੱਲ੍ਹ ਘਰ ਤੋਂ ਕੁਝ ਮੀਟਰ ਦੂਰ ਇੱਕ ਖਾਲੀ ਹਵੇਲੀ (ਪਸ਼ੂਆਂ ਦੇ ਅਹਾਤੇ) ਵਿੱਚ ਸੁੱਟੀ ਹੋਈ ਮਿਲੀ ਸੀ।
ਪੁਲੀਸ ਵੱਲੋਂ ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਤਲਬੀਰ ਸਿੰਘ, ਉਸ ਦੀ ਪਤਨੀ ਜਸਬੀਰ ਕੌਰ, ਉਸ ਦਾ ਪੁੱਤਰ ਸੂਰਜ ਅਤੇ ਉਸ ਦੀ ਪਤਨੀ ਪਵਨਦੀਪ ਕੌਰ ਵਜੋਂ ਹੋਈ ਹੈ। ਪੁਲੀਸ ਵਲੋਂ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹੋਰ ਪੁੱਛਗਿੱਛ ਲਈ ਪੁਲੀਸ ਰਿਮਾਂਡ ’ਤੇ ਲਿਆ ਗਿਆ ਹੈ। ਸਾਰੇ ਮੁਲਜ਼ਮ ਇੱਕ ਪਰਿਵਾਰ ਨਾਲ ਸਬੰਧਤ ਸਨ ਅਤੇ ਪਤਾ ਲੱਗਾ ਹੈ ਕਿ ਇਨ੍ਹਾਂ ਨੇ ਕਾਲੇ ਜਾਦੂ ਦੇ ਨਾਂ ਹੇਠ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਲੜਕੀ ਦੇ ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਸੱਟਾਂ ਦੇ ਨਿਸ਼ਾਨ ਸਨ। ਪੁਲੀਸ ਦੇ ਵਧੀਕ ਡਿਪਟੀ ਕਮਿਸ਼ਨਰ ਅਭਿਮਨਿਊ ਰਾਣਾ ਨੇ ਕਿਹਾ ਕਿ ਕਤਲ ਦੇ ਅਸਲ ਕਾਰਨਾਂ ਬਾਰੇ ਅਜੇ ਵੀ ਕੁਝ ਪਤਾ ਨਹੀਂ ਲੱਗਾ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਫਿਲਹਾਲ ਇਸ ਬਾਰੇ ਕੁਝ ਵੀ ਕਹਿਣਾ ਅਣਉਚਿਤ ਹੋਵੇਗਾ। ਪੁਲੀਸ ਨੇ ਪੋਸਟਮਾਰਟਮ ਕਰਵਾਉਣ ਮਗਰੋਂ ਬੱਚੀ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ।