ਗਿੱਦੜਬਾਹਾ ਜ਼ਿਮਨੀ ਚੋਣ: ਤੀਜੀ ਵਾਰ ਕਿਸਮਤ ਅਜ਼ਮਾਉਣਗੇ ਡਿੰਪੀ ਢਿੱਲੋਂ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 21 ਅਕਤੂਬਰ
ਪੰਜਾਬ ਦੀਆਂ ਜ਼ਿਮਨੀ ਚੋਣਾਂ ਵਿੱਚ ‘ਹਾਟ ਸੀਟ’ ਵਜੋਂ ਜਾਣੀ ਜਾਂਦੀ ਗਿਦੜਬਾਹਾ ਦੀ ਸੀਟ ਵਾਸਤੇ ਉਮੀਦਵਾਰਾਂ ਦਾ ਐਲਾਨ ਕਰਨ ’ਚ ਪਹਿਲ ਕਰਦਿਆਂ ‘ਆਪ’ ਨੇ 56 ਸਾਲਾ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਟਿਕਟ ਦੇ ਦਿੱਤੀ ਹੈ। ਡਿੰਪੀ ਢਿੱਲੋਂ 25 ਅਗਸਤ ਨੂੰ ਅਕਾਲੀ ਦਲ ਤੋਂ ਅਸਤੀਫਾ ਦੇ ਕੇ ‘ਆਪ’ ਵਿੱਚ ਸ਼ਾਮਲ ਹੋਏ ਹਨ। ਉਸ ਵੇਲੇ ਡਿੰਪੀ ਢਿੱਲੋਂ ਦੀ ਪਿੱਠ ਠਾਪੜਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਇਕ ਹੀਰਾ (ਡਿੰਪੀ) ਉਨ੍ਹਾਂ ਦੀ ਪਾਰਟੀ ਵਿੱਚ ਆਇਆ ਹੈ ਤੇ ਉਹ ਇਸ ਨੂੰ ਆਪਣੇ ‘ਤਾਜ’ ਵਿੱਚ ਸਜਾ ਕੇ ਰੱਖਣਗੇ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਬੀਏ ਪਾਸ ਸ੍ਰੀ ਢਿੱਲੋਂ, ‘ਆਪ’ ਵਿੱਚ ਆਉਣ ਤੋਂ ਪਹਿਲਾਂ ਕਰੀਬ ਤਿੰਨ ਦਹਾਕੇ ਬਾਦਲ ਪਰਿਵਾਰ ਦੇ ਖਾਸ ਰਹੇ ਹਨ। ਉਨ੍ਹਾਂ ਸਾਲ 1989 ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸਿਆਸੀ ਜੀਵਨ ਸ਼ੁਰੂ ਕੀਤਾ ਸੀ। 2017 ਵਿੱਚ ਡਿੰਪੀ ਢਿੱਲੋਂ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ 16212 ਵੋਟਾਂ ਅਤੇ 2022 ਵਿੱਚ ਸਿਰਫ 1349 ਵੋਟਾਂ ਦੇ ਫਰਕ ਨਾਲ ਹਾਰੇ ਸਨ।
ਆਪ ਵਿੱਚ ਉੱਠੀ ਬਗਾਵਤ
ਡਿੰਪੀ ਢਿੱਲੋਂ ਨੂੰ ਟਿਕਟ ਦੇਣ ਦੇ ਅਗਲੇ ਦਿਨ ਹੀ ‘ਆਪ’ ਵਰਕਰਾਂ ਤੇ ਵਾਲੰਟੀਅਰਾਂ ਨੇ ਪਾਰਟੀ ਤੋਂ ਕਿਨਾਰਾ ਕਰਨ ਅਤੇ ਡਿੰਪੀ ਢਿੱਲੋਂ ਨੂੰ ਹਰਾਉਣ ਦਾ ਐਲਾਨ ਕਰ ਦਿੱਤਾ ਹੈ। ‘ਆਪ’ ਦੇ ਹਲਕਾ ਕੋਆਰਡੀਨੇਟਰ ਹਰਬੰਸ ਸਿੰਘ ਕੋਟਭਾਈ ਤੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹ 2022 ਤੋਂ ਪਾਰਟੀ ਲਈ ਕੰਮ ਕਰ ਰਹੇ ਹਨ। ਪਰ ਹੁਣ ਸਪੱਸ਼ਟ ਹੋ ਗਿਆ ਹੈ ਕਿ ਦਲਿਤ ਵਰਗ ਨੂੰ ਤਾਂ ਦਰੀਆਂ ਝਾੜਨ ਵਾਸਤੇ ਹੀ ਰੱਖਿਆ ਜਾਂਦਾ ਹੈ। ਟਕਸਾਲੀ ‘ਆਪ’ ਆਗੂ ਐਡਵੋਕੇਟ ਸੁਖਜਿੰਦਰ ਕਾਉਣੀ, ਐਡਵੋਕੇਟ ਪ੍ਰਿਤਪਾਲ ਸ਼ਰਮਾ, ਜਸਵੰਤ ਸਿੰਘ ਸੰਧੂ ਖਿੜਕੀਆਂ ਵਾਲਾ, ਇਕਬਾਲ ਸਿੰਘ ਹੋਰਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ।