ਗੁਰਦੁਆਰੇ ’ਚ ਪਾਠ ਸਿੱਖਣ ਜਾਂਦੀ ਲੜਕੀ ਨਾਲ ਛੇੜਛਾੜ
ਪੱਤਰ ਪ੍ਰੇਰਕ
ਤਰਨ ਤਾਰਨ, 28 ਜੁਲਾਈ
ਸਰਹੱਦੀ ਖੇਤਰ ਦੇ ਪਿੰਡ ਮਹਿੰਦੀਪੁਰ ਦੇ ਗੁਰਦੁਆਰਾ ਦਸਮੇਸ਼ ਦਰਬਾਰ ਦੀ ਲੋਕਲ ਕਮੇਟੀ ਦੇ ਪ੍ਰਧਾਨ ਬਲਬੀਰ ਸਿੰਘ ਅਤੇ ਉਸ ਦੇ ਇਕ ਸਾਥੀ ਲਵਪ੍ਰੀਤ ਸਿੰਘ ਵੱਲੋਂ ਗੁਰਦੁਆਰੇ ’ਚ ਨਾਬਾਲਗ ਲੜਕੀ ਨਾਲ ਛੇੜਛਾੜ ਕੀਤੀ ਗਈ। ਖੇਮਕਰਨ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਦਫ਼ਾ 354, 295, 8-ਪੋਕਸੋ ਐਕਟ ਅਧੀਨ ਕੇਸ ਦਰਜ ਕੀਤਾ ਹੈ|
ਪੀੜਤ ਲੜਕੀ ਨੇ ਮਹਿਲਾ ਪੁਲੀਸ ਅਧਿਕਾਰੀ ਏਐੱਸਆਈ ਕੁਲਵਿੰਦਰ ਕੌਰ ਨੂੰ ਦਰਜ ਕਰਵਾਏ ਬਿਆਨਾਂ ਵਿੱਚ ਦੋਸ਼ ਲਗਾਇਆ ਕਿ ਉਹ ਗੁਰਦੁਆਰੇ ਵਿੱਚ ਹੋਰਨਾਂ ਲੜਕੀਆਂ ਨਾਲ ਪਾਠ ਸਿੱਖਣ ਲਈ ਜਾਂਦੀ ਸੀ| ਗੁਰਦੁਆਰਾ ਜਾਣ ਦੇ ਕੁਝ ਦਨਿਾਂ ਬਾਅਦ ਹੀ ਬਲਬੀਰ ਸਿੰਘ ਨੇ ਉਸ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ ਜਿਸ ਦੀ ਲਵਪ੍ਰੀਤ ਸਿੰਘ ਨੇ ਵੀਡਿਓ ਬਣਾ ਲਈ| ਮਗਰੋਂ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਲਵਪ੍ਰੀਤ ਸਿੰਘ ਨੇ ਵੀ ਉਸ ਨਾਲ ਛੇੜਛਾੜ ਸ਼ੁਰੂ ਕੀਤੀ। ਪੀੜਤ ਲੜਕੀ ਨੇ ਦੋਹਾਂ ਜਣਿਆਂ ਵੱਲੋਂ ਉਸ ਨੂੰ ਲਗਾਤਾਰ ਬਲੈਕਮੇਲ ਕਰਨ ’ਤੇ ਪੁਲੀਸ ਕੋਲ ਸ਼ਿਕਾਇਤ ਕਰ ਦਿੱਤੀ| ਪੁਲੀਸ ਨੇ ਅਗਲੇਰੀ ਕਾਰਵਾਈ ਕਰਨ ਤੋਂ ਪਹਿਲਾਂ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕੀਤੀ ਹੈ|