ਗਿੱਦੜਬਾਹਾ: ਅੰਮ੍ਰਿਤਾ ਨੂੰ ਵੜਿੰਗ ਦੇ ਸਿਆਸੀ ਆਧਾਰ ਦਾ ਮਿਲ ਸਕਦੈ ਲਾਹਾ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 23 ਅਕਤੂਬਰ
ਮੁਕਤਸਰ ਦੇ ਉਦਯੋਗਪਤੀ ਜਨਕ ਰਾਜ ਵਿਨਾਇਕ ਦੀ ਧੀ ਅਤੇ ਲੋਕ ਸਭਾ ਮੈਂਬਰ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਵਿਧਾਨ ਸਭਾ ਹਲਕਾ ਗਿੱਦੜਬਾਹਾ ਤੋਂ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਕਰਨਗੇ। ਇੱਥੇ ਹੋਣ ਵਾਲੀ ਜ਼ਿਮਨੀ ਚੋਣ ਲਈ ਕਾਂਗਰਸ ਨੇ ਅੰਮ੍ਰਿਤਾ ਵੜਿੰਗ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇਸ ਤੋਂ ਪਹਿਲਾਂ ਉਹ ਲੁਧਿਆਣਾ ਲੋਕ ਸਭਾ ਚੋਣਾਂ ਦੌਰਾਨ ਆਪਣੇ ਪਤੀ ਦੇ ਕਵਰਿੰਗ ਉਮੀਦਵਾਰ ਵਜੋਂ ਕਾਗਜ਼ ਦਾਖਲ ਕੀਤੇ ਸਨ।
ਉਹ ਆਪਣੇ ਪਤੀ ਦੀ ਹਰ ਚੋਣ ਮੁਹਿੰਮ ’ਚ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਹਨ। ਉਨ੍ਹਾਂ ਨੂੰ ਸਿਆਸਤ ਦੀ ਖਾਸੀ ਸਮਝ ਹੈ। ਪਤੀ ਰਾਜਾ ਵੜਿੰਗ ਦੇ ਸਿਆਸੀ ਆਧਾਰ ਕਰਕੇ ਅੰਮ੍ਰਿਤਾ ਵੜਿੰਗ ਨੂੰ ਚੋਣਾਂ ਵਿੱਚ ਖਾਸਾ ਲਾਭ ਹੋ ਸਕਦਾ ਹੈ। ਉਨ੍ਹਾਂ ਦਾ ਗਿੱਦੜਬਾਹਾ ਤੋਂ ਮੁਕਾਬਲਾ ਆਮ ਆਦਮੀ ਪਾਰਟੀ ਦੇ ਡਿੰਪੀ ਢਿੱਲੋਂ ਅਤੇ ਭਾਜਪਾ ਦੇ ਮਨਪ੍ਰੀਤ ਸਿੰਘ ਬਾਦਲ ਨਾਲ ਹੈ। ਅਕਾਲੀ ਦਲ ਨੇ ਹਾਲੇ ਤੱਕ ਕਿਸੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ। ਗਿੱਦੜਬਾਹਾ ਹਲਕੇ ਦੀਆਂ 20 ਪੰਚਾਇਤਾਂ ਦੀਆਂ ਨਾਮਜ਼ਦਗੀਆਂ ਰੱਦ ਕਰਵਾਉਣ ਕਰਕੇ ਰਾਜਾ ਵੜਿੰਗ ਨੇ ਗਿੱਦੜਬਾਹਾ ਨੂੰ ਪੰਜਾਬ ਦੀ ਹੌਟਸੀਟ ਬਣਾ ਦਿੱਤਾ ਹੈ। 45 ਸਾਲਾ ਅੰਮ੍ਰਿਤਾ ਵੜਿੰਗ ਨੇ ਗੁਰੂ ਜੰਬੇਸ਼ਵਰ ਯੂਨੀਵਰਸਿਟੀ ਹਿਸਾਰ ਤੋਂ ਕੰਪਿਊਟਰ ਸਾਇੰਸ ਵਿੱਚ ਮਾਸਟਰ ਡਿਗਰੀ ਕੀਤੀ ਹੈ।
ਉਨ੍ਹਾਂ ਦੀ ਪੰਜਾਬੀ ਭਾਸ਼ਾ ’ਤੇ ਚੰਗੀ ਪਕੜ ਹੈ, ਜਦੋਂ ਤੋਂ ਵਿਧਾਨ ਸਭਾ ਹਲਕਾ ਗਿੱਦੜਬਾਹਾ ਦੀ ਸੀਟ ਖਾਲੀ ਹੋਈ ਹੈ, ਉਦੋਂ ਤੋਂ ਹੀ ਉਨ੍ਹਾਂ ਨੇ ਵੋਟਰਾਂ ਨਾਲ ਰਾਬਤਾ ਕਾਇਮ ਰੱਖਿਆ ਹੈ।