ਘਰ ਦੀ ਛੱਤ ਡਿੱਗਣ ਕਾਰਨ ਬੱਚੀ ਦੀ ਮੌਤ; ਪਰਿਵਾਰ ਦੇ 5 ਜੀਅ ਜ਼ਖ਼ਮੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਜੁਲਾਈ
ਦੱਖਣੀ-ਪੂਰਬੀ ਦਿੱਲੀ ਵਿੱਚ ਘਰ ਦੀ ਛੱਤ ਡਿੱਗਣ ਕਾਰਨ ਇੱਕ ਬੱਚੇ ਦੀ ਮੌਤ ਹੋ ਗਈ ਤੇ ਪਰਿਵਾਰ ਦੇ ਹੋਰ ਪੰਜ ਮੈਂਬਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਘਟਨਾ ਤੁਗਲਕਾਬਾਦ ਖੇਤਰ ਦੇ ਚੂੜੀਆ ਮੁਹੱਲੇ ’ਚ ਤੜਕੇ 3 ਵਜੇ ਵਾਪਰੀ ਜਦੋਂ ਪਰਿਵਾਰ ਘਰ ’ਚ ਸੌਂ ਰਿਹਾ ਸੀ।
ਪੱਖੇ ਕੋਲੋਂ ਛੱਤ ਦਾ ਪਲੱਸਤਰ ਉੱਖੜ ਗਿਆ ਤੇ ਹੇਠਾਂ ਡਿੱਗ ਪਿਆ। ਹੇਠਾਂ ਟੱਬਰ ਸੁੱਤਾ ਪਿਆ ਸੀ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਪਰਿਵਾਰ ਸੌਂ ਰਿਹਾ ਸੀ ਤਾਂ ਛੱਤ ਦਾ ਇੱਕ ਹਿੱਸਾ ਢਹਿ ਗਿਆ ਸੀ। ਉਸ ਨੇ ਅੱਗੇ ਕਿਹਾ ਕਿ ਇੱਕ ਮੰਜ਼ਿਲਾ ਘਰ ਇੱਕ ਤੰਗ ਗਲੀ ਵਿੱਚ ਸਥਿਤ ਹੈ ਤੇ ਇੱਕ ਪੁਰਾਣੀ ਉਸਾਰੀ ਸੀ। ਜ਼ਖਮੀਆਂ ਵਿੱਚ ਸੋਨੂੰ ਭੂਰੇ ਖਾਨ, ਉਸਦੀ ਪਤਨੀ ਅਤੇ ਨੌਂ, ਪੰਜ ਅਤੇ ਚਾਰ ਸਾਲ ਦੇ ਤਿੰਨ ਬੱਚੇ ਸ਼ਾਮਲ ਹਨ। ਪੁਲੀਸ ਨੇ ਦੱਸਿਆ ਕਿ ਘਟਨਾ ਵਿੱਚ ਉਨ੍ਹਾਂ ਦੀ ਦੋ ਮਹੀਨੇ ਦੀ ਬੇਟੀ ਦੀ ਮੌਤ ਹੋ ਗਈ।
ਹਸਪਤਾਲ ਦੀ ਕੰਧ ਡਿੱਗਣ ਕਾਰਨ ਔਰਤ ਹਲਾਕ, 8 ਜ਼ਖ਼ਮੀ
ਇੱਕ ਨਿੱਜੀ ਹਸਪਤਾਲ ਦੀ ਉਸਾਰੀ ਅਧੀਨ ਇਮਾਰਤ ਦੇ ਬੇਸਮੈਂਟ ਦੀ ਕੰਧ ਡਿੱਗਣ ਕਾਰਨ ਬੀਤੀ ਸ਼ਾਮ ਇੱਕ 30 ਸਾਲਾ ਔਰਤ ਦੀ ਮੌਤ ਹੋ ਗਈ ਅਤੇ ਅੱਠ ਲੋਕ ਜ਼ਖਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਔਰਤ ਦੀ ਪਛਾਣ ਦੇਵੀ ਵਜੋਂ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਗਸ਼ਤ ਦੌਰਾਨ ਦਵਾਰਕਾ ਉੱਤਰੀ ਪੁਲੀਸ ਸਟੇਸ਼ਨ ਦੇ ਸਟਾਫ਼ ਨੇ ਇੱਕ ਪੈਟਰੋਲ ਪੰਪ ਦੇ ਨੇੜੇ ਸੈਕਟਰ 12 ਵਿੱਚ ਇੱਕ ਨਿੱਜੀ ਹਸਪਤਾਲ ਦੀ ਇੱਕ ਨਿਰਮਾਣ ਅਧੀਨ ਇਮਾਰਤ/ਬੇਸਮੈਂਟ ਦੇ ਕੋਲ ਇੱਕ ਇਕੱਠ ਦੇਖਿਆ। ਇਹ ਖੁਲਾਸਾ ਹੋਇਆ ਕਿ ਇੱਕ ਨਿਰਮਾਣ ਅਧੀਨ ਬੇਸਮੈਂਟ ਦੀ ਕੰਧ ਡਿੱਗ ਗਈ ਤੇ ਕੁਝ ਲੋਕ ਫਸ ਗਏ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿ ਕੁੱਲ ਨੌਂ ਜ਼ਖਮੀਆਂ ਨੂੰ ਦੋ ਵੱਖ-ਵੱਖ ਹਸਪਤਾਲਾਂ ਵਿੱਚ ਭੇਜ ਦਿੱਤਾ ਗਿਆ। ਦੇਵੀ ਵਜੋਂ ਪਛਾਣ ਕੀਤੀ ਗਈ ਇੱਕ ਔਰਤ ਨੂੰ ਆਈਜੀਆਈ ਹਸਪਤਾਲ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ।