ਖੱਟਰ ਵੱਲੋਂ ਹਰਿਆਣਾ ਦਿਵਸ ’ਤੇ ਅੰਤੋਦਿਯਾ ਪਰਿਵਾਰਾਂ ਨੂੰ ਤੋਹਫ਼ਾ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਨਵੰਬਰ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਹਰਿਆਣਾ ਦਿਵਸ ਮੌਕੇ ਅੰਤੋਦਿਯਾ ਪਰਿਵਾਰਾਂ ਨੂੰ ਤੋਹਫ਼ਾ ਦਿੰਦਿਆਂ 3 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਨੂੰ ਆਯੂਸ਼ਮਾਨ ਯੋਜਨਾ ਦਾ ਲਾਭ ਦੇਣ ਦਾ ਫੈਸਲਾ ਕੀਤਾ ਹੈ। ਇਸ ਨਾਲ ਸੂਬੇ ’ਚ 38,000 ਪਰਿਵਾਰਾਂ ਨੂੰ ਲਾਭ ਮਿਲੇਗਾ। ਇਹ ਫੈਸਲਾ ਮੁੱਖ ਮੰਤਰੀ ਨੇ ਅੱਜ ਚੰਡੀਗੜ੍ਹ ਸਥਤਿ ਆਪਣੀ ਰਿਹਾਇਸ਼ ਸੰਤ ਕਬੀਰ ਕੁਟੀਰ ’ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਲਿਆ। ਸ੍ਰੀ ਖੱਟਰ ਨੇ ਸੂਬੇ ਦੇ ਕਰਮਚਾਰੀ ਅਤੇ ਪੈਨਸ਼ਨਰਾਂ ਨੂੰ ਵੀ ਤੋਹਫਾ ਦਿੰਦਿਆ ਕੈਸ਼ਲੈੱਸ ਸਿਹਤ ਸਹੂਲਤਾਂ ਦੇਣ ਦੀ ਸ਼ੁਰੂਆਤ ਕੀਤੀ। ਪਹਿਲੇ ਪੜਾਅ ਵਿੱਚ ਦੋ ਵਿਭਾਗ ਮੱਛੀ ਪਾਲਣ ਤੇ ਬਾਗਬਾਨੀ ਦੇ 894 ਕਰਮਚਾਰੀਆਂ ਨੂੰ ਇਸ ਵਿਚ ਸ਼ਾਮਿਲ ਕੀਤਾ ਗਿਆ ਹੈ। ਇਸ ਦੌਰਾਨ 1055 ਬੀਮਾਰੀਆਂ ਲਈ ਹਰਿਆਣਾ ਦੇ 305 ਹਸਪਤਾਲਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਜਦੋਂਕਿ ਆਉਣ ਵਾਲੇ ਸਮੇਂ ਵਿਚ ਹੋਰ ਵਿਭਾਗਾਂ ’ਚ ਵੀ ਕੈਸ਼ਲੈੱਸ ਸਹੂਲਤ ਨੂੰ ਲਾਗੂ ਕੀਤਾ ਜਾਵੇਗਾ।
ਸ੍ਰੀ ਖੱਟਰ ਨੇ ਕਿਹਾ ਕਿ ਹੁਣ ਸੂਬੇ ਦੇ ਮਾਨਤਾਪ੍ਰਾਪਤ ਪੱਤਰਕਾਰ ਵੀ ਇਸ ਸਹੂਲਤ ਦਾ ਲਾਭ ਲੈ ਸਕਣਗੇ। ਸਰਕਾਰ ਵੱਲੋਂ ਸ਼ੁਰੂ ਕੀਤੀ ਸਕੀਮ ਦੇ ਪੂਰੀ ਤਰ੍ਹਾਂ ਲਾਗੂ ਹੋਣ ਨਾਲ ਸੂਬੇ ਦੇ 3.5 ਲੱਖ ਕਰਮਚਾਰੀ, 3 ਲੱਖ ਪੈਨਸ਼ਨਰ ਕੈਸ਼ਲੈੱਸ ਤਹਤਿ ਇਲਾਜ ਕਰਵਾ ਸਕਣਗੇ। ਸ੍ਰੀ ਖੱਟਰ ਨੇ ਕਿਹਾ ਕਿ ਇਸ ਯੋਜਨਾ ਤਹਤਿ ਕੁੱਲ 1340 ਬੀਮਾਰੀਆਂ ਨੂੰ ਕਵਰ ਕੀਤਾ ਗਿਆ ਹੈ।